You’re viewing a text-only version of this website that uses less data. View the main version of the website including all images and videos.
2019 ਦੇ ਮੋਰਚੇ ਲਈ ਰਾਹੁਲ ਗਾਂਧੀ ਦੀ ਫ਼ੌਜ ਤਿਆਰ, ਪੰਜਾਬ ਦੇ ਕਾਂਗਰਸੀ ਗਾਇਬ
ਸਾਲ 2019 ਦੀਆਂ ਲੋਕ ਸਭਾ ਚੋਣਾਂ ਲੜਨ ਲਈ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਫ਼ੌਜ ਤਿਆਰ ਕਰ ਲਈ ਹੈ। ਉਨ੍ਹਾਂ ਪਾਰਟੀ ਦੀ ਸਰਬਉੱਚ ਨੀਤੀ ਤੈਅ ਕਰਨ ਵਾਲੀ ਸੰਸਥਾ ਕਾਂਗਰਸ ਕਾਰਜਕਾਰਨੀ ਦਾ ਪੁਨਰਗਠਨ ਕੀਤਾ ਹੈ।
ਰਾਹੁਲ ਦੀ ਨਵੀਂ ਟੀਮ ਬਾਰੇ ਜਿਹੜੇ ਸਵਾਲ ਖੜੇ ਹੋ ਰਹੇ ਹਨ। ਉਨ੍ਹਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਕਾਰਨੀ ਵਿੱਚੋਂ ਛੁੱਟੀ ਵੀ ਇੱਕ ਹੈ। ਉਹ ਕਾਰਜਕਾਰਨੀ ਵਿਚ ਸਪੈਸ਼ਲ ਇੰਨਵਾਇਟੀ ਮੈਂਬਰ ਸਨ । ਪੰਜਾਬ ਦੇ ਕੋਟੇ ਵਿੱਚੋਂ ਸਿਰਫ਼ ਅੰਬਿਕਾ ਸੋਨੀ ਨੂੰ ਥਾਂ ਦਿੱਤੀ ਗਈ ਹੈ, ਪਰ ਉਨ੍ਹਾਂ ਦੀ ਪੰਜਾਬ ਵਿਚ ਕੋਈ ਸਿਆਸੀ ਸਰਗਰਮੀ ਨਹੀਂ ਹੈ।
ਅੰਬਿਕਾ ਸੋਨੀ 2014 ਦੀਆਂ ਲੋਕ ਸਭਾ ਚੋਣਾ ਦੌਰਾਨ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਤੋਂ ਹਾਰ ਗਏ ਸਨ, ਉਸ ਤੋਂ ਬਾਅਦ ਉਹ ਪੰਜਾਬ ਦੀ ਸਿਆਸਤ ਤੋਂ ਬਿਲਕੁਲ ਕਿਨਾਰਾ ਕਰ ਚੁੱਕੇ ਹਨ।
ਨਾ ਟਕਸਾਲੀ ਨਾ ਨੌਜਵਾਨ
ਪੰਜਾਬ ਦੇ ਹੋਰ ਕਿਸੇ ਵੀ ਟਕਸਾਲੀ ਜਾਂ ਨਵੇਂ ਮਨਪ੍ਰੀਤ ਬਾਦਲ ਤੇ ਨਵਜੋਤ ਸਿੰਘ ਸਿੱਧੂ ਵਰਗੇ ਆਗੂ ਨੂੰ ਇਸ ਟੀਮ ਵਿਚ ਥਾਂ ਨਹੀਂ ਦਿੱਤੀ ਗਈ ।
ਭਾਵੇ ਮੌਜੂਦਾ ਮੁੱਖ ਮੰਤਰੀਆਂ ਵਿੱਚੋਂ ਹੋਰ ਵੀ ਕਿਸੇ ਨੂੰ ਇਸ ਵੱਕਾਰੀ ਕਮੇਟੀ ਵਿਚ ਸ਼ਾਮਲ ਨਹੀਂ ਕੀਤਾ ਗਿਆ ਪਰ ਕਈ ਸਾਬਕਾ ਮੁੱਖ ਮੰਤਰੀਆਂ ਨੂੰ ਇਸ ਕਮੇਟੀ ਵਿਚ ਥਾਂ ਦਿੱਤੀ ਗਈ ਹੈ।
ਇਸ ਹਵਾਲੇ ਨਾਲ ਪੰਜਾਬ ਤੋਂ ਬੀਬੀ ਰਾਜਿੰਦਰ ਕੌਰ ਭੱਠਲ ਵਰਗੇ ਕਈ ਅਜਿਹੇ ਪੰਜਾਬੀ ਕਾਂਗਰਸੀ ਚਿਹਰੇ ਹਨ ਜੋ ਇਸ ਕਮੇਟੀ ਵਿਚ ਸ਼ਾਮਲ ਹੋ ਸਕਦੇ ਸਨ।
ਹਰਿਆਣੇ ਦੀ ਚੜ੍ਹਾਈ
ਰੋਚਕ ਗੱਲ ਇਹ ਹੈ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਤੋਂ ਚਾਰ ਆਗੂਆਂ ਨੂੰ ਕੌਮੀ ਕਾਰਜਾਰਨੀ ਵਿਚ ਥਾਂ ਦਿੱਤੀ ਗਈ ਹੈ। 51 ਮੈਂਬਰੀ ਕਾਰਜਕਰਨੀ ਵਿਚ ਹਰਿਆਣਾ ਤੋਂ ਕੁਮਾਰੀ ਸ਼ੈਲਜ਼ਾ, ਰਣਦੀਪ ਸਿੰਘ ਸੂਰਜੇਵਾਲਾ ਸਣੇ ਦੀਪਏਂਦਰ ਹੁੱਡਾ ਅਤੇ ਕੁਲਦੀਪ ਬਿਸ਼ਨੋਈ ਨੂੰ ਸਪੈਸ਼ਲ ਇੰਨਵਾਇਟੀ ਲਿਆ ਗਿਆ ਹੈ।
ਭਾਵੇ ਕਿ ਰਾਹੁਲ ਨੇ ਕਾਰਜਾਰਨੀ ਵਿਚ ਨੌਜਵਾਨ ਤੇ ਦਲਿਤ ਚਿਹਰਿਆਂ ਨੂੰ ਖਾਸ ਥਾਂ ਦਿੱਤੀ ਗਈ ਹੈ,ਉੱਥੇ ਬਜ਼ੁਰਗਾਂ ਅਤੇ ਪੁਰਾਣੇ ਚਿਹਰਿਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।
ਕਾਰਜਕਾਰਨੀ ਦੇ 23 ਮੈਂਬਰਾਂ ਵਿਚ ਸੋਨੀਆਂ ਗਾਂਧੀ ਸਣੇ ਤਿੰਨ ਮਹਿਲਾਵਾਂ ਨੂੰ ਥਾਂ ਦਿੱਤੀ ਗਈ ਹੈ। ਕਾਰਜਕਾਰਨੀ ਵਿਚ ਤਿੰਨ ਮੁਸਲਿਮ ਚਿਹਰੇ ਨਜ਼ਰ ਆਏ ਹਨ ।
ਇਸ ਵਾਰ ਕਾਰਜਕਾਰਨੀ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਸੂਬੇ ਗੁਜਰਾਤ ਉੱਤੇ ਕਾਫ਼ੀ ਜ਼ੋਰ ਦਿੱਤਾ ਗਿਆ ਹੈ।
ਪਾਰਟੀ ਨੇ ਪੱਛਮੀ ਬੰਗਾਲ, ਬਿਹਾਰ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਕਿਸੇ ਆਗੂ ਨੂੰ ਕਾਰਜਕਾਰਨੀ ਵਿਚ ਨਹੀਂ ਲਿਆ ਹੈ।
ਸ਼ਾਇਦ ਇਹ ਸੂਬੇ ਸਿਆਸੀ ਤੌਰ ਉੱਤੇ ਪਾਰਟੀ ਲਈ ਬਹੁਤਾ ਅਹਿਮੀਅਤ ਨਹੀਂ ਰੱਖਦੇ। ਪਰ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛ੍ਰਤੀਸ਼ਗੜ੍ਹ ਜਿੰਨਾਂ ਵਿਚ ਇਸ ਸਾਲ ਦੇ ਆਖਰ ਵਿਚ ਚੋਣਾਂ ਹੋਣੀਆਂ ਹਨ ਉਨ੍ਹਾਂ ਨੂੰ ਚੰਗੀ ਨੁੰਮਾਇੰਦਗੀ ਦਿੱਤੀ ਗਈ ਹੈ।