You’re viewing a text-only version of this website that uses less data. View the main version of the website including all images and videos.
ਜਦੋਂ ਪਹਿਲਾ ਗੋਲ ਕਰਨ ਮਗਰੋਂ ਸੁਨੀਲ ਛੇਤਰੀ ਪਾਕਿਸਤਾਨੀ ਫ਼ੈਨਜ਼ ਵੱਲ ਭੱਜੇ
ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਸੋਮਵਾਰ ਨੂੰ ਆਪਣਾ 100ਵਾਂ ਕੌਮਾਂਤਰੀ ਮੁਕਾਬਲਾ ਖੇਡਣਗੇ। ਛੇਤਰੀ ਮੁੰਬਈ ਵਿੱਚ ਕੌਮਾਂਤਰੀ ਕੱਪ ਲਈ ਕੀਨਿਆ ਖਿਲਾਫ ਮੈਦਾਨ ਵਿੱਚ ਉੱਤਰਨਗੇ।
ਐਤਵਾਰ ਨੂੰ ਸੁਨੀਲ ਛੇਤਰੀ ਨੇ ਭਾਰਤ ਲਈ ਖੇਡੇ ਆਪਣੇ ਪਹਿਲੇ ਕੌਮਾਂਤਰੀ ਮੈਚ ਨੂੰ ਯਾਦ ਕੀਤਾ।
ਪ੍ਰੈਕਟਿਸ ਸੈਸ਼ਨ ਤੋਂ ਪਹਿਲਾਂ ਉਨ੍ਹਾਂ ਮੁੰਬਈ ਫੁੱਟਬਾਲ ਅਰੀਨਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਪਾਕਿਸਤਾਨੀ ਦਰਸ਼ਕਾਂ ਨਾਲ ਆਪਣੇ ਪਹਿਲੇ ਗੋਲ ਦਾ ਜਸ਼ਨ ਮਨਾਇਆ ਸੀ।
ਉਨ੍ਹਾਂ ਕਿਹਾ, ''ਮੈਨੂੰ ਅਜੇ ਵੀ ਭਾਰਤ ਲਈ ਖੇਡਿਆ ਆਪਣਾ ਪਹਿਲਾ ਮੈਚ ਯਾਦ ਹੈ। ਅਸੀਂ ਲੋਕ ਪਾਕਿਸਤਾਨ ਵਿੱਚ ਸੀ ਅਤੇ ਨਬੀ ਦਾ(ਸਈਅਦ ਰਹਿਮ ਨਬੀ) ਅਤੇ ਮੈਂ ਟੀਮ ਵਿੱਚ ਨਵੇਂ ਖਿਡਾਰੀ ਸੀ।''
''ਅਸੀਂ ਜਾਣਦੇ ਸੀ ਕਿ ਸਾਨੂੰ ਮੈਦਾਨ ਵਿੱਚ ਸ਼ਾਇਦ ਨਾ ਭੇਜਿਆ ਜਾਵੇ, ਪਰ ਸੁੱਖੀ ਸਰ (ਸੁਖਵਿੰਦਰ ਸਿੰਘ) ਨੇ ਸਾਨੂੰ ਦੋਹਾਂ ਨੂੰ ਖੇਡਣ ਦਾ ਮੌਕਾ ਦਿੱਤਾ। ਮੈਂ ਆਪਣਾ ਪਹਿਲਾ ਗੋਲ ਕੀਤਾ ਅਤੇ ਉਤਸ਼ਾਹਿਤ ਹੋਕੇ ਪਾਕਿਸਤਾਨੀ ਪ੍ਰਸ਼ੰਸਕਾਂ ਵੱਲ ਭੱਜਿਆ ਤੇ ਜਸ਼ਨ ਮਣਾਉਣ ਲੱਗਾ।''
ਛੇਤਰੀ ਦੀ ਅਪੀਲ
ਇਸ ਤੋਂ ਪਹਿਲਾਂ ਸੁਨੀਲ ਛੇਤਰੀ ਨੇ ਸ਼ਨੀਵਾਰ ਨੂੰ ਟਵਿੱਟਰ 'ਤੇ ਇੱਕ ਵੀਡੀਓ ਰਾਹੀਂ ਦਰਸ਼ਕਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸਟੇਡੀਅਮ 'ਚ ਪਹੁੰਚਣ ਦੀ ਅਪੀਲ ਕੀਤੀ ਸੀ।
ਉਨ੍ਹਾਂ ਕਿਹਾ ਸੀ, ''ਤੁਸੀਂ ਸਾਨੂੰ ਗਾਲ੍ਹਾਂ ਕੱਢੋ ਚਾਹੇ ਸਾਡੀ ਨਿੰਦਾ ਕਰੋ, ਪਰ ਭਾਰਤੀ ਫੁੱਟਬਾਲ ਟੀਮ ਦਾ ਖੇਡ ਵੇਖਣ ਲਈ ਸਟੇਡੀਅਮ ਵਿੱਚ ਜ਼ਰੂਰ ਪਹੁੰਚੋ।''
ਉਨ੍ਹਾਂ ਕਿਹਾ ਕਿ ਜੇ ਦਰਸ਼ਕ ਵੇਖਣ ਆਉਂਦੇ ਹਨ ਤਾਂ ਉਨ੍ਹਾਂ ਦੀ ਟੀਮ ਦਾ ਜੋਸ਼ ਵਧੇਗਾ ਅਤੇ ਉਹ ਹੋਰ ਵਧੀਆ ਪ੍ਰਦਰਸ਼ਨ ਕਰ ਪਾਉਣਗੇ।
33 ਸਾਲ ਦੇ ਇਸ ਖਿਡਾਰੀ ਨੇ ਇਹ ਅਪੀਲ ਉਦੋਂ ਕੀਤੀ ਜਦ ਭਾਰਤੀ ਫੁੱਟਬਾਲ ਟੀਮ ਦੇ ਪਿਛਲੇ ਮੈਚ ਵਿੱਚ ਸਿਰਫ 2,569 ਦਰਸ਼ਕ ਹੀ ਸਟੇਡੀਅਮ ਪਹੁੰਚੇ ਸਨ।
ਹਾਲ ਹੀ ਵਿੱਚ ਜਾਰੀ ਕੀਤੀ ਗਈ ਫੀਫਾ ਰੈਂਕਿੰਗ ਵਿੱਚ ਭਾਰਤੀ ਟੀਮ 97ਵੇਂ ਥਾਂ 'ਤੇ ਹੈ।
ਚਾਰ ਦੇਸਾਂ ਵਿਚਾਲੇ ਹੋ ਰਹੇ ਟੂਰਨਾਮੈਂਟ ਦੇ ਪਹਿਲੇ ਮੈਚ ਵਿੱਚ ਭਾਰਤੀ ਟੀਮ ਬਲੂ ਟਾਈਗਰਜ਼ ਨੇ ਬੀਤੇ ਸ਼ੁੱਕਰਵਾਰ ਨੂੰ ਚੀਨੀ ਤਾਇਪੇ ਨੂੰ 5-0 ਤੋਂ ਹਰਾਇਆ।
ਇਸ ਟੂਰਨਾਮੈਂਟ ਵਿੱਚ ਨਿਊ-ਜ਼ੀਲੈਂਡ ਅਤੇ ਕੀਨਿਆ ਵੀ ਸ਼ਾਮਲ ਹਨ।
ਹੈਟ੍ਰਿਕ ਮਾਰਨ ਵਾਲੇ ਸੁਨੀਲ ਛੇਤਰੀ ਨੇ ਅੱਗੇ ਕਿਹਾ, ''ਜੋ ਭਾਰਤੀ ਫੁੱਟਬਾਲ ਟੀਮ ਤੋਂ ਉਮੀਦ ਨਹੀਂ ਰੱਖਦੇ, ਅਸੀਂ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਟੇਡੀਅਮ ਵਿੱਚ ਆਉਣ ਅਤੇ ਸਾਡਾ ਮੈਚ ਵੇਖਣ।''
ਉਨ੍ਹਾਂ ਅੱਗੇ ਕਿਹਾ, ''ਤੁਹਾਨੂੰ ਇਹ ਲੱਗ ਸਕਦਾ ਹੈ ਕਿ ਤੁਸੀਂ ਆਪਣਾ ਸਮਾਂ ਕਿਉਂ ਬਰਬਾਦ ਕਰੋ। ਮੈਂ ਮੰਨਦਾ ਹਾਂ ਕਿ ਸਾਡਾ ਬਹੁਤ ਵਧੀਆ ਪੱਧਰ ਨਹੀਂ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸਨੂੰ ਹੋਰ ਵੀ ਬਿਹਤਰ ਬਣਾਈਏ।''
ਛੇਤਰੀ ਦੀ ਅਪੀਲ ਨੂੰ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਧਾਰ ਬਣਾ ਕੇ ਟਵਿੱਟਰ ਰਾਹੀਂ ਲੋਕਾਂ ਤੋਂ ਅਪੀਲ ਕੀਤੀ ਸੀ ਕਿ ਕ੍ਰਿਕਟ ਵਾਂਗ ਫੁੱਟਬਾਲ ਨੂੰ ਵੀ ਤਰਜੀਹ ਦਿੱਤੀ ਜਾਵੇ।