ਸ਼ਾਹਕੋਟ ਜ਼ਿਮਨੀ ਚੋਣ: 76.60 ਫੀਸਦ ਵੋਟਿੰਗ, ਪੰਜਾਬ ਦੇ ਸਾਬਕਾ ਮੰਤਰੀ ਕੋਲੋਂ ਰਿਵਾਲਵਰ ਬਰਾਮਦ

ਤਸਵੀਰ ਸਰੋਤ, Pal Singh Nauli/BBC
- ਲੇਖਕ, ਪਾਲ ਸਿੰਘ ਨੌਲੀ
- ਰੋਲ, ਬੀਬੀਸੀ ਪੰਜਾਬੀ ਲਈ
ਸ਼ਾਹਕੋਟ ਹਲਕੇ 'ਚ ਅੱਜ ਹੋਈ ਜ਼ਿਮਨੀ ਚੋਣ ਦੌਰਾਨ 76.60 ਫੀਸਦ ਵੋਟਿੰਗ ਹੋਈ। ਪੁਲਿਸ ਮੁਤਾਬਕ ਵੋਟਿੰਗ ਦੌਰਾਨ ਰਿਵਾਲਵਰ ਸਮੇਤ ਘੁੰਮਣ 'ਤੇ ਕਾਂਗਰਸ ਦੇ ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੂੰ ਪੋਲਿੰਗ ਬੂਥ 90-91 ਤੋਂ ਗ੍ਰਿਫ਼ਤਾਰ ਕੀਤਾ ਗਿਆ।
ਬ੍ਰਿਜ ਭੁਪਿੰਦਰ ਸਿੰਘ ਲਾਲੀ ਕਰੀਬ 10 ਦਿਨ ਪਹਿਲਾਂ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਸਨ। ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
12 ਉਮੀਦਵਾਰਾਂ 'ਚ ਮੁਕਾਬਲਾ
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਜ਼ਿਮਨੀ ਚੋਣ ਵਿੱਚ 76.60 ਫੀਸਦ ਵੋਟਿੰਗ ਹੋਈ ਹੈ। ਇਸ ਚੋਣ ਦਾ ਨਤੀਜਾ 31 ਮਈ ਨੂੰ ਆਵੇਗਾ।
ਵੋਟਰਾਂ ਨੇ ਅੱਜ 12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿਚ ਬੰਦ ਕਰ ਦਿੱਤਾ ਹੈ।

ਤਸਵੀਰ ਸਰੋਤ, PAl Singh Nauli/BBC
ਸਵੇਰੇ 7 ਵਜੇ ਤੋਂ ਵੋਟਾਂ ਪੈਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਇਆ। ਜਿਵੇਂ-ਜਿਵੇਂ ਗਰਮੀ ਵਧਦੀ ਗਈ ਤਾਂ ਵੋਟਾਂ ਪੈਣ ਦੀ ਰਫਤਾਰ ਵੀ ਘੱਟ ਹੋ ਗਈ।
ਹਲਕੇ ਅੰਦਰ ਕਾਂਗਰਸ ਅਤੇ ਅਕਾਲੀ ਦਲ ਦੇ ਬੂਥ ਹੀ ਦਿਖਾਈ ਦਿੱਤੇ। ਆਮ ਆਦਮੀ ਪਾਰਟੀ ਦੇ ਕਿਸੇ-ਕਿਸੇ ਪਿੰਡ ਵਿੱਚ ਹੀ ਬੂਥ ਲੱਗੇ ਸਨ।
'ਸੁਰੱਖਿਆ ਲਈ ਰੱਖਿਆ ਸੀ ਰਿਵਾਲਵਰ'
ਪਿੰਡ ਮਲਸੀਆਂ ਦੀ ਪੱਤੀ ਸਾਹਲਾ ਨਗਰ ਵਿਚ ਵੋਟੰਗ ਦੌਰਾਨ ਭਾਰੀ ਹੰਗਾਮਾ ਹੋਇਆ। ਪੁਲਿਸ ਮੁਤਾਬਕ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੇ ਧੱਕੇ ਨਾਲ ਬੂਥ ਨੰਬਰ 90-91 ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ।
ਡਿਊਟੀ 'ਤੇ ਤਾਇਨਾਤ ਮੁਲਾਜ਼ਮਾਂ ਨੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਲਾਇਸੈਂਸੀ ਰਿਵਾਲਵਰ ਬਰਾਮਦ ਹੋਇਆ।
ਲਾਲੀ ਵੱਲੋਂ ਆਪਣਾ ਹਥਿਆਰ ਜਮ੍ਹਾਂ ਨਾ ਕਰਵਾਏ ਜਾਣ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਮੰਨਿਆ ਜਾ ਰਿਹਾ ਹੈ।

ਤਸਵੀਰ ਸਰੋਤ, PAl Singh Nauli/BBC
ਇਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਚੌਕੀ ਮਲਸੀਆਂ ਵਿਚ ਲੈ ਆਈ। ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਵੀ ਬ੍ਰਿਜ ਭੁਪਿੰਦਰ ਸਿੰਘ ਕੋਲੋਂ ਰਿਵਾਲਵਰ ਬਰਾਮਦ ਹੋਣ ਸਮੇਂ ਮੌਕੇ 'ਤੇ ਪਹੁੰਚੇ ਸਨ।
ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਾਲੀ ਨੇ ਰਿਵਾਲਵਰ ਆਪਣੀ ਸੁਰੱਖਿਆ ਲਈ ਰੱਖਿਆ ਹੋਇਆ ਸੀ ਤੇ ਇਸ ਵਿਚ ਕੋਈ ਵੀ ਗਲਤ ਗੱਲ ਨਹੀਂ ਹੈ।
ਜ਼ਿਲ੍ਹਾ ਦਿਹਾਤੀ ਦੇ ਐਸਐਸਪੀ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਬਕਾ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਕੋਲੋਂ 32 ਬੋਰ ਦਾ ਰਿਵਾਲਵਰ ਬਰਾਮਦ ਕੀਤਾ ਗਿਆ ਹੈ।

ਤਸਵੀਰ ਸਰੋਤ, PAl Singh Nauli/BBC
ਖਰਾਬ ਮਸ਼ੀਨਾਂ ਕਾਰਨ ਵੋਟਿੰਗ 'ਚ ਰੁਕਾਵਟ
ਕਈ ਪੋਲਿੰਗ ਬੂਥਾਂ 'ਤੇ ਵੋਟਿੰਗ ਮਸ਼ੀਨਾਂ ਦੀ ਖਰਾਬੀ ਕਾਰਨ ਵੋਟਿੰਗ ਵਿਚ ਰੁਕਾਵਟ ਆਈ ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸਿੱਧੂਪੁਰ 'ਚ ਵੋਟਿੰਗ ਮਸ਼ੀਨ ਵਿੱਚ ਖਰਾਬੀ ਪਾਏ ਜਾਣ ਕਾਰਨ ਮਸ਼ੀਨ ਬਦਲੇ ਜਾਣ ਤੋਂ ਬਾਅਦ ਵੋਟਿੰਗ ਕਰੀਬ ਇਕ ਘੰਟਾ ਲੇਟ ਸ਼ੁਰੂ ਹੋਈ। ਕਈ ਹੋਰ ਬੂਥਾਂ 'ਤੇ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਮਿਲੀਆਂ।
ਮੁੱਖ ਤੱਥ
- ਸ਼ਾਹਕੋਟ ਚੋਣਾਂ ਵਿੱਚ ਮੈਦਾਨ 'ਚ ਉਤਰੇ 12 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 1,72,676 ਵੋਟਰਾਂ ਦੇ ਹੱਥ ਵਿੱਚ ਸੀ।
- ਚੋਣ ਕਮਿਸ਼ਨ ਵੱਲੋਂ ਬੀਐੱਸਐੱਫ ਦੀਆਂ 6 ਕੰਪਨੀਆਂ ਸਣੇ 1,022 ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ।
- ਵੋਟਾਂ ਦੀ ਗਿਣਤੀ 31 ਮਈ ਨੂੰ ਹੋਵੇਗੀ।
- ਕੁੱਲ 2365 ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਪਈਆਂ।
- ਚੋਣ ਕਮਿਸ਼ਨ ਵੱਲੋਂ 136 ਥਾਵਾਂ ਨੂੰ ਸੰਵੇਦਨਸ਼ੀਲ ਕਰਾਰ ਦਿੱਤਾ ਗਿਆ ਸੀ।
- ਇਲੈਕਟ੍ਰੋਨਿਕ ਵੋਟਿੰਗ ਮਸ਼ੀਨ (ਈਵੀਐਮ) ਅਤੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਨੂੰ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਲਗਾਇਆ ਗਿਆ।












