You’re viewing a text-only version of this website that uses less data. View the main version of the website including all images and videos.
ਸੰਸਦ ’ਚ ਰਾਹੁਲ ਦੀ ‘ਗਾਂਧੀਗਿਰੀ’ ਪਿੱਛੇ ਕਿਹੜੀ ਰਣਨੀਤੀ?- ਨਜ਼ਰੀਆ
- ਲੇਖਕ, ਰਾਸ਼ਿਦ ਕਿਦਵਈ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਪੰਜਾਬੀ ਲਈ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗਲ ਲਗਾ ਕੇ ਜੋ ਹਿੰਮਤ ਦਿਖਾਈ ਹੈ, ਉਸ ਵਿੱਚ ਕੋਈ ਫਿਲਮੀ ਗਾਂਧੀਗਿਰੀ ਨਜ਼ਰ ਆਉਂਦੀ ਹੈ।
ਪਰ ਇਸ ਜੱਫੀ ਦਾ ਉਨ੍ਹਾਂ ਲੋਕਾਂ 'ਤੇ ਕਾਫੀ ਅਸਰ ਹੋਵੇਗਾ, ਜਿਨ੍ਹਾਂ ਦਾ ਝੁਕਾਅ ਨਾ ਤਾਂ ਭਾਜਪਾ ਵੱਲ ਹੈ ਅਤੇ ਨਾ ਹੀ ਕਾਂਗਰਸ ਵੱਲ।
ਲੋਕਸਭਾ ਵਿੱਚ ਰਾਹੁਲ ਗਾਂਧੀ ਨੇ ਭਾਜਪਾ ਨੂੰ ਕਿਹਾ, "ਤੁਹਾਡੇ ਲਈ ਮੈਂ ਪੱਪੂ ਹਾਂ ਪਰ ਮੇਰੇ ਮਨ ਵਿੱਚ ਤੁਹਾਡੇ ਲਈ ਜ਼ਰਾ ਵੀ ਗੁੱਸਾ ਨਹੀਂ ਹੈ।"
ਇਹ ਵੀ ਪੜ੍ਹੋ:
ਇਹ ਕਹਿ ਕੇ ਰਾਹੁਲ ਗਾਂਧੀ ਨੇ ਆਪਣੇ ਵਿਰੋਧੀਆਂ ਅਤੇ ਦੋਸਤਾਂ ਵਿਚਕਾਰ ਖ਼ੁਦ ਨੂੰ ਇੱਕ ਸੀਨੀਅਰ ਅਤੇ ਭਰੋਸੇਯੋਗ ਨੇਤਾ ਵਜੋਂ ਪੇਸ਼ ਕੀਤਾ ਹੈ।
ਹੁਣ ਜਦੋਂ ਤੱਕ ਰਾਹੁਲ ਜਾਂ ਉਨ੍ਹਾਂ ਦੇ ਪਰਿਵਾਰ ਦੇ ਖ਼ਿਲਾਫ਼ ਕੋਈ ਵੱਡਾ ਘੁਟਾਲਾ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਸਰਕਾਰ ਰਾਹੁਲ ਦੇ ਇਸ ਬਿਆਨ 'ਤੇ ਪਲਟਵਾਰ ਨਹੀਂ ਕਰ ਸਕੇਗੀ।
ਰਾਹੁਲ ਗਾਂਧੀ ਜੋ ਮੌਕਾ ਚਾਹੁੰਦੇ ਸੀ ਉਹ ਉਨ੍ਹਾਂ ਨੂੰ ਮਿਲ ਗਿਆ ਹੈ। ਉਨ੍ਹਾਂ ਦੇ ਨਿਸ਼ਾਨੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨ ਅਤੇ ਉਨ੍ਹਾਂ ਦਾ ਭਾਸ਼ਣ ਬਿਲਕੁਲ ਨਿਸ਼ਾਨੇ 'ਤੇ ਜਾ ਲੱਗਾ।
ਰਾਹੁਲ ਦੇ ਪੰਚ
"ਜੁਮਲਾ ਸਟ੍ਰਾਈਕ", "ਚੌਂਕੀਦਾਰ ਨਹੀਂ ਭਾਗੀਦਾਰ" ਅਤੇ "ਡਰੋ ਨਹੀਂ" ਵਰਗੇ ਸ਼ਬਦਾਂ ਵਿੱਚ ਪੰਚ ਸੀ ਅਤੇ ਇਹ ਪੰਚ ਲੰਬੇ ਸਮੇਂ ਯਾਨਿ ਆਗਾਮੀ ਮੱਧ ਪ੍ਰਦੇਸ਼, ਰਾਜਸਥਾਨ, ਮਿਜ਼ੋਰਮ ਅਤੇ 2019 ਦੀਆਂ ਆਮ ਚੋਣਾਂ ਤੱਕ ਲੋਕਾਂ ਵਿਚਾਲੇ ਰਹਿਣਗੇ।
ਇੱਥੇ ਇੱਕ ਸਵਾਲ ਚੁੱਕਣਾ ਜਰੂਰੀ ਹੈ, ਕੀ ਵਿਰੋਧ ਦੇ ਬੇਭਰੋਸਗੀ ਮਤੇ ਨੂੰ ਸਵੀਕਾਰ ਕਰਨਾ ਜਾਂ ਉਨ੍ਹਾਂ ਵੱਲੋਂ ਕਾਰਵਾਈ 'ਚ ਰੁਕਾਵਟ ਪਾਉਣਾ ਬਹੁਮਤ ਸਰਕਾਰ ਵਾਲੀ ਸਮਝਦਾਰੀ ਹੈ?
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 16ਵੀਂ ਲੋਕਸਭਾ ਵਿੱਚ ਭਾਜਪਾ-ਐਨਡੀਏ ਦੇ ਕੋਲ ਚੰਗਾ-ਖਾਸਾ ਬਹੁਮਤ ਹੈ ਪਰ ਉਨ੍ਹਾਂ ਦੀ ਇਸ ਲੋਕਸਭਾ ਦੀ ਮਿਆਦ ਇੱਕ ਸਾਲ ਤੋਂ ਵੀ ਘੱਟ ਰਹਿ ਗਈ ਹੈ ਅਤੇ 17ਵੀਂ ਲੋਕਸਭਾ ਬਣਾਉਣ ਦੀ ਤਿਆਰੀ ਹੁਣ ਤੋਂ ਹੀ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ:
ਭਾਜਪਾ ਦੇ ਸਮਰਥਕਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ ਪਰ ਰਾਹੁਲ ਗਾਂਧੀ ਦੀਆਂ ਗੱਲਾਂ ਅਨਿਸ਼ਚਿਤ ਵੋਟਰਾਂ, ਅਸੰਤੁਸ਼ਟ ਕਿਸਾਨਾਂ ਅਤੇ ਉਨ੍ਹਾਂ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਸਮਰਥਾ ਰੱਖਦੀਆਂ ਹਨ ਜੋ ਆਮ ਚੋਣਾਂ ਦੇ ਨੇੜੇ ਆਉਣ 'ਤੇ ਕਿਸੇ ਨੂੰ ਵੋਟ ਦੇਣ ਦਾ ਫੈਸਲਾ ਕਰਦੇ ਹਨ।
ਜਨਤਕ ਮੰਚਾਂ 'ਤੇ ਵਿਦੇਸ਼ ਨੀਤੀ ਅਤੇ ਸੰਵੇਦਨਸ਼ੀਲ ਮਾਮਲਿਆਂ ਨੂੰ ਲੈ ਕੇ ਖੁੱਲ੍ਹੀ ਚਰਚਾ ਨਹੀਂ ਕੀਤੀ ਜਾਂਦੀ ਸੀ ਪਰ ਕੁਝ ਮਾਮਲਿਆਂ 'ਚ ਅਜਿਹਾ ਕੀਤਾ ਜਾ ਸਕਦਾ ਹੈ।
1962 ਵਿੱਚ ਭਾਰਤ ਅਤੇ ਚੀਨ ਦੀ ਜੰਗ ਦੌਰਾਨ ਅਤੇ ਬਾਅਦ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਉਨ੍ਹਾਂ ਦੇ ਰੱਖਿਆ ਮੰਤਰੀ ਕ੍ਰਿਸ਼ਨਾ ਮੇਨਨ ਨੂੰ ਸੰਸਦ ਦੇ ਅੰਦਰ ਅਤੇ ਬਾਹਰ ਬਹੁਤ ਕੁਝ ਸੁਣਨਾ ਤੇ ਸਹਿਣਾ ਪਿਆ ਸੀ।
ਰਾਜਨੀਤਕ ਮਰਿਆਦਾ
ਹੁਣ ਜੇਕਰ ਵਿਰੋਧੀ ਧਿਰ ਅਤੇ ਸੱਤਾ ਧਿਰ ਦੇ ਵਿਚਕਾਰ ਰਾਜਨੀਤਕ ਮਰਿਆਦਾ ਦੀ ਗੱਲ ਕੀਤੀ ਜਾਵੇ ਤਾਂ ਦੋਵਾਂ ਨੇ ਹੀ ਸਮੇਂ-ਸਮੇਂ 'ਤੇ ਆਪਣੀ ਮਰਿਆਦਾ ਦੀ ਉਲੰਘਣਾ ਕੀਤੀ ਹੈ।
2013-14 ਵਿੱਚ ਚੋਣ ਪ੍ਰਚਾਰ ਦੌਰਾਨ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਨਹਿਰੂ-ਗਾਂਧੀ ਪਰਿਵਾਰ 'ਤੇ ਨਿਸ਼ਾਨਾ ਸਾਧਿਆ ਸੀ। ਉਸ ਵੇਲੇ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਅਤੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਗਠਜੋੜ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵੀ ਸਨ।
ਭਾਜਪਾ ਦੇ ਨਾਤਾਵਾਂ ਨੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੇ ਖ਼ਿਲਾਫ਼ ਕਾਫੀ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ, ਜਿਸ ਦੇ ਜਵਾਬ ਵਿੱਚ ਕਾਂਗਰਸ ਨੇ ਵੀ ਸ਼ਬਦਾਂ ਦੀ ਹੱਦ ਟੱਪੀ। ਇਸ ਲਈ ਕਾਂਗਰਸ ਨੇ ਖ਼ਾਸ ਤੌਰ 'ਤੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ।
ਆਉਣ ਵਾਲੇ ਦਿਨਾਂ ਵਿੱਚ ਦੋਵੇਂ ਪੱਖਾਂ ਵੱਲੋਂ ਇਲਜ਼ਾਮਾਂ ਦਾ ਦੌਰ ਜਾਰੀ ਰਹੇਗਾ।
ਰਾਹੁਲ ਦੀ ਰਣਨੀਤੀ
ਰਾਹੁਲ ਗਾਂਧੀ ਦੀ ਰਣਨੀਤੀ ਇੱਕ ਦਮ ਸਾਫ਼ ਹੈ। ਬੇਸ਼ੱਕ ਭਾਜਪਾ 200 ਲੋਕਸਭਾ ਸੀਟਾਂ ਹੀ ਕਿਉਂ ਨਾ ਜਿੱਤ ਰਹੀ ਹੋਵੇ ਪਰ ਰਾਹੁਲ ਗਾਂਧੀ ਦੀ ਕੋਸ਼ਿਸ਼ ਹੋਵੇਗੀ ਕਿ ਉਹ "ਨਿਊਟ੍ਰਲ ਵੋਟਰਾਂ" ਨੂੰ ਭਾਜਪਾ ਵੱਲ ਜਾਣ ਤੋਂ ਰੋਕੇ।
ਇਸ ਤੋਂ ਇਲਾਵਾ 2018 ਵਿੱਚ ਹੀ ਹੋਣ ਵਾਲੇ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਅਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਵੀ ਕਾਫੀ ਅਹਿਮ ਅਸਰ ਹੋਵੇਗਾ।
ਜੇਕਰ ਕਾਂਗਰਸ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਜਾਂ ਰਾਜਸਥਾਨ ਦੀਆਂ ਚੋਣਾਂ ਜਿੱਤ ਜਾਂਦੀ ਹੈ ਤਾਂ ਜਨਤਾ ਹੋਰ ਵਧੇਰੇ ਆਤਮਵਿਸ਼ਵਾਸ ਨਾਲ ਭਰੇ ਰਾਹੁਲ ਗਾਂਧੀ ਨੂੰ ਦੇਖੇਗੀ।
ਸੰਸਦ ਵਿੱਚ ਰਾਹੁਲ ਗਾਂਧੀ ਦੇ ਅੱਜ ਦੇ ਪ੍ਰਦਰਸ਼ਨ ਨੂੰ ਦੇਖ ਕੇ ਤਾਂ ਇਹੀ ਲਗਦਾ ਹੈ।
ਇਹ ਵੀ ਪੜ੍ਹੋ:
(ਇਹ ਲੇਖਕ ਦੇ ਨਿੱਜੀ ਵਿਚਾਰ ਹਨ)