ਐਮਰਜੈਂਸੀ : ਇੰਦਰਾ ਗਾਂਧੀ ਦੇ ਪੁੱਤਰ ਸੰਜੇ ਨੇ ਜਦੋਂ ਬੀਬੀਸੀ ਦਫ਼ਤਰ ਬੰਦ ਕਰਨ ਦੇ ਹੁਕਮ ਦਿੱਤੇ

ਤਸਵੀਰ ਸਰੋਤ, KEYSTONE/HULTON ARCHIVE/GETT
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਪੱਤਰਕਾਰ
ਇੱਕ ਵਾਰ ਮਸ਼ਹੂਰ ਪੱਤਰਕਾਰ ਵਿਨੋਦ ਮਹਿਤਾ ਤੋਂ ਪੁੱਛਿਆ ਗਿਆ ਕਿ ਇਤਿਹਾਸ ਸੰਜੇ ਗਾਂਧੀ ਨੂੰ ਕਿਵੇਂ ਯਾਦ ਕਰੇਗਾ? ਉਨ੍ਹਾਂ ਦਾ ਜਵਾਬ ਸੀ, ਇਤਿਹਾਸ ਸ਼ਾਇਦ ਸੰਜੇ ਗਾਂਧੀ ਨੂੰ ਇੰਨੀ ਤਵੱਜੋ ਨਾ ਦੇਵੇ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਹੀ ਕਰੇ, ਘੱਟੋ-ਘੱਟ ਮੇਰੀ ਨਜ਼ਰ ਵਿੱਚ ਭਾਰਤੀ ਸਿਆਸਤ ਵਿੱਚ ਉਨ੍ਹਾਂ ਦਾ ਵਜੂਦ ਇੱਕ ਮਾਮੂਲੀ 'ਬਲਿਪ' ਵਾਂਗ ਸੀ।
ਇਹ ਤਾਂ ਰਹੀ ਵਿਨੋਦ ਮਹਿਤਾ ਦੀ ਗੱਲ, ਪਰ ਕਈ ਅਜਿਹੇ ਲੋਕ ਵੀ ਹਨ ਜੋ ਭਾਰਤੀ ਸਿਆਸਤ ਵਿੱਚ ਸੰਜੇ ਗਾਂਧੀ ਦੀ ਭੂਮਿਕਾ ਨੂੰ ਦੂਜੇ ਨਜ਼ਰੀਏ ਨਾਲ ਵੇਖਣਾ ਪਸੰਦ ਕਰਦੇ ਹਨ।
ਸੰਜੇ ਗਾਂਧੀ ਨੇ ਐਮਰਜੈਂਸੀ ਦੌਰਾਨ ਬੀਬੀਸੀ ਦਾ ਦਫ਼ਤਰ ਬੰਦ ਕਰਵਾਉਣ ਤੇ ਬਿਓਰੋ ਚੀਫ ਮਾਰਕ ਟਲੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਵੀ ਦਿੱਤੇ ਸਨ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਪੁਸ਼ਪੇਸ਼ ਪੰਤ ਕਹਿੰਦੇ ਹਨ, "ਕਿਤੇ ਨਾ ਕਿਤੇ ਇੱਕ ਦਲੇਰੀ ਉਸ ਸ਼ਖਸ ਦੀ ਵੀ ਸੀ ਅਤੇ ਕਿਤੇ ਨਾ ਕਿਤੇ ਹਿੰਦੁਸਤਾਨ ਦੀ ਬਿਹਤਰੀ ਦਾ ਸੁਫ਼ਨਾ ਵੀ ਉਸ ਦੇ ਅੰਦਰ ਸੀ ਜਿਸ ਨੂੰ ਕੋਈ ਯਾਦ ਕਰੇ ਤਾਂ ਲੋਕ ਕਹਿਣਗੇ ਕਿ ਤੁਸੀਂ ਗਾਂਧੀ ਪਰਿਵਾਰ ਦੇ ਚਮਚੇ ਹੋ, ਚਾਪਲੂਸ ਹੋ।"
"ਪਰਿਵਾਰ ਨਿਯੋਜਨ ਦੇ ਬਾਰੇ ਜੋ ਸਖ਼ਤ ਰਵੱਈਆ ਐਮਰਜੈਂਸੀ ਵੇਲੇ ਅਪਣਾਇਆ ਗਿਆ, ਜੇ ਉਹ ਨਾ ਅਪਣਾਇਆ ਗਿਆ ਹੁੰਦਾ ਤਾਂ ਇਸ ਮੁਲਕ ਨੇ ਸ਼ਾਇਦ ਕਦੇ ਵੀ ਛੋਟਾ ਪਰਿਵਾਰ, ਸੁਖੀ ਪਰਿਵਾਰ ਬਾਰੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਹੁੰਦੀ।"
ਇਹ ਵੀ ਪੜ੍ਹੋ :
ਸੰਜੇ ਦੀ ਡੈਡਲਾਈਨ ਇੱਕ ਦਿਨ ਪਹਿਲਾਂ ਦੀ ਹੁੰਦੀ ਸੀ
ਜਿਸ ਤਰੀਕੇ ਦੀ ਫੈਮਿਲੀ ਪਲਾਨਿੰਗ ਪ੍ਰੋਗਰਾਮ ਵਿੱਚ ਜ਼ਬਰਦਸਤੀ ਕੀਤੀ ਗਈ, ਉਸ ਨੇ ਭਾਰਤੀ ਜਨਤਾ ਨੂੰ ਕਾਂਗਰਸ ਪਾਰਟੀ ਤੋਂ ਬਹੁਤ ਦੂਰ ਕਰ ਦਿੱਤਾ ਸੀ।

ਤਸਵੀਰ ਸਰੋਤ, NEHRU MEMORIAL LIBRARY
ਕੁਮਕੁਮ ਚੱਢਾ ਹਿੰਦੁਸਤਾਨ ਟਾਈਮਜ਼ ਦੇ ਸੀਨੀਅਰ ਪੱਤਰਕਾਰ ਹਨ ਅਤੇ ਉਨ੍ਹਾਂ ਨੇ ਬਹੁਤ ਨੇੜਿਓਂ ਸੰਜੇ ਗਾਂਧੀ ਨੂੰ ਕਵਰ ਕੀਤਾ ਹੈ।
ਕੁਮਕੁਮ ਚੱਢਾ ਦੱਸਦੇ ਹਨ, "ਕਿਵੇਂ ਸੰਜੇ ਗਾਂਧੀ ਨੇ ਆਪਣੇ ਲੋਕਾਂ ਨੂੰ ਇਹ ਸਭ ਕਰਨ ਲਈ ਕਿਹਾ, ਇਹ ਮੈਂ ਨਹੀਂ ਜਾਣਦੀ ਪਰ ਇੰਨਾ ਪਤਾ ਹੈ ਕਿ ਉਨ੍ਹਾਂ ਨੇ ਅਜਿਹਾ ਕਰਨ ਦੇ ਲਈ ਹਰ ਇੱਕ ਦੇ ਲਈ ਟੀਚੇ ਤੈਅ ਕੀਤੇ ਸੀ। ਹਰ ਕੋਈ ਚਾਹੁੰਦਾ ਸੀ ਕਿ ਇਸ ਟੀਚੇ ਨੂੰ ਹਰ ਕੀਮਤ 'ਤੇ ਪੂਰਾ ਕੀਤਾ ਜਾਵੇ।''
ਉਨ੍ਹਾਂ ਦੱਸਿਆ, "ਦੂਜੇ ਪਾਸੇ ਸੰਜੇ ਕੋਲ ਜਾ ਕੇ ਕੋਈ ਇਹ ਨਹੀਂ ਕਹਿ ਸਕਦਾ ਸੀ ਕਿ ਇਹ ਨਹੀਂ ਹੋਇਆ। ਉਹ ਲੋਕ ਸੰਜੇ ਤੋਂ ਬਹੁਤ ਡਰਦੇ ਸਨ।''
"ਹਰ ਪਾਸੇ ਡਰ ਦਾ ਮਾਹੌਲ ਸੀ ਅਤੇ ਦੂਜੇ ਲੋਕ ਸੰਜੇ ਕੋਲ ਧੀਰਜ ਦੀ ਘਾਟ ਮਹਿਸੂਸ ਕਰਦੇ ਸਨ। ਇਸ ਲਈ ਸੰਜੇ ਦੇ ਹੁਕਮਾਂ 'ਤੇ ਜੋ ਕੁਝ ਵੀ ਲੋਕ ਕਰ ਰਹੇ ਸਨ ਉਹ ਬਹੁਤ ਜਲਦਬਾਜ਼ੀ ਵਿੱਚ ਕਰ ਰਹੇ ਸਨ ਜਿਸ ਦੀ ਵਜ੍ਹਾ ਨਾਲ ਨਤੀਜੇ ਪੁੱਠੇ ਆਉਣੇ ਸ਼ੁਰੂ ਹੋ ਗਏ।''
ਇਹ ਵੀ ਪੜ੍ਹੋ:
ਕੁਮਕੁਮ ਕਹਿੰਦੇ ਹਨ, "ਉਸ ਵਕਤ ਪੂਰੇ ਭਾਰਤ ਵਿੱਚ ਸੈਂਸਰਸ਼ਿਪ ਲੱਗੀ ਹੋਈ ਸੀ ਅਤੇ ਕਿਸੇ ਵਿੱਚ ਇਹ ਹਿੰਮਤ ਨਹੀਂ ਸੀ ਕਿ ਉਹ ਸੰਜੇ ਗਾਂਧੀ ਨੂੰ ਜਾ ਕੇ ਇਹ ਕਹਿ ਸਕਣ ਕਿ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ।''
"ਮੈਂ ਸਮਝਦੀ ਹਾਂ ਕਿ ਸੰਜੇ ਗਾਂਧੀ ਇਹ ਸੁਣਨ ਦੇ ਮੂਡ ਵਿੱਚ ਨਹੀਂ ਸਨ ਅਤੇ ਉਨ੍ਹਾਂ ਦਾ ਇਸ ਤਰੀਕੇ ਦਾ ਮਿਜਾਜ਼ ਵੀ ਨਹੀਂ ਸੀ ਕਿ ਉਹ ਇਸ ਤਰੀਕੇ ਦੀਆਂ ਗੱਲਾਂ ਸੁਣਦੇ।''
ਸੰਜੇ ਗਾਂਧੀ ਅਤੇ ਗੁਜਰਾਲ ਵਿੱਚਝੜਪ
ਸੰਜੇ ਗਾਂਧੀ ਉੱਤੇ ਸਭ ਤੋਂ ਵੱਡਾ ਇਲਜ਼ਾਮ ਸੀ ਐਮਰਜੈਂਸੀ ਦੌਰਾਨ ਵਿਰੋਧੀ ਧਿਰ ਦੇ ਆਗੂਆਂ ਦੀ ਗ੍ਰਿਫ਼ਤਾਰੀ ਦੇ ਹੁਕਮ ਦੇਣਾ, ਸਖ਼ਤੀ ਨਾਲ ਸੈਂਸਰਸ਼ਿਪ ਲਾਗੂ ਕਰਨਾ ਅਤੇ ਸਰਕਾਰੀ ਕੰਮਕਾਜ ਵਿੱਚ ਬਿਨਾਂ ਕਿਸੇ ਅਧਿਕਾਰਤ ਭੂਮਿਕਾ ਦੇ ਦਖਲ ਦੇਣਾ। ਜਦੋਂ ਉਨ੍ਹਾਂ ਨੂੰ ਲੱਗਿਆ ਕਿ ਇੰਦਰ ਕੁਮਾਰ ਗੁਜਰਾਲ ਉਨ੍ਹਾਂ ਦਾ ਕਹਿਣਾ ਨਹੀਂ ਮੰਨਣਗੇ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ।

ਤਸਵੀਰ ਸਰੋਤ, NEHRU MEMORIAL LIBRARY
ਜੱਗਾ ਕਪੂਰ ਆਪਣੀ ਕਿਤਾਬ 'ਵੱਟ ਪ੍ਰਾਈਸ ਪਰਜਰੀ- ਫੈਕਟਸ ਆਫ ਦਿ ਸ਼ਾਹ ਕਮਿਸ਼ਨ' ("What Price Perjury: Facts of the Shah Commission") ਵਿੱਚ ਲਿਖਦੇ ਹਨ,
"ਸੰਜੇ ਗਾਂਧੀ ਨੇ ਗੁਜਰਾਲ ਨੂੰ ਹੁਕਮ ਦਿੱਤਾ ਕਿ ਹੁਣ ਪ੍ਰਸਾਰਣ ਤੋਂ ਪਹਿਲਾਂ ਆਕਾਸ਼ਵਾਣੀ ਵਿੱਚ ਸਾਰੇ ਸਮਾਚਾਰ ਬੁਲੇਟਿਨ ਉਨ੍ਹਾਂ ਨੂੰ ਦਿਖਾਏ ਜਾਣ। ਗੁਜਰਾਲ ਨੇ ਕਿਹਾ ਇਹ ਸੰਭਵ ਨਹੀਂ ਹੈ।''
"ਇੰਦਰਾ ਦਰਵਾਜ਼ੇ ਕੋਲ ਖੜ੍ਹੀ ਸੰਜੇ ਅਤੇ ਗੁਜਰਾਲ ਵਿਚਾਲੇ ਹੋ ਰਹੀ ਗੱਲਬਾਤ ਸੁਣ ਰਹੇ ਸੀ ਪਰ ਉਨ੍ਹਾਂ ਨੇ ਕੁਝ ਕਿਹਾ ਨਹੀਂ।''
ਉਹ ਅੱਗੇ ਲਿਖਦੇ ਹਨ, "ਅਗਲੀ ਸਵੇਰ ਜਦੋਂ ਇੰਦਰਾ ਮੌਜੂਦ ਨਹੀਂ ਸਨ, ਸੰਜੇ ਨੇ ਗੁਜਰਾਲ ਨੂੰ ਕਿਹਾ ਕਿ ਤੁਸੀਂ ਆਪਣਾ ਮੰਤਰਾਲਾ ਸਹੀ ਤਰੀਕੇ ਨਾਲ ਨਹੀਂ ਚਲਾ ਰਹੇ ਹੋ।''
ਗੁਜਰਾਲ ਦਾ ਜਵਾਬ ਸੀ, "ਜੇ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਹੈ ਤਾਂ ਤੁਹਾਨੂੰ ਸਨਮਾਨ ਨਾਲ ਅਤੇ ਨਿਮਰ ਹੋਣਾ ਹੋਵੇਗਾ। ਮੇਰਾ ਤੇ ਪ੍ਰਧਾਨ ਮੰਤਰੀ ਦਾ ਸਾਥ ਉਸ ਵੇਲੇ ਦਾ ਹੈ ਜਦੋਂ ਤੁਸੀਂ ਪੈਦਾ ਵੀ ਨਹੀਂ ਹੋਏ ਸੀ। ਤੁਹਾਨੂੰ ਮੇਰੇ ਮੰਤਰਾਲੇ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ।''
ਮਾਰਕ ਟਲੀ ਦੀ ਗ੍ਰਿਫ਼ਤਾਰੀ ਦੇ ਹੁਕਮ
ਅਗਲੇ ਦਿਨ ਸੰਜੇ ਗਾਂਧੀ ਦੇ ਖਾਸ ਦੋਸਤ ਮੁਹੰਮਦ ਯੂਨੁਸ ਨੇ ਗੁਜਰਾਲ ਨੂੰ ਫੋਨ ਕਰਕੇ ਕਿਹਾ ਕਿ ਉਹ ਦਿੱਲੀ ਵਿੱਚ ਬੀਬੀਸੀ ਦਾ ਦਫ਼ਤਰ ਬੰਦ ਕਰਵਾ ਦੇਣ ਅਤੇ ਬਿਓਰੋ ਚੀਫ ਮਾਰਕ ਟਲੀ ਨੂੰ ਗ੍ਰਿਫ਼ਤਾਰ ਕਰ ਕੇ ਲੈ ਆਉਣ ਕਿਉਂਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਝੂਠੀ ਖ਼ਬਰ ਪ੍ਰਸਾਰਿਤ ਕੀਤੀ ਹੈ ਕਿ ਜਗਜੀਵਨ ਰਾਮ ਅਤੇ ਸਵਰਨ ਸਿੰਘ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ।

ਤਸਵੀਰ ਸਰੋਤ, NEHRU MEMORIAL LIBRARY
ਮਾਰਕ ਟਲੀ ਆਪਣੀ ਕਿਤਾਬ 'ਫਰਾਮ ਰਾਜ ਟੂ ਰਾਜੀਵ' ਵਿੱਚ ਲਿਖਦੇ ਹਨ, "ਯੂਨਸ ਨੇ ਗੁਜਰਾਲ ਨੂੰ ਹੁਕਮ ਦਿੱਤਾ ਕਿ ਮਾਰਕ ਟਲੀ ਨੂੰ ਬੁਲਾਓ ਅਤੇ ਉਸਦੀ ਪੈਂਟ ਉਤਰਵਾ ਕੇ ਬੈਂਤ ਨਾਲ ਕੁੱਟੋ ਅਤੇ ਜੇਲ੍ਹ ਵਿੱਚ ਸੁੱਟ ਦਿਓ।''
ਗੁਜਰਾਲ ਨੇ ਜਵਾਬ ਦਿੱਤਾ ਕਿ ਇੱਕ ਵਿਦੇਸ਼ੀ ਪੱਤਰਕਾਰ ਨੂੰ ਗ੍ਰਿਫ਼ਤਾਰ ਕਰਵਾਉਣਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਕੰਮ ਨਹੀਂ ਹੈ।
ਉਹ ਅੱਗੇ ਲਿਖਦੇ ਹਨ, "ਫੋਨ ਰੱਖਦੇ ਹੀ ਉਨ੍ਹਾਂ ਨੇ ਬੀਬੀਸੀ ਪ੍ਰਸਾਰਣ ਦੀ ਮੋਨੀਟਰਿੰਗ ਰਿਪੋਰਟ ਮੰਗਵਾਈ, ਜਿਸ ਤੋਂ ਪਤਾ ਲੱਗਿਆ ਕਿ ਬੀਬੀਸੀ ਨੇ ਜਗਜੀਵਨ ਰਾਮ ਅਤੇ ਸਵਰਨ ਸਿੰਘ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਪ੍ਰਸਾਰਿਤ ਨਹੀਂ ਕੀਤੀ ਸੀ।''
ਉਨ੍ਹਾਂ ਨੇ ਇਹ ਸੂਚਨਾ ਇੰਦਰਾ ਗਾਂਧੀ ਤੱਕ ਪਹੁੰਚਾ ਦਿੱਤੀ ਪਰ ਉਸੇ ਸ਼ਾਮ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਉਹ ਉਨ੍ਹਾਂ ਤੋਂ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਲੈ ਰਹੇ ਹਨ ਕਿਉਂਕਿ ਮੌਜੂਦਾ ਹਾਲਾਤ ਵਿੱਚ ਉਸ ਨੂੰ ਕਰੜੇ ਹੱਥੀਂ ਚਲਾਉਣ ਦੀ ਲੋੜ ਹੈ।
ਰੁਖ਼ਸਾਨਾ ਸੁਲਤਾਨ ਨਾਲ ਸੰਜੇ ਦੀ ਨਜ਼ਦੀਕੀ
ਜੋ ਲੋਕ ਸੰਜੇ ਗਾਂਧੀ ਦੇ ਕਰੀਬੀ ਸਨ, ਉਨ੍ਹਾਂ ਨੇ ਐਮਰਜੈਂਸੀ ਦੌਰਾਨ ਉਨ੍ਹਾਂ ਦਾ ਪੂਰਾ ਫਾਇਦਾ ਚੁੱਕਿਆ ਸੀ ਅਤੇ ਲੋਕਾਂ ਵਿਚਾਲੇ ਉਨ੍ਹਾਂ ਦੇ ਅਕਸ ਨੂੰ ਖਰਾਬ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਇਨ੍ਹਾਂ ਵਿੱਚੋਂ ਇੱਕ ਸੀ ਅਦਾਕਾਰਾ ਅੰਮ੍ਰਿਤਾ ਸਿੰਘ ਦੀ ਮਾਂ ਰੁਖ਼ਸਾਨਾ ਸੁਲਤਾਨ।

ਤਸਵੀਰ ਸਰੋਤ, NEHRU MEMORIAL LIBRARY
ਕੁਮਕੁਮ ਚੱਢਾ ਦੱਸਦੇ ਹਨ, "ਇੱਕ ਵਕਤ ਤਾਂ ਦੋਹਾਂ ਬਾਰੇ ਕਾਫੀ ਗੱਲਾਂ ਕੀਤੀਆਂ ਜਾ ਰਹੀਆਂ ਸਨ। ਰੁਖ਼ਸਾਨਾ ਸਾਰਿਆਂ ਨੂੰ ਸਾਫ਼ ਕਹਿ ਦਿੰਦੀ ਸੀ ਅਤੇ ਉਨ੍ਹਾਂ ਨੇ ਮੈਨੂੰ ਵੀ ਕਿਹਾ ਸੀ ਕਿ ਸੰਜੇ ਉਨ੍ਹਾਂ ਦੇ ਬਹੁਤ ਕਰੀਬੀ ਦੋਸਤ ਹਨ।''
"ਐਮਰਜੈਂਸੀ ਦੌਰਾਨ ਰੁਖ਼ਸਾਨਾ ਕੋਲ ਕਾਫੀ ਤਾਕਤ ਸੀ। ਇਸ ਤਾਕਤ ਦੀ ਉਨ੍ਹਾਂ ਨੇ ਕਾਫੀ ਗਲਤ ਵਰਤੋਂ ਕੀਤੀ ਭਾਵੇਂ ਉਹ ਫੈਮਿਲੀ ਪਲਾਨਿੰਗ ਹੋਵੇ ਜਾਂ ਜਾਮਾ ਮਸਜਿਦ ਦਾ ਸੁੰਦਰੀਕਰਨ ਹੋਵੇ।''
"ਜੇ ਲੋਕ ਸੰਜੇ ਗਾਂਧੀ ਤੋਂ ਨਫਰਤ ਕਰਦੇ ਸਨ ਤਾਂ ਉਹ ਇਸ ਲਈ ਕਿਉਂਕਿ ਉਹ ਉਨ੍ਹਾਂ ਦੇ ਨਾਂ ਉੱਤੇ ਪ੍ਰੋਗਰਾਮ ਚਲਾਉਂਦੇ ਸਨ। ਸੰਜੇ ਦਾ ਕੋਈ ਵੀ ਅਜਿਹਾ ਦੋਸਤ ਨਹੀਂ ਸੀ ਜੋ ਉਨ੍ਹਾਂ ਨੂੰ ਇਹ ਕਹਿ ਸਕਦਾ ਸੀ ਕਿ ਤੁਸੀਂ ਇਹ ਕੰਮ ਗਲਤ ਕਰ ਰਹੇ ਹੋ।''
ਮੂੰਹ-ਫਟ ਅਤੇ ਸਪਸ਼ਟਵਾਦੀ
ਸੰਜੇ ਗਾਂਧੀ ਦੀ ਆਮ ਇਮੇਜ ਘੱਟ ਬੋਲਣ ਵਾਲੇ ਮੂੰਹ-ਫਟ ਸ਼ਖਸ ਦੀ ਸੀ। ਉਨ੍ਹਾਂ ਦੇ ਮਨ ਵਿੱਚ ਆਪਣੇ ਸਹਿਯੋਗੀਆਂ ਦੇ ਲਈ ਕੋਈ ਵੀ ਇੱਜ਼ਤ ਨਹੀਂ ਸੀ ਭਾਵੇਂ ਉਹ ਉਮਰ ਵਿੱਚ ਉਨ੍ਹਾਂ ਤੋਂ ਕਿੰਨੇ ਵੀ ਵੱਡੇ ਕਿਉਂ ਨਾ ਹੋਣ।

ਤਸਵੀਰ ਸਰੋਤ, NEHRU MEMORIAL LIBRARY
ਇੱਕ ਜ਼ਮਾਨੇ ਵਿੱਚ ਸੰਜੇ ਗਾਂਧੀ ਦੇ ਕਰੀਬੀ ਅਤੇ ਨੌਜਵਾਨ ਕਾਂਗਰਸੀ ਆਗੂ ਰਹੇ ਜਨਾਰਦਨ ਸਿੰਘ ਗਹਿਲੋਤ ਦੱਸਦੇ ਹਨ, "ਉਨ੍ਹਾਂ ਵਿੱਚ ਰਫਨੈੱਸ ਬਿਲਕੁਲ ਨਹੀਂ ਸੀ। ਉਹ ਸਪਸ਼ਟਵਾਦੀ ਜ਼ਰੂਰ ਸਨ ਜਿਸ ਨੂੰ ਸਹੀ ਮਾਅਨੇ ਵਿੱਚ ਅੱਜ ਤੱਕ ਭਾਰਤਵਾਸੀ ਸਵੀਕਾਰ ਨਹੀਂ ਕਰ ਸਕੇ ਹਨ।''
"ਅੱਜ ਚਾਪਲੂਸਾਂ ਦਾ ਜ਼ਮਾਨਾ ਹੈ, ਹਰ ਸਿਆਸੀ ਆਗੂ ਮਿੱਠੀਆਂ ਗੱਲਾਂ ਕਰਦਾ ਹੈ। ਮੈਂ ਸਮਝਦਾ ਹਾਂ, ਉਹ ਉਸ ਤੋਂ ਵੱਖਰੇ ਸਨ, ਇਸ ਲਈ ਉਨ੍ਹਾਂ ਦੀ ਇਮੇਜ ਬਣੀ ਸੀ ਕਿ ਉਹ ਰੁੱਖੇ ਸਨ ਜੋ ਕਿ ਉਹ ਬਿਲਕੁੱਲ ਵੀ ਨਹੀਂ ਸਨ।''
ਉਹ ਕਹਿੰਦੇ ਹਨ, "ਪਰ ਇਹ ਗੱਲ ਜ਼ਰੂਰੀ ਸੀ ਕਿ ਜੋ ਗੱਲ ਉਨ੍ਹਾਂ ਨੂੰ ਠੀਕ ਲੱਗਦੀ ਸੀ, ਉਸ ਨੂੰ ਉਹ ਮੂੰਹ 'ਤੇ ਵੀ ਜ਼ਰੂਰ ਕਹਿ ਦਿੰਦੇ ਸੀ। ਦੇਸ ਦੇ ਲੋਕਾਂ ਨੇ ਬਾਅਦ ਵਿੱਚ ਸਵੀਕਾਰ ਵੀ ਕੀਤਾ ਕਿ ਉਨ੍ਹਾਂ ਦਾ ਜੋ ਪੰਜ ਸੂਤਰੀ ਪ੍ਰੋਗਰਾਮ ਸੀ, ਉਹ ਦੇਸ ਲਈ ਬਹੁਤ ਚੰਗਾ ਸੀ।''
ਇਸੇ ਤਰੀਕੇ ਦੀ ਗੱਲ ਸੰਜੇ ਗਾਂਧੀ ਦੇ ਸਹਿਯੋਗੀ ਰਹੇ ਸੰਜੇ ਸਿੰਘ ਨੇ ਵੀ ਕਹੀ। ਸੰਜੇ ਸਿੰਘ ਅਮੇਠੀ ਤੋਂ ਇੱਕ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਇਸ ਵਕਤ ਰਾਜਸਭਾ ਮੈਂਬਰ ਹਨ।
ਸੰਜੇ ਸਿੰਘ ਕਹਿੰਦੇ ਹਨ, "ਦੋ-ਤਿੰਨ ਗੁਣ ਉਨ੍ਹਾਂ ਦੇ ਮੈਨੂੰ ਚੰਗੇ ਲੱਗੇ। ਇੱਕ ਤਾਂ ਉਹ ਸਾਫ਼ ਗੱਲ ਕਰਦੇ ਸਨ। ਉਨ੍ਹਾਂ ਦਾ ਵਤੀਰਾ ਕਾਫੀ ਚੰਗਾ ਸੀ ਅਤੇ ਉਹ ਕੋਸ਼ਿਸ਼ ਕਰਦੇ ਸੀ ਕਿ ਘੱਟ ਤੋਂ ਘੱਟ ਗੱਲ ਹੋਵੇ ਅਤੇ ਸੁਨੇਹਾ ਠੀਕ ਤਰੀਕੇ ਨਾਲ ਲੋਕਾਂ ਦੀ ਸਮਝ ਵਿੱਚ ਆ ਜਾਵੇ।''
"ਸਭ ਤੋਂ ਵੱਡੀ ਚੀਜ਼ ਸੀ ਕਿ ਜਦੋਂ ਉਹ ਖੁਦ ਕਿਸੇ ਚੀਜ਼ ਲਈ ਹਾਂ ਕਹਿੰਦੇ ਸੀ ਤਾਂ ਉਸ ਨੂੰ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਸੀ ਅਤੇ ਉਸੇ ਤਰ੍ਹਾਂ ਦੀ ਆਸ਼ਾ ਕਰਦੇ ਸਨ ਕਿ ਜੋ ਵੀ ਕੋਈ ਗੱਲ ਕਰੇ, ਤਾਂ ਉਸ ਨੂੰ ਪੂਰਾ ਜ਼ਰੂਰ ਕਰੇ।''
ਸਮੇਂ ਦੇ ਪਾਬੰਦ
ਸੰਜੇ ਗਾਂਧੀ ਦਾ ਨਕਾਰਾਤਮਕ ਅਕਸ ਬਣਾਉਣ ਵਿੱਚ ਉਨ੍ਹਾਂ ਦੇ ਕਥਿਤ ਰੁੱਖੇ ਵਤੀਰੇ ਨੇ ਅਹਿਮ ਭੂਮਿਕਾ ਨਿਭਾਈ ਸੀ।
ਵਿਨੋਦ ਮਹਿਤਾ ਨੇ ਸੰਜੇ ਗਾਂਧੀ 'ਤੇ ਲਿਖੀ ਆਪਣੀ ਕਿਤਾਬ 'ਦਿ ਸੰਜੇ ਸਟੋਰੀ' ਵਿੱਚ ਲਿਖਿਆ, "1 ਅਕਬਰ ਰੋਡ 'ਤੇ ਸੰਜੇ ਗਾਂਧੀ ਦਾ ਦਿਨ ਸਵੇਰੇ ਅੱਠ ਵਜੇ ਸ਼ੁਰੂ ਹੁੰਦਾ ਸੀ। ਇਸੇ ਵੇਲੇ ਜਗਮੋਹਨ, ਕਿਸ਼ਨ ਚੰਦ, ਨਵੀਨ ਚਾਵਲਾ ਅਤੇ ਪੀਐੱਸ ਭਿੰਡਰ ਵਰਗੇ ਅਫ਼ਸਰ ਸੰਜੇ ਨੂੰ ਆਪਣੀ ਰੋਜ਼ਾਨਾ ਰਿਪੋਰਟ ਪੇਸ਼ ਕਰਦੇ ਸਨ।''

ਤਸਵੀਰ ਸਰੋਤ, NEHRU MEMORIAL LIBRARY
"ਇਸੇ ਵਕਤ ਉਹ ਸੰਜੇ ਤੋਂ ਹੁਕਮ ਵੀ ਲੈਂਦੇ ਸਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਉਨ੍ਹਾਂ ਨੂੰ ਸਰ ਕਹਿ ਕੇ ਪੁਕਾਰਦੇ ਸਨ।''
ਜਗਦੀਸ਼ ਟਾਈਟਲਰ ਦੱਸਦੇ ਹਨ, "ਠੀਕ ਅੱਠ ਵਜ ਕੇ 45 ਮਿੰਟ ਤੇ ਉਹ ਆਪਣੀ ਮੈਟਾਡੋਰ ਵਿੱਚ ਬੈਠ ਕੇ ਗੁੜਗਾਓਂ ਵਿੱਚ ਆਪਣੀ ਮਾਰੂਤੀ ਫੈਕਟਰੀ ਦੇ ਲਈ ਰਵਾਨਾ ਹੋ ਜਾਂਦੇ ਸਨ।''
"ਉਹ ਸਮੇਂ ਦੇ ਇੰਨੇ ਪਾਬੰਦ ਸਨ ਕਿ ਤੁਸੀਂ ਉਨ੍ਹਾਂ ਨਾਲ ਆਪਣੀ ਘੜੀ ਮਿਲਾ ਸਕਦੇ ਹੋ। ਠੀਕ 12 ਵਜ ਕੇ 55 ਮਿੰਟ ਤੇ ਉਹ ਦੁਪਹਿਰ ਦਾ ਖਾਣਾ ਖਾਣ ਘਰ ਪਰਤਦੇ ਸਨ ਕਿਉਂਕਿ ਇੰਦਰਾ ਗਾਂਧੀ ਦੇ ਹੁਕਮ ਸਨ ਕਿ ਦਿਨ ਦਾ ਖਾਣਾ ਪਰਿਵਾਰ ਦੇ ਸਾਰੇ ਲੋਕ ਇਕੱਠੇ ਖਾਣ।''
ਟਾਈਟਲਰ ਅੱਗੇ ਦੱਸਦੇ ਹਨ, "ਦੁਪਹਿਰ 2 ਵਜੇ ਤੋਂ ਉਨ੍ਹਾਂ ਦਾ ਲੋਕਾਂ ਨੂੰ ਮਿਲਣ ਦਾ ਸਿਲਸਿਲਾ ਫਿਰ ਤੋਂ ਸ਼ੁਰੂ ਹੋ ਜਾਂਧਾ ਸੀ। ਇਸ ਵਾਰ ਉਨ੍ਹਾਂ ਨੂੰ ਮਿਲਣ ਵਾਲਿਆਂ ਵਿੱਚ ਕੇਂਦਰੀ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀ ਅਤੇ ਯੂਥ ਕਾਂਗਰਸ ਦੇ ਆਗੂ ਹੁੰਦੇ ਸਨ।''
"ਉਨ੍ਹਾਂ ਨੂੰ ਮਿਲਣ ਦਾ ਜੋ ਸਮਾਂ ਦਿੱਤਾ ਜਾਂਦਾ ਸੀ ਉਹ ਕੁਝ ਇਸ ਤਰ੍ਹਾਂ ਦਾ ਹੁੰਦਾ ਸੀ...4 ਵਜ ਕੇ 7 ਮਿੰਟ, 4 ਵਜ ਕੇ 11 ਮਿੰਟ ਜਾਂ ਫਿਰ 4 ਵਜ ਕੇ 17 ਮਿੰਟ।''
''ਜਦੋਂ ਕੋਈ ਕਮਰੇ ਵਿੱਚ ਵੜ੍ਹਦਾ ਸੀ ਤਾਂ ਨਾ ਹੀ ਉਹ ਉਸਦੇ ਸਵਾਗਤ ਵਿੱਚ ਖੜ੍ਹੇ ਹੁੰਦੇ ਸਨ ਅਤੇ ਨਾ ਹੀ ਉਸ ਨਾਲ ਹੱਥ ਮਿਲਾਉਂਦੇ ਸਨ।''
ਮਾਰੂਤੀ ਦੀ ਨੀਂਹ ਰੱਖੀ
ਨਾਰਾਇਣ ਦੱਤ ਤਿਵਾਰੀ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਅਤੇ ਆਂਧਰ ਪ੍ਰਦੇਸ਼ ਦੇ ਰਾਜਪਾਲ ਰਹਿ ਚੁੱਕੇ ਹਨ। ਤਿਵਾਰੀ ਮੰਨਦੇ ਹਨ ਕਿ ਸੰਜੇ ਗਾਂਧੀ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਗਿਆ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਘੱਟ ਮੰਨਿਆ ਗਿਆ।
ਤਿਵਾਰੀ ਕਹਿੰਦੇ ਹਨ, "ਸੰਜੇ ਗਾਂਧੀ ਦਾ ਜੋ ਪੰਜ ਸੂਤਰੀ ਪ੍ਰੋਗਰਾਮ ਸੀ ਅੱਜ ਸਾਰੇ ਮੰਨਦੇ ਹਨ ਕਿ ਉਹ ਸਹੀ ਅਤੇ ਪ੍ਰੈਕਟਿਕਲ ਸੀ। ਉਹ ਮੰਨਦੇ ਸੀ ਕਿ ਬਿਨਾਂ ਫੈਮਿਲੀ ਪਲਾਨਿੰਗ ਦੇ ਭਾਰਤ ਤੋਂ ਗਰੀਬੀ ਦੂਰ ਨਹੀਂ ਕੀਤੀ ਜਾ ਸਕਦੀ ਹੈ।''

ਤਸਵੀਰ ਸਰੋਤ, NEHRU MEMORIAL LIBRARY
ਉਹ ਕਹਿੰਦੇ ਹਨ, "ਰੁਖ ਲਾਉਣ ਦਾ ਅੰਦੋਲਨ ਅਤੇ ਭਾਰਤ ਵਿੱਚ ਚੀਜ਼ਾਂ ਬਣਨ 'ਤੇ ਜ਼ੋਰ ਉਨ੍ਹਾਂ ਦੇ ਪ੍ਰੋਗਰਾਮ ਦਾ ਮੁੱਖ ਹਿੱਸਾ ਸਨ। ਉਨ੍ਹਾਂ ਨੇ ਵਰਕਸ਼ਾਪ ਵਿੱਚ ਮਾਰੂਤੀ ਦਾ ਡਿਜ਼ਾਈਨ ਬਣਾਉਣ ਦੀ ਕੋਸ਼ਿਸ਼ ਕੀਤੀ।
ਅੱਜ ਮਾਰੂਤੀ ਭਾਰਤ ਵਿੱਚ ਕਾਰ ਬਣਾ ਰਹੀ ਹੈ ਅਤੇ ਉਸ ਨੂੰ ਬਰਾਮਦ ਵੀ ਕੀਤਾ ਜਾ ਰਿਹਾ ਹੈ ਪਰ ਇਸ ਦੀ ਨੀਂਹ ਸੰਜੇ ਗਾਂਧੀ ਨੇ ਰੱਖੀ ਸੀ।
ਤੇਜ਼ ਗੱਡੀ ਚਲਾਉਣ ਦੇ ਸ਼ੌਕੀਨ
ਆਮ ਲੋਕਾਂ ਦੇ ਮਨਾਂ ਵਿੱਚ ਸੰਜੇ ਗਾਂਧੀ ਦੀ ਇਮੇਜ ਇੱਕ ਮੈਨ ਆਫ ਐਕਸ਼ਨ ਵਾਲੇ ਸ਼ਖਸ ਦੀ ਹੈ ਜਿਸ ਦੇ ਕੋਲ ਧੀਰਜ ਦੀ ਕਮੀ ਸੀ। ਆਮ ਧਾਰਨਾ ਦੇ ਖਿਲਾਫ਼ ਉਹ ਸ਼ਰਾਬ ਸਿਗਰਟ ਤਾਂ ਦੂਰ ਚਾਹ ਪੀਣਾ ਵੀ ਪਸੰਦ ਨਹੀਂ ਕਰਦੇ ਸਨ।
ਜਨਾਰਦਨ ਸਿੰਘ ਗਹਿਲੋਤ ਕਹਿੰਦੇ ਹਨ, "ਉਨ੍ਹਾਂ ਨੂੰ ਗੱਡੀ ਤੇਜ਼ ਚਲਾਉਣ ਦਾ ਸ਼ੌਂਕ ਸੀ। ਇੱਕ ਦਿਨ ਅਸੀਂ ਸੰਜੇ ਗਾਂਧੀ ਅਤੇ ਅੰਬਿਕਾ ਸੋਨੀ ਤਿੰਨੋ ਪੰਜਾਬ ਦੌਰੇ ਤੋਂ ਆ ਰਹੇ ਸੀ।''

ਤਸਵੀਰ ਸਰੋਤ, NEHRU MEMORIAL LIBRARY
"ਉਨ੍ਹਾਂ ਦੀ ਆਦਤ ਸੀ ਕਿ ਉਹ ਆਪਣੀ ਗੱਡੀ ਖੁਦ ਚਲਾਉਂਦੇ ਸਨ ਅਤੇ ਸਾਡੀ ਇਹ ਹਾਲਤ ਸੀ ਕਿ ਸਾਡੇ ਹੱਥ-ਪੈਰ ਫੁੱਲ ਰਹੇ ਸਨ ਕਿ ਕਿਤੇ ਗੱਡੀ ਹਾਦਸੇ ਦੀ ਸ਼ਿਕਾਰ ਨਾ ਹੋ ਜਾਵੇ। ਜਦੋਂ ਅਸੀਂ ਟੋਕਦੇ ਸੀ ਤਾਂ ਉਹ ਕਹਿੰਦੇ ਸਨ ਡਰਦੇ ਹੋ ਕੀ?
ਉਹ ਕਹਿੰਦੇ ਸਨ, "ਜਿਸ ਦਿਨ ਉਹ ਪਲੇਨ ਉਡਾਉਣ ਗਏ ਸਨ, ਮੇਨਕਾਜੀ ਨੇ ਇੰਦਰਾਜੀ ਨੂੰ ਕਿਹਾ ਸੀ ਕਿ ਉਹ ਸੰਜੇ ਨੂੰ ਗੋਤਾ ਨਾ ਲਗਾਉਣ ਲਈ ਕਹਿਣ ਅਤੇ ਉਨ੍ਹਾਂ ਨੂੰ ਰੋਕ ਲੈਣ ਪਰ ਜਦੋਂ ਤੱਕ ਇੰਦਰਾਜੀ ਬਾਹਰ ਪਹੁੰਚਦੀ ਉਹ ਆਪਣੀ ਮੈਟਾਡੋਰ ਲੈ ਕੇ ਨਿਕਲ ਚੁੱਕੇ ਸਨ। ਉਸੇ ਦਿਨ ਇਹ ਹਾਦਸਾ ਹੋ ਗਿਆ।''
ਗਹਿਲੋਤ ਦੱਸਦੇ ਹਨ, "ਉਹ ਕੈਂਪਾ ਕੋਲਾ ਅਤੇ ਪੈਪਸੀ ਤੱਕ ਪੀਣਾ ਪਸੰਦ ਨਹੀਂ ਕਰਦੇ ਸਨ ਅਤੇ ਲੋਕਾਂ ਤੋਂ ਸਵਾਲ ਕਰਦੇ ਸਨ ਕਿ ਤੁਸੀਂ ਪਾਨ ਕਿਉਂ ਖਾਂਦੇ ਹੋ।''
"ਮੈਂ ਸਮਝਦਾ ਹਾਂ ਕਿ ਦੇਸ ਦੇ ਨੌਜਵਾਨਾਂ ਨੂੰ ਉਹ ਵੱਖ ਰਸਤੇ ਤੇ ਲੈ ਕੇ ਜਾਣਾ ਚਾਹੁੰਦੇ ਸੀ। ਉਨ੍ਹਾਂ ਦੀ ਸਾਦਗੀ ਦਾ ਆਲਮ ਇਹ ਸੀ ਕਿ ਉਹ ਖੱਦਰ ਦਾ ਕੁਰਤਾ ਅਤੇ ਪਜਾਮਾ ਪਹਿਣਦੇ ਸਨ ਅਤੇ ਦੂਜਿਆਂ ਵਾਂਗ ਨਹੀਂ ਕਿ ਸ਼ਾਮ ਨੂੰ ਜੀਂਸ ਅਤੇ ਟੀ ਸ਼ਰਟ ਪਾ ਕੇ ਘੁੰਮ ਰਹੇ ਹੋਣ।''
ਕਮਲਨਾਥ ਦੇ ਡਰਾਇੰਗ ਰੂਮ ਵਿੱਚ ਸੰਜੇ ਦੀ ਤਸਵੀਰ
ਸੰਜੇ ਗਾਂਧੀ ਦੇ ਸਾਥੀਆਂ ਦੀ ਇਹ ਕਹਿ ਕੇ ਆਲੋਚਨਾ ਕੀਤੀ ਜਾ ਸਕਦੀ ਹੈ ਕਿ ਉਹ ਬੌਧਿਕ ਨਹੀਂ ਸਨ ਪਰ ਉਨ੍ਹਾਂ ਦੀ ਸੰਜੇ ਪ੍ਰਤੀ ਵਫਾਦਾਰੀ ਘੱਟ ਨਹੀਂ ਹੋਈ। ਖਾਸ ਤੌਰ 'ਤੇ ਉਸ ਵੇਲੇ ਜਦੋਂ ਪੂਰਾ ਭਾਰਤ ਉਨ੍ਹਾਂ ਦੇ ਖਿਲਾਫ ਹੋ ਗਿਆ ਸੀ।

ਤਸਵੀਰ ਸਰੋਤ, NEHRU MEMORIAL LIBRARY
ਕੁਮਕੁਮ ਚੱਢਾ ਦੱਸਦੀ ਹੈ, "ਕਮਲ ਨਾਥ ਅਜਿਹੇ ਸ਼ਖਸ ਹਨ ਜੋ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਰਹਿੰਦਿਆਂ ਅਤੇ ਸੰਜੇ ਗਾਂਧੀ ਦੀ ਮੌਤ ਦੇ ਸਾਲਾਂ ਬਾਅਦ ਵੀ ਉਨ੍ਹਾਂ ਦੀ ਤਸਵੀਰ ਆਪਣੇ ਡਰਾਇੰਗ ਰੂਮ ਵਿੱਚ ਲਗਾਉਂਦੇ ਸਨ।''
ਉਹ ਕਹਿੰਦੇ ਹਨ, "ਮੈਂ ਇੱਕ ਵਾਰ ਉਨ੍ਹਾਂ ਨੂੰ ਪੁੱਛਿਆ ਵੀ ਸੀ ਕਿ ਹੁਣ ਤਾਂ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ, ਕੋਈ ਉਨ੍ਹਾਂ ਦੇ ਬਾਰੇ ਵਿੱਚ ਗੱਲ ਤੱਕ ਨਹੀਂ ਕਰਨਾ ਚਾਹੁੰਦਾ ਅਤੇ ਤੁਸੀਂ ਉਨ੍ਹਾਂ ਦੀ ਤਸਵੀਰ ਲਾ ਰੱਖੀ ਹੈ।''
"ਉਨ੍ਹਾਂ ਦਾ ਜਵਾਬ ਸੀ, ਇੰਦਰਾ ਜੀ ਮੇਰੀ ਪ੍ਰਧਾਨ ਮੰਤਰੀ ਸਨ ਪਰ ਸੰਜੇ ਮੇਰੇ ਨੇਤਾ ਅਤੇ ਮੇਰੇ ਦੋਸਤ ਸਨ। ਉਨ੍ਹਾਂ ਦੇ ਪ੍ਰਤੀ ਕੁਝ ਲੋਕਾਂ ਦੀ ਇੱਕ ਅੰਨ੍ਹੀ ਵਫ਼ਾਦਾਰੀ ਅਤੇ ਪਿਆਰ ਸੀ ।''
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












