You’re viewing a text-only version of this website that uses less data. View the main version of the website including all images and videos.
ਗੁਜਰਾਤ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀਆਂ 5 ਮੁਸ਼ਕਲਾਂ
ਦਸੰਬਰ 'ਚ ਗੁਜਰਾਤ ਵਿੱਚ ਵਿਧਾਨ ਸਭਾ ਚੋਣ ਹੋਣ ਵਾਲੀ ਹੈ। ਗੁਜਰਾਤ ਤੋਂ ਹੀ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਆਉਂਦੇ ਹਨ। ਉਹ ਇੱਥੇ ਤਿੰਨ ਵਾਰ ਮੁੱਖਮੰਤਰੀ ਵੀ ਰਹਿ ਚੁਕੇ ਹਨ।
ਨਰਿੰਦਰ ਮੋਦੀ ਲਈ ਇਹ ਚੋਣਾਂ ਬੇਹਦ ਅਹਿਮ ਹਨ। ਦੂਜੇ ਪਾਸੇ ਕਾਂਗਰਸ ਹੈ ਜੋ ਪਿਛਲੇ 20 ਸਾਲਾਂ 'ਚ ਪਹਿਲੀ ਵਾਰ ਜੋਸ਼ ਅਤੇ ਆਤਮ ਵਿਸ਼ਵਾਸ ਨਾਲ ਭਰੀ ਹੋਈ ਨਜ਼ਰ ਆ ਰਹੀ ਹੈ।
ਇਸ ਸਭ ਦੇ ਵਿਚਾਲੇ ਕਾਂਗਰਸ ਅੱਗੇ 5 ਚੁਣੌਤੀਆਂ ਹਨ।
1. ਬੀਜੇਪੀ ਦੀ ਮਜ਼ਬੂਤ ਪਕੜ
ਗੁਜਰਾਤ 'ਚ ਬੀਜੇਪੀ 20 ਸਾਲਾਂ ਤੋਂ ਸੱਤਾ ਵਿੱਚ ਹੈ। ਸੂਬੇ ਦੇ ਸ਼ਹਿਰੀ ਖੇਤਰਾਂ 'ਤੇ ਉਸ ਦੀ ਤਕੜੀ ਪਕੜ ਹੈ। ਕਸਬਿਆਂ ਵਿੱਚ ਵੀ ਬੀਜੇਪੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।
ਲੰਬੇ ਸਮੇਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਵੀ ਸਮਰਥਕ ਘਟੇ ਨਹੀਂ ਹਨ। ਸੂਬੇ ਵਿੱਚ ਵਿਕਾਸ ਦਾ ਫਾਇਦਾ ਵੀ ਬੀਜੇਪੀ ਸਮਰਥਕਾਂ ਨੂੰ ਖ਼ੂਬ ਹੋਇਆ ਹੈ।
ਸਰਕਾਰ ਤੋਂ ਨਾਰਾਜ਼ਗੀ ਦੇ ਬਾਵਜੂਦ ਉਹ ਆਪਣਾ ਵੋਟ ਭਾਜਪਾ ਨੂੰ ਹੀ ਦੇਣਗੇ।
2. ਹਿੰਦੂਵਾਦੀ ਵਿਚਾਰਧਾਰਾ ਤੇ ਵਿਕਾਸ
ਭਾਜਪਾ ਸਰਕਾਰ ਅਤੇ ਪ੍ਰਸ਼ਾਸਨ ਵਿੱਚ ਹਿੰਦੁਵਾਦੀ ਵਿਚਾਰਧਾਰਾ 'ਤੇ ਕੰਮ ਕੀਤਾ ਜਾਂਦਾ ਹੈ। ਸਰਕਾਰ ਨੇ ਇਸਨੂੰ ਵਿਕਾਸ ਨਾਲ ਵੀ ਜੋੜਿਆ ਹੈ।
ਭਾਜਪਾ ਅਤੇ ਮੋਦੀ ਗੁਜਰਾਤ ਦੇ ਵੋਟਰਾਂ ਨੂੰ ਇਹ ਵਿਸ਼ਵਾਸ ਦੁਆਉਣ ਵਿੱਚ ਕਾਮਯਾਬ ਰਹੇ ਹਨ ਕਿ ਕਾਂਗਰਸ ਹਿੰਦੂ ਵਿਰੋਧੀ ਅਤੇ ਮੁਸਲਮਾਨਾਂ ਦੇ ਹੱਕ ਵਿੱਚ ਕੰਮ ਕਰਨ ਵਾਲੀ ਪਾਰਟੀ ਹੈ।
ਪਿਛਲੀਆਂ ਚੋਣਾਂ ਵਿੱਚ ਵੀ ਭਾਜਪਾ ਨੇ ਇਸ ਗੱਲ ਦਾ ਫਾਇਦਾ ਚੁੱਕਿਆ ਸੀ।
3. ਫਿਰਕਾਪ੍ਰਸਤੀ ਦਾ ਸਹਾਰਾ?
ਗੁਜਰਾਤ 'ਚ ਮੁਸਲਮਾਨਾਂ ਲਈ ਹਿੰਦੂਆਂ ਦੀ ਨਫ਼ਰਤ ਸਾਫ ਝਲਕਦੀ ਹੈ। ਸੋਸ਼ਲ ਮੀਡੀਆ 'ਤੇ ਹਿੰਦੂ-ਮੁਸਲਮਾਨ ਵਿਰੋਧੀ ਚੀਜ਼ਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ।
ਕਥਿਤ ਤੌਰ 'ਤੇ ਇਨ੍ਹਾਂ ਵਿੱਚ ਇਹ ਵਿਖਾਇਆ ਜਾਂਦਾ ਹੈ ਕਿ ਜੇ ਕਾਂਗਰਸ ਸੱਤਾ ਵਿੱਚ ਆਈ ਤਾਂ ਮੁਸਲਿਮ ਹਮਲਾ ਕਰਨਗੇ ਅਤੇ ਹਿੰਦੂਆਂ ਦੀਆਂ ਧੀਆਂ ਤੇ ਨੂੰਹਾਂ ਸੁਰੱਖਿਅਤ ਨਹੀਂ ਰਹਿਣਗੀਆਂ।
4. ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ?
ਕਾਂਗਰਸ ਪਹਿਲੀ ਵਾਰ ਭਾਜਪਾ ਨੂੰ ਪੂਰੇ ਆਤਮ ਵਿਸ਼ਵਾਸ ਨਾਲ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਹਾਲੇ ਤਕ ਮੁੱਖਮੰਤਰੀ ਦਾ ਕੋਈ ਵੀ ਦਾਅਵੇਦਾਰ ਪੇਸ਼ ਨਹੀਂ ਕੀਤਾ ਗਿਆ ਹੈ।
ਸੂਬੇ ਦੇ ਵਿਕਾਸ ਲਈ ਕਿਸੇ ਤਰ੍ਹਾਂ ਦੀ ਯੋਜਨਾ ਦਾ ਵੀ ਐਲਾਨ ਨਹੀਂ ਕੀਤਾ ਗਿਆ ਹੈ। ਮੋਦੀ ਅਗਲੇ ਹਫ਼ਤੇ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰਨਗੇ ਜਦਕਿ ਕਾਂਗਰਸ ਕਾਫੀ ਪਹਿਲਾਂ ਤੋਂ ਇਹ ਕਰ ਰਹੀ ਹੈ।
5. ਕਰੋ ਜਾਂ ਮਰੋ
ਮੋਦੀ ਗੁਜਰਾਤ ਦੀ ਸਿਆਸਤ ਦੇ ਧੁਰੰਧਰ ਹਨ ਅਤੇ ਕਾਂਗਰਸ ਉਨ੍ਹਾਂ ਦੇ ਕਦ ਦਾ ਅੰਦਾਜ਼ਾ ਲਾਉਣ ਵਿੱਚ ਕਾਮਯਾਬ ਹੋਏਗੀ, ਇਹ ਬਹੁਤ ਮੁਸ਼ਕਿਲ ਲੱਗ ਰਿਹਾ ਹੈ।
2019 ਦੇ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ ਵਿੱਚ ਜਿੱਤਣਾ ਬੇਹਦ ਅਹਿਮ ਹੈ। ਜੇ ਇਹ ਨਹੀਂ ਹੁੰਦਾ ਹੈ ਤਾਂ ਰਾਜਨਿਤਕ ਤੌਰ ਤੇ ਕਮਜ਼ੋਰ ਹੋਣ ਦੇ ਨਾਲ ਨਾਲ ਪਾਰਟੀ 'ਤੇ ਵੀ ਉਨ੍ਹਾਂ ਦੀ ਪਕੜ ਢਿੱਲੀ ਹੋ ਜਾਏਗੀ।
ਇਸਲਈ ਗੁਜਰਾਤ ਦੀ ਜਿੱਤ ਉਨ੍ਹਾਂ ਲਈ 'ਕਰੋ ਜਾਂ ਮਰੋ ਵਾਲੀ' ਗੱਲ ਹੈ। ਇਹਨਾਂ ਚੋਣਾਂ ਵਿੱਚ ਜਿੱਤ ਲਈ ਭਾਜਪਾ ਆਪਣੇ ਸਾਰੇ ਵਸੀਲੇ ਅਤੇ ਰਾਜਨੀਤਕ ਪੈਂਤਰਿਆਂ ਦਾ ਇਸਤੇਮਾਲ ਕਰੇਗੀ। ਕਾਂਗਰਸ ਲਈ ਇਸ ਦਾ ਸਾਹਮਣਾ ਕਰਨਾ ਬੇਹਦ ਔਖਾ ਹੋ ਸਕਦਾ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)