ਕਿਸਾਨਾਂ ਦਾ 'ਗਾਓਂ ਬੰਦ' ਅੰਦੋਲਨ ਕਿੰਨਾ ਕੁ ਅਸਰਦਾਰ

    • ਲੇਖਕ, ਫ਼ੈਸਲ ਮੁਹੰਮਦ ਅਲੀ
    • ਰੋਲ, ਬੀਬੀਸੀ ਪੱਤਰਕਾਰ

ਪਿਛਲੇ ਹਫ਼ਤੇ ਸ਼ੁਰੂ ਹੋਇਆ ਕਿਸਾਨਾਂ ਦਾ 'ਗਾਓਂ-ਬੰਦ' ਅੰਦੋਲਨ ਦੇਸ ਦੇ ਕਈ ਹਿੱਸਿਆ 'ਚ ਠੰਢਾ ਪੈਂਦਾ ਨਜ਼ਰ ਆ ਰਿਹਾ ਹੈ ਅਤੇ ਕੁਝ ਥਾਵਾਂ 'ਤੇ ਵਧੇਰੇ ਕਿਸਾਨ ਵੱਖ ਹੋ ਗਏ ਹਨ।

ਪੰਜਾਬ ਦੇ ਚਾਰ ਕਿਸਾਨ ਜਥੇਬੰਦੀਆਂ ਨੇ ਖ਼ੁਦ ਨੂੰ ਇਸ ਤੋਂ ਵੱਖ ਕਰ ਲਿਆ ਹੈ, ਤਾਂ ਛੱਤੀਸਗੜ੍ਹ 'ਚ ਇਹ ਅੰਦੋਲਨ ਦੋ ਜਾਂ ਤਿੰਨ ਜ਼ਿਲ੍ਹਿਆਂ ਤੱਕ ਹੀ ਸੀਮਤ ਰਹਿ ਗਿਆ ਹੈ।

ਉੱਥੇ ਹੀ ਮਹਾਰਾਸ਼ਟਰ ਵਿੱਚ ਕੁਝ ਮਹੀਨੇ ਪਹਿਲਾਂ ਕਿਸਾਨ ਪੈਦਲ ਤੁਰ ਕੇ ਪੈਰਾਂ 'ਚ ਛਾਲੇ ਲੈ ਕੇ ਮੁੰਬਈ ਪਹੁੰਚੇ ਸਨ, ਉੱਥੇ ਵੀ ਇਸ ਦਾ ਬਹੁਤਾ ਅਸਰ ਨਹੀਂ ਹੋਇਆ।

ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਬੀਬੀਸੀ ਨੂੰ ਦੱਸਿਆ, "ਕੁਝ ਨੌਜਵਾਨ ਅੰਦੋਲਨ ਨੂੰ ਹਿੰਸਕ ਬਣਾਉਣ ਦੀ ਫਿਰਾਕ ਵਿੱਚ ਸਨ।"

ਉਨ੍ਹਾਂ ਦਾ ਕਹਿਣਾ ਸੀ, "ਕੁਝ ਬਾਹਰੀ ਨੌਜਵਾਨਾਂ ਨੇ ਗੋਲੀਆਂ ਚਲਾਈਆਂ, ਜਿਸ ਕਾਰਨ ਪੁਲਿਸ 'ਚ ਕੇਸ ਦਰਜ ਹੋ ਗਿਆ। ਇਸ ਦੇ ਨਾਲ ਹੀ ਸੰਗਠਨ ਦੇ ਇੱਕ ਡੇਅਰੀ ਮਾਲਕ ਨੂੰ ਬੰਧਕ ਬਣਾ ਲਿਆ ਗਿਆ।"

ਬਲਬੀਰ ਸਿੰਘ ਰਾਜੇਵਾਲ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਨੇ ਅੰਦੋਲਨ ਤੋਂ ਵੱਖ ਹੋਣ ਦਾ ਐਲਾਨ ਕੀਤਾ ਹੈ।

ਸ਼ੁਰੂਆਤ ਤੋਂ ਹੀ ਸਵਾਲ

ਜੂਨ ਦੀ ਪਹਿਲੀ ਤਾਰੀਖ਼ ਤੋਂ ਸੱਦਿਆ ਗਿਆ ਗਾਓਂ-ਬੰਦ ਅੰਦੋਲਨ ਸ਼ੁਰੂ ਤੋਂ ਹੀ ਕੁਝ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ।

193 ਕਿਸਾਨ ਸੰਗਠਨਾਂ ਵਾਲੀ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਪਹਿਲੇ ਦਿਨ ਤੋਂ ਇਸ ਨਾਲੋਂ ਵੱਖ ਸੀ।

ਗਾਓਂ-ਬੰਦ ਕਿਸਾਨ ਅੰਦੋਲਨ ਦੇ ਨੇਤਾ ਸ਼ਿਵ ਕੁਮਾਰ ਸ਼ਰਮਾ ਦਾ ਕਹਿਣਾ ਸੀ, "ਵੱਖ ਰਹਿਣ ਵਾਲੇ ਸੰਗਠਨ ਜਾਂ ਤਾਂ ਖੱਬੇ ਪੱਖੀ ਵਿਚਾਰਧਾਰਾ ਵਾਲੇ ਹਨ ਜਾਂ ਫੇਰ ਉਹ ਯੋਗੇਂਦਰ ਯਾਦਵ ਦੇ 'ਜੈ ਕਿਸਾਨ ਅੰਦੋਲਨ' ਵਰਗੇ ਹਨ ਜਿਨ੍ਹਾਂ ਲਈ ਸਿਆਸੀ ਹਿੱਤ ਸਰਵਸ੍ਰੇਸ਼ਠ ਹੈ।"

ਕੱਕਾ ਜੀ ਦੇ ਨਾਮ ਨਾਲ ਜਾਣੇ ਜਾਂਦੇ ਸ਼ਿਵ ਕੁਮਾਰ ਸ਼ਰਮਾ ਦਾ ਦਾਅਵਾ ਸੀ ਕਿ ਉਨ੍ਹਾਂ ਨੂੰ ਦੇਸ ਭਰ 'ਚੋਂ 130 ਕਿਸਾਨ ਸੰਗਠਨਾਂ ਦਾ ਸਮਰਥਨ ਹਾਸਿਲ ਹੈ।

ਇਨ੍ਹਾਂ ਸੰਗਠਨਾਂ ਨੇ ਹੀ ਫ਼ੈਸਲਾ ਕੀਤਾ ਕਿ ਕਿਸਾਨ 10 ਦਿਨ ਤੱਕ ਸ਼ਹਿਰਾਂ ਨੂੰ ਦੁੱਧ, ਸਬਜ਼ੀ, ਅਨਾਜ ਆਦਿ ਦੀ ਸਪਲਾਈ ਨਹੀਂ ਕਰਨਗੇ।

ਕਈ ਕਿਸਾਨ ਸੰਗਠਨਾਂ ਨੂੰ ਅੰਦੋਲਨ ਦੇ ਤਰੀਕੇ 'ਤੇ ਇਤਰਾਜ਼ ਸੀ, ਉਨ੍ਹਾਂ ਕਿਸਾਨ ਸੰਗਠਨਾਂ ਨੂੰ ਵੀ ਜੋ ਅੰਦੋਲਨ ਦੀ ਮੁੱਖ ਮੰਗ ਯਾਨਿ ਕਰਜ਼ ਦੀ ਮੁਆਫ਼ੀ ਅਤੇ ਪੈਦਾਵਾਰ ਲਈ ਬਿਹਤਰ ਮੁੱਲ ਦੇ ਸਮਰਥਨ 'ਚ ਸਨ।

'ਜੈ ਕਿਸਾਨ ਅੰਦੋਲਨ' ਨਾਲ ਜੁੜੇ ਅਵੀਕ ਸਾਹਾ ਨੇ ਇਸ ਨੂੰ 'ਸ਼ਹਿਰਾਂ ਅਤੇ ਪਿੰਡਾਂ 'ਚ ਦੁਸ਼ਮਣੀ ਵਰਗੀ ਸਥਿਤੀ ਪੈਦਾ ਕਰਨ ਵਾਲਾ' ਦੱਸਿਆ ਤਾਂ ਰਾਸ਼ਟਰੀ ਮਜ਼ਦੂਰ ਕਿਸਾਨ ਸੰਗਠਨ ਦੇ ਵੀਐਮ ਸਿੰਘ ਦਾ ਕਹਿਣਾ ਸੀ 'ਇਹ ਤਰੀਕਾ ਗ਼ਲਤ ਸੀ।'

'ਜੈ ਕਿਸਾਨ ਅੰਦੋਲਨ' ਸਵਰਾਜ ਇੰਡੀਆ ਮੂਵਮੈਂਟ ਦਾ ਹਿੱਸਾ ਹੈ ਜਿਸ ਦੀ ਅਗਵਾਈ ਯੋਗੇਂਦਰ ਯਾਦਵ ਕਰ ਰਹੇ ਹਨ।

ਜ਼ਬਰਦਸਤੀ ਸੁੱਟੇ ਗਏ ਦੁੱਧ ਤੇ ਸਬਜ਼ੀਆਂ

ਫਿਰੋਜ਼ਪੁਰ ਦੇ ਕਿਸਾਨ ਪਰਮਜੀਤ ਨੇ ਕਿਹਾ, "ਅੰਦੋਲਨ ਕਰਨ ਵਾਲਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਜਿਨ੍ਹਾਂ ਦਾ ਗੁਜ਼ਾਰਾ ਹੀ ਦੁੱਧ ਅਤੇ ਸਬਜ਼ੀ ਵੇਚ ਕੇ ਹੁੰਦਾ ਹੈ ਉਨ੍ਹਾਂ ਦੇ ਮਾਲ ਨੂੰ ਹੀ ਸੜਕਾਂ 'ਤੇ ਸੁੱਟ ਦਿੱਤਾ ਜਾਵੇਗਾ ਤਾਂ ਉਹ ਕਿਵੇਂ ਕੰਮ ਚਲਾਉਣਗੇ।"

ਦੇਸ ਦੇ ਕਈ ਹਿੱਸਿਆਂ ਵਿੱਚ ਛੋਟੇ ਕਿਸਾਨਾਂ ਦਾ ਮਾਲ ਜ਼ਬਰਦਸਤੀ ਸੁੱਟਣ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਹੇ ਹਨ, ਜਿਸ ਦੀ ਕੁਝ ਹਲਕਿਆਂ 'ਚ ਆਲੋਚਨਾ ਵੀ ਹੋ ਰਹੀ ਹੈ।

ਅਵੀਕ ਦਾ ਕਹਿਣਾ ਸੀ, "ਗਾਓਂ-ਬੰਦ ਅੰਦੋਲਨ ਵਾਲੇ ਆਪਣੇ ਦੁਸ਼ਮਣਾਂ ਦੀ ਨੇਸ਼ਾਨਦੇਹੀ ਨਹੀਂ ਕਰ ਸਕੇ। ਉਨ੍ਹਾਂ ਨੂੰ ਲੱਗਾ ਕਿ ਸ਼ਹਿਰ ਵਾਲੇ ਸਰਕਾਰ ਦੇ ਲਾਡਲੇ ਹਨ ਤਾਂ ਹਕੂਮਤ ਉਨ੍ਹਾਂ ਅੱਗੇ ਝੁਕ ਜਾਵੇਗੀ ਪਰ ਸਥਿਤੀ ਇਸ ਦੇ ਉਲਟ ਹੀ ਪੈਦਾ ਹੋ ਗਈ, ਜਿਸ ਵਿੱਚ ਸ਼ਹਿਰ ਵਾਲਿਆਂ ਨੂੰ ਲੱਗਣ ਲੱਗਾ ਕਿ ਪਿੰਡ ਵਾਲੇ ਉਨ੍ਹਾਂ ਦੇ ਦੁਸ਼ਮਣ ਹਨ।"

ਅਵੀਕ ਸਾਹਾ ਕਹਿੰਦੇ ਹਨ ਕਿ ਇਹ ਸਮਝਣਾ ਜ਼ਰੂਰੀ ਹੈ ਕਿ ਕਿਸਾਨਾਂ ਦੀ ਸਮੱਸਿਆ ਦੇਸ ਦੀ ਖਾਦ ਸੁਰੱਖਿਆ ਨਾਲ ਜੁੜੀ ਹੈ ਅਤੇ ਇਸ ਨੂੰ 'ਮੈਂ' ਬਨਾਮ 'ਦੂਸਰੇ' ਦੇ ਖੇਮੇ 'ਚ ਨਹੀਂ ਸੁੱਟਿਆ ਜਾ ਸਕਦਾ।

ਪਰ ਸ਼ਿਵ ਕੁਮਾਰ ਸ਼ਰਮਾ ਕਹਿੰਦੇ ਹਨ ਕਿ ਜਦੋਂ ਕਿਸਾਨ ਹਰ ਦਿਨ ਖ਼ੁਦਕੁਸ਼ੀਆਂ ਕਰ ਰਹੇ ਹਨ ਤਾਂ ਉਸ ਦੀ ਤੁਲਨਾ 'ਚ ਥੋੜ੍ਹੋ ਦਿਨਾਂ ਦੀ ਦਿੱਕਤ ਬਰਦਾਸ਼ਤ ਕਰਨਾ ਬਿਹਤਰ ਹੈ।

ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਮੁਤਾਬਕ ਪਿਛਲੇ 15 ਸਾਲਾਂ 'ਚ ਦੇਸ ਭਰ ਵਿੱਚ ਸਾਢੇ ਤਿੰਨ ਲੱਖ ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਹਨ।

ਕਮੇਟੀ ਦਾ ਦਾਅਵਾ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ ਇਹ 15 ਫੀਸਦ ਉਪਰ ਚਲਾ ਗਿਆ ਹੈ।

'ਸਰਕਾਰ ਦੇ ਸਮਰਥਨ ਵਾਲਾ ਅੰਦੋਲਨ'

ਰਾਸ਼ਟਰੀ ਮਜ਼ਦੂਰ ਕਿਸਾਨ ਸੰਗਠਨ ਦੇ ਵੀਐਮ ਸਿੰਘ ਤਾਂ ਪੂਰੇ ਗਾਓਂ-ਪਿੰਡ ਅੰਦੋਲਨ ਨੂੰ 'ਸਰਕਾਰ ਦਾ ਸਮਰਥਨ ਹਾਸਿਲ ਸੀ।'

ਉਨ੍ਹਾਂ ਮੁਤਾਬਕ ਪੂਰੇ ਅੰਦੋਲਨ 'ਚ ਨਾ ਤਾਂ ਕੋਈ ਨੇਤਾ ਗ੍ਰਿਫ਼ਤਾਰ ਹੋਇਆ, ਨਾ ਕਿਸੇ ਨੇ ਕੋਈ ਮਾਰਚ ਕੀਤਾ, ਨਾ ਹੀ ਸਰਕਾਰ ਨੂੰ ਕੋਈ ਨੋਟਿਸ ਦਿੱਤਾ ਗਿਆ ਤਾਂ ਫੇਰ ਕਿਸ ਗੱਲ ਦਾ ਅੰਦੋਲਨ?

ਬਠਿੰਡਾ ਦੇ ਕਿਸਾਨ ਸ਼ਿੰਗਾਰਾ ਸਿੰਘ ਮਾਨ ਕਹਿੰਦੇ ਹਨ, "ਸਰਕਾਰ ਦੇ ਖ਼ਿਲਾਫ਼ ਜਿੰਨਾ ਗੁੱਸਾ ਕਿਸਾਨਾਂ 'ਚ ਹੈ, ਉਨ੍ਹਾਂ ਅੰਦਰ ਜਿੰਨੀ ਬੈਚੇਨੀ ਹੈ ਇਹ ਉਸ ਨੂੰ ਖਾਰਿਜ ਕਰਨ ਦਾ ਤਰੀਕਾ ਹੈ।"

ਅਵੀਕ ਸਾਹਾ ਗਾਓਂ-ਬੰਦ ਕਿਸਾਨ ਅੰਦੋਲਨ ਦੀ ਅਗਵਾਈ 'ਤੇ ਸਵਾਲ ਚੁੱਕਦੇ ਹਨ। ਕੁਝ ਇਹੀ ਸਵਾਲ ਛੱਤੀਸਗੜ੍ਹ ਦੇ ਕਿਸਾਨ ਨੇਤਾ ਰਾਜਕੁਮਾਰ ਗੁਪਤਾ ਦਾ ਵੀ ਹੈ। ਜਿਨ੍ਹਾਂ ਮੁਤਾਬਕ ਕਿਸੇ ਨੇ ਉਨ੍ਹਾਂ ਨੂੰ ਅੰਦੋਲਨ ਬਾਰੇ ਸੰਪਰਕ ਤੱਕ ਨਹੀਂ ਕੀਤਾ।

ਜੈ ਕਿਸਾਨ ਅੰਦੋਲਨ ਦੇ ਨੇਤਾ ਅੱਗੇ ਕਹਿੰਦੇ ਹਨ, "ਸਰਕਾਰ ਇਸ ਮਾਮਲੇ ਵਿੱਚ ਅੰਦੋਲਨ ਵੀ ਖ਼ੁਦ ਕਰਨਾ ਚਾਹੁੰਦੀ ਹੈ ਅਤੇ ਸਮੱਸਿਆ ਦਾ ਹੱਲ ਵੀ।"

ਆਰਐਸਐਸ ਨਾਲ ਸੰਬੰਧ ਦਾ ਦਾਅਵਾ

ਗਾਓਂ-ਬੰਦ ਅੰਦੋਲਨ ਦੇ ਮੁੱਖ ਨੇਤਾ ਸ਼ਿਵ ਕੁਮਾਰ ਸ਼ਰਮਾ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਰਹੇ ਹਨ।

ਸ਼ਿਵ ਕੁਮਾਰ ਸ਼ਰਮਾ ਮੰਨਦੇ ਹਨ ਕਿ ਉਹ ਆਰਐਸਐਸ ਦੇ ਸਹਿਯੋਗੀ ਸੰਗਠਨ ਭਾਰਤੀ ਕਿਸਾਨ ਸੰਘ ਨਾਲ ਜੁੜੇ ਸਨ ਪਰ ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਇਸ ਦਾ ਇਲਮ ਨਹੀਂ ਸੀ ਕਿ ਉਹ ਸੰਗਠਨ ਆਰਐਸਐਸ ਦਾ ਹਿੱਸਾ ਹੈ ਕਿਉਂਕਿ 'ਉਸ ਦਾ ਰਜਿਸਟਰਡ ਇੱਕ ਸਵੈਮ ਸੇਵੀ ਸੰਸਥਾ ਵਜੋਂ ਹੋਇਆ ਸੀ।'

ਉਹ ਪਿਛਲੇ ਸਾਲ ਦੇ ਮੰਦਸੌਰ ਦੇ ਕਿਸਾਨ ਅੰਦੋਲਨ ਵੇਲੇ ਧੋਖਾ ਕੀਤੇ ਜਾਣ ਦੀ ਗੱਲ ਕਰਦੇ ਹਨ। ਜਿਸ ਤੋਂ ਬਾਅਦ ਉਹ ਭਾਰਤੀ ਕਿਸਾਨ ਸੰਘ ਨਾਲੋਂ ਵੱਖ ਹੋ ਗਏ ਅਤੇ ਉਨ੍ਹਾਂ ਨੇ ਰਾਸ਼ਟਰੀ ਕਿਸਾਨ ਮਜ਼ਦੂਰ ਮਹਾਂਸੰਘ ਦੀ ਸਥਾਪਨਾ ਕੀਤੀ।

ਕਿਸਾਨ ਨੇਤਾਵਾਂ ਦਾ ਇੱਕ ਵਰਗ ਜਿੱਥੇ ਗਾਓਂ-ਬੰਦ ਕਿਸਾਨ ਅੰਦੋਲਨ ਨੂੰ ਸਰਕਾਰ ਦਾ ਸਮਰਥਨ ਦੱਸ ਰਹੇ ਹਨ। ਉੱਥੇ ਆਰਐਸਐਸ ਦੀ ਸਹਿਯੋਗੀ ਸੰਸਥਾ ਭਾਰਤੀ ਕਿਸਾਨ ਸੰਘ ਨੇ 'ਗਾਓਂ-ਬੰਦ' ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ।

ਪਿਛਲੇ ਸਾਲ 6 ਜੂਨ ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਪੁਲਿਸ ਦੀ ਗੋਲੀ ਲੱਗਣ ਨਾਲ ਛੇ ਅੰਦੋਲਨਕਾਰੀ ਕਿਸਾਨਾਂ ਦੀ ਮੌਤ ਹੋ ਗਈ ਸੀ।

ਮੰਦਸੌਰ ਵਿੱਚ ਰਾਹੁਲ ਗਾਂਧੀ ਗੋਲੀ ਕਾਂਡ ਦੀ ਬਰਸੀ 'ਤੇ ਕਿਸਾਨਾਂ ਨੂੰ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਅਜਿਹਾ ਲਗਦਾ ਹੈ ਕਿ 2019 ਵਿੱਚ ਕਿਸਾਨਾਂ ਦਾ ਮੁੱਦਾ ਇੱਕ ਵੱਡਾ ਚੋਣ ਮੁੱਦਾ ਬਣ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)