ਭੀਮਾ ਕੋਰੇਗਾਂਵ: 'ਪੂਜਾ ਨੇ ਖ਼ੁਦਕੁਸ਼ੀ ਨਹੀਂ ਕੀਤੀ, ਉਸ ਦਾ ਕਤਲ ਹੋਇਆ ਹੈ'

ਤਸਵੀਰ ਸਰੋਤ, SAGAR KASAR
- ਲੇਖਕ, ਸਾਗਰ ਕੇਸਰ/ਨਿਰੰਜਨ ਛਨਵਾਲ
- ਰੋਲ, ਬੀਬੀਸੀ ਮਰਾਠੀ
''ਪੂਜਾ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ, ਉਸਨੇ 10ਵੀਂ 65 ਫੀਸਦੀ ਨੰਬਰਾਂ ਨਾਲ ਪਾਸ ਕੀਤੀ ਸੀ ਅਤੇ ਹਾਲ ਹੀ 'ਚ ਉਸ ਨੇ ਆਰਟਸ ਸ਼ਾਖਾ ਤੋਂ ਇਮਤਿਹਾਨ ਵੀ ਪਾਸ ਕੀਤਾ ਸੀ। ਉਹ ਸਰਕਾਰੀ ਨੌਕਰੀ ਕਰਨਾ ਚਾਹੁੰਦੀ ਸੀ।''
ਇਹ ਗੱਲਾਂ ਪੂਜਾ ਦੇ ਰਿਸ਼ਤੇਦਾਰ ਦਿਲੀਪ ਨੇ ਕਹੀਆਂ।
1 ਜਨਵਰੀ 2018 ਨੂੰ ਪੂਣੇ ਨੇੜੇ ਭੀਮਾ ਕੋਰੇਗਾਂਵ ਵਿੱਚ ਹੋਈ ਹਿੰਸਾ ਦੀ ਪੂਜਾ ਗਵਾਹ ਸੀ।
ਐਤਵਾਰ ਨੂੰ ਉਸ ਦੀ ਦੇਹ ਨੇੜਲੇ ਖੂਹ ਵਿੱਚੋਂ ਮਿਲੀ।

ਤਸਵੀਰ ਸਰੋਤ, Sagar Kasar
ਹਿੰਸਾ ਵਾਲੇ ਦਿਨ ਥਾਨੇ ਦੇ ਵਡਗਾਓਂ ਵਾਸੀ ਸੇਜ ਸੁਕ ਦੇ ਘਰ 'ਤੇ ਕਹਿਰ ਢਾਹਿਆ ਗਿਆ ਸੀ।
ਜਦੋਂ ਉਸ ਦਾ ਘਰ ਸੜ ਰਿਹਾ ਸੀ ਤਾਂ ਸੁਰੇਸ਼ ਸਾਕੇਤ ਦੀ ਧੀ ਪੂਜਾ ਅਤੇ ਪੁੱਤਰ ਜੈਦੀਪ ਉੱਥੇ ਮੌਜੂਦ ਸਨ।
ਪੂਜਾ ਅਤੇ ਉਸ ਦੇ ਭਰਾ ਜੈਦੀਪ ਨੇ ਆਪਣੀਆਂ ਅੱਖਾਂ ਨਾਲ ਇਹ ਤਬਾਹੀ ਹੁੰਦੇ ਦੇਖੀ ਅਤੇ ਇਸ ਕਰਕੇ ਹੀ ਭੀੜ ਵੱਲੋਂ ਉਨ੍ਹਾਂ ਨੂੰ ਕੁੱਟਿਆ ਵੀ ਗਿਆ।
ਇਹ ਹੀ ਨਹੀਂ ਦੋਹਾਂ ਬੱਚਿਆਂ ਖ਼ਿਲਾਫ਼ ਸ਼ਿਕਾਰਪੁਰ ਪੁਲਿਸ ਥਾਣੇ 'ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।
ਦਿਲੀਪ ਨੇ ਕਿਹਾ, ''ਉਦੋਂ ਤੋਂ ਹੀ ਇਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ।''
ਪਰ ਉਹ ਵਾਪਸ ਨਹੀਂ ਪਰਤੀ
ਦਿਲੀਪ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ, ''ਪੂਜਾ ਨੇ ਸ਼ਨੀਵਾਰ ਨੂੰ ਸਾਰੇ ਪਰਿਵਾਰ ਨਾਲ ਗੱਲਾਂ ਕੀਤੀਆਂ ਅਤੇ ਦੁਪਹਿਰ ਸਮੇਂ ਉਹ ਘਰੋਂ ਬਾਹਰ ਘੁੰਮਣ ਲਈ ਗਈ, ਪਰ ਵਾਪਸ ਨਹੀਂ ਪਰਤੀ।''

ਤਸਵੀਰ ਸਰੋਤ, SAGAR KASAR
ਦਿਲੀਪ ਨੇ ਇਸ ਬਾਬਤ ਉਸ ਦੀ ਭਾਲ ਵੀ ਕੀਤੀ ਤੇ ਪੁਲਿਸ 'ਚ ਸ਼ਿਕਾਇਤ ਵੀ ਲਿਖਾਈ, ਪਰ ਪੂਜਾ ਨਾ ਮਿਲੀ।
ਐਤਵਾਰ ਦੀ ਸਵੇਰ ਇਲਾਕੇ ਦੇ ਇੱਕ ਖੂਹ ਵਿੱਚੋਂ ਪੂਜਾ ਦੀ ਲਾਸ਼ ਮਿਲੀ।
ਦਿਲੀਪ ਨੇ ਕਿਹਾ, ''ਕਿਉਂਕਿ ਪੂਜਾ ਕੋਰੇਗਾਂਵ ਹਿੰਸਾ ਮਾਮਲੇ 'ਚ ਗਵਾਹ ਸੀ, ਇਸ ਲਈ ਉਸ ਨੂੰ ਮਾਰ ਕੇ ਖੂਹ ਵਿੱਚ ਸੁੱਟ ਦਿੱਤਾ ਗਿਆ, ਉਸ ਨੇ ਖੁਦਕੁਸ਼ੀ ਨਹੀਂ ਕੀਤੀ।''
ਸਰਕਾਰੀ ਨੌਕਰੀ ਸੀ ਸੁਪਨਾ
ਪੂਜਾ ਨੂੰ ਯਾਦ ਕਰਦਿਆਂ ਰੋਂਦੇ ਹੋਏ ਦਿਲੀਪ ਨੇ ਦੱਸਿਆ, ''ਉਹ ਖੁਸ਼ਮਿਜਾਜ਼ ਕੁੜੀ ਸੀ ਅਤੇ ਉਸ ਦਾ ਸੁਪਨਾ ਸਰਕਾਰੀ ਨੌਕਰੀ ਕਰਨਾ ਸੀ।''
ਪੂਜਾ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਸੁਰੇਸ਼ ਸਾਕਟ ਨੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਉਧਰ ਪੂਣੇ ਦਿਹਾਤੀ ਦੇ ਪੁਲਿਸ ਅਫ਼ਸਰ ਸੁਵੇਜ਼ ਹੱਕ ਨੇ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਚੱਲ ਰਹੀ ਹੈ ਅਤੇ ਪੁਲਿਸ ਨੇ ਦਸ ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਕੀ ਸੀ ਭੀਮਾ ਕੋਰੇਗਾਂਵ ਹਿੰਸਾ ਮਾਮਲਾ?
ਹਰ ਸਾਲ ਵੱਡੀ ਗਿਣਤੀ ਵਿੱਚ ਦਲਿਤ ਭੀਮਾ ਕੋਰੇਗਾਂਵ ਵਿੱਚ ਇਕੱਠੇ ਹੁੰਦੇ ਹਨ ਤੇ 1817 ਵਿੱਚ ਪੇਸ਼ਵਾ ਫੌਜ ਦੇ ਖਿਲਾਫ਼ ਲੜਦੇ ਹੋਏ ਮਾਰੇ ਗਏ ਦਲਿਤਾਂ ਨੂੰ ਸ਼ਰਧਾਂਜਲੀ ਦਿੰਦੇ ਹਨ।

ਇਸ ਸਾਲ ਜੰਗ ਦੀ 200ਵੀਂ ਵਰ੍ਹੇਗੰਢ ਹੋਣ ਕਰਕੇ ਵੱਡੇ ਪੱਧਰ ਉੱਤੇ ਸ਼ਰਧਾਂਜਲੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਸੀ।
ਖ਼ਬਰਾਂ ਸਨ ਕਿ ਭਗਵੇਂ ਰੰਗ ਦੇ ਝੰਡੇ ਫੜ੍ਹੇ ਹੋਏ ਕਾਰਕੁੰਨਾਂ (ਸਮਸਤ ਹਿੰਦੂ ਅਗਾਧੀ) ਨੇ ਹਿੰਸਾ ਦੀ ਸ਼ੁਰੂਆਤ ਕੀਤੀ।
ਇਸ ਦੌਰਾਨ ਇੱਕ ਸ਼ਖ਼ਸ ਦੀ ਮੌਤ ਵੀ ਹੋ ਗਈ ਅਤੇ ਕਈ ਗੱਡੀਆਂ ਸਾੜੀਆਂ ਗਈਆਂ ਸਨ।












