'ਮਰਨ ਲਈ' ਭਾਰਤ ਆਏ ਪਾਕਿਸਤਾਨੀ ਆਸ਼ਕ ਨਾਲ ਬੀਬੀਸੀ ਦੀ ਖਾਸ ਗੱਲਬਾਤ

ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਇੱਕ ਪਿੰਡ ਦੇ 28 ਸਾਲ ਦੇ ਮੁਹੰਮਦ ਆਸਿਫ਼ ਦੀ ਉਸ ਦੀ ਮਹਿਬੂਬਾ ਸਬਾ ਨਾਲ ਮੁਹੱਬਤ ਉਸ ਦੀ ਮਾਂ ਨੂੰ ਮਨਜ਼ੂਰ ਨਹੀਂ ਸੀ।

ਸਬਾ ਦੇ ਪਰਿਵਾਰ ਨੇ ਉਸ ਦਾ ਨਿਕਾਹ ਕਿਤੇ ਹੋਰ ਪੜ੍ਹਾ ਦਿੱਤਾ। ਇਸ ਤੋਂ ਬਾਅਦ ਮੁਹੰਮਦ ਆਸਿਫ਼ ਪਰੇਸ਼ਾਨ ਰਹਿਣ ਲੱਗ ਪਿਆ ਤੇ ਮੌਤ ਨੂੰ ਗਲ ਲਾਉਣ ਬਾਰੇ ਹੀ ਸੋਚਦਾ ਰਹਿੰਦਾ। ਇਸ ਨੂੰ ਅੰਜਾਮ ਦੇਣ ਲਈ ਉਸ ਨੇ ਬਾਰਡਰ 'ਤੇ ਆ ਕੇ ਕਥਿਤ ਤੌਰ 'ਤੇ ਗੋਲੀ ਨਾਲ ਮਰਨ ਦਾ ਮਨ ਬਣਾਇਆ ਪਰ ਕਾਮਯਾਬ ਨਾ ਹੋਏ।

ਭਾਰਤ-ਪਾਕ ਸਰਹੱਦ 'ਤੇ ਜਗਦੀਸ਼ ਚੌਂਕੀ ਕੋਲ ਬੀਐਸਐਫ ਦੀ 118 ਬਟਾਲੀਅਨ ਦੇ ਜਵਾਨਾਂ ਨੇ ਉਸ ਨੂੰ ਫੜ ਕੇ ਪੰਜਾਬ ਪੁਲਿਸ ਦੇ ਮਮਦੋਟ ਥਾਣੇ ਦੇ ਦਿੱਤਾ ਜਿਥੇ ਉਸ 'ਤੇ ਮੁਕਦਮਾ ਦਰਜ ਕੀਤਾ ਗਿਆ ਹੈ।

ਮਮਦੋਟ ਦੀ ਪੁਲਿਸ ਉਸ ਨੂੰ ਜੱਜ ਸਾਹਮਣੇ ਅਦਾਲਤ 'ਚ ਪੇਸ਼ ਕਰਨ ਲਿਆਈ ਸੀ। ਉਸ ਸਮੇਂ ਬੀਬੀਸੀ ਪੰਜਾਬੀ ਲਈ ਗੁਰਦਰਸ਼ਨ ਸਿੰਘ ਆਰਿਫ਼ਕੇ ਨੇ ਮੁਹੰਮਦ ਆਸਿਫ਼ ਨਾਲ ਗੱਲਬਾਤ ਕੀਤੀ।

ਅਦਾਲਤ ਦੇ ਬਾਹਰ

ਆਸਿਫ਼ ਨੇ ਦੱਸਿਆ ਕਿ ਉਨ੍ਹਾਂ ਨੇ ਐਫ ਏ (ਬਾਰਵੀਂ) ਤੱਕ ਦੀ ਪੜ੍ਹਾਈ ਕੀਤੀ ਤੇ ਪਿੰਡ ਦੇ ਮਿਡਲ ਸਕੂਲ 'ਚ ਉਰਦੂ, ਸਾਇੰਸ, ਮੈਥ ਅਤੇ ਇੰਗਲਿਸ਼ ਪੜਾਉਂਦਾ ਰਿਹਾ ਹੈ। ਆਸਿਫ਼ ਨੇ ਦੱਸਿਆ ਕੇ ਉਸ ਦੀ ਮਹਿਬੂਬਾ ਸਬਾ ਨੇ ਮੈਟ੍ਰਿਕ ਕੀਤੀ ਹੋਈ ਹੈ।

ਕਹਾਣੀ ਦੀ ਸ਼ੁਰੂਆਤ ਮੁਹੰਮਦ ਆਸਿਫ਼ ਦੇ ਘਰ ਤੋਂ ਹੀ ਹੋਈ। ਹਮੀਦਾ ਬੀਬੀ ਤੇ ਖਲੀਲ ਅਹਮਦ ਦੇ ਪੰਜ ਪੁੱਤਰਾਂ 'ਚੋਂ ਮੁਹੰਮਦ ਆਸਿਫ਼ ਤੀਜੇ ਨੰਬਰ 'ਤੇ ਹੈ। ਵੱਡੇ ਦੋ ਵਿਆਹੇ ਹੋਏ ਹਨ।

ਉਨ੍ਹਾਂ ਦੇ ਪਰਿਵਾਰ ਦੀ ਪਿੰਡ ਜੱਲੋ ਕੇ 'ਚ 25 ਏਕੜ ਜਮੀਨ ਹੈ।

ਮੁਹੰਮਦ ਆਸਿਫ਼ ਦੇ ਸਭ ਤੋਂ ਵੱਡੇ ਭਰਾ ਅਤੀਕ ਰਹਿਮਾਨ ਦਾ ਵਿਆਹ ਪਿੰਡ ਸਾਧ ਨੇੜੇ ਖੁੱਡੀਆਂ ਜ਼ਿਲ੍ਹਾ ਕਸੂਰ 'ਚ ਹੋਇਆ ਸੀ ਅਤੇ ਉਸ ਦੀ ਸਾਲੀ ਦਾ ਨਾਮ ਸਬਾ ਹੈ। ਸਭਾ ਤੇ ਮੁਹੰਮਦ ਆਸਿਫ਼ ਆਪਸ ਵਿੱਚ ਪਿਆਰ ਕਰਦੇ ਸਨ।

ਆਸਿਫ਼ ਮੁਤਾਬਿਕ ਉਹ ਸਬਾ ਨੂੰ ਲੱਗਭਗ ਪੰਜ ਸਾਲ ਤੋਂ ਪਿਆਰ ਕਰਦਾ ਹੈ।

ਉਨ੍ਹੇ ਕਿਹਾ, "ਕਦੀ ਸਬਾ ਸਾਡੇ ਪਿੰਡ ਆ ਜਾਂਦੀ ਤੇ ਕਦੀ ਮੈਂ ਆਪਣੀ ਵੱਡੀ ਭਾਬੀ ਅਨੀਤਾ ਬੀਬੀ ਨੂੰ ਉਸਦੇ ਪੇਕੇ ਛੱਡਣ ਦੇ ਬਹਾਨੇ ਸਬਾ ਨੂੰ ਮਿਲਣ ਚਲਾ ਜਾਂਦਾ ਸੀ ਜਿਸ ਬਹਾਨੇ ਅਸੀਂ ਮਿਲਦੇ ਸੀ। ਸਬਾ ਨੇ ਹੀ ਮੈਨੂੰ ਨੂੰ ਵਿਆਹ ਲਈ ਕਿਹਾ ਸੀ।"

ਆਸਿਫ਼ ਦੇ ਘਰ ਕਿਸੇ ਹੋਰ ਕੁੜੀ ਨਾਲ ਉਸ ਦੇ ਰਿਸ਼ਤੇ ਲਈ ਗੱਲ ਹੋਣ ਲੱਗੀ ਤਾਂ ਆਸਿਫ਼ ਨੇ ਨਾਂਹ ਕਰ ਦਿੱਤੀ ਤੇ ਸਭਾ ਨਾਲ ਵਿਆਹ ਦੀ ਗੱਲ ਆਖੀ ਜਿੱਥੋਂ ਪਰਿਵਾਰ ਨੂੰ ਇਹਨਾਂ ਦੇ ਪਿਆਰ ਦਾ ਪਤਾ ਚੱਲਿਆ।

ਪਰ ਆਸਿਫ਼ ਦੀ ਮਾਂ ਇਸ ਹੱਕ 'ਚ ਨਹੀਂ ਸੀ ਕਿ ਉਸ ਦੇ ਦੋ ਪੁੱਤਰਾਂ ਦਾ ਇੱਕੋ ਘਰ 'ਚ ਰਿਸ਼ਤਾ ਹੋਵੇ।

ਮੁਹੰਮਦ ਆਸਿਫ਼ ਨੇ ਦੱਸਿਆ ਕਿ ਜਦੋਂ ਨਿਕਾਹ ਹੋ ਜਾਣ ਤੋਂ ਬਾਅਦ ਸਬਾ ਆਪਣੇ ਸਹੁਰਿਆਂ ਘਰੋਂ ਉਨ੍ਹਾਂ ਨੂੰ ਫੋਨ ਕਰਦੀ ਸੀ ਜਿਸ ਕਰਕੇ ਉਸਦਾ ਪਤੀ ਉਸਨੂੰ ਕੁਟਦਾ ਸੀ।

ਉਸ ਨੇ ਕਿਹਾ, "ਉਸਦਾ ਤਲਾਕ ਹੋ ਗਿਆ ਜਿਸ ਤੋਂ ਬਾਅਦ ਸਭਾ ਦੇ ਘਰ ਵਾਲੇ ਮੇਰੇ ਘਰ ਵਾਲਿਆਂ ਨੂੰ ਸਾਡਾ ਰਿਸ਼ਤਾ ਕਰਨ ਬਾਰੇ ਜ਼ੋਰ ਪਾਉਂਦੇ ਰਹੇ ਪਰ ਮੇਰੀ ਵਾਲਦਾ ਨਹੀਂ ਮੰਨੀ ਤਾਂ ਸਬਾ ਦਾ ਰਿਸ਼ਤਾ ਉਸਦੇ ਘਰ ਵਾਲਿਆਂ ਫਿਰ ਕਿਤੇ ਹੋਰ ਕਰ ਦਿੱਤਾ। ਹੁਣ ਸਭਾ ਦਾ ਇੱਕ ਬੇਟਾ ਵੀ ਹੈ।"

ਥੋੜਾ ਮੁਸਕਰਾ ਕੇ ਮੁਹੰਮਦ ਆਸਿਫ਼ ਨੇ ਕਿਹਾ, "ਮੈਂ ਤੇ ਸਭਾ ਇੱਕ ਵਾਰ ਉਸ ਦੇ ਘਰ ਹੀ ਮਿਲੇ ਸੀ ਜਦੋ ਮੈਂ ਆਪਣੀ ਭਾਬੀ ਨੂੰ ਪੇਕੇ ਛੱਡਣ ਗਿਆ ਸੀ। ਉਸ ਤੋਂ ਬਾਅਦ ਮੌਕਾ ਨਹੀਂ ਬਣਿਆ। ਜਦੋਂ ਅਸੀਂ ਮਿਲੇ ਸੀ ਕਮਰੇ 'ਚ ਇੱਕ ਦੂਜੇ ਤੋਂ ਦੂਰ ਦੂਰ ਖੜੇ ਸੀ।"

ਉਸ ਦੇ ਦਿਮਾਗ 'ਤੇ ਇਸ ਗੱਲ ਦਾ ਗਹਿਰਾ ਅਸਰ ਹੋਇਆ ਤਾਂ ਉਸ ਨੇ ਮਰਨ ਦੀ ਸੋਚੀ। ਪਰ ਰਮਜ਼ਾਨ ਦਾ ਮਹੀਨਾ ਹੋਣ ਕਰਕੇ ਆਤਮ ਹੱਤਿਆ ਨਾ ਕਰ ਸਕਿਆ।

ਉਸ ਦਾ ਮਨਣਾ ਹੈ ਕਿ ਮੁਸਲਮਾਨਾਂ ਦੇ ਵਿੱਚ ਆਤਮ ਹੱਤਿਆ ਹਰਾਮ ਹੈ। ਕਿਹਾ ਜਾਂਦਾ ਹੈ ਕਿ ਜੋ ਆਤਮ ਹੱਤਿਆ ਕਰਦਾ ਹੈ ਉਸਦੀ "ਬਖ਼ਸ਼ੀਸ਼" ਨਹੀਂ ਹੁੰਦੀ।

ਮੁਹੰਮਦ ਆਸਿਫ਼ ਨੇ ਕਿਹਾ, "ਇਸ ਲਈ ਮੈ ਬਾਰਡਰ 'ਤੇ ਆਇਆ ਤਾਂ ਜੋ ਹਿੰਦੋਸਤਾਨ ਦੀ ਫੌਜ ਮੈਨੂੰ ਗੋਲੀ ਮਾਰ ਦੇਵੇ ਪਰ ਬੀਐਸਐਫ ਦੇ ਜਵਾਨਾਂ ਨੇ ਮੈਨੂੰ ਫੜ ਲਿਆ। ਮੈਂ ਗੰਡਾ ਸਿੰਘ ਵਾਲਾ ਹੈਡ ਵਾਲੇ ਪਾਸਿਓਂ ਹੁਸੈਨੀਵਾਲਾ ਕੋਲ ਇੱਕ ਦਫ਼ਾ ਆਇਆ ਸੀ ਪਰੇਡ ਦੇਖਣ।"

ਆਸਿਫ਼ ਕੋਲੋਂ 1200 ਰੁਪਏ ਪਾਕਿਸਤਾਨੀ ਕਰੰਸੀ ਮਿਲੀ। ਆਸਿਫ਼ ਮੁਤਾਬਿਕ ਉਹ ਪੈਸੇ ਮਾਂ ਤੋਂ ਲਾਹੌਰੋਂ ਦਵਾਈ ਲੈਣ ਲਈ ਲਏ ਸਨ।

ਦੂਜੇ ਪਾਸੇ ਮਮਦੋਟ ਥਾਣਾ ਦੇ ਮੁਖੀ ਰਸ਼ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਮੁਢਲੀ ਪੁੱਛਗਿੱਛ 'ਚ ਮੁਹੰਮਦ ਆਸਿਫ਼ ਨੇ ਦੱਸਿਆ ਕਿ ਇਹ ਆਪਣੇ ਭਰਾ ਦੀ ਸਾਲੀ ਨਾਲ ਪਿਆਰ ਕਰਦਾ ਸੀ ਪਰ ਵਿਆਹ ਨਹੀਂ ਹੋ ਸਕਿਆ।

ਇਸ ਲਈ ਮਰਨ ਦੀ ਨੀਅਤ ਨਾਲ ਬਾਰਡਰ ਕੋਲ ਆਇਆ ਸੀ ਅਤੇ ਬੀਐਸਐਫ ਨੇ ਪਕੜ ਲਿਆ ਤੇ ਮਮਦੋਟ ਪੁਲਿਸ ਨੂੰ ਦੇ ਦਿੱਤਾ।

ਰਸ਼ਪਾਲ ਸਿੰਘ ਨੇ ਕਿਹਾ, "ਅਸੀਂ ਮਾਮਲਾ ਦਰਜ ਕਰ ਦਿੱਤਾ ਹੈ ਅੱਗੋਂ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਲੈਣਾ ਹੈ। ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)