You’re viewing a text-only version of this website that uses less data. View the main version of the website including all images and videos.
ਕੇਂਦਰ ਸਰਕਾਰ ਨੇ ਲੰਗਰ ਤੋਂ GST ਹਟਾਇਆ
ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵਿੱਟਰ 'ਤੇ ਕੇਂਦਰ ਸਰਕਾਰ ਦੇ ਆਦੇਸ਼ ਦੀ ਕਾਪੀ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਕੇਂਦਰ ਸਰਕਾਰ ਨੇ ਲੰਗਰ ਤੋਂ ਜੀਐੱਸਟੀ ਹਟਾ ਦਿੱਤਾ ਹੈ।
ਦਿਲਚਸਪ ਹੈ ਕਿ ਸ਼ਾਹਕੋਟ ਜ਼ਿਮਨੀ ਚੋਣ ਵਿੱਚ ਭਾਜਪਾ ਦੀ ਭਾਈਵਾਲ ਅਕਾਲੀ ਦਲ ਦੀ ਕਰਾਰੀ ਹਾਰ ਮਗਰੋਂ ਕੇਂਦਰ ਸਰਕਾਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਇਹ ਸੀਟ ਲਗਾਤਾਰ ਅਕਾਲੀ ਦਲ ਦੇ ਮਰਹੂਮ ਨੇਤਾ ਅਜੀਤ ਸਿੰਘ ਕੋਹਾੜ ਜਿੱਤਦੇ ਰਹੇ ਨ, ਉਨ੍ਹਾਂ ਦੇ ਦੇਹਾਂਤ ਮਗਰੋਂ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਸਨ।
31 ਮਈ ਦੇ ਇਸ ਹੁਕਮ ਵਿੱਚ ਵਿੱਤੀ ਸਾਲ 2018-19 ਅਤੇ 2020-21 ਲਈ ਸੇਵਾ ਭੋਜ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਜਿਸ ਤਹਿਤ ਦੇਸ ਵਿੱਚ ਚੈਰੀਟੇਬਲ ਸੰਸਥਾਵਾਂ ਵੱਲੋਂ ਲੰਗਰ ਲਈ ਖਰੀਦੀ ਗਈ ਸੱਮਗਰੀ 'ਤੇ ਲਾਏ ਗਏ ਜੀਐਸਟੀ ਵਿੱਚੋਂ ਕੇਂਦਰ ਸਰਕਾਰ ਦਾ ਹਿੱਸਾ ਵਾਪਸ (ਰਿਫੰਡ) ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਵਲੋਂ ਲਏ ਇਸ ਫੈਸਲੇ ਦਾ ਪੁਰਜ਼ੋਰ ਸਵਾਗਤ ਕੀਤਾ ਹੈ।
ਅੰਮ੍ਰਿਤਸਰ 'ਚ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੂੰ ਕਮੇਟੀ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਨੇ ਕਿਹਾ, ''ਪਿਛਲੇ ਕਾਫੀ ਸਮੇਂ ਤੋਂ ਕਮੇਟੀ ਕੇਂਦਰ ਸਰਕਾਰ ਅਤੇ ਜੀਐੱਸਟੀ ਕਾਉਂਸਿਲ ਦੇ ਨਾਲ ਸੰਪਰਕ 'ਚ ਸੀ।''
ਇਸਤੋਂ ਪਹਿਲਾਂ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਵਿੱਚ ਲੰਗਰ ਉੱਤੇ ਲਗਾਏ ਜਾਂਦੇ ਜੀਐੱਸਟੀ ਨੂੰ ਖ਼ਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਸੂਬਾ ਸਰਕਾਰ ਆਪਣੇ ਹਿੱਸੇ ਦਾ ਟੈਕਸ ਹਟਾਏਗੀ।