ਕਰਨਾਟਕ ਐਗਜ਼ਿਟ ਪੋਲ: ਤਿੰਨ 'ਚ ਭਾਜਪਾ, ਦੋ ਵਿੱਚ ਕਾਂਗਰਸ ਅੱਗੇ

ਤਸਵੀਰ ਸਰੋਤ, EPA
ਕਰਨਾਟਕ ਦੀ ਵਿਧਾਨ ਸਭਾ ਦਾ ਕਾਰਜ ਕਾਲ 28 ਮਈ ਨੂੰ ਖ਼ਤਮ ਹੋਣ ਵਾਲਾ ਹੈ। ਉੱਥੇ 224 ਵਿੱਚੋਂ 222 ਸੀਟਾਂ ਲਈ ਚੋਣਾਂ ਕਰਵਾਈਆਂ ਜਾ ਰਹੀਆਂ ਹਨ।
ਕਰਨਾਟਕ ਵਿਧਾਨਸਭਾ ਚੋਣਾਂ ਲਈ ਅੱਜ ਵੋਟਾਂ ਪੈ ਗਈਆਂ। ਵੋਟਾਂ ਪੈਣ ਮਗਰੋਂ ਵੱਖ-ਵੱਖ ਐਗਜ਼ਿਟ ਪੋਲ ਵੀ ਆਏ। ਇਨ੍ਹਾਂ ਪੰਜ ਐਗਜ਼ਿਟ ਪੋਲ ਵਿੱਚੋਂ 4 ਭਾਜਪਾ ਦੇ ਪੱਖ ਵਿੱਚ ਆਏ।
ਹਾਲਾਂਕਿ ਐਗਜ਼ਿਟ ਪੋਲਾਂ ਮੁਤਾਬਕ ਬੀਜੇਪੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰ ਰਹੀ ਹੈ ਪਰ ਬਹੁਮਤ ਦੇ ਨੇੜੇ ਨਹੀਂ ਹੈ।
ਇੱਕ ਐਗਜ਼ਿਟ ਪੋਲ ਦੇ ਮੁਤਾਬਕ ਕਾਂਗਰਸ ਨੂੰ ਬਹੁਮਤ ਮਿਲਦਾ ਦਿਖਾਈ ਦੇ ਰਿਹਾ ਹੈ।
ਕਰਨਾਟਕ ਵਿੱਚ 5 ਕਰੋੜ 7 ਲੱਖ ਵੋਟਰ ਹਨ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 2,622 ਉਮੀਦਵਾਰਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 217 ਔਰਤਾਂ ਹਨ।
ਚੋਣ ਕਮਿਸ਼ਨ ਮੁਤਾਬਕ ਕਰਨਾਟਕ ਵਿੱਚ ਅੱਜ 70 ਫੀਸਦ ਵੋਟਿੰਗ ਹੋਈ। ਪਿਛਲੀ ਵਾਰ ਇਹ ਅੰਕੜਾ 71 ਫੀਸਦ ਸੀ। ਕਮਿਸ਼ਨ ਮੁਤਾਬਕ ਇਹ ਫੀਸਦ ਸ਼ਹਿਰਾਂ ਦੇ ਮੁਕਾਬਲੇ ਪਿੰਡਾਂ ਵਿੱਚ ਜ਼ਿਆਦਾ ਵਧੀਆ ਰਿਹਾ।
ਦੋ ਸੀਟਾਂ 'ਤੇ ਨਹੀਂ ਹੋਈਆਂ ਚੋਣਾਂ
ਕਰਨਾਟਕ ਦੀਆਂ ਕੁੱਲ 224 ਸੀਟਾਂ ਹਨ ਜਿਨ੍ਹਾਂ ਵਿੱਚੋਂ ਦੋ ਲਈ ਇਸ ਵਾਰ ਵੋਟਾਂ ਨਹੀਂ ਪਈਆਂ। ਲੰਘੇ ਸ਼ੁੱਕਰਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਜੈਨਗਰ ਸੀਟ ਤੋਂ ਭਾਜਪਾ ਉਮੀਦਵਾਰ ਬੀ.ਐੱਨ ਵਿਜੇ ਕੁਮਾਰ ਦੀ ਮੌਤ ਹੋ ਗਈ ਸੀ ਅਤੇ ਇਸੇ ਕਾਰਨ ਇੱਥੇ ਬਾਅਦ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ।
ਆਰ ਆਰ ਨਗਰ ਹਲਕੇ ਵਿੱਚ ਜਾਅਲੀ ਵੋਟਰ ਪਛਾਣ ਪੱਤਰ ਮਿਲਣ ਦੀ ਘਟਨਾ ਕਰਕੇ ਚੋਣ ਕਮਿਸ਼ਨ ਨੇ ਫ਼ਿਲਹਾਲ ਰੱਦ ਕਰ ਦਿੱਤੇ ਹਨ।
ਚੋਣ ਕਮਿਸ਼ਨ ਨੇ ਦੱਸਿਆ ਕਿ ਉੱਥੇ 28 ਤਰੀਕ ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ 31 ਮਈ ਨੂੰ ਹੋਵੇਗੀ। ਜੈ ਨਗਰ ਸੀਟ ਲਈ ਕਰੀਕ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

ਆਜ਼ਾਦੀ ਤੋਂ ਬਾਅਦ 1983 ਤੱਕ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ। ਹਾਲਾਂਕਿ ਕੁਝ ਦੇਰ ਲਈ ਇੱਥੇ ਜਨਤਾ ਪਾਰਟੀ ਅਤੇ ਬਾਅਦ ਵਿੱਚ ਜਨਤਾ ਦਲ ਨੇ ਵੀ ਸੱਤਾ ਸੰਭਾਲੀ।
ਸਾਲ 2007 ਵਿੱਚ 7 ਦਿਨਾਂ ਲਈ ਅਤੇ ਫੇਰ 2008 ਤੋਂ 2013 ਤੱਕ ਇੱਥੇ ਭਾਜਪਾ ਦੀ ਸਰਕਾਰ ਰਹੀ।
ਕਰਨਾਟਕ ਵਿੱਚ ਕਾਂਗਰਸ, ਭਾਜਪਾ, ਜਨਤਾ ਦਲ ਸੈਕਿਊਲਰ (ਜੇਡੀਐਸ) ਦੇ ਦਰਮਿਆਨ ਤਕੜਾ ਮੁਕਾਬਲਾ ਹੈ। ਜਿੱਥੇ ਕਾਂਗਰਸ ਸਿੱਧਰਮਈਆ ਦੀ ਸਰਕਾਰ ਮੁੜ ਬਣਾਉਣ ਲਈ ਲੜ ਰਹੀ ਹੈ ਉੱਥੇ ਹੀ ਭਾਜਪਾ ਸਰਕਾਰ ਬਦਲਣ ਲਈ ਲੜ ਰਹੀ ਹੈ।












