ਪ੍ਰੈੱਸ ਰਿਵੀਊ꞉ 'ਵਿਆਹ ਦਾ ਮਤਲਬ ਇਹ ਨਹੀਂ ਕਿ ਔਰਤ ਹਮੇਸ਼ਾ ਸਬੰਧ ਬਣਾਉਣ ਲਈ ਤਿਆਰ ਹੈ'

ਤਸਵੀਰ ਸਰੋਤ, Getty Images
ਵਿਆਹ ਦਾ ਅਰਥ ਇਹ ਨਹੀਂ ਕਿ ਔਰਤ ਨੇ ਸੈਕਸ ਲਈ ਆਪਣੇ-ਆਪ ਨੂੰ ਪਤੀ ਦੇ ਸਪੁਰਦ ਕਰ ਦਿੱਤਾ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਦਿੱਲੀ ਹਾਈ ਕੋਰਟ ਨੇ ਇਹ ਟਿੱਪਣੀ ਉਨ੍ਹਾਂ ਅਰਜੀਆਂ ਦੀ ਸੁਣਵਾਈ ਦੌਰਾਨ ਕੀਤੀ ਜਿਨ੍ਹਾਂ ਵਿੱਚ ਵਿਆਹੁਤਾ ਬਲਾਤਕਾਰ ਨੂੰ ਅਪਰਾਧ ਬਣਾਉਣ ਦੀ ਮੰਗ ਕੀਤੀ ਗਈ ਸੀ।
ਵਿਆਹੁਤਾ ਰੇਪ ਨੂੰ ਅਪਰਾਧ ਬਣਾਉਣ ਵਾਲੀ ਪਟੀਸ਼ਨ ਦੇ ਵਿਰੋਧ ਵਿੱਚ ਇੱਕ ਐਨਜੀਓ ਦੀ ਦਲੀਲ ਨੂੰ ਖਾਰਿਜ ਕਰਦਿਆਂ ਕੋਰਟ ਨੇ ਕਿਹਾ, ''ਇਹ ਕਹਿਣਾ ਗਲਤ ਹੋਵੇਗਾ ਕਿ ਬਲਾਤਕਾਰ ਲਈ ਸਰੀਰਕ ਬਲ ਦੀ ਵਰਤੋਂ ਜ਼ਰੂਰੀ ਹੈ। ਅੱਜ ਰੇਪ ਦੀ ਪਰਿਭਾਸ਼ਾ ਵੱਖ ਹੈ।ਇਸ ਲਈ ਔਰਤ ਨੂੰ ਬਲੈਕਮੇਲ ਜਾਂ ਵਿੱਤੀ ਦਬਾਅ ਵਿੱਚ ਵੀ ਪਾਇਆ ਜਾ ਸਕਦਾ ਹੈ।''

ਤਸਵੀਰ ਸਰੋਤ, Getty Images
ਪੰਜਾਬ ਵਿੱਚ ਸਾਇੰਸ ਪਾੜਿਆਂ ਦੀ ਗਿਣਤੀ ਘਟੀ
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿਗਿਆਨ ਵਿਸ਼ੇ ਤੋਂ ਕੰਨੀ ਕਤਰਾ ਰਹੇ ਹਨ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਸੂਬੇ ਵਿੱਚ ਵਿਦਿਆਰਥੀਆਂ ਦਾ ਵਿਗਿਆਨ ਪ੍ਰਤੀ ਰੁਝਾਨ ਲਗਾਤਾਰ ਘਟਦਾ ਰਿਹਾ ਹੈ ਜੋ ਹੁਣ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ꞉
ਇਸ ਅਕਾਦਮਕ ਵਰ੍ਹੇ ਲਈ ਗਿਆਰਵੀਂ ਜਮਾਤ ਵਿੱਚ ਦਾਖਲਾ ਲੈਣ ਵਾਲੇ ਕੁੱਲ 1,56,979 ਵਿਦਿਆਰਥੀਆਂ ਵਿੱਚੋਂ ਮਹਿਜ਼ ਨੌਂ ਫੀਸਦੀ ਭਾਵ 14, 546 ਵਿਦਿਆਰਥੀਆਂ ਨੇ ਵਿਗਿਆਨ ਵਿਸ਼ਾ ਚੁਣਿਆ ਹੈ।
ਖ਼ਬਰ ਮੁਤਾਬਕ ਇਸ ਦੇ ਉਲਟ ਸਾਲ 2018-19 ਦੌਰਾਨ ਵਿਗਿਆਨ ਦਾ ਵਿਸ਼ਾ ਪੜ੍ਹਾਉਣ ਵਾਲੇ ਸਕੂਲਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ।
ਅਖ਼ਬਾਰ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਡੇਢ ਤੋਂ ਪੌਣੇ ਦੋ ਲੱਖ ਦੇ ਵਿਚਕਾਰ ਰਹੀ ਹੈ।

ਤਸਵੀਰ ਸਰੋਤ, NARINDER NANU/AFP/GETTY IMAGES
ਡਿਫਾਲਟਰ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ
ਪੰਜਾਬ ਖੇਤੀਬਾੜੀ ਵਿਕਾਸ ਬੈਂਕ ਵੱਲੋਂ 6 ਜਿਲ੍ਹਿਆਂ ਦੇ 12 ਹਜ਼ਾਰ ਕਿਸਾਨਾਂ ਦੀਆਂ ਜ਼ਮੀਨਾਂ ਨਿਲਾਮ ਕਰਨ ਦਾ ਫੈਸਲਾ ਲਿਆ ਗਿਆ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੈਂਕ ਡਿਫਾਲਟਰ ਕਿਸਾਨਾਂ ਖਿਲਾਫ ਇਸ ਕਾਰਵਾਈ ਦੇ ਹਿੱਸੇ ਵਜੋਂ ਬੈਂਕ 19,758 ਹੋਰ ਕਿਸਾਨਾਂ ਖਿਲਾਫ ਅਦਾਲਤ ਜਾਵੇਗਾ।
12 ਹਜ਼ਾਰ ਕਿਸਾਨਾਂ ਦੀਆਂ ਜ਼ਮੀਨਾਂ ਦੀ ਨਿਲਾਮੀ ਜ਼ਰੀਏ ਬੈਂਕ 229 ਕਰੋੜ ਦਾ ਬਕਾਇਆ ਰਿਕਵਰ ਕਰੇਗਾ ਜਦਕਿ ਰਿਹੰਦੇ 19.758 ਕਿਸਾਨਾਂ ਵੱਲ ਬੈਂਕ ਦਾ 324.12 ਕਰੋੜ ਦਾ ਕਰਜ਼ ਬਕਾਇਆ ਹੈ।
ਅਖ਼ਬਾਰ ਮੁਤਾਬਕ ਬੈਂਕ ਦੇ ਇਸ ਫੈਸਲੇ ਨਾਲ ਸਭ ਤੋਂ ਵੱਧ 4,633 ਕਿਸਾਨ ਪਟਿਆਲਾ ਜਿਲ੍ਹੇ ਦੇ ਪ੍ਰਭਾਵਿਤ ਹੋਣਗੇ ਜਿਨ੍ਹਾਂ ਸਿਰ ਬੈਂਕ ਦੀਆਂ 105.81 ਕਰੋੜ ਦੀਆਂ ਦੇਣਦਾਰੀਆਂ ਹਨ।
ਬੈਂਕ ਨੇ 109 ਕਿਸਾਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਹਾਸਲ ਕਰ ਲਏ ਹਨ।

ਤਸਵੀਰ ਸਰੋਤ, NOAH SEELAM/Getty Images
100 ਕਰੋੜ ਨਗਦ ਅਤੇ ਕਰੋੜਾਂ ਦੀ ਕੀਮਤ ਦਾ ਸੋਨਾ ਜ਼ਬਤ
ਤਮਿਲਨਾਡੂ ਵਿੱਚ ਆਮਦਨ ਕਰ ਵਿਭਾਗ ਨੇ ਇੱਕ ਸੜਕਾਂ ਦੇ ਠੇਕੇਦਾਰ ਦੇ ਠਿਕਾਣਿਆਂ ਉੱਪਰ ਛਾਪੇਮਾਰੀ ਕਰਕੇ 100 ਕਰੋੜ ਨਗਦ ਅਤੇ ਕਰੋੜਾਂ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ।
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਐਸਪੀਕੇ ਐਂਡ ਕੰਪਨੀ ਸੂਬੇ ਵਿੱਚ ਸ਼ਾਹ ਰਾਹਾਂ ਉੱਪਰ ਕੰਮ ਕਰਨ ਵਾਲੀ ਇੱਕ ਪਾਰਟਨਰਸ਼ਿੱਪ ਫਰਮ ਹੈ।
ਇਸ ਫਰਮ ਦਾ ਇੱਕ ਹਿੱਸੇਦਾਰ ਨਾਗਾਰਾਜੁਨ ਸਿਦੁਰਈ ਏਆਈਡੀਐਮਕੇ ਦੇ ਇੱਕ ਵੱਡੇ ਆਗੂ ਦਾ ਨਜ਼ਦੀਕੀ ਰਿਸ਼ਤੇਦਾਰ ਹੈ।
ਖ਼ਬਰ ਮੁਤਾਬਕ ਵਿਭਾਗ ਦੇ ਸੈਂਕੜੇ ਮੁਲਾਜ਼ਮਾਂ ਨੇ ਫਰਮ ਦੇ ਸੂਬੇ ਭਰ ਵਿੱਚ ਫੈਲੇ 20 ਤੋਂ ਵਧੇਰੇ ਠਿਕਾਣਿਆਂ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ꞉












