ਬਿਨਾਂ ਹੱਥਾਂ ਵਾਲੇ ਪੇਂਟਰ ਦੀ ਕਹਾਣੀ: 'ਮੇਰੇ ਹੱਥ ਨਹੀਂ ਹਨ, ਮੈਂ ਪੈਰਾਂ ਨਾਲ ਆਪਣਾ ਭਵਿੱਖ ਲਿਖਿਆ'

- ਲੇਖਕ, ਰੋਹਨ ਟਿੱਲੂ
- ਰੋਲ, ਬੀਬੀਸੀ ਪੱਤਰਕਾਰ
''ਮੈਂ 14 ਸਾਲ ਦਾ ਸੀ ਅਤੇ ਮੁੰਬਈ ਦਾ ਇੱਕ ਵੀ ਸਕੂਲ ਮੈਨੂੰ ਦਾਖ਼ਲਾ ਦੇਣ ਲਈ ਤਿਆਰ ਨਹੀਂ ਸੀ। ਤੇਰੇ ਹੱਥ ਅਜਿਹੇ ਹਨ, ਦੂਜੇ ਬੱਚੇ ਦੇਖ ਕੇ ਡਰ ਜਾਣਗੇ ਅਤੇ ਪੜ੍ਹਾਈ 'ਤੇ ਧਿਆਨ ਨਹੀਂ ਦੇ ਸਕਣਗੇ। ਉਨ੍ਹਾਂ ਨੇ ਮੈਨੂੰ ਇਹ ਗੱਲ ਆਖੀ।''
''ਕਈ ਲੋਕਾਂ ਨੇ ਮੈਨੂੰ ਮੰਦਿਰ ਜਾਂ ਮਸਜਿਦ ਬਾਹਰ ਬੈਠ ਕੇ ਭੀਖ ਮੰਗਣ ਦੀ ਸਲਾਹ ਦਿੱਤੀ ਪਰ ਮੈਂ ਬੇਇੱਜ਼ਤੀ ਭਰੀ ਜ਼ਿੰਦਗੀ ਨਹੀਂ ਜਿਉਣਾ ਚਾਹੁੰਦਾ ਸੀ।''
31 ਸਾਲਾ ਬੰਦੇਨਵਾਜ਼ ਨਦਾਫ਼, ਜਿਹੜੇ ਅਵਿਕਸਿਤ ਹੱਥਾਂ ਨਾਲ ਹੀ ਪੈਦਾ ਹੋਏ ਸਨ, ਆਪਣੀ ਕਹਾਣੀ ਕੁਝ ਇਸ ਤਰ੍ਹਾਂ ਯਾਦ ਕਰਦੇ ਹਨ।
ਨਦਾਫ਼ ਹੁਣ ਇੱਕ ਚਰਚਿਤ ਪੇਂਟਰ ਹਨ ਅਤੇ ਆਪਣੀ ਕਲਾ ਬਦੌਲਤ ਹਰ ਮਹੀਨੇ 25 ਤੋਂ 30 ਹਜ਼ਾਰ ਰੁਪਏ ਕਮਾ ਰਹੇ ਹਨ।
ਉਨ੍ਹਾਂ ਦੀ ਪੇਟਿੰਗ ਨੂੰ ਮੁੰਬਈ ਦੀ ਜਹਾਂਗੀਰ ਆਰਟ ਗੈਲਰੀ ਵਿੱਚ ਵੀ ਥਾਂ ਮਿਲ ਚੁੱਕੀ ਹੈ। ਹੁਣ ਉਹ ਇੰਡੀਅਨ ਮਾਊਥ ਐਂਡ ਫੁੱਟ ਪੇਂਟਰ ਐਸੋਸੀਏਸ਼ਨ ਨਾਲ ਜੁੜੇ ਹੋਏ ਹਨ। ਪਰ ਇਸ ਮੁਕਾਮ ਤੱਕ ਪੁੱਜਣ ਦਾ ਉਨ੍ਹਾਂ ਦਾ ਸਫ਼ਰ ਸੌਖਾ ਨਹੀਂ ਰਿਹਾ।
ਜਨਮ ਹੀ ਬਣਿਆ ਤਮਾਸ਼ਾ
ਬੰਦੇਨਵਾਜ਼ ਨਦਾਫ਼ ਦਾ ਜਨਮ ਮਹਾਰਾਸ਼ਟਰ ਦੇ ਸ਼ੋਲਾਪੁਰ ਜ਼ਿਲ੍ਹੇ ਵਿੱਚ ਹੱਤੂਰ ਪਿੰਡ 'ਚ ਹੋਇਆ। ਉਹ ਜਨਮ ਤੋਂ ਹੀ ਵਿਕਲਾਂਗ ਸੀ ਜਿਹੜੀ ਕਿ ਉਨ੍ਹਾਂ ਦੇ ਪਰਿਵਾਰ 'ਚ ਅਜੀਬ ਗੱਲ ਸੀ। ਇਸ ਲਈ ਦੂਰ-ਦੂਰ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਇਸ 'ਅਜੀਬ ਬੱਚੇ' ਨੂੰ ਦੇਖਣ ਲਈ ਆਏ।

ਨਦਾਫ਼ ਮਜ਼ਾਕ 'ਚ ਕਹਿੰਦੇ ਹਨ, "ਮੇਰੀ ਦਾਦੀ ਨੂੰ ਇਹ ਸਭ ਠੀਕ ਨਹੀਂ ਲੱਗਿਆ ਤਾਂ ਉਨ੍ਹਾਂ ਨੇ ਮੈਨੂੰ ਦੇਖਣ ਲਈ 5 ਪੈਸੇ ਟਿਕਟ ਰੱਖ ਦਿੱਤੀ। ਆਖ਼ਰਕਾਰ ਲੋਕਾਂ ਨੇ ਇਸ 'ਅਜੀਬ ਬੱਚੇ' ਨੂੰ ਦੇਖਣ ਆਉਣਾ ਬੰਦ ਕਰ ਦਿੱਤਾ।''
ਮੁੰਬਈ ਮਹਾਂਨਗਰ ਸਾਬਿਤ ਹੋਇਆ ਬਹੁਤ ਜ਼ਾਲਮ
ਲੋਕ ਕਹਿੰਦੇ ਹਨ ਕਿ ਮੁੰਬਈ ਸਭ ਦਾ ਧਿਆਨ ਰਖਦੀ ਹੈ ਪਰ ਨਦਾਫ਼ ਦਾ ਤਜਰਬਾ ਇਸ ਤੋਂ ਵੱਖਰਾ ਹੈ। ਜਦੋਂ ਉਹ ਸਿਰਫ਼ ਤਿੰਨ ਸਾਲ ਦੇ ਸੀ ਉਦੋਂ ਉਨ੍ਹਾਂ ਦੇ ਘਰ ਵਾਲੇ ਉਨ੍ਹਾਂ ਨੂੰ ਮੁੰਬਈ ਲੈ ਕੇ ਆਏ। ਪਰ ਇਸ ਸ਼ਹਿਰ ਨੇ ਉਨ੍ਹਾਂ ਨਾਲ ਜ਼ਾਲਮਾਂ ਵਾਲਾ ਵਤੀਰਾ ਕੀਤਾ।
ਉਹ ਦੱਸਦੇ ਹਨ,''ਜਦੋਂ ਮੈਂ ਵੱਡਾ ਹੋਇਆ ਤਾਂ ਘਰ ਵਾਲਿਆਂ ਨੇ ਮੇਰੇ ਦਾਖ਼ਲੇ ਲਈ ਕਈ ਸਕੂਲਾਂ ਦੇ ਚੱਕਰ ਕੱਢੇ ਪਰ ਹਰ ਸਕੂਲ ਨੇ ਮੈਨੂੰ ਦੇਖ ਕੇ ਦਾਖ਼ਲਾ ਦੇਣ ਤੋਂ ਨਾਂਹ ਕਰ ਦਿੱਤੀ। ਉਹ ਬਿਨਾਂ ਹੱਥਾਂ ਵਾਲੇ ਇੱਕ ਬੱਚੇ ਦਾ ਅਸਰ ਦੂਜੇ ਬੱਚਿਆਂ 'ਤੇ ਪੈਣ ਨੂੰ ਲੈ ਕੇ ਚਿੰਤਤ ਸਨ।''
ਨਦਾਫ਼ ਦੱਸਦੇ ਹਨ,''14 ਸਾਲ ਤੱਕ ਮੈਂ ਸਕੂਲ ਨਹੀਂ ਜਾ ਸਕਿਆ। ਫਿਰ ਕਿਸੇ ਨੇ ਮੈਨੂੰ ਵਿਕਲਾਂਗ ਬੱਚਿਆਂ ਵਾਲੇ ਸਕੂਲ ਜਾਣ ਦੀ ਸਲਾਹ ਦਿੱਤੀ।''

ਬੰਦੇਨਵਾਜ਼ ਇਸ ਸਕੂਲ ਵਿੱਚ ਸੱਤਵੀਂ ਕਲਾਸ ਤੱਕ ਪੜ੍ਹੇ। ਇਸ ਸਕੂਲ ਵਿੱਚ ਉਨ੍ਹਾਂ ਦੀ ਸਵੀਮਿੰਗ ਅਤੇ ਡਰਾਇੰਗ ਵਿੱਚ ਦਿਲਚਸਪੀ ਪੈਦਾ ਹੋਈ। ਇੱਥੇ ਆਰਟ ਟੀਚਰ ਵਿਨੀਤਾ ਯਾਦਵ ਨੇ ਉਨ੍ਹਾਂ ਨੂੰ ਕਲਾ ਦੀ ਸ਼ੁਰੂਆਤੀ ਸਿੱਖਿਆ ਦਿੱਤੀ।
ਆਪਣੇ ਪੈਰਾਂ 'ਤੇ ਖੜ੍ਹੇ ਹੋਏ ਨਦਾਫ਼
ਇਸ ਸਕੂਲ ਵਿੱਚ ਬੰਦੇਨਵਾਜ਼ ਨੇ ਆਪਣੇ ਪੈਰਾਂ ਨਾਲ ਪੇਟਿੰਗ ਕਰਨੀ ਸ਼ੁਰੂ ਕੀਤੀ। ਇੱਕ ਵਾਰ ਸਕੂਲ ਦੀ ਟਰੱਸਟੀ ਜ਼ਰੀਨ ਚੌਥੀਆ ਨੇ ਉਨ੍ਹਾਂ ਨੂੰ ਪੈਰਾਂ ਨਾਲ ਪੇਟਿੰਗ ਕਰਦੇ ਵੇਖਿਆ। ਉਨ੍ਹਾਂ ਨੇ ਬੰਦੇਨਵਾਜ਼ ਦੇ ਹਨੁਰ ਨੂੰ ਪਛਾਣ ਲਿਆ।
ਆਪਣੀ ਜ਼ਿੰਦਗੀ ਵਿੱਚ ਜ਼ਰੀਨ ਚੌਥੀਆ ਦੇ ਯੋਗਦਾਨ ਨੂੰ ਯਾਦ ਕਰਦੇ ਹੋਏ ਉਹ ਦੱਸਦੇ ਹਨ,''ਜ਼ਰੀਨ ਮੈਡਮ ਮੈਨੂੰ ਲੈ ਕੇ ਭਾਲਚੰਦਰ ਧਾਨੂ ਕੋਲ ਗਈ। ਉਨ੍ਹਾਂ ਨੇ ਮੈਨੂੰ ਪੇਟਿੰਗ ਬਾਰੇ ਕਈ ਚੀਜ਼ਾਂ ਸਿਖਾਈਆਂ। ਜ਼ਰੀਨ ਮੈਡਮ ਨੇ ਮੇਰਾ ਸਾਰਾ ਖ਼ਰਚਾ ਚੁੱਕਿਆ ਅਤੇ ਉਨ੍ਹਾਂ ਦੀਆਂ ਕੌਸ਼ਿਸ਼ਾਂ ਬਦਲੌਤ ਹੀ ਮੇਰੀ ਪੇਟਿੰਗ ਜਹਾਂਗੀਰ ਆਰਟ ਗੈਲਰੀ ਤੱਕ ਪਹੁੰਚ ਸਕੀ।''

ਇਸ ਆਰਟ ਗੈਲਰੀ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਲੱਗਣ ਨਾਲ ਬੰਦੇਨਵਾਜ਼ ਵਿੱਚ ਕਾਫ਼ੀ ਵਿਸ਼ਵਾਸ ਪੈਦਾ ਹੋਇਆ। ਇਸਦੇ ਕਾਰਨ ਉਨ੍ਹਾਂ ਨੂੰ ਇਹ ਵਿਸ਼ਵਾਸ ਹੋਇਆ ਕਿ ਉਹ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਲਈ ਆਪਣੇ ਦਮ 'ਤੇ ਪੈਸਾ ਕਮਾ ਸਕਦੇ ਹਨ।
ਉਹ ਕਹਿੰਦੇ ਹਨ,'' ਉਸ ਦਿਨ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰੇ ਪੈਰਾਂ ਨੇ ਮੈਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਾਇਕ ਬਣਾਇਆ ਹੈ।''
ਨਦਾਫ਼ ਦੀ ਇੱਕ ਨਵੀਂ ਸ਼ੁਰੂਆਤ
ਤਿੰਨ ਸਾਲ ਪਹਿਲਾਂ ਬੰਦੇਨਵਾਜ਼ ਨੂੰ ਇੰਡੀਅਨ ਮਾਊਥ ਐਂਡ ਫੁੱਟ ਪੇਂਟਰ ਐਸੋਸੀਏਸ਼ਨ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਇਸ ਸੰਸਥਾ ਦਾ ਮੈਂਬਰ ਬਣਨ ਲਈ ਅਰਜ਼ੀ ਦਿੱਤੀ । ਚੋਣ ਪ੍ਰਕਿਰਿਆ ਤੋਂ ਬਾਅਦ ਉਨ੍ਹਾਂ ਨੂੰ ਆਈਐਮਐਫਪੀਏ ਵਿੱਚ ਇੱਕ ਕਲਾਕਾਰ ਦੇ ਰੂਪ ਵਿੱਚ ਚੁਣ ਲਿਆ ਗਿਆ।
ਬੰਦੇਨਵਾਜ਼ ਕਹਿੰਦੇ ਹਨ,''ਇਸ ਤੋਂ ਪਹਿਲਾਂ ਮੈਨੂੰ ਆਪਣੀ ਪੇਟਿੰਗਜ਼ ਕਿਸੇ ਪ੍ਰਦਰਸ਼ਨੀ ਵਿੱਚ ਦਿਖਾਉਣੀ ਪੈਂਦੀ ਸੀ। ਮੈਨੂੰ ਪੂਰਾ ਸਾਲ ਪੇਟਿੰਗ ਕਰਨੀ ਪੈਂਦੀ ਸੀ। ਇਸ ਲਈ ਮੈਨੂੰ ਆਪਣੀ ਇੱਕ ਮੋਬਾਈਲ ਰਿਪੇਅਰਿੰਗ ਦੀ ਦੁਕਾਨ ਖੋਲ੍ਹਮੀ ਪਈ। ਪਰ ਆਈਐਮਐਫਪੀਏ ਵਿੱਚ ਇੱਕ ਕਲਾਕਾਰ ਦੇ ਰੂਪ 'ਚ ਚੁਣੇ ਜਾਣ ਤੋਂ ਬਾਅਦ ਮੇਰੀ ਜ਼ਿੰਦਗੀ ਸੌਖੀ ਹੋ ਗਈ।''

ਆਈਐਮਐਫਪੀਏ ਵਿੱਚ ਕਲਾਕਾਰ ਦੇ ਰੂਪ ਵਿੱਚ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਵਜੀਫ਼ਾ ਮਿਲਣ ਲੱਗਾ। ਇਸਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਪੇਟਿੰਗਜ਼ ਲਈ ਭਾਰਤ ਤੋਂ ਬਾਹਰ ਖ਼ਰੀਦਦਾਰ ਮਿਲਣ ਲੱਗੇ। ਉਹ ਦੱਸਦੇ ਹਨ ਕਿ ਹੁਣ ਉਨ੍ਹਾਂ ਨੂੰ ਇੱਕ ਸਾਲ ਵਿੱਚ ਸਿਰਫ਼ 5 ਪੇਟਿੰਗਜ਼ ਹੀ ਬਣਾਉਣੀਆਂ ਪੈਂਦੀਆਂ ਹਨ।
ਆਈਐਮਐਫਪੀਏ ਆਖ਼ਰ ਹੈ ਕੀ?
ਆਈਐਮਐਫਪੀਏ ਇੱਕ ਕੌਮਾਂਤਰੀ ਸੰਸਥਾ ਮਾਊਥ ਐਂਡ ਫੁੱਟ ਪੇਂਟਰ ਐਸੋਸੀਏਸ਼ਨ ਦੀ ਸ਼ਾਖਾ ਹੈ। ਇਸਦੀ ਸਥਾਪਨਾ 1957 ਵਿੱਚ ਸਵਿੱਟਜ਼ਰਲੈਂਡ ਵਿੱਚ ਕੀਤੀ ਗਈ ਸੀ।
ਆਈਐਮਐਫਪੀਏ ਵਿੱਚ ਮਾਰਕਟਿੰਗ ਅਤੇ ਡਿਵੈਲਪਮੈਂਟ ਸ਼ਾਖਾ ਦੇ ਮੁਖੀ ਬੌਬੀ ਥੌਮਸ ਨੇ ਬੀਬੀਸੀ ਨੂੰ ਦੱਸਿਆ,''ਇਸਦੀ ਸ਼ੁਰੂਆਤ ਇੱਕ ਜਰਮਨ ਨਾਗਰਿਕ ਐਰਿਕ ਸਟੈਗਮਨ ਨੇ ਕੀਤੀ ਸੀ। ਉਹ ਪੋਲੀਓ ਤੋਂ ਪੀੜਤ ਸਨ ਅਤੇ ਉਨ੍ਹਾਂ ਦੇ ਦੋਵੇਂ ਹੱਥ ਕੰਮ ਨਹੀਂ ਕਰਦੇ ਸਨ।''
''ਉਨ੍ਹਾਂ ਨੇ ਆਪਣੇ ਮੂੰਹ ਅਤੇ ਪੈਰਾਂ ਨਾਲ ਪੇਟਿੰਗ ਕਰਨੀ ਸ਼ੁਰੂ ਕੀਤੀ। ਉਨ੍ਹਾਂ ਦੀਆਂ ਪੇਟਿੰਗਜ਼ ਕਾਫ਼ੀ ਚਰਚਾ ਵਿੱਚ ਵੀ ਸਨ। ਅਜਿਹੇ ਵਿੱਚ ਵਿਕਲਾਂਗ ਲੋਕਾਂ ਦੀ ਮਦਦ ਲਈ ਉਨ੍ਹਾਂ ਨੇ ਇਸ ਸੰਗਠਨ ਦੀ ਸ਼ੁਰੂਆਤ ਕੀਤੀ।''
ਸ਼ੁਰੂਆਤ ਵਿੱਚ ਇਸ ਸੰਗਠਨ ਨਾਲ ਸਿਰਫ਼ 18 ਕਲਾਕਾਰ ਜੁੜੇ ਸਨ ਪਰ ਹੁਣ ਇਸ ਸੰਸਥਾਂ 'ਚ 800 ਕਲਾਕਾਰ ਹਨ।
'ਕਦੇ ਹਾਰ ਨਾ ਮੰਨੋ'
ਬੰਦੇਨਵਾਜ਼ ਆਪਣੀ ਮਿਸਾਲ ਦਿੰਦੇ ਹੋਏ ਕਹਿੰਗੇ ਹਨ ਕਿ ਲੋਕਾਂ ਨੇ ਮੈਨੂੰ ਹੱਥ ਨਾ ਹੋਣ ਕਰਕੇ ਭੀਖ ਮੰਗਣ ਲਈ ਕਿਹਾ ਸੀ ਪਰ ਮੈਂ ਆਪਣਾ ਰਸਤਾ ਪੇਟਿੰਗ ਵਿੱਚ ਲੱਭਿਆ।
ਉਹ ਕਹਿੰਦੇ ਹਨ,''ਮੈਂ ਆਪਣੇ ਹੱਥਾਂ ਦੀ ਮਦਦ ਨਹੀਂ ਲੈ ਸਕਦਾ ਇਸ ਲਈ ਮੈਂ ਆਪਣੇ ਪੈਰਾਂ ਨਾਲ ਆਪਣਾ ਭਵਿੱਖ ਲਿਖਿਆ ਹੈ। ਫਿਰ ਉਹ ਕਿਉਂ ਰੌਂਦੇ ਹਨ ਜਿਨ੍ਹਾਂ ਦੇ ਹੱਥ ਹਨ। ਉਨ੍ਹਾਂ ਨੂੰ ਹਾਲਾਤਾਂ ਦਾ ਸਾਹਮਣਾ ਕਰਕੇ ਅੱਗੇ ਵਧਣਾ ਚਾਹੀਦਾ ਹੈ।












