You’re viewing a text-only version of this website that uses less data. View the main version of the website including all images and videos.
ਕਾਂਗਰਸ-ਭਾਜਪਾ ਦੀ ਲੜਾਈ ਕੌਰਵਾਂ ਪਾਡਵਾਂ ਵਾਲੀ- ਰਾਹੁਲ ਗਾਂਧੀ
ਕਾਂਗਰਸ ਦੇ 84 ਵੇਂ ਮਹਾਂ ਇਜਲਾਸ ਵਿੱਚ ਐਤਵਾਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਆਗਾਮੀ ਸਿਆਸੀ ਮਹਾਂ ਭਾਰਤ ਦੇ ਸੰਕੇਤ ਦਿੱਤੇ।
ਉਨ੍ਹਾਂ ਕਿਹਾ, "ਮਹਾਂ ਭਾਰਤ ਹਜ਼ਾਰਾਂ ਸਾਲ ਪਹਿਲਾਂ ਕੁਰੂਕਸ਼ੇਤਰ ਵਿੱਚ ਲੜੀ ਗਈ ਸੀ। ਕੌਰਵ ਤਾਕਤਵਰ ਤੇ ਹੰਕਾਰੀ ਸਨ। ਪਾਂਡਵ ਨਿਮਰ ਸਨ, ਸੱਚਾਈ ਲਈ ਲੜੇ ਕੌਰਵਾਂ ਵਾਂਗ ਭਾਜਪਾ ਤੇ ਆਰਐਸਐਸ ਦਾ ਕੰਮ ਸਤਾ ਲਈ ਲੜਨਾ ਹੈ, ਪਾਂਡਵਾਂ ਵਾਂਗ ਕਾਂਗਰਸ ਸੱਚਾਈ ਲਈ ਲੜ ਰਹੀ ਹੈ।"
ਦਿੱਲੀ ਵਿੱਚ ਪਾਰਟੀ ਦੇ ਪਲੈਨਰੀ ਸੈਸ਼ਨ ਦੌਰਾਨ ਬੋਲਦਿਆਂ ਰਾਹੁਲ ਗਾਂਧੀ ਨੇ ਹਿੰਦੀ ਤੇ ਅੰਗਰੇਜ਼ੀ ਵਿੱਚ ਉਨ੍ਹਾਂ ਸਾਫ ਕੀਤਾ ਕਿ ਉਨ੍ਹਾਂ ਨੂੰ ਸੁਣਨ ਵਾਲੇ ਤਾਮਿਲਨਾਡੂ ਤੋਂ ਲੈ ਕੇ ਪੂਰਵ-ਉੱਤਰ ਭਾਰਤ ਦੇ ਲੋਕ ਵੀ ਹਨ।
ਨੌਜਵਾਨਾਂ ਤੋਂ ਲੈ ਕੇ ਕਿਸਾਨ ਵੀ ਹਨ।
ਰਾਹੁਲ ਗਾਂਧੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ
- ਗੁਜਰਾਤ ਦੀਆਂ ਚੋਣਾਂ ਸਮੇਂ ਕੁਝ ਲੋਕਾਂ ਨੇ ਕਿਹਾ ਕਿ ਮੈਂ ਮੰਦਰ ਜਾਂਦਾ ਹਾਂ। ਮੈਂ ਤਾਂ ਸਾਲਾਂ ਤੋਂ ਮੰਦਰਾਂ ਗੁਰਦੁਆਰਿਆਂ ਤੇ ਗਿਰਜਿਆਂ ਚ ਜਾਂਦਾ ਹਾਂ, ਲੋਕ ਸੱਦਦੇ ਹਨ ਤੇ ਮੈਂ ਜਾਂਦਾ ਹਾਂ। ਸਿੱਖਣ ਨੂੰ ਮਿਲਦਾ ਹੈ। ਰੱਬ ਲੱਭੋਂਗੇ ਤਾਂ ਹਰ ਥਾਂ ਮਿਲੇਗਾ, ਪੂਜਾ ਤਾਂ ਰਾਹ ਹੈ। ਸਾਡਾ ਰੱਬ ਹਰ ਥਾਂ ਹੈ, ਭਾਜਪਾ ਦਾ ਧਰਮ ਸਿਰਫ਼ ਸਰਕਾਰ ਖੋਹਣ ਵਿੱਚ ਹੈ।
- ਪ੍ਰਧਾਨ ਮੰਤਰੀ ਧਿਆਨ ਭਟਕਾਉਣ ਲਈ ਸਮਾਗਮ ਤੇ ਸਮਾਗਮ ਕਰਦੇ ਹਨ। ਜਦੋਂ ਬੋਲਣ ਦੀ ਲੋੜ ਹੁੰਦੀ ਹੈ ਚੁੱਪ ਕਰ ਜਾਂਦੇ ਹਨ।
- ਭਾਜਪਾ ਕਹਿੰਦੀ ਹੈ ਕਿ ਅਰਥਚਾਰਾ ਵੱਧ ਰਿਹਾ ਹੈ ਪਰ ਨੌਜਵਾਨ ਕਹਿੰਦੇ ਹਨ ਕਿ ਉਨ੍ਹਾਂ ਕੋਲ ਰੁਜ਼ਗਾਰ ਨਹੀਂ ਹੈ। ਕਾਂਗਰਸ ਨੇ ਪਹਿਲਾਂ ਵੀ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਸੀ ਸਰਕਾਰ ਆਉਣ ਤੇ ਫੇਰ ਕਰਾਂਗੇ।
- ਮਹਾਤਮਾਂ ਗਾਂਧੀ 15 ਸਾਲ ਜੇਲ੍ਹ ਵਿੱਚ ਰਹੇ ਤੇ ਦੇਸ ਲਈ ਮਰ ਗਏ। ਉਨ੍ਹਾਂ ਦੇ ਲੀਡਰ ਸਾਵਰਕਰ ਨੇ ਮਾਫ਼ੀ ਦੀ ਭੀਖ ਮੰਗੀ ਸੀ। ਭਾਜਪਾ ਇੱਕ ਸੰਗਠਨ ਦੀ ਆਵਾਜ਼ ਹੈ ਪਰ ਕਾਂਗਰਸ ਦੇਸ ਦੀ ਆਵਾਜ਼ ਹੈ।
- ਚਾਰ ਸਾਲ ਪਹਿਲਾਂ ਜੋ ਭਰੋਸਾ ਲੋਕਾਂ ਨੇ ਮੋਦੀ 'ਤੇ ਕੀਤਾ ਸੀ ਉਹ ਹੁਣ ਟੁੱਟ ਗਿਆ ਹੈ। ਦੇਸ ਦਾ ਨੌਜਵਾਨ ਪੁੱਛ ਰਿਹਾ ਹੈ ਕਿ ਬੇਰੁਜ਼ਗਾਰੀ ਦੀ ਸਮੱਸਿਆ ਕਿਵੇਂ ਹੱਲ ਕਰੋਂਗੇ।
- ਮੋਦੀ ਜੀ ਤੇ ਭਰੋਸਾ ਕਰਕੇ ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਨੂੰ ਧੱਕਾ ਲਾ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਇਆ। ਜਿਵੇਂ ਹੀ ਗੱਡੀ ਸਟਾਰਟ ਹੋਈ ਤਾਂ ਉਨ੍ਹਾਂ ਨੇ ਇੱਕ ਪਾਸੇ ਨੀਰਵ ਮੋਦੀ ਤੇ ਦੂਜੇ ਪਾਸੇ ਲਲਿਤ ਮੋਦੀ ਨੂੰ ਬਿਠਾਇਆ ਤੇ ਗੱਡੀ ਭਜਾ ਲਈ।
- ਲੋਕ ਭਾਜਪਾ ਦਾ ਅਜਿਆ ਪ੍ਰਧਾਨ ਸਵੀਕਾਰ ਕਰ ਲੈਂਦੇ ਹਨ ਜਿਸ ਤੇ ਕਤਲ ਦਾ ਇਲਜ਼ਾਮ ਹੋਵੇ ਪਰ ਕਾਂਗਰਸ ਦਾ ਨਹੀਂ ਕਰਨਗੇ ਕਿਉਂਕਿ ਉਹ ਕਾਂਗਰਸ ਦੀ ਇੱਜਤ ਕਰਦੇ ਹਨ।
- ਉਹ ਤਾਮਿਲਾਂ ਨੂੰ ਆਪਣੀ ਖ਼ੂਬਸੂਰਤ ਬੋਲੀ ਬਦਲਣ ਲਈ ਕਹਿੰਦੇ ਹਨ। ਉੱਤਰ-ਪੂਰਬ ਵਾਲਿਆਂ ਨੂੰ ਕਹਿੰਦੇ ਹਨ ਕਿ ਤੁਹਾਡਾ ਖਾਣਾ ਸਾਨੂੰ ਪਸੰਦ ਨਹੀਂ ਹੈ। ਉਹ ਔਰਤਾਂ ਨੂੰ ਠੀਕ ਕੱਪੜੇ ਪਾਉਣ ਲਈ ਕਹਿੰਦੇ ਹਨ।
- ਉਹ ਭਾਰਤ ਦੇ ਮੁਸਲਮਾਨਾਂ ਨੂੰ ਕਹਿੰਦੇ ਹਨ ਤੁਸੀਂ ਇੱਥੋਂ ਦੇ ਨਹੀਂ। ਉਹ ਮੁਸਲਮਾਨ ਜੋ ਕਦੇ ਪਾਕਿਸਤਾਨ ਨਹੀਂ ਗਏ ਤੇ ਜਿਨ੍ਹਾਂ ਨੇ ਇਸ ਮਹਾਨ ਦੇਸ ਵਿੱਚ ਆਪਣਾ ਯੋਗਦਾਨ ਪਾਇਆ ਹੈ।