ਸ਼ਾਹਕੋਟ ਜ਼ਿਮਨੀ ਚੋਣ ਨਤੀਜੇ ਨੇ ਉਭਾਰੇ ਇਹ ਪੰਜ ਰੋਚਕ ਤੱਥ

    • ਲੇਖਕ, ਪਾਲ ਸਿੰਘ ਨੌਲੀ
    • ਰੋਲ, ਬੀਬੀਸੀ ਪੰਜਾਬੀ ਲਈ

ਦੁਆਬੇ ਵਿੱਚ ਅਕਾਲੀ ਦਲ ਦਾ ਗੜ੍ਹ ਸਮਝੇ ਜਾਂਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਜਿੱਤੇ ਕੇ ਕਾਂਗਰਸ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਰਾਰਾ ਝਟਕਾ ਦਿੱਤਾ ਹੈ।

ਨਤੀਜੇ ਨੇ ਇਹ 5 ਰੋਚਕ ਤੱਥ ਉਭਾਰੇ

  • ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ 82, 745 ਵੋਟਾਂ ਪਈਆਂ ਜਦਕਿ ਅਕਾਲੀ ਉਮੀਦਵਾਰ ਨਾਇਬ ਸਿੰਘ ਨੂੰ 43,944 ਵੋਟਾਂ ਮਿਲੀਆਂ। ਜਿੱਤ ਤੇ ਹਾਰ ਦਾ ਫਰਕ 38,802 ਵੋਟਾਂ ਦਾ ਰਿਹਾ। ਇਸ ਨਤੀਜੇ ਮੁਤਾਬਕ 2017 ਵਿੱਚ ਆਮ ਆਦਮੀ ਪਾਰਟੀ ਨੂੰ ਪਈਆਂ ਕਰੀਬ 40 ਹਜ਼ਾਰ ਵੋਟਾਂ ਸਿੱਧਿਆਂ ਕਾਂਗਰਸ ਨੂੰ ਭੁਗਤ ਗਈਆਂ।
  • ਅਕਾਲੀ ਦਲ ਦੇ ਮਰਹੂਮ ਆਗੂ ਅਜੀਤ ਸਿੰਘ ਕੋਹਾੜ 1997 ਤੋਂ 2018 ਤੱਕ 21 ਸਾਲ ਵਿਧਾਇਕ ਰਹੇ। ਉਹ 1997 ਤੋਂ 2017 ਤੱਕ ਬਣੀਆਂ ਤਿੰਨ ਅਕਾਲੀ ਸਰਕਾਰਾਂ ਵਿੱਚ ਮੰਤਰੀ ਵੀ ਰਹੇ। ਉਨ੍ਹਾਂ ਦੀ ਮੌਤ ਕਾਰਨ ਹੋਈ ਇਸ ਜ਼ਿਮਨੀ ਚੋਣ ਵਿੱਚ ਉਨ੍ਹਾਂ ਦਾ ਪੁੱਤਰ ਨਾਇਬ ਸਿੰਘ ਆਪਣੇ ਜੱਦੀ ਪਿੰਡ ਵੀ ਤੋਂ 78 ਵੋਟਾਂ ਨਾਲ ਹਾਰ ਗਿਆ। ਕਾਂਗਰਸ ਸਿਰਫ਼ 1992 ਵਿੱਚ ਸ਼ਾਹਕੋਟ ਤੋਂ ਚੋਣ ਜਿੱਤੀ ਸੀ ਉਹ ਵੀ ਸਿਰਫ਼ ਇਸ ਲਈ ਕਿ ਅਕਾਲੀ ਦਲ ਨੇ ਚੋਣਾਂ ਦਾ ਬਾਇਕਾਟ ਕੀਤਾ ਹੋਇਆ ਸੀ।
  • ਆਮ ਆਦਮੀ ਪਾਰਟੀ ਨੂੰ ਇਸ ਚੋਣ ਵਿੱਚ ਸਿਰਫ਼ 1900 ਵੋਟਾਂ ਮਿਲੀਆਂ ਜਦਕਿ ਪਿਛਲੀਆਂ ਆਮ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਉਮੀਦਵਾਰ ਅਮਰਜੀਤ ਥਿੰਦ ਨੂੰ 41 ਹਜ਼ਾਰ 10 ਵੋਟਾਂ ਮਿਲੀਆਂ ਸਨ।
  • 41 ਹਜ਼ਾਰ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਹੁਣ ਬਾਗੀ ਹੋਕੇ ਥਿੰਦ ਇਸ ਵਾਰ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਮਰਜੀਤ ਸਿੰਘ ਥਿੰਦ ਅਤੇ ਇਸੇ ਹਲਕੇ ਤੋਂ ਆਮ ਆਦਮੀ ਪਾਰਟੀ ਦਾ ਦੂਜੇ ਵੱਡੇ ਆਗੂ ਕਰਨਲ ਸੀਡੀ ਸਿੰਘ ਕੰਬੋਜ ਵੀ ਅਕਾਲੀ ਦਲ ਦੇ ਖੇਮੇ 'ਚ ਗਿਆ ਪਰ ਅਕਾਲੀ ਦਲ ਦਾ ਬੇੜਾ ਪਾਰ ਨਾ ਲੱਗ ਸਕਿਆ
  • ਨੋਟਾ ਤਹਿਤ 1268 ਲੋਕਾਂ ਨੇ ਵੋਟ ਪਾਈ। ਇਹ ਵੋਟਾਂ ਸਿਮਰਨਜੀਤ ਮਾਨ ਦੀ ਪਾਰਟੀ ਨੂੰ ਮਿਲੀਆਂ ਕੁੱਲ 937 ਅਤੇ ਬਹੁਜਨ ਸਮਾਜ ਪਾਰਟੀ(ਅੰਬੇਦਕਰ) ਨੂੰ ਮਿਲੀਆਂ ਕੁੱਲ 504 ਵੋਟਾਂ ਤੋਂ ਜ਼ਿਆਦਾ ਹੈ। ਮੈਦਾਨ ਵਿੱਚ ਕੁੱਲ 12 ਉਮੀਦਵਾਰ ਸਨ ਜਿਨ੍ਹਾਂ ਵਿੱਚੋਂ 2 ਨੂੰ 100 ਤੋਂ ਘੱਟ ਵੋਟਾਂ ਪਈਆਂ, 4 ਨੂੰ 115 ਤੋਂ 400 ਤੋਂ ਵਿਚਾਲੇ ਵੋਟਾਂ ਹੀ ਪਈਆਂ। ਇਸੇ ਤਰ੍ਹਾਂ ਦੋ ਪਾਰਟੀਆਂ ਇੱਕ ਹਜ਼ਾਰ ਤੋਂ ਘੱਟ ਵੋਟਾਂ ਵਿੱਚ ਸਿਮਟ ਗਈਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)