ਸੋਸ਼ਲ: 'ਆਮਿਰ ਘੱਟੋ-ਘੱਟ ਰਮਜ਼ਾਨ ਮਹੀਨੇ 'ਚ ਤਾਂ ਅਜਿਹੇ ਪੋਜ਼ ਨਾ ਦਿੰਦੇ'

ਬਾਲੀਵੁੱਡ ਦੇ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖ਼ਾਨ ਨੇ ਆਪਣੀ ਧੀ ਇਰਾ ਖ਼ਾਨ ਨਾਲ ਆਪਣੇ ਅਧਿਕਾਰਿਤ ਫੇਸਬੁੱਕ ਅਕਾਊਂਟ 'ਤੇ ਤਸਵੀਰ ਕੀ ਸਾਂਝੀ ਕੀਤੀ ਉਹ ਟ੍ਰੋਲ ਹੋਣੇ ਸ਼ੁਰੂ ਹੋ ਗਏ।

ਧੀ ਇਰਾ ਖ਼ਾਨ ਨਾਲ ਤਸਵੀਰ ਸਾਂਝੀ ਕਰਦਿਆਂ ਹੀ ਲੋਕਾਂ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ।

ਇਨ੍ਹਾਂ ਕਮੈਂਟਸ ਵਿੱਚ ਧੀ ਤੇ ਪਿਤਾ ਦੇ ਰਿਸ਼ਤੇ ਦੀ ਸਾਂਝ ਅਤੇ ਪਿਆਰ ਦੀਆਂ ਗੱਲਾਂ ਵੀ ਸ਼ਾਮਿਲ ਹਨ।

ਇਸ ਤਸਵੀਰ 'ਤੇ ਪ੍ਰਤੀਕ੍ਰਿਆ ਦਿੰਦਿਆਂ ਰਮਜ਼ਾਨ ਮਹੀਨੇ 'ਚ ਇਸ ਤਰ੍ਹਾਂ ਦੀ ਤਸਵੀਰ ਸਾਂਝੀ ਕਰਨ ਲਈ ਆਮਿਰ ਨੂੰ ਮਿਹਣੇ ਵੀ ਮਾਰੇ ਗਏ ਹਨ।

ਦਰਅਸਲ ਰਮਜ਼ਾਨ ਦੌਰਾਨ ਆਮਿਰ ਖ਼ਾਨ ਆਪਣੇ ਪਰਿਵਾਰ ਨਾਲ ਤਾਮਿਲਨਾਡੂ ਦੇ ਕੁੰਨੂਰ ਵਿੱਚ ਛੁੱਟੀਆਂ ਮਨਾਉਣ ਗਏ ਹੋਏ ਹਨ।

ਛੁੱਟੀਆਂ ਦੌਰਾਨ ਹੀ ਉਨ੍ਹਾਂ ਪਰਿਵਾਰ ਨਾਲ ਸਮਾਂ ਬਿਤਾਉਂਦੇ ਕੁਝ ਤਸਵੀਰਾਂ ਫੇਸਬੁੱਕ 'ਤੇ ਸਾਂਝੀਆਂ ਕੀਤੀਆਂ।

ਇਨ੍ਹਾਂ ਤਸਵੀਰਾਂ ਵਿੱਚੋਂ ਇੱਕ ਤਸਵੀਰ ਧੀ ਇਰਾ ਖ਼ਾਨ ਨਾਲ ਵੀ ਸ਼ਾਮਿਲ ਹੈ, ਜਿਸ ਵਿੱਚ ਉਹ ਘਾਹ ਦੇ ਮੈਦਾਨ ਵਿੱਚ ਆਪਣੀ ਧੀ ਨਾਲ ਖੁਸ਼ੀ ਦੇ ਪਲ ਸਾਂਝੇ ਕਰ ਰਹੇ ਹਨ।

ਇਸੇ ਤਸਵੀਰ 'ਤੇ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਕਮੈਂਟਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਫੇਸਬੁੱਕ ਯੂਜ਼ਰ ਸਾਮੀਆ ਯਮੀਨ ਨੇ ਲਿਖਿਆ, ''ਇਹ ਧੀ ਤੇ ਪਿਤਾ ਦੀ ਸੋਹਣੀ ਤਸਵੀਰ ਹੈ।''

ਫੇਸਬੁੱਕ ਯੂਜ਼ਰ ਆਸ਼ਿਕ ਭੱਟ ਨੇ ਲਿਖਿਆ ਹੈ, ''ਸਰ ਕੁਝ ਤਾਂ ਖ਼ੌਫ਼ ਕਰੋ ਅੱਲ੍ਹਾ ਦਾ...ਮੈਂ ਤੁਹਾਡਾ ਅਦਾਕਾਰੀ ਪ੍ਰਤੀ ਮਿਹਨਤ ਲਈ ਸਤਿਕਾਰ ਕਰਦਾ ਹਾਂ, ਪਰ ਇਹ ਨਾ-ਮਨਜ਼ੂਰ ਹੈ।''

''ਘੱਟ ਤੋਂ ਘੱਟ ਰਮਜ਼ਾਨ ਮਹੀਨੇ 'ਚ ਤਾਂ ਅਜਿਹੇ ਪੋਜ਼ ਨਾ ਦਿੰਦੇ।''

ਆਸ਼ਿਕ ਭੱਟ ਦੇ ਕਮੈਂਟ ਦੇ ਜਵਾਬ 'ਚ ਸੌਰਵ ਰਾਜੀਵ ਜੈਨ ਨੇ ਲਿਖਿਆ, ''ਕੀ ਰਮਜ਼ਾਨ ਦੌਰਾਨ ਕੋਈ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰ ਸਕਦਾ? ਘਟੀਆ ਸੋਚ ਵਾਲਿਓ, ਸੁਧਰ ਜਾਓ।''

ਸਰਬਜੋਤ ਸਿੰਘ ਨੇ ਲਿਖਿਆ, ''ਮੈਂ ਸੌੜੀ ਸੋਚ ਵਾਲੇ ਲੋਕਾਂ ਦੇ ਕਮੈਂਟ ਦੇਖ ਰਿਹਾਂ ਹਾਂ।''

ਰਫ਼ਾਕਤ ਅਲੀ ਨੇ ਲਿਖਿਆ, ''ਇਹ ਇੱਕ ਮੁਸਲਿਮ ਦੇ ਭੇਸ 'ਚ ਕਾਫ਼ਿਰ ਹੈ…ਰਮਜ਼ਾਨ ਦੇ ਪਾਕ ਮਹੀਨੇ 'ਚ ਅਜਿਹੀਆਂ ਹਰਕਤਾਂ ਕਰਨ ਵਾਲਾ ਇੱਕ ਮੁਸਲਮਾਨ ਨਹੀਂ ਹੋ ਸਕਦਾ।''

ਨੋਨਜ਼ੀ ਇਮਰਾਨ ਨੇ ਲਿਖਿਆ ਹੈ, ''ਧੀ ਅਤੇ ਪਿਤਾ ਵਿਚਾਲੇ ਇਸ ਤਰ੍ਹਾਂ ਦਾ ਪਲ ਘੱਟ ਹੀ ਦੇਖਣ ਨੂੰ ਮਿਲਦਾ ਹੈ।''

ਤਸਵੀਰ 'ਤੇ ਕਮੈਂਟ ਕਰਦੇ ਅਸੀਨਾ ਖ਼ਾਨ ਲਿਖਦੇ ਹਨ, ''ਇੱਥੇ ਕਿੰਨੇ ਗ਼ਲਤ ਦਿਮਾਗਾਂ ਵਾਲੇ ਹਨ, ਬਹੁਤ ਮਾੜਾ...ਉਹ ਉਸਦੀ ਧੀ ਹੈ, ਕਿਰਪਾ ਕਰਕੇ ਸਤਿਕਾਰ ਰੱਖੋ।''

ਮੀਰ ਮੁਕਤਦੀਰ ਹੁਸੈਨ ਨੇ ਲਿਖਿਆ, ''ਪਿਓ ਤੇ ਧੀ ਦੇ ਰਿਸ਼ਤੇ ਨੂੰ ਕਿਸੇ ਵੀ ਹਾਲ 'ਚ ਕਿਸੇ ਤਰ੍ਹਾਂ ਦੀ ਵਿਆਖਿਆ ਦੀ ਲੋੜ ਨਹੀਂ ਹੈ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)