ਪ੍ਰੈੱਸ ਰਿਵੀਊ: ਭਾਰਤ-ਪਾਕਿਸਤਾਨ ਸਰਹੱਦ 'ਤੇ ਤਣਾਅ, 90,000 ਲੋਕਾਂ ਨੇ ਛੱਡੇ ਘਰ

ਤਸਵੀਰ ਸਰੋਤ, Getty Images
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਪਾਕਿਸਤਾਨ ਰੇਂਜਰਸ ਵੱਲੋਂ ਜੰਮੂ, ਕਠੂਆ ਤੇ ਸਾਂਬਾ ਜ਼ਿਲ੍ਹਿਆਂ ਦੇ ਸਰਹੱਦੀ ਪਿੰਡਾਂ ਅਤੇ ਚੌਕੀਆ ਉੱਤੇ ਫਾਈਰਿੰਗ ਕੀਤੀ ਗਈ। ਪਾਕਿਸਤਾਨ ਵੱਲੋਂ ਐਲਓਸੀ 'ਤੇ ਗੋਲਾਬਾਰੀ ਦਾ ਇਹ ਲਗਾਤਾਰ ਨੌਵਾਂ ਦਿਨ ਸੀ।
ਇਸ ਗੋਲੀਬਾਰੀ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਜੰਮੂ ਅਤੇ ਸਾਂਬਾ ਵਿੱਚ 4 ਅਤੇ ਕਠੂਆ ਵਿੱਚ ਇੱਕ ਦੀ ਮੌਤ ਹੋਈ। ਇਸ ਫਾਇਰਿੰਗ ਵਿੱਚ ਤਿੰਨ ਜਵਾਨਾਂ ਸਮੇਤ 40 ਲੋਕ ਜ਼ਖ਼ਮੀ ਹੋਏ ਹਨ।
ਬੀਐਸਐਫ਼ ਵੱਲੋਂ ਵੀ ਫਾਇਰਿੰਗ ਦਾ ਸਖ਼ਤ ਜਵਾਬ ਦਿੱਤਾ ਜਾ ਰਿਹਾ ਹੈ। ਭਾਰਤ ਨੇ ਪਾਕਿਸਤਾਨੀ ਡਿਪਟੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਇਸ ਘਟਨਾਕ੍ਰਮ 'ਤੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਹੈ।
ਪਾਕਿਸਤਾਨ ਵੱਲੋਂ ਲਗਾਤਾਰ ਕੀਤੀ ਜਾ ਰਹੀ ਫਾਇਰੰਗ ਕਾਰਨ 100 ਸਰਹੱਦੀ ਪਿੰਡ ਪ੍ਰਭਾਵਿਤ ਹੋਏ ਹਨ। ਇਸ ਕਾਰਨ 90,000 ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਹੈ।
ਪੰਜਾਬ ਅਤੇ ਕੇਂਦਰ ਸਰਕਾਰ ਨੂੰ NGT ਵੱਲੋਂ ਨੋਟਿਸ
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਗੁਰਦਾਸਪੁਰ ਦੀ ਸ਼ੁਗਰ ਫੈਕਟਰੀ ਵੱਲੋਂ ਬਿਆਸ ਦਰਿਆ ਵਿੱਚ ਸੀਰਾ ਛੱਡਣ 'ਤੇ ਕੌਮੀ ਗ੍ਰੀਨ ਟ੍ਰਿਬਿਊਨਲ(ਐਨਜੀਟੀ) ਨੇ ਗੰਭੀਰ ਨੋਟਿਸ ਲਿਆ ਹੈ।

ਤਸਵੀਰ ਸਰੋਤ, Ravinder Singh Robin/BBC
ਐਨਜੀਟੀ ਦੇ ਚੇਅਰਪਰਸਨ ਡਾ. ਜਸਟਿਸ ਜਾਵੇਦ ਰਹੀਮ ਨੇ ਕੇਂਦਰੀ ਜਲ ਸਰੋਤ ਮੰਤਰਾਲੇ, ਪੰਜਾਬ ਤੇ ਰਾਜਸਥਾਨ ਦੀਆਂ ਸਰਕਾਰਾਂ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਇਸ ਮਾਮਲੇ ਨਾਲ ਜੁੜੇ ਹੋਰਨਾਂ ਨੂੰ ਜਵਾਬ ਤਲਬੀ ਲਈ ਨੋਟਿਸ ਜਾਰੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਬਿਆਸ ਦਰਿਆ ਵਿੱਚ ਸੀਰਾ ਛੱਡੇ ਜਾਣ ਨਾਲ ਵੱਡੀ ਤਦਾਦ 'ਚ ਮੱਛੀਆਂ ਮਰ ਗਈਆਂ ਹਨ ਤੇ ਘੜਿਆਲ, ਡੌਲਫਿਨ ਵਰਗੀਆਂ ਵਿਸ਼ੇਸ਼ ਪ੍ਰਜਾਤੀਆਂ ਖ਼ਤਰੇ ਵਿੱਚ ਹਨ।
ਮੇਜਰ ਗੋਗੋਈ ਹਿਰਾਸਤ ਵਿੱਚ
ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਪੱਥਰਬਾਜ਼ ਨੂੰ ਜੀਪ ਦੇ ਬੋਨਟ ਨਾਲ ਬੰਨ ਕੇ ਚਰਚਾ ਵਿੱਚ ਆਏ ਮੇਜਰ ਨਿਤਿਨ ਲੀਤੁਲ ਗੋਗੋਈ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

ਤਸਵੀਰ ਸਰੋਤ, Twitter
ਪੁਲਿਸ ਮੁਤਾਬਕ ਉਨ੍ਹਾਂ ਨੂੰ ਹੋਟਲ ਵਿੱਚ ਕਿਸੇ ਝਗੜੇ ਦੀ ਸੂਚਨਾ ਮਿਲੀ ਸੀ। ਮੇਜਰ ਗੋਗੋਈ ਇਸੇ ਹੋਟਲ ਵਿੱਚ ਰੁਕੇ ਸੀ ਜਿੱਥੇ ਇੱਕ ਕੁੜੀ ਉਨ੍ਹਾਂ ਨੂੰ ਮਿਲਣ ਪਹੁੰਚੀ ਸੀ।
ਜਦੋਂ ਹੋਟਲ ਸਟਾਫ਼ ਕੁੜੀ ਅਤੇ ਡਰਾਈਵਰ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਤਾਂ ਦੋਵਾਂ ਪੱਖਾਂ ਵਿਚਾਲੇ ਬਹਿਸ ਹੋ ਗਈ।
ਪੁਲਿਸ ਵੱਲੋਂ ਸਾਰਿਆਂ ਨੂੰ ਥਾਣੇ ਲਿਜਾਇਆ ਗਿਆ। ਬਿਆਨ ਦਰਜ ਕਰਨ ਤੋਂ ਬਾਅਦ ਮੇਜਰ ਅਤੇ ਡਰਾਈਵਰ ਨੂੰ ਆਰਮੀ ਯੂਨਿਟ ਹਵਾਲੇ ਕਰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਗੋਗੋਈ ਨੇ ਪਿਛਲੇ ਸਾਲ ਅਪ੍ਰੈਲ ਵਿੱਚ ਫਾਰੁਖ਼ ਅਹਿਮਦ ਡਾਰ ਨਾਂ ਦੇ ਸ਼ਖ਼ਸ ਨੂੰ ਜੀਪ ਅੱਗੇ ਬੰਨ ਕੇ ਯੂਨਿਟ ਨੂੰ ਪੱਥਰਬਾਜ਼ਾਂ ਵਿੱਚੋਂ ਸੁਰੱਖਿਅਤ ਕੱਢਿਆ ਸੀ।












