You’re viewing a text-only version of this website that uses less data. View the main version of the website including all images and videos.
BBC TOP 5꞉ ਝਾਰਖੰਡ ਵਿੱਚ ਪਸ਼ੂ ਤਸਕਰੀ ਦੇ ਇਲਜ਼ਾਮਾਂ ਹੇਠ 2 ਨੌਜਵਾਨਾਂ ਦਾ ਕਤਲ
ਪਸ਼ੂ ਤਸਕਰੀ ਦੇ ਸ਼ੱਕ ਹੇਠ 2 ਲੋਕਾਂ ਦਾ ਕਤਲ
ਝਾਰਖੰਡ ਵਿੱਚ ਦੋ ਮੁਸਲਮਾਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਉਨ੍ਹਾਂ ਉੱਪਰ ਪਸ਼ੂਆਂ ਦੀ ਤਸਕਰੀ ਦਾ ਸ਼ੱਕ ਸੀ।
ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਗੋਦਾ ਜ਼ਿਲ੍ਹੇ ਦੇ ਚਾਰ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਨ੍ਹਾਂ ਨੇ ਹੀ ਮਾਰੇ ਗਏ ਵਿਅਕਤੀਆਂ ਨੂੰ 13 ਮੱਝਾਂ ਚੋਰੀ ਕਰਦਿਆਂ ਫੜਿਆ ਸੀ।
ਇਸ ਮਗਰੋਂ ਗੁੱਸੇ ਵਿੱਚ ਆਈ ਭੀੜ ਨੇ ਬੁੱਧਵਾਰ ਨੂੰ ਦੋਹਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਪਾਕਿਸਤਾਨੀ ਰੁਪਈਆ 3.8 ਫੀਸਦੀ ਟੁੱਟਿਆ
ਆਮ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਦਾ ਆਰਥਿਕ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ।
ਮੰਗਲਵਾਰ ਨੂੰ ਇੱਕ ਅਮਰੀਕੀ ਡਾਲਰ ਦੀ ਕੀਮਤ 122 ਪਾਕਿਸਤਾਨੀ ਰੁਪਏ ਸੀ। ਸੋਮਵਾਰ ਨੂੰ ਡਾਲਰ ਦੀ ਤੁਲਨਾ ਵਿੱਚ ਪਾਕਿਸਤਾਨੀ ਰੁਪਈਆ 3.8 ਫੀਸਦੀ ਟੁੱਟਿਆ ਹੈ।
ਫਿਲਹਾਲ 67 ਭਾਰਤੀ ਰੁਪਏ ਦਾ ਇੱਕ ਅਮਰੀਕੀ ਡਾਲਰ ਹੈ ਅਤੇ ਉਸ ਹਿਸਾਬ ਨਾਲ ਪਾਕਿਸਤਾਨੀ ਰੁਪਈਆ ਭਾਰਤੀ 50 ਪੈਸੇ ਦੇ ਬਰਾਬਰ ਹੋ ਗਿਆ ਹੈ।
ਉੱਤਰੀ ਕੋਰੀਆ ਹਥਿਆਰ ਖ਼ਤਮ ਕਰਕੇ ਦਿਖਾਵੇ
ਸਿੰਗਾਪੁਰ ਵਿੱਚ ਕਿਮ ਅਤੇ ਟਰੰਪ ਦੀ ਇਤਿਹਾਸਤ ਬੈਠਕ ਤੋਂ ਇੱਕ ਦਿਨ ਬਾਅਦ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਮਿਪਿਓ ਨੇ ਕਿਹਾ ਹੈ ਕਿ ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਅਗਲੇ ਢਾਈ ਸਾਲਾਂ ਵਿੱਚ ਆਪਣੇ ਪਰਮਾਣੂ ਹਥਿਆਰ ਖ਼ਤਮ ਕਰਕੇ ਦਿਖਾਵੇ।
ਦੱਖਣੀ ਕੋਰੀਆ ਫੇਰੀ ਦੌਰਾਨ ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਨਾਲ ਇੱਕ ਵੱਡੇ ਸਮਝੌਤੇ ਉੱਪਰ ਕੰਮ ਹੋਣਾ ਬਾਕੀ ਹੈ।
ਯਮਨ ਵਿੱਚ ਸੰਘਰਸ਼
ਯਮਨ ਦੀ ਇੱਕ ਅਹਿਮ ਬੰਦਰਗਾਹ ਹੁਦੇਦਾਹ ਲਈ ਹੂਥੀ ਬਾਗੀਆਂ ਅਤੇ ਸਰਕਾਰ ਹਮਾਇਤੀ ਫੌਜਾਂ ਦਰਮਿਆਨ ਸੰਘਰਸ਼ ਚੱਲ ਰਿਹਾ ਹੈ।
ਸਰਕਾਰ ਹਮਾਇਤੀ ਫੌਜਾਂ ਨੂੰ ਸੰਯੁਕਤ ਅਰਬ ਅਮੀਰਾਤ ਦਾ ਸਹਿਯੋਗ ਹਾਸਲ ਹੈ ਜਿਸ ਨੇ ਸੰਘਰਸ਼ ਵਿੱਚ ਆਪਣੇ 22 ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਬਾਗੀਆਂ ਨੂੰ ਇਲਾਕਾ ਛੱਡਣ ਲਈ ਅੰਤਿਮ ਤਰੀਕ ਦਿੱਤੀ ਗਈ ਸੀ ਜਿਸ ਦੀ ਅਣਦੇਖੀ ਦੇ ਸਿੱਟੇ ਵਜੋਂ ਇਹ ਹਮਲਾ ਕੀਤਾ ਗਿਆ।
ਧਰਨਿਆਂ ਦੀ ਸਿਆਸਤ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗਵਰਨਰ ਨਿਵਾਸ ਵਿੱਚ ਸੋਮਵਾਰ ਤੋਂ ਧਰਨੇ ਉੱਪਰ ਬੈਠੇ ਹਨ।
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਚਾਰ ਪੱਤਰਾਂ ਦਾ ਹਵਾਲਾ ਦਿੰਦਿਆਂ ਦਿੱਲੀ ਦੀ ਸਰਕਾਰ ਨੇ ਇਲਜ਼ਾਮ ਲਾਇਆ ਹੈ ਕਿ ਦਿੱਲੀ ਵਿੱਚ ਆਈਏਐਸ ਅਫ਼ਸਰਾਂ ਨੇ ਕਾਫ਼ੀ ਦੇਰ ਤੋਂ ਕੰਮ ਨਹੀਂ ਕੀਤਾ ਹੈ।
ਇਸ ਗੱਲ ਨੂੰ ਲੈ ਕੇ ਹੁਣ ਵਿਰੋਧੀ ਧਿਰ ਵੀ ਉਨ੍ਹਾਂ ਦੇ ਖਿਲਾਫ਼ ਸਰਗਰਮ ਹੋ ਗਈ ਹੈ। ਭਾਜਪਾ ਨੇ ਵਿਰੋਧੀ ਧਿਰ ਨੇ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਇਸ ਵਿਰੁੱਧ ਧਰਨਾ ਦਿੱਤਾ ਹੈ।