ਪ੍ਰਣਬ ਮੁਖਰਜੀ ਦੀ ਮੌਜੂਦਗੀ ਆਰਐਸਐਸ ਲਈ ਕਿਉਂ ਜ਼ਰੂਰੀ?

    • ਲੇਖਕ, ਕੇਐਨ ਗੋਵਿੰਦਾਚਾਰਿਆ
    • ਰੋਲ, ਸਾਬਕਾ ਪ੍ਰਚਾਰਕ, RSS, ਬੀਬੀਸੀ ਦੇ ਲਈ

ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਆਉਣ ਵਾਲੇ ਦਿਨਾਂ 'ਚ ਨਾਗਪੁਰ ਵਿੱਚ ਆਰਐਸਐਸ ਦੇ ਪ੍ਰੋਗਰਾਮ 'ਚ ਹਿੱਸਾ ਲੈ ਰਹੇ ਹਨ।

ਉਹ ਇੱਕ ਮਹੀਨਾ ਚੱਲਣ ਵਾਲੇ ਟ੍ਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਆਰਐਸਐਸ ਦੇ ਮੰਚ 'ਤੇ ਮੌਜੂਦ ਰਹਿਣਗੇ।

ਇਸ ਖ਼ਬਰ ਨੇ ਮੀਡੀਆ ਵਿੱਚ ਕਾਫ਼ੀ ਹਲਚਲ ਮਚਾਈ ਹੋਈ ਹੈ। ਇਸ ਹਲਚਲ ਵਿੱਚ ਧੜਿਆਂ ਦੀ ਸਿਆਸਤ ਦੀ ਧੂੜ ਕਾਰਨ ਆਰਐਸਐਸ ਦੀ ਕਾਰਜ ਸ਼ੈਲੀ ਦੇ ਕਈ ਪਹਿਲੂ ਸਾਹਮਣੇ ਨਹੀਂ ਆ ਰਹੇ।

ਉਂਝ ਤਾਂ ਵੱਡੇ-ਵੱਡੇ ਸਿਆਸੀ ਲੀਡਰ ਵੱਖ-ਵੱਖ ਮੌਕਿਆਂ 'ਤੇ ਆਰਐਸਐਸ ਦੇ ਕੈਂਪ ਵਿੱਚ, RSS ਦੇ ਮੰਚ 'ਤੇ ਅਤੇ ਅਣਅਧਿਕਾਰਤ ਗੱਲਬਾਤ ਲਈ ਆਰਐਸਐਸ ਦੇ ਲੋਕਾਂ ਨਾਲ ਮਿਲਦੇ ਰਹੇ ਹਨ ਪਰ ਪ੍ਰਣਬ ਮੁਖਰਜੀ ਦੇ ਜਾਣ ਦੀ ਖ਼ਬਰ ਕੁਝ ਜ਼ਿਆਦਾ ਹੀ ਚਰਚਾ ਵਿੱਚ ਹੈ।

ਪ੍ਰਣਬ ਮੁਖਰਜੀ ਦੀ ਨਾਗਪੁਰ ਯਾਤਰਾ

ਇੱਕ ਮੀਡੀਆ ਕਰਮੀ ਨੇ ਤਾਂ ਇਹ ਵੀ ਦੱਸਿਆ ਕਿ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਲੋੜ ਪੈਣ 'ਤੇ ਆਰਐਸਐਸ ਦੇ ਲੋਕ ਪ੍ਰਣਬ ਮੁਖਰਜੀ ਦਾ ਨਾਮ ਕਿਸੇ ਅਹੁਦੇ ਲਈ ਵੀ ਸੁਝਾਅ ਸਕਦੇ ਹਨ। ਪਰ ਇਸ ਗੱਲ ਦਾ ਕੋਈ ਆਧਾਰ ਨਹੀਂ ਹੈ।

ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਵਿਸਤਾਰ ਦਾ ਇਹ ਪਹਿਲਾ ਕਦਮ ਹੈ ਨਵੀਨ ਸੰਪਰਕ ਯਾਨਿ ਨਵੇਂ ਲੋਕਾਂ ਨਾਲ ਸੰਪਰਕ ਕਰਨਾ। ਉਨ੍ਹਾਂ ਦਾ ਸੁਭਾਅ ਕੀ ਹੈ ਅਤੇ ਉਨ੍ਹਾਂ ਦੀ ਆਰਐਸਐਸ ਬਾਰੇ ਕੀ ਜਾਣਕਾਰੀ ਹੈ ਇਹ ਸਭ ਜਾਣ-ਸਮਝ ਕੇ ਆਰਐਸਐਸ ਦੇ ਕਾਰਜ ਬਾਰੇ ਉਨ੍ਹਾਂ ਦਾ ਨਾਲ ਗੱਲਬਾਤ ਕਰਨੀ।

ਬੜੇ ਹੀ ਸਨਮਾਨ ਨਾਲ ਆਰਐਸਐਸ ਦੇ ਸਵੈਮ-ਸੇਵਕ ਨਵੇਂ ਸ਼ਖ਼ਸ ਨੂੰ ਸੰਘ ਬਾਰੇ ਜਾਣੂ ਕਰਵਾਉਂਦੇ ਹਨ। ਉਨ੍ਹਾਂ ਦੇ ਸਵਾਲਾਂ ਦਾ ਉੱਤਰ ਦਿੰਦੇ ਹਨ ਅਤੇ ਫਿਰ ਸੰਪਰਕ ਤੇ ਗੱਲਬਾਤ ਜਾਰੀ ਰਹਿੰਦੀ ਹੈ।

'ਪੂਰਾ ਸਮਾਜ ਹੈ ਸਵੈਮ-ਸੇਵਕ'

ਸੰਘ ਦਾ ਮੰਨਣਾ ਹੈ ਕਿ ਪੂਰਨ ਸਮਾਜ ਦੇ ਸਾਰੇ ਲੋਕ ਸਵੈਮ-ਸੇਵਕ ਹਨ। ਇਨ੍ਹਾਂ ਵਿੱਚੋਂ ਕੁਝ ਅੱਜ ਦੇ ਹਨ ਅਤੇ ਕੁਝ ਆਉਣ ਵਾਲੇ ਕੱਲ੍ਹ ਦੇ।

ਨਵੀਨ ਸੰਪਰਕ ਤੋਂ ਸ਼ੁਰੂ ਹੋ ਕੇ ਸਮਰਥਨ, ਕਦੇ ਪ੍ਰੋਗਰਾਮਾਂ 'ਚ ਆਉਣ-ਜਾਣ ਵਾਲੇ, ਰੋਜ਼ ਸ਼ਾਖਾ ਵਿੱਚ ਕੁਝ ਜਵਾਬਦੇਹੀ ਕਰਨ ਵਾਲੇ, ਨਵੇਂ ਲੋਕਾਂ ਨਾਲ ਸੰਪਰਕ ਕਰਨਾ, ਉਨ੍ਹਾਂ ਨੂੰ ਸ਼ਾਖਾ ਵਿੱਚ ਲਿਆ ਕੇ, ਸਵੈਮ-ਸੇਵਕ ਬਣਾਉਣ ਵਾਲੇ ਬਣਦੇ ਹਨ। ਇਸੇ ਤਰ੍ਹਾਂ ਹਰ ਇੱਕ ਦਾ ਇਹ ਵਿਕਾਸ ਕਾਰਜ ਹੁੰਦਾ ਹੈ।

ਉਸ ਵਿੱਚ ਇੱਕ ਘੰਟਾ ਮੈਦਾਨ 'ਚ ਸਰੀਰਕ, ਮਾਨਸਿਕ ਤੇ ਬੌਧਿਕ ਸੰਸਕਾਰ ਦਿੱਤੇ ਜਾਂਦੇ ਹਨ, ਸਵੈਮ-ਸੇਵਕ ਪੂਰੇ 23 ਘੰਟੇ ਵਿਅਕਤੀਗਤ, ਪਰਿਵਾਰਕ, ਸਮਾਜਿਕ ਤਿੰਨਾਂ ਪਹਿਲੂਆਂ ਦੇ ਸੰਤੁਲਨ ਨਾਲ ਜ਼ਿੰਦਗੀ ਬਤੀਤ ਕਰਦਾ ਹੈ।

ਸਮਾਜ ਦੇ ਕਈ ਖੇਤਰਾਂ ਵਿੱਚ ਬਦਲਾਅ ਦਾ ਵੀ ਹਿੱਸਾ ਬਣਦਾ ਹੈ ਭਾਵੇਂ ਉਹ ਸਿੱਖਿਆ, ਸੇਵਾ, ਸਿਆਸਤ ਜਾਂ ਕਿਸੇ ਵੀ ਸ਼ਖ਼ਸ ਦੇ ਹੱਕ ਅਤੇ ਹਿੱਤ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਚੱਲ ਰਹੀਆਂ ਰਚਨਾਤਮਕ ਕੋਸ਼ਿਸ਼ਾਂ ਹੋਣ।

ਹਰ ਸਵੈਮ-ਸੇਵਕ ਸਾਲ ਵਿੱਚ ਘੱਟੋ-ਘੱਟ 5-7 ਨਵੇਂ ਲੋਕਾਂ ਨੂੰ ਸੰਘ ਦੇ ਸੰਪਰਕ ਵਿੱਚ ਲਿਆਉਣ ਦੀ ਕੋਸ਼ਿਸ਼ ਵੀ ਕਰਦਾ ਹੈ। ਉਸ 'ਚ ਵੀ ਸੋਚ-ਸਮਝ ਕੇ ਪ੍ਰਭਾਵੀ ਲੋਕਾਂ ਨੂੰ ਚੁਣ ਕੇ ਆਪਣੇ-ਆਪਣੇ ਦਾਇਰੇ 'ਚ ਸਪੰਰਕ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ।

ਸੰਘ ਦੇ ਲੋਕ ਚਾਹੁੰਦੇ ਹਨ ਕਿ ਸਾਰੀਆਂ ਜਾਤਾਂ, ਖੇਤਰਾਂ, ਭਾਸ਼ਾ, ਸੰਪਰਦਾ, ਪੜ੍ਹੇ ਲਿਖੇ, ਅਨਪੜ੍ਹ, ਡਾਕਟਰ, ਵਕੀਲ, ਕਿਸਾਨ ਅਤੇ ਮਜ਼ਦੂਰ ਸਾਰਿਆਂ ਤੱਕ ਸੰਘ ਦਾ ਕਾਰਜ ਪਹੁੰਚੇ।

'ਵਿਰੋਧੀਆਂ ਨਾਲ ਕੀਤੀ ਜਾਵੇ ਮਿੱਤਰਤਾ'

ਕੋਈ ਵਿਰੋਧੀ ਹੈ ਤਾਂ ਆਪਣੀ ਮਿੱਤਰਤਾ ਵਾਲੇ ਵਰਤਾਰੇ ਨਾਲ ਉਸਦਾ ਵਿਰੋਧ ਘੱਟ ਹੋਵੇ, ਉਹ ਸੰਘ ਦੇ ਕਾਰਜ ਨੂੰ ਨੇੜਿਓਂ ਦੇਖ ਸਕੇ, ਉਸਦਾ ਸ਼ੱਕ ਦੂਰ ਹੋਵੇ।

ਪ੍ਰਣਬ ਮੁਖਰਜੀ ਦੇ ਮਾਮਲੇ 'ਚ ਜਨਤਕ ਤੌਰ 'ਤੇ ਅੱਜ ਜਿਹੜੀ ਚਰਚਾ ਚੱਲ ਰਹੀ ਹੈ, ਉਸਦੇ ਪਿੱਛੇ ਹਰ ਘਟਨਾ ਜਾਂ ਉਪਕ੍ਰਮ ਦੇ ਪਿੱਛੇ ਸਿਆਸਤ ਦੇਖਣ ਦੀ ਮੀਡੀਆ ਦ੍ਰਿਸ਼ਟੀ ਦਾ ਇੱਕ ਕਾਰਨ ਹੈ।

ਅਜਿਹੇ ਜਨਤਕ ਖੇਤਰ ਵਿੱਚ ਬਹੁਤੇ ਸ਼ਖ਼ਸ ਸ਼ਾਖਾ ਵਿੱਚ ਲਿਆਂਦੇ ਗਏ ਹਨ। ਮਿਸਾਲ ਵਜੋਂ ਲੋਕਨਾਇਕ ਜੈਪ੍ਰਕਾਸ਼ ਨਾਰਾਇਣ , ਸੰਘ ਦੇ ਕਾਰਜ ਦਾ ਉਨ੍ਹਾਂ ਦਾ ਪਹਿਲਾ ਸੰਪਰਕ ਸੰਨ 1967 ਵਿੱਚ ਬਿਹਾਰ ਦੇ ਅਕਾਲ ਵਿੱਚ ਕੰਮ ਕਰ ਰਹੇ ਸਵੈਮ-ਸੇਵਕਾਂ ਦੇ ਰਾਹੀਂ ਹੋਇਆ ਸੀ।

ਉਸ ਸਮੇਂ ਬਿਹਾਰ, ਨਵਾਦਾ ਜ਼ਿਲ੍ਹੇ ਦੇ ਪਕੜੀ ਬਰਾਂਵਾ ਬਲਾਕ ਵਿੱਚ ਅਕਾਲ ਪੀੜਤਾਂ ਦੀ ਮਦਦ ਵਿੱਚ ਲੱਗੇ ਸਵੈਮ-ਸੇਵਕ ਦੇ ਕੰਮ ਨੂੰ ਦੇਖਣ ਲਈ ਜੈਪ੍ਰਕਾਸ਼ ਜੀ ਆਏ ਸੀ।

ਸਾਰੇ ਸੇਵਾ ਕਰਮੀ ਸਵੈ-ਇੱਛਕ ਹਨ, ਕਿਸੇ ਨੂੰ ਕੋਈ ਤਨਖ਼ਾਹ ਨਹੀਂ, ਸਾਰੇ ਪੜ੍ਹੇ-ਲਿਖੇ ਵੀ ਹਨ। ਖ਼ੁਦ ਹੀ 15-15 ਦਿਨ ਦਾ ਸਮਾਂ ਲਗਾ ਰਹੇ ਹਨ, ਇਸ ਤੱਥ ਨੇ ਜੈਪ੍ਰਕਾਸ਼ ਨਾਰਾਇਣ ਨੂੰ ਪ੍ਰਭਾਵਿਤ ਕੀਤਾ ਸੀ।

'ਜਨ ਸੰਘ ਫਾਸਿਸਟ ਤਾਂ ਮੈਂ ਵੀ ਫਾਸਿਸ਼ਟ'

ਉਨ੍ਹਾਂ ਨੇ ਮੀਡੀਆ ਵਿੱਚ ਟਿੱਪਣੀ ਵੀ ਕੀਤੀ ਕਿ ਸੰਘ ਦੇ ਸਵੈਮ-ਸੇਵਕਾਂ ਦੀ ਦੇਸ ਭਗਤੀ ਕਿਸੇ ਪ੍ਰਧਾਨ ਮੰਤਰੀ ਤੋਂ ਘੱਟ ਨਹੀਂ ਹੈ।

ਕਾਲਾਂਤਰ ਵਿੱਚ ਉਹ ਸੰਘ ਸਮਰਪਿਤ ਸਟੂਡੈਂਟਸ ਅੰਦੋਲਨ ਵਿੱਚ ਸ਼ਾਮਲ ਹੋਏ ਸੀ। ਅੰਦੋਲਨ ਦੀ ਅਗਵਾਈ ਵੀ ਕੀਤੀ। ਜੇਪੀ ਅੰਦੋਲਨ ਦੌਰਾਨ ਜਨ ਸੰਘ ਦੇ ਸੈਸ਼ਨ ਵਿੱਚ ਜੈਪ੍ਰਕਾਸ਼ ਨਾਰਾਇਣ ਨੇ ਕਿਹਾ ਕਿ ਜੇਕਰ ਜਨ ਸੰਘ ਫਾਸਿਸਟ ਹੈ ਤਾਂ ਮੈਂ ਵੀ ਫਾਸਿਸਟ ਹਾਂ।

ਸਾਲ 1978 ਵਿੱਚ ਜਨਤਾ ਪਾਰਟੀ ਦੇ ਸ਼ਾਸਨ ਦੌਰਾਨ ਜੈਪ੍ਰਕਾਸ਼ ਜੀ ਨੇ ਸੰਘ ਦੇ ਪਟਨਾ ਵਿੱਚ ਰੱਖੇ ਪਹਿਲੇ ਸਿੱਖਿਆ ਵਰਗ ਨੂੰ ਸੰਬੋਧਿਤ ਕੀਤਾ ਸੀ।

ਇਸੇ ਤਰ੍ਹਾਂ ਕੰਨਿਆ ਕੁਮਾਰੀ ਵਿੱਚ ਵਿਵੇਕਾਨੰਦ ਸੇਵਾ ਸਮਾਰਕ ਦੇ ਨਿਰਮਾਣ ਵਿੱਚ ਜਿਨ੍ਹਾਂ ਦੀ ਮੁੱਖ ਭੂਮਿਕਾ ਰਹੀ ਉਹ ਏਕਨਾਥ ਰਾਨਾਡੇ ਸੰਘ ਦੇ ਹੀ ਸਵੈਮ-ਸੇਵਕ ਸੀ ਅਤੇ ਉਨ੍ਹਾਂ ਨੂੰ ਕਾਂਗਰਸ, ਕਮਿਊਨਿਸਟ ਆਦਿ ਸਾਰੀਆਂ ਪਾਰਟੀਆਂ ਵੱਲੋਂ ਸਹਿਯੋਗ ਮਿਲਿਆ ਸੀ।

'ਪ੍ਰਣਬ ਦਾ ਨੇ ਗੰਗਾ ਨੂੰ ਦੁਆਇਆ ਰਾਸ਼ਟਰੀ ਨਦੀ ਦਾ ਦਰਜਾ'

ਉਸੇ ਤਰ੍ਹਾਂ ਨਾਨਾਜੀ ਦੇਸ਼ਮੁਖ ਦਾ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਮੁਖੀਆਂ ਦੇ ਘਰਾਂ ਦੇ ਅੰਦਰ ਵੀ ਆਉਣਾ-ਜਾਣਾ ਸੀ , ਉਹ ਸਾਰੇ ਨਾਨਾਜੀ ਨੂੰ ਆਪਣੇ ਘਰ ਦਾ ਮੈਂਬਰ ਹੀ ਮੰਨਦੇ ਸਨ।

ਰੋਜ਼ਾਨਾ ਸੈਰ 'ਤੇ ਜਾਣ ਵਾਲੇ ਕੇਰਲ ਵਿੱਚ ਕਮਿਊਨਿਸਟ ਨੇਤੀ ਸ੍ਰੀ ਅਚੁਅੱਤ ਮੈਨਨ ਹੋਣ ਜਾਂ ਦਿੱਲੀ ਵਿੱਚ ਸਵੇਰੇ ਸੈਰ ਕਰ ਰਹੇ ਨਾਰਥ ਐਵੇਨਿਊ ਵਿੱਚ ਪ੍ਰਣਬ ਦਾ ਹੋਣ ਜਾਂ ਫਿਰ ਅਸ਼ੋਕਾ ਰੋਡ 'ਤੇ ਸੈਰ ਕਰ ਰਹੇ ਕਾਂਗਰਸ ਦੇ ਮਹਾਂ ਸਕੱਤਰ ਕੇਐਨ ਸਿੰਘ ਹੋਣ, ਉਸੇ ਸਮੇਂ ਸਵੇਰ ਦੀ ਸ਼ਾਖਾ ਲਈ ਨਿਕੱਰ ਪਾ ਕੇ ਜਾ ਰਹੇ ਸਵੈਮ-ਸੇਵਕ, ਇਨ੍ਹਾਂ ਸਭ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਨਾ ਨਹੀਂ ਭੁੱਲਦੇ ਸਨ।

ਇਹ ਪ੍ਰਣਬ ਦਾ ਹੀ ਹਨ ਜਿਨ੍ਹਾਂ ਦੇ ਸੰਪਰਕ ਨਾਲ ਅਡਵਾਨੀ ਜੀ, ਖੰਡੂਰੀ ਜੀ, ਸ੍ਰੀ ਹਰੀਸ਼ ਰਾਵਤ, ਸ੍ਰੀ ਅਜਿਤ ਜੋਗੀ, ਡਾਕਟਰ ਮਨਮੋਹਨ ਸਿੰਘ ਤੇ ਉਨ੍ਹਾਂ ਦਾ ਪਰਿਵਾਰ, ਸ਼੍ਰੀ ਜੈਰਾਮ ਰਮੇਸ਼, ਉਮਾ ਭਾਰਤੀ ਜੀ ਦੇ ਸਹਿਯੋਗ ਨਾਲ ਗੰਗਾ ਮਾਂ ਨੂੰ ਰਾਸ਼ਟਰੀ ਨਦੀ ਦਾ ਦਰਜਾ ਦੁਆ ਸਕੇ।

ਜਿਹੜਾ ਇੱਕ ਵਾਰ ਸਵੈਮ-ਸੇਵਕ ਬਣਿਆ, ਹਮੇਸ਼ਾ ਲਈ ਹੋ ਗਿਆ

ਸੰਘ ਦੀ ਕਾਰਜਸ਼ੈਲੀ ਬਾਰੇ ਇੱਕ ਸੀਨੀਅਰ ਸਵੈਮ-ਸੇਵਕ ਪ੍ਰੋਫੈਸਰ ਯਸ਼ਵੰਤ ਰਾਓ ਕੇਲਕਰ ਕੁਝ ਨੁਸਖ਼ੇ ਦੱਸਦੇ ਸੀ। ਜਿਵੇਂ ਹਰ ਧਾਤੂ ਤਾਂ ਪਿਘਲਦੀ ਹੀ ਹੈ, ਕੋਈ ਧਾਤੂ ਅਜਿਹੀ ਨਹੀਂ ਜਿਹੜੀ ਨਾ ਪਿਘਲੇ। ਸਿਰਫ਼ ਉਸ ਲਈ ਜਿੰਨਾ ਤਾਪ ਜ਼ਰੂਰੀ ਹੈ ਓਨਾ ਹੀ ਦਿੱਤਾ ਜਾਵੇ।

ਜੇਕਰ ਕੋਈ ਧਾਤੂ ਨਹੀਂ ਪਿਘਲਦੀ ਤਾਂ ਉਸਦਾ ਦੋਸ਼ ਨਹੀਂ ਹੈ, ਜਿਹੜਾ ਪਿਘਲਾਉਣ ਗਿਆ ਉਸ ਵਿੱਚ ਤਾਪ ਅਤੇ ਤਾਪਕ੍ਰਮ ਘੱਟ ਹੈ। ਇਸ ਲਈ ਧਾਤੂ ਪਿਘਲਦੀ ਨਹੀਂ ਹੈ।

ਅਜਿਹੇ ਵਿੱਚ ਆਪਣਾ ਤਾਪ ਅਤੇ ਤਾਪਕ੍ਰਮ ਵਧਾਉਣ ਲਈ ਸਵੈਮ-ਸੇਵਕ ਨੂੰ ਮਿਹਨਤ ਵੱਧ ਕਰਨੀ ਚਾਹੀਦੀ ਹੈ।

ਧਾਤ ਤੋਂ ਭਾਵ ਹੈ ਨਵਾਂ ਵਿਅਕਤੀ। ਕਿਹਾ ਜਾਂਦਾ ਸੀ ਕਿ ਪੂਰਾ ਸਮਾਜ ਇੱਕ ਹੈ। ਸਾਰੇ ਸਵੈਮ-ਸੇਵਕ ਹਨ। ਕੁਝ ਅੱਜ ਸ਼ਾਖਾ ਜਾਣ ਵਾਲੇ ਹਨ ਤੇ ਕੁਝ ਆਉਣ ਵਾਲੇ ਕੱਲ੍ਹ 'ਚ।

ਫਿਰ ਕਿਹਾ ਗਿਆ ਸੀ ਕਿ ਕੋਈ ਇੱਕ ਵਾਰ ਸ਼ਾਖਾ ਆਇਆ, ਸਵੈਮ-ਸੇਵਕ ਬਣਿਆ ਤਾਂ ਜ਼ਿੰਦਗੀ ਭਰ ਲਈ ਉੱਥੇ ਹੀ ਰਹਿ ਗਿਆ। ਉਸ ਤੋਂ ਉਸੇ ਤਰ੍ਹਾਂ ਦੇ ਸੰਸਕਾਰਾਂ ਤੇ ਵਰਤਾਰੇ ਦੀ ਉਮੀਦ ਰੱਖੀ ਜਾਂਦੀ ਹੈ।

ਪ੍ਰਣਬ ਮੁਖਰਜੀ ਜਾਂ ਜੈਪ੍ਰਕਾਸ਼ ਨਾਰਾਇਣ ਜੀ ਦੇ ਬਰਾਬਰ ਸਮੇਂ-ਸਮੇਂ 'ਤੇ ਦੇਸ ਵਿੱਚ ਪ੍ਰਤੀ ਸਾਲ ਹਜ਼ਾਰਾਂ ਨਵੇਂ ਲੋਕ ਗੁਰੂਪੁਰਨਿਮਾ ਪ੍ਰੋਗਰਾਮ ਜਾਂ ਸੰਘ ਦੇ ਪ੍ਰਚਲਿਤ 6 ਉਤਸਵਾਂ ਜਾਂ ਸਲਾਨਾਂ ਉਤਸਵਾਂ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਨ।

ਸੰਘ ਦੇ ਸਵੈਮ-ਸੇਵਕ ਆਪਣੇ ਸੰਪਰਕ ਅਨੁਸਾਰ ਨਵੇਂ ਲੋਕਾਂ ਨਾਲ ਮਿਲਦੇ ਹਨ, ਉਨ੍ਹਾਂ ਦੇ ਘਰ ਜਾਂਦੇ ਹਨ ਤੇ ਵਿਸ਼ਵਾਸ ਜਿੱਤਦੇ ਹਨ।

ਅੱਜ ਲਗਭਗ ਦੇਸ ਵਿੱਚ 50 ਹਜ਼ਾਰ ਤੋਂ ਵੱਧ ਸ਼ਾਖਾਵਾਂ ਹਨ। ਹਰ ਰੋਜ਼ ਸ਼ਾਖਾ ਜਾਣ ਵਾਲੇ ਲੱਖਾਂ ਲੋਕ ਹਨ। ਕਈ ਕਰੋੜ ਲੋਕ ਦੇਸ ਅਤੇ ਦੁਨੀਆਂ 'ਚ ਸੰਘ ਦੇ ਸੰਪਰਕ ਵਿੱਚ ਹਨ। ਇਹ ਸੰਘ ਦਾ 90 ਸਾਲਾਂ ਤੋਂ ਬੇਮਤਲਬ ਪਿਆਰ ਹੈ ਜਿਸ ਕਾਰਨ ਨਤੀਜੇ ਇਹ ਹਨ।

ਜਨਤਾ ਵਿੱਚ ਵਧੇਰੇ ਪ੍ਰਸਿੱਧ ਅਤੇ ਇੱਕ ਵੱਡੇ ਅਹੁਦੇ 'ਤੇ ਰਹਿਣ ਕਾਰਨ ਪ੍ਰਣਬ ਮੁਖਰਜੀ ਦਾ ਨਾਗਪੁਰ ਜਾਣਾ ਚਰਚਾ ਦਾ ਵਿਸ਼ਾ ਬਣਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)