ਮਦਰਸ ਡੇ ਸਪੈਸ਼ਲ: ਬ੍ਰੈਸਟਫੀਡਿੰਗ ਤੋਂ ਇਲਾਵਾ ਇਹ 'ਮਾਂ' ਹਰ ਕੰਮ ਕਰ ਸਕਦੀ ਹੈ

    • ਲੇਖਕ, ਗੁਰਪ੍ਰੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ

''ਬ੍ਰੈਸਟਫੀਡਿੰਗ ਨੂੰ ਛੱਡ ਕੇ ਮੈਂ ਆਪਣੇ ਬੱਚੇ ਲਈ ਹਰ ਉਹ ਚੀਜ਼ ਕਰ ਸਕਦਾ ਹਾਂ ਜਿਹੜੀ ਇੱਕ ਮਾਂ ਕਰਦੀ ਹੈ।''

ਹਰ ਮਾਂ ਦੀ ਤਰ੍ਹਾਂ ਇਹ 'ਮਾਂ' ਵੀ ਆਪਣੇ ਬੱਚੇ ਨੂੰ ਓਨਾ ਹੀ ਪਿਆਰ-ਦੁਲਾਰ ਕਰਦੀ ਹੈ।

ਉਸਦੇ ਲਈ ਖਾਣਾ ਬਣਾਉਂਦੀ ਹੈ, ਉਸ ਨੂੰ ਸਕੂਲ ਲਈ ਤਿਆਰ ਕਰਦੀ ਹੈ, ਉਸ ਨੂੰ ਪੜ੍ਹਾਉਂਦੀ ਹੈ, ਉਸਦੇ ਨਾਲ ਖੇਡਦੀ ਹੈ ਅਤੇ ਉਸ ਨੂੰ ਸੌਣ ਤੋਂ ਪਹਿਲਾਂ ਕਹਾਣੀ ਸੁਣਾਉਂਦੀ ਹੈ।

ਪਰ ਇਹ ਮਾਂ ਕੋਈ ਔਰਤ ਨਹੀਂ ਸਗੋਂ ਆਦਮੀ ਹੈ।

'ਮਦਰਸ ਡੇ' ਦੇ ਮੌਕੇ 'ਤੇ ਇੱਕ ਅਜਿਹੀ 'ਖ਼ਾਸ ਮਾਂ' ਦੀ ਕਹਾਣੀ ਜਿਹੜੀ ਮਾਂ ਅਤੇ ਬਾਪ ਦੋਵਾਂ ਦਾ ਕਿਰਦਾਰ ਨਿਭਾ ਰਹੀ ਹੈ।

ਭਾਵਨਾਵਾਂ ਦਾ ਸਮੁੰਦਰ...

ਦਿੱਲੀ ਵਿੱਚ ਰਹਿਣ ਵਾਲੇ 39 ਸਾਲਾ ਭਾਸਕਰ ਪਾਲਿਤ 6 ਸਾਲ ਦੇ ਈਸ਼ਾਨ ਦਾ ਪਿਤਾ ਵੀ ਹੈ ਅਤੇ ਮਾਂ ਵੀ। 15 ਫਰਵਰੀ 2014 ਨੂੰ ਭਾਸਕਰ ਆਪਣੀ ਪਤਨੀ ਤੋਂ ਵੱਖ ਹੋ ਗਏ ਸੀ।

ਈਸ਼ਾਨ ਦੀ ਉਮਰ ਉਸ ਵੇਲੇ ਸਿਰਫ਼ ਦੋ ਸਾਲ ਸੀ। ਉਦੋਂ ਤੋਂ ਉਸ ਨੂੰ ਭਾਸਕਰ ਹੀ ਸੰਭਾਲ ਰਹੇ ਹਨ।

ਭਾਸਕਰ ਨੇ ਈਸ਼ਾਨ ਦੀ ਮਾਂ ਦਾ ਹਰ ਰੋਲ ਨਿਭਾਇਆ ਹੈ ਜਾਂ ਇਹ ਕਹੀਏ ਕਿ ਈਸ਼ਾਨ ਨੂੰ ਕਦੇ ਮਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।

ਅੱਜ ਈਸ਼ਾਨ ਦੀ ਪੂਰੀ ਦੁਨੀਆਂ ਆਪਣੇ ਬਾਬਾ (ਪਿਤਾ) ਦੇ ਆਲੇ-ਦੁਆਲੇ ਹੀ ਹੈ। ਈਸ਼ਾਨ ਨੂੰ ਜਦੋਂ ਕਿਤੇ ਡਿੱਗਣ 'ਤੇ ਸੱਟ ਲੱਗਦੀ ਹੈ ਤਾਂ ਉਸਦੇ ਮੂੰਹ 'ਚੋਂ ਮਾਂ ਨਹੀਂ ਬਲਕਿ ਬਾਬਾ ਨਿਕਲਦਾ ਹੈ।

ਭਾਸਕਰ ਕਹਿੰਦੇ ਹਨ ਮਾਂ ਭਾਵਨਾਵਾਂ ਦੇ ਸਮੁੰਦਰ ਦਾ ਨਾਮ ਹੈ। ਜਿਹੜਾ ਵੀ ਬੱਚੇ ਨੂੰ ਉਸ ਸਮੁੰਦਰ ਵਿੱਚ ਡੁਬੋ ਦਿੰਦਾ ਹੈ ਉਹ ਉਸਦੀ ਮਾਂ ਬਣ ਜਾਂਦਾ ਹੈ।

ਉਹ ਕਹਿੰਦੇ ਹਨ ਮਾਂ ਦੀ ਮਮਤਾ ਨੂੰ ਜੈਂਡਰ ਦੇ ਢਾਂਚੇ ਵਿੱਚ ਢਾਲ ਕੇ ਨਹੀਂ ਦੇਖਣਾ ਚਾਹੀਦਾ।

ਕਿੰਨੀ ਮੁਸ਼ਕਿਲ ਜ਼ਿੰਮੇਵਾਰੀ?

ਭਾਸਕਰ ਕਹਿੰਦੇ ਹਨ ਜਿਸ ਦਿਨ ਉਨ੍ਹਾਂ ਦਾ ਆਸ਼ੀਆਨਾ ਉੱਜੜਿਆ, ਉਸ ਦਿਨ ਉਨ੍ਹਾਂ ਨੇ ਜ਼ਰੂਰ ਇਹ ਸੋਚਿਆ ਸੀ ਕਿ ਉਹ ਦੋ ਸਾਲ ਦੇ ਬੱਚੇ ਨੂੰ ਇਕੱਲੇ ਕਿਵੇਂ ਸੰਭਾਲਣਗੇ।

ਪਰ ਉਨ੍ਹਾਂ ਨੇ ਜਿਵੇਂ ਹੀ ਆਪਣੀ ਗੋਦੀ ਵਿੱਚ ਬੈਠੇ ਈਸ਼ਾਨ ਨੂੰ ਹੱਸਦੇ ਵੇਖਿਆ, ਉਨ੍ਹਾਂ ਦੀ ਸਾਰੀ ਫ਼ਿਕਰ ਅਤੇ ਤਕਲੀਫ਼ ਦੂਰ ਹੋ ਗਈ।

ਉਸ ਦਿਨ ਤੋਂ ਬਾਅਦ ਮੁੜ ਉਨ੍ਹਾਂ ਦੇ ਦਿਮਾਗ ਵਿੱਚ ਇਹ ਖਿਆਲ ਨਹੀਂ ਆਇਆ।

ਹੁਣ ਜਦੋਂ ਤੁਸੀਂ ਭਾਸਕਰ ਅਤੇ ਈਸ਼ਾਨ ਦੇ ਘਰ 'ਚ ਦਾਖ਼ਲ ਹੁੰਦੇ ਹੋ ਤਾਂ ਤੁਹਾਨੂੰ ਉੱਥੇ ਕਿਸੇ ਔਰਤ ਦੀ ਕਮੀ ਬਿਲਕੁਲ ਨਹੀਂ ਲਗਦੀ।

ਉਨ੍ਹਾਂ ਦੇ ਘਰ ਦੀ ਹਰ ਕੰਧ ਤੁਹਾਡੇ ਕੰਨਾਂ ਵਿੱਚ ਪਿਓ-ਪੁੱਤ ਦੇ ਖ਼ੂਬਸੁਰਤ ਰਿਸ਼ਤੇ ਦੀ ਕਹਾਣੀ ਕਹਿੰਦੀ ਹੈ।

'ਸੋਸ਼ਲ ਲਾਈਫ਼ ਖ਼ਤਮ ਨਹੀਂ ਹੁੰਦੀ'

ਭਾਸਕਰ ਕਹਿੰਦੇ ਹਨ ਇੱਕ ਸਿੰਗਲ ਫਾਦਰ ਬਣਨ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਬਦਲਾਅ ਜ਼ਰੂਰ ਆਏ ਪਰ ਉਨ੍ਹਾਂ ਦੀ ਸੋਸ਼ਲ ਲਾਈਫ਼ ਕਦੇ ਖ਼ਤਮ ਨਹੀਂ ਹੋਈ।

ਉਹ ਅੱਜ ਵੀ ਦੋਸਤਾਂ ਨਾਲ ਸਮਾਂ ਬਤੀਤ ਕਰਦੇ ਹਨ। ਜਦੋਂ ਉਹ ਬਾਹਰ ਹੁੰਦੇ ਹਨ ਤਾਂ ਈਸ਼ਾਨ ਦੀ ਦੇਖ-ਭਾਲ ਰਾਜੂ ਕਰਦੇ ਹਨ। ਰਾਜੂ ਭਾਸਕਰ ਦੇ ਘਰ ਹੈਲਪਰ ਦੇ ਤੌਰ 'ਤੇ ਕੰਮ ਕਰਦੇ ਹਨ।

ਭਾਸਕਰ ਕਹਿੰਦੇ ਹਨ ਕਿ ਉਹ ਈਸ਼ਾਨ ਦੇ ਬਾਬਾ ਹੋਣ ਦੇ ਨਾਲ-ਨਾਲ ਉਸਦੇ ਦੋਸਤ ਵੀ ਹਨ। ਦੋਵੇਂ ਇਕੱਠੇ ਘੁੰਮਣ ਜਾਂਦੇ ਹਨ, ਫ਼ਿਲਮ ਦੇਖਦੇ ਹਨ ਤੇ ਸ਼ੌਪਿੰਗ ਕਰਦੇ ਹਨ।

ਦੋਵੇਂ ਇੱਕ ਦੂਜੇ ਨੂੰ ਸਲਾਹ ਦਿੰਦੇ ਹਨ ਕਿ ਕਿਸ 'ਤੇ ਕਿਹੜਾ ਹੇਅਰ-ਕਟ ਚੰਗਾ ਲੱਗੇਗਾ। ਈਸ਼ਾਨ ਚੈਸ ਖੇਡਦੇ ਹਨ ਤਾਂ ਭਾਸਕਰ ਉਸ ਨੂੰ ਕੰਪਨੀ ਦਿੰਦੇ ਹਨ।

ਭਾਸਕਰ ਨੇ ਆਪਣੀ 15 ਸਾਲ ਦੀ ਸਿਗਰੇਟ ਪੀਣ ਦੀ ਆਦਤ ਈਸ਼ਾਨ ਦੇ ਕਹਿਣ 'ਤੇ ਇੱਕ ਝਟਕੇ ਵਿੱਚ ਛੱਡ ਦਿੱਤੀ।

ਭਾਸਕਰ ਈਸ਼ਾਨ ਨੂੰ ਮਾਂ ਦੀ ਤਰ੍ਹਾਂ ਦੁਲਾਰਦੇ ਹਨ ਅਤੇ ਲੋੜ ਪੈਣ 'ਤੇ ਥੋੜ੍ਹਾ-ਬਹੁਤ ਝਿੜਕਦੇ ਵੀ ਹਨ।

'ਸਮਾਜ ਨੇ ਸਟੀਰੀਓਟਾਈਪ ਬਣਾ ਦਿੱਤਾ ਮਰਦ-ਔਰਤ ਦਾ ਰੋਲ'

ਭਾਸਕਰ ਕਹਿੰਦੇ ਹਨ,''ਸਾਡੇ ਸਮਾਜ ਨੇ ਮਰਦ ਅਤੇ ਔਰਤ ਦੇ ਰੋਲ ਨੂੰ ਸਟੀਰੀਓਟਾਈਪ ਬਣਾ ਦਿੱਤਾ ਹੈ ਕਿ ਇੱਕ ਔਰਤ ਨੂੰ ਰਸੋਈ ਵਿੱਚ ਤੇ ਮਰਦ ਨੂੰ ਬਾਹਰ ਹੋਣਾ ਚਾਹੀਦਾ ਹੈ।''

''ਨਾਲ ਹੀ ਔਰਤਾਂ ਬੱਚਾ ਸੰਭਾਲਣਗੀਆਂ, ਸਾਨੂੰ ਅਜਿਹੀ ਸੋਚ ਬਦਲਣ ਦੀ ਲੋੜ ਹੈ।''

ਉਹ ਕਹਿੰਦੇ ਹਨ ਕਿ ਈਸ਼ਾਨ ਉਨ੍ਹਾਂ ਨੂੰ ਘਰ ਦੇ ਕੰਮ ਕਰਦੇ ਹੋਏ, ਉਸ ਨੂੰ ਸੰਭਾਲਦੇ ਹੋਏ, ਖਾਣੇ ਦਾ ਮੈਨਿਊ ਡਿਜ਼ਾਈਡ ਕਰਦੇ ਹੋਏ ਦੇਖਦਾ ਹੈ।

ਉਨ੍ਹਾਂ ਨੂੰ ਉਮੀਦ ਹੈ ਕਿ ਈਸ਼ਾਨ ਦੇ ਵੱਡੇ ਹੋਣ ਤੋਂ ਬਾਅਦ ਉਸ 'ਤੇ ਇਨ੍ਹਾਂ ਗੱਲਾਂ ਦਾ ਅਸਰ ਰਹੇਗਾ ਅਤੇ ਉਹ ਜੈਂਡਰ ਆਧਾਰ 'ਤੇ ਚੀਜ਼ਾਂ ਨੂੰ ਸੀਟੀਰੀਓਟਾਈਪ ਨਹੀਂ ਕਰੇਗਾ।

ਬਾਬਾ ਦੇ ਹੱਥ ਦਾ ਖਾਣਾ

ਭਾਸਕਰ ਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ। ਉਹ ਈਸ਼ਾਨ ਨੂੰ ਕਈ ਤਰ੍ਹਾਂ ਦੇ ਖਾਣੇ ਬਣਾ ਕੇ ਖਵਾਉਂਦੇ ਹਨ।

ਉਹ ਕਹਿੰਦੇ ਹਨ ਮਾਂ ਦੇ ਹੱਥ ਦਾ ਖਾਣਾ ਤਾਂ ਸਾਰੇ ਖਾਂਦੇ ਹਨ, ਕੋਈ ਤਾਂ ਪਿਤਾ ਦੇ ਹੱਥ ਦਾ ਖਾਣਾ ਖਾਵੇ।

ਭਾਸਕਰ ਕਹਿੰਦੇ ਹਨ ਮੈਨੂੰ ਨਹੀਂ ਲਗਦਾ ਕਿ ਜਦੋਂ ਕੋਈ ਪਿਤਾ ਆਪਣੇ ਬੱਚੇ ਨੂੰ ਛਾਤੀ ਨਾਲ ਲਗਾ ਕੇ ਕੁਝ ਕਹਿੰਦਾ ਹੈ ਤਾਂ ਉਹ ਮਾਂ ਦੀ ਮਮਤਾ ਤੋਂ ਘੱਟ ਹੁੰਦਾ ਹੈ, ਸਿਰਫ਼ ਅਸੀਂ ਉਸ ਨੂੰ 'ਬਾਪਤਾ' ਜਾਂ ਕੁਝ ਹੋਰ ਨਾਮ ਨਹੀਂ ਦਿੱਤਾ ਹੈ।

ਭਾਸਕਰ ਕਹਿੰਦੇ ਹਨ, ''ਮੈਂ ਚਾਹੁੰਦਾ ਹਾਂ ਕਿ ਮਦਰਸ ਡੇ ਅਤੇ ਫਾਦਰਸ ਡੇ ਦਾ ਕੰਸੈਪਟ ਇੱਕ ਦਿਨ ਖ਼ਤਮ ਹੋ ਜਾਵੇ। ਅਸੀਂ ਜੈਂਡਰ ਸਟੀਰੀਓਟਾਈਪਿੰਗ ਤੋਂ ਉੱਪਰ ਉੱਠੀਏ। ਕੁਝ ਮਨਾਉਣਾ ਹੀ ਹੈ ਤਾਂ ਪੇਰੈਂਟਸ ਡੇ ਜਾਂ ਫਿਰ ਫ੍ਰੈਂਡਸ ਡੇ ਮਨਾਈਏ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)