IIM- ਰੋਹਤਕ ਦੇ ਪ੍ਰੋਫੈਸਰ ਧੀਰਜ ਸ਼ਰਮਾ 'ਤੇ ਔਰਤ ਵੱਲੋਂ ਜਿਨਸੀ ਸ਼ੋਸ਼ਣ ਦੇ ਇਲਜ਼ਾਮ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਪੰਜਾਬੀ ਲਈ

ਰੋਹਤਕ ਦੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਪ੍ਰੋਫੈਸਰ ਧੀਰਜ ਸ਼ਰਮਾ 'ਤੇ ਪੁਲਿਸ ਨੇ ਇੱਕ ਮਹਿਲਾ ਸਹਿਕਰਮੀ ਦੇ ਸ਼ਿਕਾਇਤ ਦਰਜ ਕਰਵਾਉਣ ਮਗਰੋਂ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕਰ ਲਿਆ ਹੈ।

ਨਿਰਦੇਸ਼ਕ ਨੇ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕੀਤਾ ਹੈ। ਸੰਸਥਾ ਦੇ ਹੋਰ ਅਧਿਕਾਰੀ ਵੀ ਉਨ੍ਹਾਂ ਦੇ ਬਚਾਅ ਵਿੱਚ ਨਜ਼ਰ ਆ ਰਹੇ ਹਨ ਅਤੇ ਮਹਿਲਾ ਉੱਪਰ ਮੋੜਵੇਂ ਇਲਜ਼ਾਮ ਲਾ ਰਹੇ ਹਨ।

ਮਹਿਲਾ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਮਹਿਲਾ ਪੁਲਿਸ ਥਾਣੇ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 354 (ਜਿਨਸੀ ਸ਼ੋਸ਼ਣ ਕਰਨਾ) ਅਤੇ 354-ਏ ( ਜਿਨਸੀ ਸਹਿਮਤੀ ਮੰਗਣਾ) ਅਧੀਨ ਕੇਸ ਦਰਜ ਕੀਤਾ ਗਿਆ ਹੈ।

ਸ਼ਿਕਾਇਤ ਵਿੱਚ ਕੀ ਕਿਹਾ ਗਿਆ?

ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਇਸ 34 ਸਾਲਾ ਮਹਿਲਾ ਪ੍ਰੋਫੈਸਰ ਨੇ ਦੱਸਿਆ ਕਿ ਪਹਿਲੀ ਸਤੰਬਰ 2017 ਨੂੰ ਆਈਆਈਐਮ-ਰੋਹਤਕ ਵਿਖੇ ਜੁਆਇਨ ਕੀਤਾ ਸੀ ਅਤੇ ਆਪਣੇ ਤਿੰਨ ਸਾਲਾ ਦੇ ਪ੍ਰੋਬੇਸ਼ਨ 'ਤੇ ਸੀ।

ਮਹਿਲਾ ਪ੍ਰੋਫੈਸਰ ਨੇ ਜੁਆਨਿੰਗ ਮਗਰੋਂ ਸ਼ਰਮਾ ਨੂੰ ਹੀ ਰਿਪੋਰਟ ਕਰਨਾ ਸੀ।

ਮਹਿਲਾ ਪ੍ਰੋਫੈਸਰ ਨੇ ਇਲਜ਼ਾਮ ਲਾਇਆ ਕਿ ਉਸ ਨੂੰ ਸ਼ੁਰੂਆਤੀ ਦਿਨਾਂ ਤੋਂ ਹੀ ਸ਼ਰਮਾ ਦੇ ਜਿਨਸੀ ਹਮਲੇ ਝੱਲਣੇ ਪਏ।

ਇੱਕ ਵਾਰ ਸ਼ਰਮਾ ਨੇ ਉਨ੍ਹਾਂ ਨੂੰ ਕਥਿਤ ਤੌਰ 'ਤੇ ਉਸ ਵਿੱਚ ਆਪਣੀ ਰੁਚੀ ਦਿਖਾਉਂਦਿਆਂ ਵਿਆਹ ਤੋਂ ਬਾਹਰੇ ਸੰਬੰਧਾਂ ਬਾਰੇ ਪੁੱਛਿਆ।

ਸ਼ਰਮਾ ਨੇ ਜਿੱਥੇ ਇਸ ਬਾਰੇ ਆਪਣਾ ਖੁੱਲ੍ਹਾਪਣ ਜ਼ਾਹਿਰ ਕੀਤਾ ਉੱਥੇ ਨਾਲ ਹੀ ਉਸਨੂੰ ਨਿੱਜੀ ਜ਼ਿੰਦਗੀ ਵਿੱਚ ਰਿਸ਼ਤਿਆਂ ਬਾਰੇ ਵੀ ਸਵਾਲ ਕੀਤੇ।

ਮਹਿਲਾ ਮੁਤਾਬਕ ਉਨ੍ਹਾਂ ਨੇ ਅਸਹਿਜ ਮਹਿਸੂਸ ਕੀਤਾ ਅਤੇ ਗੱਲਬਾਤ ਛੱਡ ਕੇ ਚਲੀ ਗਈ ਅਤੇ ਇਸ ਮਗਰੋਂ ਸ਼ਰਮਾ ਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ।

ਮਹਿਲਾ ਮੁਤਾਬਕ ਇੱਕ ਦਿਨ ਸ਼ਰਮਾ ਨੇ ਉਨ੍ਹਾਂ ਦੇ ਕਮਰੇ ਵਿੱਚ ਆ ਕੇ ਉਨ੍ਹਾਂ ਨੂੰ ਕਮਰ ਤੋਂ ਫੜਿਆ ਜਿਸਦਾ ਉਸਨੇ ਜ਼ੋਰਦਾਰ ਵਿਰੋਧ ਕੀਤਾ।

ਸ਼ਿਕਾਇਤ ਮੁਤਾਬਕ, ''ਸ਼ਰਮਾ ਨੇ ਆਵਾਜ਼ ਉਠਾਉਣ ਦੀ ਸੂਰਤ ਵਿੱਚ ਉਸਦੀ ਪ੍ਰੋਫੈਸ਼ਨਲ ਜ਼ਿੰਦਗੀ ਤਬਾਹ ਕਰਨ ਦੀ ਧਮਕੀ ਦਿੱਤੀ। ਸ਼ਰਮਾ ਨੇ ਆਪਸੀ ਸਹਿਮਤੀ ਲਾਹੇਵੰਦ ਦੱਸ ਕੇ ਚੁੱਪ ਰਹਿਣ ਲਈ ਕਿਹਾ।''

ਸ਼ਰਮਾ ਨੇ ਕਥਿਤ ਤੌਰ 'ਤੇ ਮਹਿਲਾ ਨੂੰ ਰਾਤ ਦੀ ਸੈਰ ਲਈ ਵੀ ਕਿਹਾ ਸੀ ਜਿਸ ਪੇਸ਼ਕਸ਼ ਨੂੰ ਉਸਨੇ ਠੁਕਰਾ ਦਿੱਤਾ। ਇਸ ਮਗਰੋਂ ਸ਼ਰਮਾ ਨੇ ਉਸ ਤੋਂ ਆਪਣੀ ਗੱਲ ਮਨਵਾਉਣ ਲਈ ਮਹਿਲਾ ਦੀ ਝਾੜ-ਝੰਬ ਕਰਨੀ ਸ਼ੁਰੂ ਕਰ ਦਿੱਤੀ

'ਸਾਰੇ ਦਰਵਾਜ਼ੇ ਖੜਕਾ ਕੇ ਹੀ ਸ਼ਿਕਾਇਤ ਕੀਤੀ'

ਸ਼ਿਕਾਇਤਕਰਤਾ ਨੇ 25.3.2018 ਨੂੰ ਆਈਆਈਐਮ ਦੇ ਨਿਰਦੇਸ਼ਕ ਮੰਡਲ ਕੋਲ ਇਸ ਦੀ ਸ਼ਿਕਾਇਤ ਕੀਤੀ ਪਰ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ।

ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਉਹ ਨਾ ਝੁਕੀ ਤਾਂ ਉਸ ਨੂੰ 10 ਮਈ ਨੂੰ ਬਰਖਾਸਤ ਕਰ ਦਿੱਤਾ ਗਿਆ।

ਪੱਤਰਕਾਰ ਨਾਲ ਗੱਲਬਾਤ ਦੌਰਾਨ ਮਹਿਲਾ ਦੇ ਪਤੀ ਨੇ ਕਿਹਾ, ''ਉਨ੍ਹਾਂ ਦੀ ਪਤਨੀ ਨੇ ਬਹੁਤ ਕੁਝ ਝੱਲਿਆ ਹੈ ਕਿਉਂਕਿ ਜਿਸ ਵਿਅਕਤੀ ਤੇ ਇਲਜ਼ਾਮ ਲਾਏ ਜਾ ਰਹੇ ਹਨ ਉਹ ਉੱਚੇ ਅਹੁਦੇ 'ਤੇ ਬੈਠਾ ਹੋਇਆ ਹੈ। ਉਨ੍ਹਾਂ ਨੇ ਨਿਆਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਸਾਰੇ ਨਿਆਂ ਦੇ ਦਰਵਾਜ਼ੇ ਖੜਕਾ ਕੇ ਦੇਖ ਲਏ ਸਨ।''

ਰੋਹਤਕ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਮਹਿਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਰਿਪੋਰਟ ਦਰਜ ਕਰ ਲਈ ਗਈ ਹੈ ਅਤੇ ਛਾਣ-ਬੀਣ ਕੀਤੀ ਜਾ ਰਹੀ ਹੈ।

ਇੰਡੀਅਨ ਇੰਸਟੀਚਿਊਟ ਆਫ਼ ਟੈਕਨੌਲੋਜੀ ਦੇ ਪ੍ਰੋਫੈਸਰ ਧੀਰਜ ਸ਼ਰਮਾ ਨੂੰ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਉਨ੍ਹਾਂ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ।

ਸੰਸਥਾ ਦਾ ਪੱਖ

ਬਾਅਦ ਵਿੱਚ ਸੰਸਥਾ ਦੇ ਮੁੱਖ ਭਲਾਈ ਅਫ਼ਸਰ ਕਰਨਲ (ਸੇਵਾਮੁਕਤ) ਤਿਲਕ ਬੋਸ ਨੇ ਸ਼ਰਮਾ ਦਾ ਪੱਖ ਸਪਸ਼ਟ ਕਰਨ ਲਈ ਪੱਤਰਕਾਰ ਨੂੰ ਫੋਨ ਆਇਆ।

ਉਨ੍ਹਾਂ ਕਿਹਾ ਕਿ ਮਹਿਲਾ ਪ੍ਰੋਫੈਸਰ ਦੇ ਇਲਜ਼ਾਮਾਂ ਵਿੱਚ ਕੋਈ ਸੱਚਾਈ ਨਹੀਂ ਹੈ ਅਤੇ ਉਨ੍ਹਾਂ ਨੂੰ ਮਹਿਲਾ ਖਿਲਾਫ਼ ਦਰਜਨਾਂ ਸ਼ਿਕਾਇਤਾਂ ਮਿਲੀਆਂ ਹਨ। ਜਿਨ੍ਹਾਂ ਕਰਕੇ ਉਸ ਨੂੰ ਬਰਖ਼ਾਸਤ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਬਰਖ਼ਾਸਤਗੀ ਸਮੇਂ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਅਤੇ ਮਹਿਲਾ ਵੱਲੋਂ ਅਜਿਹੇ ਇਲਜ਼ਾਮਾਂ ਦੀ ਉਮੀਦ ਕੀਤੀ ਜਾ ਸਕਦੀ ਹੈ।

ਕਰਨਲ ਬੋਸ ਨੇ ਕਿਹਾ ਕਿ ਇੰਡੀਅਨ ਇੰਸਟੀਚਿਊਟ ਆਫ਼ ਟੈਕਨੌਲੋਜੀ ਦੇ ਨਿਰਦੇਸ਼ਕ ਪ੍ਰੋਫੈਸਰ ਧੀਰਜ ਸ਼ਰਮਾ ਇਸ ਸਮੇਂ ਸ਼ਹਿਰ ਤੋਂ ਬਾਹਰ ਹਨ ਅਤੇ ਉਨ੍ਹਾਂ ਦੇ (ਬੋਸ ਦੇ) ਸ਼ਬਦਾਂ ਨੂੰ ਹੀ ਸ਼ਰਮਾ ਦਾ ਪੱਖ ਮਸਝਿਆ ਜਾਵੇ।

ਜਦੋਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨੌਲੋਜੀ ਦੇ ਲੋਕ ਸੰਪਰਕ ਅਧਿਕਾਰੀ ਗੁਨੀਤ ਸੇਠੀ ਨੂੰ ਨਿਰਦੇਸ਼ਕ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਨਿਰਦੇਸ਼ਕ ਦਾ ਪੱਖ ਰੱਖਣ ਲਈ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਬਿਆਨ ਪੱਤਰਕਾਰ ਨੂੰ ਮੈਸੇਜ ਰਾਹੀਂ ਕੀਤਾ।

"ਸੰਸਥਾ ਨੇ ਮਹਿਲਾ ਪ੍ਰੋਫੈਸਰ ਨੂੰ ਲਗਪਗ ਇੱਕ ਮਹੀਨਾ ਪਹਿਲਾਂ ਹੀ ਬਰਖ਼ਾਸਤ ਕਰ ਦਿੱਤਾ ਸੀ। ਉਹ ਇਹ ਸੰਸਥਾ ਅਤੇ ਨਿਰਦੇਸ਼ਕ ਨੂੰ ਬਦਨਾਮ ਕਰਨ ਲਈ ਕਰ ਰਹੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)