ਦੇਸ ਵਿਆਪੀ ਕਿਸਾਨ ਅੰਦੋਲਨ: ਕਿਸਾਨ ਹੱਟ ਦੀ ਛਾਂ ਹੇਠ ਛਬੀਲਾਂ ਅਤੇ ਸੰਘਰਸ਼

ਕਿਸਾਨਾਂ ਵੱਲੋਂ 10 ਰੋਜ਼ਾ ਦੇਸ ਵਿਆਪੀ ਹੜਤਾਲ ਦਾ ਅੱਜ ਚੌਥਾ ਦਿਨ ਹੈ। ਇਸ ਹੜਤਾਲ ਵਿੱਚ 110 ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੂੰ ਸੱਦਾ ਦਿੱਤਾ ਗਿਆ ਸੀ।

ਪੰਜਾਬ ਵਿੱਚ ਕਈ ਥਾਵਾਂ 'ਤੇ ਕਿਸਾਨਾਂ ਨੇ ਸਬਜ਼ੀਆਂ, ਦੁੱਧ ਅਤੇ ਹੋਰ ਖੇਤੀਬਾੜੀ ਉਤਪਾਦਾਂ ਦੀ ਸਪਲਾਈ ਸ਼ਹਿਰਾਂ ਵਿੱਚ ਬੰਦ ਕਰ ਦਿੱਤੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ 'ਚ ਸੋਮਵਾਰ ਨੂੰ ਵੇਰਕਾ ਪਲਾਂਟ ਨੂੰ ਦੁੱਧ ਦੀ ਸਪਲਾਈ ਬੰਦ ਹੋ ਗਈ।

ਵੇਰਕਾ ਦੁੱਧ ਦੀ ਸਪਲਾਈ ਬੰਦ ਹੋਣ ਕਰਕੇ ਸ਼ਹਿਰ 'ਚ ਵੇਰਕਾ ਦੇ ਬੂਥਾਂ 'ਤੇ ਖਪਤਕਾਰਾਂ ਦੀਆਂ ਲਾਈਨਾਂ ਲੱਗ ਗਈਆਂ ਪਰ ਕਈ ਘੰਟੇ ਦੀ ਉਡੀਕ ਤੋਂ ਬਾਅਦ ਖਪਤਕਾਰਾਂ ਨੂੰ ਖਾਲੀ ਹੱਥ ਹੀ ਪਰਤਣਾ ਪਿਆ।

ਜਬਰੀ ਬੰਦ ਕਰਵਾਏ ਬੂਥ

ਵੇਰਕਾ ਦੇ ਜ਼ਿਲ੍ਹਾ ਮੈਨੇਜਰ ਐੱਮਕੇ ਮਦਾਨ ਨੇ ਗੱਲਬਾਤ ਦੌਰਾਨ ਦੱਸਿਆ ਕਿ ਰੋਜ਼ਾਨਾ 1.25 ਲੱਖ ਲੀਟਰ ਇਕੱਠਾ ਹੁੰਦਾ ਹੈ ਜਿਸ ਵਿੱਚੋਂ 35 ਹਜ਼ਾਰ ਲੀਟਰ ਦੁੱਧ ਪਟਿਆਲਾ 'ਚ ਸਪਲਾਈ ਕੀਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਬੂਥ ਮਾਲਕਾਂ ਦੇ ਬੂਥ ਕਿਸਾਨ ਜ਼ਬਰਦਸਤੀ ਬੰਦ ਕਰਵਾ ਦਿੰਦੇ ਹਨ ਜਿਸ ਨੂੰ ਲੈ ਕੇ ਉਹ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲੇ ਸਨ ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲਿਆ।

ਜਿਨ੍ਹਾਂ ਕਿਸਾਨਾਂ ਨੇ ਪਿੰਡਾਂ 'ਚ ਡੇਅਰੀ ਫਾਰਮ ਬਣਾਏ ਹੋਏ ਹਨ ਉਨ੍ਹਾਂ ਸਪੈਸ਼ਲ ਤੌਰ 'ਤੇ ਦੁੱਧ ਰਿੜਕਣ ਵਾਲੀਆਂ ਮਧਾਣੀਆਂ ਤਿਆਰ ਕਰਵਾ ਕੇ ਦੁੱਧ ਤੋਂ ਮੱਖਣ ਤਿਆਰ ਕੀਤਾ ਜਾ ਰਿਹਾ ਹੈ ਅਤੇ ਵੇਰਕਾ ਅਤੇ ਸੁਪਰ ਵਲੋਂ 25 ਲੀਟਰ 'ਚ ਦਿੱਤੀ ਜਾਣ ਲੱਸੀ ਮੁਫ਼ਤ 'ਚ ਦੇ ਰਹੇ ਹਨ।

ਫਿਰੋਜ਼ਪੁਰ 'ਚ ਨਾਕਾ, ਲੁਧਿਆਣਾ 'ਚ ਵੰਡੇ ਦੁੱਧ ਦੇ ਪੈਕੇਟ

ਉੱਧਰ ਫਿਰੋਜ਼ਪੁਰ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਇੱਕ ਤਰੀਕ ਤੋਂ ਮੰਡੀ ਸੁੰਨ-ਸਾਨ ਪਈ ਹੈ।

ਹਾਲਾਂਕਿ ਕਿਸਾਨਾਂ ਨੇ ਆੜ੍ਹਤੀਆਂ ਨੂੰ ਫਲ ਬਾਹਰ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ।

ਮੰਡੀ ਵਿੱਚ ਪਸ਼ੂ ਪਿਆਜ ਅਤੇ ਫਲ ਖਾ ਰਹੇ ਹਨ। ਹਾਲਾਂਕਿ ਪੁਲਿਸ ਦੀ ਨਾਕੇਬੰਦੀ ਅੱਜ ਵੀ ਜਾਰੀ ਹੈ।

ਲੁਧਿਆਣਾ-ਫ਼ਿਰੋਜ਼ਪੁਰ ਰੋਡ 'ਤੇ ਕੁਹਾੜਾ ਚੌਕ ਵਿੱਚ ਹੜਤਾਲ ਦੀ ਹਮਾਇਤੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਧਰਨਾ ਦਿੱਤਾ ਗਿਆ।

ਧਰਨੇ ਦੌਰਾਨ ਉਥੋਂ ਲੰਘ ਰਹੀ ਪ੍ਰਾਈਵੇਟ ਕੰਪਨੀ ਦੀ ਦੁੱਧ ਸਪਲਾਈ ਕਰਨ ਵਾਲੀ ਗੱਡੀ ਰੋਕ ਕੇ ਦੁੱਧ ਦੇ ਪੈਕੇਟ ਲੋਕਾਂ ਵਿੱਚ ਵੰਡੇ ਗਏ।

ਇਸ ਤੋਂ ਪਹਿਲਾਂ ਕੁਝ ਥਾਵਾਂ 'ਤੇ ਦੋਜੀਆਂ ਦਾ ਦੁੱਧ ਡੋਲ੍ਹਣ ਅਤੇ ਸਬਜ਼ੀਆਂ ਫਲ ਸੜਕਾਂ 'ਤੇ ਸੁੱਟਣ ਕਰਕੇ ਅੰਦੋਲਨਕਾਰੀ ਕਿਸਾਨਾਂ ਦੀ ਨਿਖੇਧੀ ਵੀ ਹੋਈ ਸੀ।

ਗੁਰਦਾਸਪੁਰ 'ਚ ਬੰਦ ਨਾ ਕਰਾ ਸਕੇ ਮੰਡੀ

ਉੱਥੇ ਹੀ ਗੁਰਦਾਸਪੁਰ ਦੀ ਸਬਜ਼ੀ ਮੰਡੀ ਅੱਜ ਵੀ ਖੁੱਲ੍ਹੀ ਰਹੀ ਪਰ ਕਿਸਾਨ ਜਥੇਬੰਦੀਆਂ ਨੇ ਉਸ ਨੂੰ ਬੰਦ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ।

ਸਬਜ਼ੀ ਵੇਚ ਰਹੇ ਛੋਟੇ ਕਿਸਾਨਾਂ ਅਤੇ ਆੜ੍ਹਤੀਆਂ ਵਿਚਾਲੇ ਟਕਰਾਅ ਵੱਧ ਗਿਆ।

ਅਖੀਰ ਕਿਸਾਨ ਆਗੂ ਮੰਡੀ ਨੂੰ ਬੰਦ ਕਰਾਉਣ ਵਿੱਚ ਅਸਫ਼ਲ ਰਹੇ ਅਤੇ ਵਾਪਸ ਚਲੇ ਗਏ।

ਬਰਨਾਲਾ 'ਚ ਕਿਸਾਨ ਹੱਟਾਂ

ਜ਼ਿਲ੍ਹਾ ਬਰਨਾਲਾ ਵਿੱਚ ਕਿਸਾਨ ਹੱਟਾਂ ਲਗਾਈਆਂ ਗਈਆਂ ਜਿੱਥੇ ਦੁੱਧ ਅਤੇ ਸਬਜ਼ੀਆਂ ਸਸਤੇ ਰੇਟਾਂ 'ਤੇ ਉਪਲਬਧ ਕਰਵਾਈਆਂ ਗਈਆਂ।

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਮੁਤਾਬਕ, "ਅਸੀਂ ਕਿਸੇ ਵੀ ਦੁੱਧ ਵੇਚਣ ਵਾਲੇ ਜਾਂ ਸਬਜ਼ੀ ਉਤਪਾਦਕ ਦਾ ਨੁਕਸਾਨ ਕਰਨ ਦੇ ਖ਼ਿਲਾਫ਼ ਹਾਂ। ਸ਼ਹਿਰੀਆਂ ਦਾ ਵੀ ਅਸੀਂ ਮਾੜਾ ਨਹੀਂ ਸੋਚਦੇ। ਜਿਸ ਕਰਕੇ ਅਸੀਂ ਇਹ ਕਿਸਾਨ ਹੱਟਾਂ ਲਾਈਆਂ ਹਨ ਤਾਂ ਜੋ ਸ਼ਹਿਰ ਵਾਸੀ ਆਪਣੀ ਲੋੜ ਪੂਰੀ ਕਰ ਸਕਣ ਅਤੇ ਦੁੱਧ ਸਬਜ਼ੀ ਉਤਪਾਦਕ ਇੱਥੇ ਆਪਣੇ ਉਤਪਾਦ ਵੇਚ ਸਕਣ।"

ਪਿੰਡਾਂ ਦੀ ਖੇਤੀ ਪੈਦਾਵਾਰ ਨੂੰ ਸ਼ਹਿਰ ਲਿਜਾਣ ਤੋਂ ਰੋਕਣ ਵਾਲੀ ਇਸ ਮੁਹਿੰਮ ਵਿੱਚ ਪੰਜਾਬ ਦੀਆਂ ਹੇਠ ਲਿਖੀਆਂ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ-

  • ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ)
  • ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ)
  • ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ)
  • ਭਾਰਤੀ ਕਿਸਾਨ ਯੂਨੀਅਨ (ਕਾਦੀਆਂ)
  • ਰਾਸ਼ਟਰੀ ਕਿਸਾਨ ਮੰਚ

ਕਿਸਾਨ ਜਥੇਬੰਦੀਆਂ ਦੀਆਂ ਤਿੰਨ ਮੁੱਖ ਮੰਗਾਂ ਹਨ-

  • ਮੁਕੰਮਲ ਕਰਜ਼ਾ ਮੁਆਫ਼ੀ
  • ਸਵਾਮੀਨਾਥਨ ਰਿਪੋਰਟ ਲਾਗੂ ਕਰਨਾ ਜਿਸ ਤਹਿਤ ਖੇਤੀ ਲਾਗਤਾਂ ਦੇ ਉੱਪਰ ਪੰਜਾਹ ਫ਼ੀਸਦੀ ਮੁਨਾਫ਼ਾ ਜੁੜਿਆ ਜਾਵੇ
  • ਕਿਸਾਨ/ਮਜ਼ਦੂਰ ਦੀ ਘੱਟੋ-ਘੱਟ ਆਮਦਨ ਚੌਥਾ ਦਰਜਾ ਸਰਕਾਰੀ ਮੁਲਾਜ਼ਮ ਦੇ ਬਰਾਬਰ ਯਕੀਨੀ ਬਣਾਈ ਜਾਵੇ।

ਲੁਧਿਆਣਾ ਤੋਂ ਜਸਬੀਰ ਸ਼ੇਤਰਾ, ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ, ਬਰਨਾਲਾ ਤੋਂ ਸੁਖਚਰਨ ਪ੍ਰੀਤ, ਫਿਰੋਜ਼ਪੁਰ ਤੋਂ ਗੁਰਦਰਸ਼ਨ ਆਰਿਫ਼ਕੇ ਅਤੇ ਪਟਿਆਲਾ ਤੋਂ ਰਣਜੋਧ ਸਿੰਘ ਨੇ ਇਹ ਰਿਪੋਰਟ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)