ਪਤਨੀ ਜੂਏ ’ਚ ਹਾਰੀ, ਖੁਦ ਜੇਤੂ ਜੁਆਰੀਆਂ ਤੋਂ ਕਰਵਾਇਆ ‘ਰੇਪ’

    • ਲੇਖਕ, ਸੰਦੀਪ ਸ਼ਾਹੂ
    • ਰੋਲ, ਭੁਵਨੇਸ਼ਵਰ ਤੋਂ ਬੀਬੀਸੀ ਲਈ

ਓਡੀਸ਼ਾ ਦੇ ਬਾਲੇਸ਼ਵਰ ਜ਼ਿਲ੍ਹੇ ਵਿੱਚ ਇੱਕ ਹੈਰਾਨੀਜਨਕ ਘਟਨਾਕ੍ਰਮ ਵਿੱਚ ਇੱਕ ਵਿਅਕਤੀ ਕਥਿਤ ਤੌਰ 'ਤੇ ਆਪਣੀ ਪਤਨੀ ਜੂਏ ਵਿੱਚ ਹਾਰ ਗਿਆ।

ਇਲਜ਼ਾਮ ਹੈ ਕਿ ਪਤੀ ਨੇ ਹਾਰਨ ਮਗਰੋਂ ਪਤਨੀ ਨੂੰ ਜੇਤੂ ਜੁਆਰੀ ਦੇ ਹਵਾਲੇ ਕਰ ਦਿੱਤਾ ਅਤੇ ਬਾਅਦ ਵਿੱਚ ਪਤੀ ਦੇ ਸਾਹਮਣੇ ਪਤਨੀ ਦਾ ਬਲਾਤਕਾਰ ਕੀਤਾ ਗਿਆ।

ਓਡੀਸ਼ਾ ਪੁਲਿਸ ਮੁਤਾਬਕ ਔਰਤ ਨੇ ਬਾਲਾਤਕਾਰ ਦਾ ਕੇਸ ਦਰਜ ਕਰਵਾਇਆ ਹੈ ਜਿਸ ਮਗਰੋਂ ਪਤੀ ਅਤੇ ਜਿੱਤਣ ਵਾਲਾ ਦੋਵੇਂ ਫ਼ਰਾਰ ਹਨ।

ਬਲਾਤਕਾਰ ਤੋਂ ਬਾਅਦ ਪਤਾ ਲੱਗਿਆ ਕਿ ਮੇਰਾ ਦਾਅ ਲੱਗਿਆ ਸੀ

ਉਨ੍ਹਾਂ ਕਿਹਾ, "ਪੀੜਤਾ ਨੂੰ ਮੈਡੀਕਲ ਜਾਂਚ ਲਈ ਬਾਲੇਸ਼ਵਰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਅਸੀਂ ਦੋਹਾਂ ਮੁਲਜ਼ਮਾਂ ਨੂੰ ਫੜਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।"

ਮੁਲਜ਼ਮਾਂ ਖਿਲਾਫ਼ ਬਲਾਤਕਾਰ ਅਤੇ ਹੋਰ ਕਈ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਗਏ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਪੀੜਤਾ ਨੇ ਕਿਹਾ, "ਪਿਛਲੀ 23 ਤਰੀਕ ਦੀ ਰਾਤ ਮੇਰੇ ਪਤੀ ਕਰੀਬ 11 ਵਜੇ ਘਰ ਆਏ ਅਤੇ ਮੈਨੂੰ ਆਪਣੇ ਨਾਲ ਜਾਣ ਲਈ ਕਿਹਾ। ਜਦੋਂ ਮੈਂ ਪੁੱਛਿਆ ਕਿ ਕਿੱਥੇ ਜਾਣਾ ਹੈ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।"

"ਮੈਨੂੰ ਜ਼ਬਰਦਸਤੀ ਪਿੰਡ ਦੇ ਬਾਹਰ ਲੈ ਗਏ ਜਿੱਥੇ ਉਨ੍ਹਾਂ ਦੇ ਦੋਸਤ ਪਹਿਲਾਂ ਤੋਂ ਹੀ ਮੌਜੂਦ ਸਨ। ਮੈਂ ਉਨ੍ਹਾਂ ਨੂੰ ਭਰਾ ਕਹਿੰਦੀ ਸੀ। ਉਹ ਮੇਰੇ ਹੱਥ ਫੜ ਕੇ ਖਿੱਚਣ ਲੱਗੇ। ਮੈਂ ਵਿਰੋਧ ਕੀਤਾ ਪਰ ਮੇਰੇ ਪਤੀ ਨੇ ਆਪ ਮੇਰੀ ਸਾੜੀ ਲਾਹ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ।"

ਔਰਤ ਨੇ ਅੱਗੇ ਦੱਸਿਆ, "ਜੂਆ ਜਿੱਤਣ ਵਾਲਾ ਮੈਨੂੰ ਕੁਝ ਦੂਰ ਲੈ ਗਿਆ ਅਤੇ ਮੇਰੇ ਨਾਲ ਬਲਾਤਕਾਰ ਕੀਤਾ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਮੇਰੇ ਪਤੀ ਨੇ ਮੈਨੂੰ ਦਾਅ 'ਤੇ ਲਾਇਆ ਸੀ ਅਤੇ ਉਹ ਹਾਰ ਗਿਆ।"

ਪੁਲਿਸ ਨੇ ਪਹਿਲਾਂ ਮਾਮਲਾ ਦਰਜ ਕਰਨ ਤੋਂ ਮਨਾ ਕਰ ਦਿੱਤਾ

ਅਗਲੇ ਦਿਨ ਸਵੇਰੇ ਪੀੜਤਾ ਦੀ ਬੇਟੀ ਨੇ ਆਪਣੇ ਨਾਨੇ ਨੂੰ ਫੋਨ ਕਰ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਉਹ ਆਪਣੇ ਬੇਟੇ ਨਾਲ ਧੀ ਦੇ ਸਹੁਰੇ ਪਹੁੰਚੇ।

ਪੀੜਤਾ ਦੇ ਪਿਤਾ ਨੇ ਦੱਸਿਆ, "ਮੈਂ ਜਦੋਂ ਆਪਣੇ ਕੁੜਮ ਤੇ ਜਵਾਈ ਤੋਂ ਇਸ ਘਟਨਾ ਬਾਰੇ ਪੁੱਛਿਆ ਤਾਂ ਦੋਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਹੈ। ਇਸ ਮਗਰੋਂ ਅਸੀਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ।"

ਉਨ੍ਹਾਂ ਅੱਗੇ ਦੱਸਿਆ, "ਉਨ੍ਹਾਂ ਨੇ ਹੋਰ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਅਤੇ ਉਸ ਤੋਂ ਬਾਅਦ ਸਾਡੇ ਤੋਂ ਦੋ ਦਿਨ ਦਾ ਸਮਾਂ ਮੰਗਿਆ ਗਿਆ। ਮਜਬੂਰਨ ਅਸੀਂ ਬੇਟੀ ਅਤੇ ਉਸ ਦੇ ਦੋਹਾਂ ਬੱਚਿਆਂ ਨੂੰ ਲੈ ਕੇ ਆਪਣੇ ਪਿੰਡ ਵਾਪਸ ਆ ਗਏ।"

"ਮਈ ਦੀ 27 ਤਰੀਕ ਨੂੰ ਅਸੀਂ ਸਥਾਨਕ ਥਾਣੇ ਵਿੱਚ ਰਿਪੋਰਟ ਦਰਜ ਕਰਵਾਉਣੀ ਚਾਹੀ ਤਾਂ ਪੁਲਿਸ ਨੇ ਮਾਮਲਾ ਦਰਜ ਕਰਨ ਦੀ ਥਾਂ ਸਾਨੂੰ ਬੇਟੀ ਦੇ ਪਤੀ ਨਾਲ ਸੁਲਾਹ ਕਰਨ ਦੀ ਸਲਾਹ ਦਿੱਤੀ। ਬੁੱਧਵਾਰ ਨੂੰ ਅਸੀਂ ਐਸਪੀ ਸਾਹਿਬ ਨੂੰ ਮਿਲੇ ਫੇਰ ਕਿਤੇ ਜਾ ਕੇ ਮਾਮਲਾ ਦਰਜ ਹੋਇਆ।"

ਬੇਬੱਸ ਪਿਤਾ

ਥਾਨਾ ਇੰਚਾਰਜ ਨੇ ਪੀੜਤਾ ਦੇ ਪਿਤਾ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਕਿਹਾ,"ਮੈਂ ਛੁੱਟੀ 'ਤੇ ਸੀ। ਵਾਪਸ ਆਉਣ ਮਗਰੋਂ ਪਤਾ ਲੱਗਿਆ ਕਿ ਦੋਹਾਂ ਧਿਰਾਂ ਨੇ ਇੱਕ ਸਮਝੌਤੇ ਦੀ ਅਰਜ਼ੀ ਦਿੱਤੀ ਹੈ। ਬਾਅਦ ਵਿੱਚ ਜਦੋਂ ਐਸਪੀ ਸਾਹਿਬ ਨੇ ਹੁਕਮ ਦਿੱਤਾ ਤਾਂ ਅਸੀਂ ਫੌਰਨ ਐਫਆਈਆਰ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ।"

ਪੀੜਤਾ ਦੇ ਪਿਤਾ ਦਾ ਇਲਜ਼ਾਮ ਹੈ ਕਿ ਕੇਸ ਦਰਜ ਹੋਣ ਮਗਰੋਂ ਵੀ ਪੁਲਿਸ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਹ ਕਹਿੰਦੇ ਹਨ, "ਅੱਜ ਵੀ ਸਾਨੂੰ ਤਿੰਨ ਚਾਰ ਘੰਟੇ ਥਾਣੇ ਵਿੱਚ ਬਿਠਾਇਆ ਗਿਆ ਅਤੇ ਮੇਰੀ ਬੇਟੀ ਤੋਂ ਗਲਤ ਸਵਾਲ ਕੀਤੇ ਗਏ ਜਿਵੇਂ ਮੁਲਜ਼ਮ ਉਸਦਾ ਪਤੀ ਨਹੀਂ ਉਹ ਆਪ ਹੋਵੇ।"

ਪੀੜਤਾ ਦੇ ਪਿਤਾ ਇਹ ਕਹਿੰਦਿਆਂ ਰੋ ਪੈਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)