ਕੀ ਰਮਜ਼ਾਨ ਦੌਰਾਨ ਗੋਲੀਬੰਦੀ ਨਾਲ ਕਸ਼ਮੀਰ 'ਚ ਕਾਇਮ ਰਹੇਗੀ ਅਮਨ-ਸ਼ਾਂਤੀ?

ਤਸਵੀਰ ਸਰੋਤ, Getty Images
- ਲੇਖਕ, ਰਿਆਜ਼ ਮਸਰੂਰ
- ਰੋਲ, ਸ਼੍ਰੀਨਗਰ ਤੋਂ ਬੀਬੀਸੀ ਲਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਸ਼ਮੀਰ ਦੌਰੇ ਤੋਂ ਦੋ ਦਿਨ ਪਹਿਲਾਂ ਗ੍ਰਹਿ ਮੰਤਰਾਲੇ ਨੇ ਕਸ਼ਮੀਰ ਵਿੱਚ ਗੋਲੀਬੰਦੀ ਦਾ ਐਲਾਨ ਕੀਤਾ ਹੈ। ਇਹ ਮੁਸਲਮਾਨਾਂ ਦੇ ਪਾਕ ਮਹੀਨੇ ਰਮਜ਼ਾਨ ਦੇ ਮੱਦੇਨਜ਼ਰ ਕੀਤੀ ਗਈ ਹੈ।
ਲਗਾਤਾਰ ਕਈ ਟਵੀਟ ਕਰਕੇ ਗ੍ਰਹਿ ਮੰਤਰਾਲੇ ਨੇ ਦੱਸਿਆ ਹੈ ਕਿ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਰਮਜ਼ਾਨ ਦੌਰਾਨ ਮੁਸਲਮਾਨਾਂ ਨੂੰ ਸ਼ਾਂਤੀਮਈ ਮਾਹੌਲ ਮੁਹੱਈਆ ਕਰਾਇਆ ਜਾ ਸਕੇ।
ਇਸ ਐਲਾਨ ਦੇ ਕੁਝ ਦਿਨ ਪਹਿਲਾਂ ਹੀ ਕਸ਼ਮੀਰ ਨੇ ਭਾਰੀ ਹਿੰਸਾ ਅਤੇ ਹੱਤਿਆਵਾਂ ਦਾ ਦੌਰ ਦੇਖਿਆ ਹੈ, ਜਿਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸਾਰੀਆਂ ਪਾਰਟੀਆਂ ਦੀ ਬੈਠਕ ਸੱਦੀ ਹੈ।
ਇਸ ਬੈਠਕ ਤੋਂ ਬਾਅਦ ਮੁਫਤੀ ਸਮੇਤ ਕਈ ਵਿਰੋਧੀ ਦਲਾਂ ਦੇ ਨੇਤਾਵਾਂ ਨੇ ਕੇਂਦਰ ਸਰਕਾਰ ਨਾਲ 'ਆਪਰੇਸ਼ਨ ਆਲ ਆਊਟ' ਰੋਕਣ ਲਈ ਅਪੀਲ ਕੀਤੀ ਸੀ। ਇਹ ਆਪਰੇਸ਼ਨ ਸੁਰੱਖਿਆ ਬਲ ਕਈ ਮਹੀਨਿਆਂ ਤੋਂ ਕਸ਼ਮੀਰ ਵਿੱਚ ਚਲਾ ਰਹੇ ਸਨ।

ਤਸਵੀਰ ਸਰੋਤ, Getty Images
ਆਪਰੇਸ਼ਨ ਆਲ ਆਊਟ ਦੇ ਤਹਿਤ ਘੱਟੋ-ਘੱਟ 200 ਕੱਟੜਪੰਥੀ ਮਾਰੇ ਗਏ ਸਨ।
ਹਾਲਾਂਕਿ ਇਸ ਐਲਾਨ ਵਿੱਚ ਇਹ ਸਾਫ ਕਰ ਦਿੱਤਾ ਗਿਆ ਸੀ ਕਿ ਹਮਲਾ ਹੋਣ 'ਤੇ ਜਾਂ ਲੋਕਾਂ ਦੀ ਜਾਨ ਬਚਾਉਣ ਲਈ ਜਵਾਬੀ ਕਾਰਵਾਈ ਦਾ ਅਧਿਕਾਰ ਸੈਨਾ ਆਪਣੇ ਕੋਲ ਸੁਰੱਖਿਅਤ ਰੱਖੇਗੀ।
ਵੱਖਵਾਦੀ ਸੀਜ਼ਫਾਇਰ ਦੀ ਮੰਗ ਦਾ ਵਿਰੋਧ ਕਰ ਚੁੱਕੇ ਹਨ ਪਰ ਸਿਆਸਤ ਨਾਲ ਜੁੜੇ ਕਈ ਲੋਕ ਇਸ ਨੂੰ ਸ਼ਾਂਤੀ ਸਥਾਪਿਤ ਕਰਨ ਦੇ ਮੌਕੇ ਵਜੋਂ ਦੇਖਦੇ ਹਨ।
ਇੱਕਪਾਸੜ ਸੀਜ਼ਫਾਇਰ
ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਉਮਰ ਅਬਦੁੱਲਾ ਨੇ ਕਿਹਾ, "ਸਾਰੀਆਂ ਸਿਆਸੀ ਪਾਰਟੀਆਂ (ਭਾਜਪਾ ਨੂੰ ਛੱਡ ਕੇ, ਜੋ ਇਸ ਦਾ ਵਿਰੋਧ ਕਰਦੀ ਰਹੀ ਹੈ) ਦੀ ਮੰਗ 'ਤੇ ਕੇਂਦਰ ਨੇ ਇੱਕਪਾਸੜ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਜੇਕਰ ਕੱਟੜਪੰਥੀ ਹੁਣ ਨਰਮ ਰੁੱਖ ਨਹੀਂ ਅਪਣਾਉਂਦੇ ਤਾਂ ਇੱਥੋਂ ਦੇ ਲੋਕਾਂ ਦੇ ਅਸਲ ਦੁਸ਼ਮਣ ਸਾਬਿਤ ਹੋਣਗੇ।"

ਤਸਵੀਰ ਸਰੋਤ, Getty Images
ਉਨ੍ਹਾਂ ਨੇ ਸੀਜ਼ਫਾਇਰ ਦੇ ਫੈਸਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਟਵਿੱਟਰ 'ਤੇ ਲਿਖਿਆ, "ਕੇਂਦਰ ਨੇ ਇਸ ਦਾ ਨਾਮ ਨਾਨ-ਇਨੀਸ਼ੀਏਟਿਵ ਆਫ ਕੰਬੈਟ ਆਪਰੇਸ਼ਨ ਦਿੱਤਾ ਹੈ। ਉਨ੍ਹਾਂ ਨੇ ਵਾਜਪਈ ਦੇ ਕਾਰਜ਼ਕਾਲ ਵਿੱਚ ਵੀ ਇਸ ਨੂੰ ਇਹੀ ਨਾਮ ਦਿੱਤਾ ਸੀ। ਪਰ ਇਹ ਅਜੇ ਵੀ ਇੱਕਪਾਸੜ ਸੀਜ਼ਫਾਇਰ ਹੈ। ਇੱਕ ਗੁਲਾਬ ਜਿਸ ਨੂੰ ਨਾਮ ਕੁਝ ਹੋਰ ਦੇ ਦਿੱਤਾ ਗਿਆ ਹੈ..."
ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਫੈਸਲੇ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਧੰਨਵਾਦ ਕੀਤਾ ਹੈ।
ਉਨ੍ਹਾਂ ਨੇ ਆਲ ਪਾਰਟੀ ਮੀਟਿੰਗ ਵਿੱਚ ਵਿਰੋਧੀ ਦਲਾਂ ਦੀ ਹਿੱਸੇਦਾਰੀ ਦੀ ਵੀ ਸਰਾਹਨਾ ਕੀਤੀ ਅਤੇ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ 'ਤੇ ਸਹਿਮਤੀ ਲਈ ਉਨ੍ਹਾਂ ਦਾ ਸ਼ੁਕਰੀਆ ਕੀਤਾ।
ਮਹਿਬੂਬਾ ਸਣੇ ਦੂਜੇ ਨੇਤਾਵਾਂ ਨੇ ਵਾਜਪਈ ਦੇ ਸਮੇਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਲਈ ਸਿਧਾਂਤ "ਡਾਕਟਰਿਨ ਆਫ ਪੀਸ" ਦੀ ਪਾਲਣਾ ਕਰਨ ਨੂੰ ਕਿਹਾ।
ਪਹਿਲਾਂ ਹੋਏ ਸੀਜ਼ਫਾਇਰ ਦਾ ਹਾਲ
ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਸ਼ਾਸਨ ਦੌਰਾਨ ਕੇਂਦਰ ਸਰਕਾਰ ਨੇ ਰਮਜ਼ਾਨ ਦੇ ਮਹੀਨੇ ਵਿੱਚ ਕੱਟੜਪੰਥੀਆਂ ਦੇ ਖ਼ਿਲਾਫ਼ ਸੀਜ਼ਫਾਇਰ ਦਾ ਐਲਾਨ ਕੀਤਾ ਸੀ। ਪਰ ਭਾਜਪਾ ਦੀ ਖੇਤਰੀ ਇਕਾਈ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਸੀ।

ਤਸਵੀਰ ਸਰੋਤ, Getty Images
ਇਸ ਐਲਾਨ ਤੋਂ ਕੁਝ ਹੀ ਘੰਟਿਆਂ ਬਾਅਦ ਸ਼ੋਪੀਆਂ ਜ਼ਿਲ੍ਹੇ ਵਿੱਚ ਗੋਲੀਬਾਰੀ ਸ਼ੁਰੂ ਹੋ ਗਈ ਸੀ।
ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ, "ਜੰਗਲਾਂ ਵਿੱਚ ਲੁਕੇ ਹੋਏ ਕੱਟੜਪੰਥੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਉਨ੍ਹਾਂ ਦੀ ਘੇਰਾਬੰਦੀ ਕਰ ਲਈ ਪਰ ਕੱਟੜਪੰਥੀ ਭੱਜਣ ਵਿੱਚ ਸਫਲ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਗਈ।"
ਪਾਕਿਸਤਾਨ ਮੂਲ ਦੇ ਕੱਟੜਪੰਥੀ ਕਮਾਂਡਰ ਮੁਸ਼ਤਾਕ ਜ਼ਰਗਰ ਨੇ ਸੀਜ਼ਫਾਇਰ ਦੇ ਪ੍ਰਸਤਾਵ ਨੂੰ ਠੁਕਰਾਉਂਦਿਆਂ ਕਿਹਾ ਸੀ ਕਿ "ਸ਼ਸਤਰ ਸੰਘਰਸ਼ ਹੀ ਇਕਲੌਤਾ ਬਦਲ ਹੈ।"
ਇੱਕ ਸਾਲ ਤੱਕ ਚੱਲੇ ਆਪਰੇਸ਼ਨ ਆਲ ਆਊਟ ਦੌਰਾਨ ਕੱਟੜਪੰਥੀਆਂ ਦੀ ਢਾਲ ਬਣੇ ਦਰਜਨਾਂ ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ।
'ਸੀਜ਼ਫਾਇਰ ਨਾਲ ਮਹਿਬੂਬਾ ਨੂੰ ਰਾਹਤ'
ਰਾਜਨੀਤਕ ਵਿਗਿਆਨ ਵਿੱਚ ਰਿਸਰਚ ਕਰਨ ਵਾਲੇ ਸ਼ੌਕਤ ਕਹਿੰਦੇ ਹਨ, "ਸੀਜ਼ਫਾਇਰ ਦਾ ਇਹ ਐਲਾਨ ਮਹਿਬੂਬਾ ਮੁਫਤੀ ਲਈ ਰਾਹਤ ਲੈ ਕੇ ਆਇਆ ਹੈ ਕਿਉਂਕਿ ਉਨ੍ਹਾਂ ਨੂੰ ਇੱਕ ਅਜਿਹੇ ਕਮਜ਼ੋਰ ਸ਼ਖ਼ਸ ਵਜੋਂ ਦੇਖਿਆ ਜਾ ਰਿਹਾ ਸੀ ਜਿਨ੍ਹਾਂ ਨੂੰ ਦਿੱਲੀ ਬੈਠੀ ਕੇਂਦਰ ਸਰਕਾਰ ਨਜ਼ਰਅੰਦਾਜ਼ ਕਰ ਰਹੀ ਹੈ।"

ਤਸਵੀਰ ਸਰੋਤ, Getty Images
ਹਿੰਸਾ ਪ੍ਰਭਾਵਿਤ ਅਨੰਤਨਾਗ, ਪੁਲਵਾਮਾ, ਸ਼ੌਪੀਆਂ ਅਤੇ ਟ੍ਰਾਲ ਦੇ ਲੋਕ ਇਸ ਫੈਸਲੇ 'ਤੇ ਮਿਲੀ-ਜੁਲੀ ਪ੍ਰਤੀਕਿਰਿਆ ਦੇ ਰਹੇ ਹਨ।
ਸ਼ੋਪੀਆਂ ਦੇ ਇੱਕ ਨੌਜਵਾਨ ਰਾਹਿਲ ਨੇ ਮੁਠਭੇੜ ਵਾਲੀ ਥਾਂ ਹੋ ਰਹੇ ਪ੍ਰਦਰਸ਼ਨਾਂ ਵਿੱਚ ਆਪਣੇ ਭਰਾ ਅਤੇ ਇੱਕ ਰਿਸ਼ਤੇਦਾਰ ਨੂੰ ਗੁਆ ਦਿੱਤਾ ਸੀ।
ਰਾਹਿਲ ਕਹਿੰਦੇ ਹਨ ਕਿ ਉਹ ਸੀਜ਼ਫਾਇਰ ਦੇ ਐਲਾਨ ਤੋਂ ਖੁਸ਼ ਹਨ ਪਰ ਉਨ੍ਹਾਂ ਨੂੰ ਅਤੇ ਕਈ ਲੋਕਾਂ ਨੂੰ ਸਰਕਾਰ ਦੇ ਇਸ ਫੈਸਲੇ 'ਤੇ ਸ਼ੱਕ ਵੀ ਹੈ।
ਉਹ ਕਹਿੰਦੇ ਹਨ, "ਪਰ ਅਸੀਂ ਅਜਿਹੇ ਐਲਾਨਾਂ ਦੇ ਅੰਜ਼ਾਮ ਦੇਖੇ ਹਨ। ਜੇਕਰ ਇਨ੍ਹਾਂ ਨੂੰ ਠੀਕ ਢੰਗ ਨਾਲ ਲਾਗੂ ਕੀਤਾ ਜਾਵੇ ਤਾਂ ਇਸ ਦੇ ਵਧੀਆ ਸਿੱਟੇ ਦੇਖਣ ਨੂੰ ਮਿਲ ਸਕਦੇ ਹਨ।"
ਤ੍ਰਾਲ ਦੇ ਇੱਕ ਕੈਬ ਡਰਾਈਵਰ ਫਾਰੂਕ ਅਹਿਮਦ ਕਹਿੰਦੇ ਹਨ, "ਇੱਕ ਹਮਲਾ ਹੋਵਗਾ ਅਤੇ ਇਹ ਐਲਾਨ ਮੂਧੇ-ਮੂੰਹ ਡਿੱਗੇਗਾ। ਉਹ ਜੰਗਲਾਂ ਵਿੱਚ ਕੱਟੜਪੰਥੀਆਂ ਨੂੰ ਲੱਭ ਰਹੇ ਹਨ।
ਹਰ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਇੱਥੋਂ ਤੱਕ ਕਿ ਅੱਜ ਵੀ ਜਦੋਂ ਸੀਜ਼ਫਾਇਰ ਦੀ ਗੱਲ ਕਹੀ ਗਈ ਤਾਂ ਸ਼ੋਪੀਆਂ ਵਿੱਚ ਕੱਟੜਪੰਥੀਆਂ ਦੇ ਨਾਲ ਮੁਠਭੇੜ ਚੱਲ ਰਹੀ ਸੀ। ਮੈਨੂੰ ਨਹੀਂ ਲਗਦਾ ਕਿ ਇੱਕ ਠੋਸ ਕਦਮ ਸਾਬਿਤ ਹੋਵੇਗਾ।"












