ਮੋੜਾ ਸਿੰਘ ਸਣੇ ਹੋਰ ਨੌਜਵਾਨ ਪੈਦਲ ਮਾਰਚ ਰਾਹੀਂ ਕੈਪਟਨ ਨੂੰ ਚੇਤੇ ਕਰਵਾਉਣਾ ਚਾਹੁੰਦੇ ਹਨ ਸਹੁੰ

ਤਸਵੀਰ ਸਰੋਤ, jasbir shetra/bbc
- ਲੇਖਕ, ਜਸਬੀਰ ਸ਼ੇਤਰਾ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਫਿਰੋਜ਼ਪੁਰ ਤੋਂ ਅੱਠ ਕਿਲੋਮੀਟਰ ਦੂਰ ਪਿੰਡ ਖਾਈ ਫੇਮੇ ਕੀ ਤੋਂ ਨਸ਼ਿਆਂ ਖ਼ਿਲਾਫ਼ ਚੰਡੀਗੜ੍ਹ ਤੱਕ ਕੱਢੇ ਜਾ ਰਹੇ ਪੈਦਲ ਮਾਰਚ 'ਚ ਸ਼ਾਮਲ ਇਕ ਲੱਤ ਤੋਂ ਅਪਾਹਜ ਮੋੜਾ ਸਿੰਘ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਹੈ।
ਮੋੜਾ ਸਿੰਘ ਅਨੁਸਾਰ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਕਰਨ ਵਾਲਿਆਂ 'ਚ ਉਸ ਦਾ ਨਾਂ ਸ਼ਾਮਲ ਹੋਣਾ ਹੀ ਉਸ ਦੀ 'ਪ੍ਰਾਪਤੀ' ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਹੱਥ 'ਚ ਫੜ ਕੇ ਚਾਰ ਹਫਤੇ 'ਚ ਨਸ਼ੇ ਖ਼ਤਮ ਕਰਨ ਦੀ ਸਹੁੰ ਯਾਦ ਕਰਵਾਉਣ ਲਈ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧ ਤੋਂ 30 ਜੂਨ ਨੂੰ ਨਤਮਸਤਕ ਹੋ ਕੇ ਸ਼ੁਰੂ ਕੀਤਾ ਪੈਦਲ ਮਾਰਚ ਸ਼ਹੀਦ ਊਧਮ ਸਿੰਘ ਯੂਥ ਕਲੱਬ ਵੱਲੋਂ ਕੱਢਿਆ ਜਾ ਰਿਹਾ ਹੈ।
ਹੋਰਨਾਂ ਲਈ ਪ੍ਰੇਰਣਾਦਾਇਕ ਮੋੜਾ ਸਿੰਘ
ਪੈਦਲ ਮਾਰਚ 'ਚ ਡਾਂਗ ਲੈ ਕੇ ਚੱਲਦਾ ਮੋੜਾ ਸਿੰਘ ਹੋਰਨਾਂ ਲਈ ਵੀ ਪ੍ਰੇਰਣਾਦਾਇਕ ਹੈ। ਲੋਕ ਉਸ ਵੱਲ ਮੱਲੋ-ਮੱਲੀ ਖਿੱਚੇ ਜਾਂਦੇ ਹਨ ਤੇ ਉਸ ਦੇ ਜਜ਼ਬੇ ਨੂੰ ਸਲਾਮ ਕੀਤੇ ਬਿਨਾਂ ਨਹੀਂ ਰਹਿੰਦੇ।
ਮੁੱਖ ਮੰਤਰੀ ਤੱਕ ਮੋੜਾ ਸਿੰਘ ਦੀ ਆਵਾਜ਼ ਪਹੁੰਚੇ ਜਾਂ ਨਾ ਪਰ ਲੋਕਾਂ ਤੱਕ ਉਹ ਆਪਣਾ 'ਸੁਨੇਹਾ' ਪਹੁੰਚਾਉਣ 'ਚ ਕਾਮਯਾਬ ਹੋ ਰਿਹਾ ਹੈ।

ਤਸਵੀਰ ਸਰੋਤ, jasbir shetra/bbc
30 ਸਾਲਾ ਮੋੜਾ ਸਿੰਘ ਦੱਸਦਾ ਹੈ, "ਮੈਂ ਖ਼ੁਦ ਐਮਏ ਬੀਐਡ ਹਾਂ ਤੇ ਪਿੰਡ 'ਚ ਇਲੈਕਟ੍ਰਾਨਿਕਸ ਦੀ ਦੁਕਾਨ ਕਰਦਾ ਹਾਂ। ਉਪਰੋਂ ਥਲੀਂ ਜੂਨ ਮਹੀਨੇ 'ਚ ਹੋਈਆਂ ਦਰਜਨਾਂ ਮੌਤਾਂ ਨੇ ਸਾਨੂੰ ਅਜਿਹਾ ਝੰਜੋੜਿਆ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਸਹੁੰ ਯਾਦ ਕਰਵਾਉਣ ਲਈ ਇਹ ਪੈਦਲ ਮਾਰਚ ਕਰਨ ਦੀ ਸੋਚੀ।"
ਪੰਜ ਭੈਣ ਭਰਾਵਾਂ 'ਚੋਂ ਸਭ ਤੋਂ ਛੋਟੇ ਤੇ ਹਾਲੇ ਕੁਆਰੇ ਮੋੜਾ ਸਿੰਘ ਨੇ ਦੱਸਿਆ ਕਿ ਤਿੰਨ ਸਾਲ ਦੀ ਉਮਰ 'ਚ ਉਸ ਦੇ ਕੋਈ ਟੀਕਾ ਲਾਇਆ ਗਿਆ ਜਿਸ ਕਰਕੇ ਉਸ ਦੀ ਇਕ ਲੱਤ ਜਾਂਦੀ ਰਹੀ।
ਇਸ ਦੇ ਬਾਵਜੂਦ ਉਸ ਨੇ ਉੱਚ ਸਿੱਖਿਆ ਹਾਸਲ ਕੀਤੀ ਤੇ ਸਰਕਾਰੀ ਨੌਕਰੀ ਨਾ ਮਿਲਣ ਕਰਕੇ ਗੁਜ਼ਾਰੇ ਲਈ ਪਿੰਡ 'ਚ ਹੀ ਦੁਕਾਨ ਕਰਦਾ ਹੈ।
ਘਰ ਤੇ ਪਿੰਡ ਬਚਾਅ ਲਉ ਪੰਜਾਬ ਆਪੇ ਬਚ ਜਾਵੇਗਾ
ਮਾਰਚ ਕੱਢ ਰਹੇ ਨੌਜਵਾਨਾਂ ਨੂੰ ਨਸ਼ਿਆਂ ਪਿੱਛੇ ਵੱਡੀ ਸਾਜਿਸ਼ ਦਿਖਾਈ ਦਿੰਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ, ਸਿਆਸੀ ਲੋਕਾਂ ਤੇ ਨਸ਼ਾ ਤਸਕਰਾਂ ਦਾ ਗਠਜੋੜ ਤੋੜੇ ਬਿਨਾਂ ਨਸ਼ਿਆਂ ਦਾ ਖਾਤਮਾ ਸੰਭਵ ਨਹੀਂ ਹੈ।
ਜਨਤਕ ਦਬਾਅ ਬਣਾਈ ਰੱਖਣਾ ਜ਼ਰੂਰੀ
ਕਲੱਬ ਦੇ ਪ੍ਰਧਾਨ ਮਨਜਿੰਦਰ ਸਿੰਘ ਭੁੱਲਰ ਦਾ ਕਹਿਣਾ ਸੀ ਕਿ ਲੋਕਾਂ 'ਚ ਵਧ ਰਹੇ ਰੋਹ ਤੇ ਪੈਦਾ ਹੋ ਰਹੇ ਜਨਤਕ ਦਬਾਅ ਦਾ ਸਿੱਟਾ ਹੈ ਕਿ ਸਰਕਾਰੀ ਪੱਧਰ 'ਤੇ ਹਿਲਜੁਲ ਸ਼ੁਰੂ ਹੋਈ ਹੈ।

ਤਸਵੀਰ ਸਰੋਤ, jasbir shetra/bbc
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪੁਲਿਸ ਹੁਣ ਲੋਕਾਂ ਦਾ ਰੋਹ ਘੱਟ ਕਰਨ ਲਈ ਕਾਰਵਾਈ ਵਿੱਢੇਗੀ ਪਰ ਇਸ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਵੱਡੇ ਪੱਧਰ 'ਤੇ ਕਾਰਵਾਈ ਕਰਨ ਦੀ ਲੋੜ ਹੈ।












