ਮਹਾਰਾਸ਼ਟਰ: 180 ਕਿਲੋਮੀਟਰ ਮਾਰਚ ਕਰ ਕਿਸਾਨਾਂ ਨੇ ਮੁੰਬਈ ’ਚ ਲਾਏ ਮੋਰਚੇ

ਮਹਾਰਾਸ਼ਟਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਨਾਰਾਜ਼ ਕਿਸਾਨਾਂ ਦਾ ਮਾਰਚ ਲਗਾਤਾਰ ਜਾਰੀ ਹੈ। 7 ਮਾਰਚ ਨੂੰ ਨਾਸਿਕ ਤੋਂ ਸ਼ੁਰੂ ਹੋਇਆ ਇਹ ਮਾਰਚ ਮੁੰਬਈ ਪਹੁੰਚ ਗਿਆ ਹੈ।

ਸ਼ਨੀਵਾਰ ਨੂੰ ਭਿਵੰਡੀ ਤੋਂ ਇਸ ਦੀ ਸ਼ੁਰੂਆਤ ਹੋਈ ਸੀ। ਹੁਣ ਇਹ ਮੁੰਬਈ ਤੱਕ ਪਹੁੰਚ ਗਿਆ ਹੈ।

ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਉਹ 12 ਮਾਰਚ ਨੂੰ ਮੁੰਬਈ ਦੀ ਰਾਜ ਵਿਧਾਨਸਭਾ ਵਿੱਚ ਘੇਰਾਓ ਕਰਨਗੇ ਅਤੇ ਸਿਆਸੀ ਆਗੂਆਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ।

'ਭਾਰਤੀ ਕਿਸਾਨ ਸੰਘ' ਨੇ ਇਸ ਮਾਰਚ ਦਾ ਆਯੋਜਨ ਕੀਤਾ ਹੈ। ਸੱਤ ਦਿਨਾਂ ਤਕ ਚੱਲਣ ਵਾਲੇ ਇਸ ਅੰਦੋਲਨ ਵਿੱਚ ਹਿੱਸਾ ਲੈਣ ਲਈ ਪੂਰੇ ਮਹਾਰਾਸ਼ਟਰ ਤੋਂ ਕਿਸਾਨ ਆਏ ਹਨ।

ਕਿਸਾਨਾਂ ਦੀ ਸਰਕਾਰ ਤੋਂ ਕਰਜ਼ਾ ਮੁਆਫੀ ਤੋਂ ਲੈ ਕੇ ਸਹੀ ਐੱਮਐੱਸਪੀ ਅਤੇ ਜ਼ਮੀਨ ਦੇ ਮਾਲਿਕਾਨਾ ਹੱਕਾਂ ਵਰਗੀਆਂ ਕਈ ਹੋਰ ਮੰਗਾਂ ਹਨ।

ਕਿਸਾਨਾਂ ਦਾ ਕਹਿਣਾ ਹੈ ਕਿ ਸਵਾਮੀਨਾਥਨ ਆਯੋਗ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਜਾਏ। ਨਾਲ ਹੀ ਗਰੀਬ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਜਾਏ।

ਮਰਾਠਵਾੜਾ ਇਲਾਕੇ ਵਿੱਚ ਕੰਮ ਕਰ ਚੁੱਕੇ ਸੀਨੀਅਰ ਪੱਤਰਕਾਰ ਸੰਜੀਵ ਤਨਹਾਲੇ ਮੁਤਾਬਕ, ''ਕਰਜ਼ਾ ਮੁਆਫੀ ਦੇ ਅੰਕੜੇ ਵਧਾ ਚੜਾ ਕੇ ਦੱਸੇ ਗਏ ਹਨ। ਜ਼ਿਲ੍ਹੇ ਦੇ ਪੱਧਰ 'ਤੇ ਬੈਂਕਾਂ ਦੀ ਹਾਲਤ ਖਸਤਾ ਹੈ ਜਿਸ ਕਾਰਣ ਕਰਜ਼ਾ ਮੁਆਫੀ ਦਾ ਕੰਮ ਪੂਰਾ ਨਹੀਂ ਹੋ ਸਕਿਆ ਹੈ।''

ਸੰਜੀਵ ਨੇ ਕਿਹਾ, ''ਕਰਜ਼ਾ ਮੁਆਫੀ ਦੀ ਪ੍ਰਕਿਰਿਆ ਇੰਟਰਨੈੱਟ ਰਾਹੀਂ ਕੀਤੀ ਜਾ ਰਹੀ ਹੈ ਪਰ ਕਿਸਾਨਾਂ ਨੂੰ ਡਿਜਿਟਲ ਸਾਖਰਤਾ ਨਹੀਂ ਦਿੱਤੀ ਗਈ ਹੈ, ਤਾਂ ਉਹ ਕਿਵੇਂ ਇਸ ਦਾ ਫਾਇਦਾ ਲੈਣਗੇ? ਕੀ ਉਨ੍ਹਾਂ ਇਸ ਦੇ ਸੰਬੰਧ ਵਿੱਚ ਅੰਕੜਿਆਂ ਦੀ ਪੜਤਾਲ ਕੀਤੀ ਹੈ?''

ਕਿਸਾਨਾਂ ਦੀ ਮੰਗ ਹੈ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਉਨ੍ਹਾਂ ਨੂੰ C2+50% ਯਾਨੀ ਕਾਸਟ ਆਫ ਕਲਟੀਵੇਸ਼ਨ(ਖੇਤਾਂ ਵਿੱਚ ਹੋਣ ਵਾਲਾ ਖਰਚਾ) ਦੇ ਨਾਲ ਨਾਲ ਉਸ ਦਾ 50 ਫੀਸਦ ਹੋਰ ਦਾਮ ਐੱਮਐੱਸਪੀ ਦੇ ਤੌਰ 'ਤੇ ਮਿਲਣਾ ਚਾਹੀਦਾ ਹੈ।

ਸੀਨੀਅਰ ਪੱਤਰਕਾਰ ਨਿਸ਼ਿਕਾਂਤ ਭਾਲੇਰਾਵ ਨੇ ਕਿਹਾ, ''ਕਿਸਾਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਨ੍ਹਾਂ ਨੂੰ ਸਹੀ ਐੱਮਐੱਸਪੀ ਦਿੱਤਾ ਜਾਣਾ ਚਾਹੀਦਾ ਹੈ।

ਸਿਰਫ ਘੱਟੋ ਘੱਟ ਐੱਮਐੱਸਪੀ ਦੇਣਾ ਕਾਫੀ ਨਹੀਂ ਹੈ। ਉਨ੍ਹਾਂ ਨੂੰ ਮਦਦ ਚਾਹੀਦੀ ਹੈ, ਉਨ੍ਹਾਂ ਦੀ ਹਾਲਤ ਹਰ ਦਿਨ ਵਿਗੜ ਰਹੀ ਹੈ।''

ਸੂਬੇ ਦੇ ਆਰਥਕ ਸਰਵੇਅ ਮੁਤਾਬਕ ਬੀਤੇ ਸਾਲਾਂ ਵਿੱਚ ਕਿਸਾਨ ਵਿਕਾਸ ਦਰ ਘਟੀ ਹੈ।

ਇਸ ਮਾਰਚ ਵਿੱਚ ਹਜ਼ਾਰਾਂ ਆਦਿਵਾਸੀ ਹਿੱਸਾ ਲੈ ਰਹੇ ਹਨ। ਸਭ ਤੋਂ ਵੱਧ ਮਾਰਚ ਵਿੱਚ ਆਦਿਵਾਸੀ ਹੀ ਸ਼ਾਮਲ ਹਨ।

ਕੁਝ ਆਦਿਵਾਸੀਆਂ ਨੇ ਦੱਸਿਆ, ''ਕਈ ਵਾਰ ਜੰਗਲ ਦੇ ਅਧਿਕਾਰੀ ਸਾਡੇ ਖੇਤ ਉਜਾੜ ਦਿੰਦੇ ਹਨ। ਉਹ ਜਦ ਚਾਹੁਣ ਅਜਿਹਾ ਕਰ ਸਕਦੇ ਹਨ। ਸਾਨੂੰ ਆਪਣੀ ਜ਼ਮੀਨ 'ਤੇ ਹੱਕ ਚਾਹੀਦਾ ਹੈ। ਸਾਨੂੰ ਹਮੇਸ਼ਾ ਦੂਜੇ ਦੀ ਦਇਆ 'ਤੇ ਜੀਣਾ ਪੈਂਦਾ ਹੈ।''

ਦੱਸਿਆ ਜਾ ਰਿਹਾ ਹੈ ਕਿ ਮਾਰਚ ਦੇ ਪਹਿਲੇ ਦਿਨ ਕਰੀਬ 25 ਹਜ਼ਾਰ ਕਿਸਾਨਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਮੁੰਬਈ ਪਹੁੰਚਦੇ ਹੋਏ ਉਨ੍ਹਾਂ ਦੀ ਗਿਣਤੀ ਹੋਰ ਵਧ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)