You’re viewing a text-only version of this website that uses less data. View the main version of the website including all images and videos.
ਵਿਦੇਸ਼ 'ਚ ਭਾਰਤ ਦਾ ਮਾਣ ਰੱਖਣ ਵਾਲੀਆਂ ਸੁਪਰਗਰਲਜ਼ ਨੂੰ ਹੋਰ ਕਰੀਬ ਤੋਂ ਜਾਣੋ
- ਲੇਖਕ, ਵੰਦਨਾ
- ਰੋਲ, ਟੀਵੀ ਐਡਿਟਰ, ਭਾਰਤੀ ਭਾਸ਼ਾਵਾਂ
5 ਫੁੱਟ, 11 ਇੰਚ ਦੀ ਪੀਵੀ ਸਿੰਧੂ ਹੋਵੇ ਜਾਂ 4 ਫੁੱਟ 11 ਇੰਚ ਦੀ ਚੈਂਪੀਅਨ ਮੀਰਾਬਾਈ, ਭਾਰਤ ਦੀਆਂ ਮਹਿਲਾ ਖਿਡਾਰਣਾਂ ਨੇ ਓਲਪਿੰਕ ਦੀ ਤਰ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਵੀ ਭਾਰਤ ਦਾ ਖ਼ੂਬ ਮਾਣ ਰੱਖਿਆ।
ਕਠੂਆ ਵਿੱਚ ਹੋਈ ਘਟਨਾ ਹੋਵੇ ਜਾਂ ਉਨਾਓ - ਪਿਛਲੇ ਕੁਝ ਦਿਨਾਂ ਤੋਂ ਹਰ ਥਾਂ ਇਨ੍ਹਾਂ ਨਾਵਾਂ ਦੀ ਹੀ ਚਰਚਾ ਹੈ। ਅੱਠ ਸਾਲ ਦੀ ਘੁੜਸਵਾਰੀ ਕਰਨ ਵਾਲੀ ਉਹ ਬੱਚੀ ਜਿਸਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ.. ਪਤਾ ਨਹੀਂ ਉਨ੍ਹਾਂ ਨੰਨੀਆਂ ਅੱਖਾਂ ਵਿੱਚ ਕੀ ਬਣਨ ਦਾ ਸੁਪਨਾ ਹੋਵੇਗਾ।
ਇੱਕ ਪਾਸੇ ਜਿੱਥੇ ਦੇਸ ਭਰ ਵਿੱਚ ਔਰਤਾਂ ਦੇ ਹਾਲਾਤ ਨੂੰ ਲੈ ਕੇ ਮਾਹੌਲ ਗ਼ਮਗ਼ੀਨ ਬਣਿਆ ਹੋਇਆ ਹੈ ਉੱਥੇ ਹੀ ਹਜ਼ਾਰਾਂ ਮੀਲ ਦੂਰ ਆਸਟਰੇਲੀਆਂ ਵਿੱਚ ਕਾਮਨਵੈਲਥ ਖੇਡਾਂ ਵਿੱਚ ਆਪਣੇ ਬਿਹਤਰ ਪ੍ਰਦਰਸ਼ਨ ਨਾਲ ਭਾਰਤੀ ਖਿਡਾਰਣਾਂ ਨੂੰ ਦੇਖ ਕੇ ਆਸ ਦੀ ਕਿਰਨ ਜ਼ਰੂਰ ਵਿਖਾਈ ਦਿੰਦੀ ਹੈ।
ਇੱਕ ਪਾਸੇ ਜਿੱਥੇ 16 ਸਾਲਾ ਸ਼ੂਟਰ ਮਨੂ ਭਾਕਰ ਨੇ ਆਪਣੀਆਂ ਪਹਿਲੀਆਂ ਹੀ ਰਾਸ਼ਟਰਮੰਡਲ ਖੇਡਾਂ ਵਿੱਚ 10 ਮੀਟਰ ਏਅਰ ਪਿਸਟ ਵਿੱਚ ਗੋਲਡ ਜਿੱਤਿਆ। ਉੱਥੇ ਹੀ ਲਗਭਗ ਉਸ ਤੋਂ ਦੁਗਣੀ ਉਮਰ ਦੀ ਬਾਕਸਰ ਮੈਰੀ ਕੌਮ ਨੇ 35 ਸਾਲ ਦੀ ਉਮਰ ਵਿੱਚ ਗੋਲਡ ਕੋਸਟ ਵਿੱਚ ਪਹਿਲਾਂ ਕਾਮਨਵੈਲਥ ਮੈਡਲ ਜਿੱਤਿਆ।
ਬਚਪਨ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਇੱਕ ਗੀਤ ਬਹੁਤ ਸੁਣਿਆ ਜਾਂਦਾ ਸੀ-''ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕੀ ਰੱਖਿਆ।'' ਮਤਲਬ ਦਿਲ ਜਵਾਨ ਹੋਣਾ ਚਾਹੀਦਾ ਹੈ ਉਮਰ ਵਿੱਚ ਕੀ ਰੱਖਿਆ।
ਹੁਣ ਸੋਚ ਕੇ ਲਗਦਾ ਹੈ ਕਿ ਜਿਵੇਂ ਇਹ ਬੋਲ ਮੈਰੀ ਕੌਮ ਲਈ ਲਿਖੇ ਗਏ ਹੋਣ।
ਆਸਟਰੇਲੀਆ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਭਾਰਤ ਨੇ ਕੁੱਲ 66 ਮੈਡਲ ਜਿੱਤੇ ਜਿਸ ਵਿੱਚ 26 ਗੋਲਡ ਮੈਡਲ ਹਨ।
ਜੇਕਰ ਔਰਤਾਂ ਦੀ ਅੱਧੀ ਆਬਾਦੀ ਹੈ ਤਾਂ ਤਗਮਿਆਂ ਵਿੱਚ ਵੀ ਲਗਭਗ ਅੱਧੇ ਮਹਿਲਾਵਾਂ ਨੇ ਹੀ ਜਿਤਵਾਏ ਹਨ- 13 ਗੋਲਡ ਪੁਰਸ਼ਾਂ ਨੇ, 12 ਗੋਲਡ ਮਹਿਲਾਵਾਂ ਨੇ ਅਤੇ ਇੱਕ ਗੋਲਡ ਮਿਕਸ ਵਰਗ ਨੇ।
40 ਕਿਲੋਮੀਟਰ ਦੀ ਸਾਈਕਲ ਦੌੜ
ਮਣੀਪੁਰ ਤੋਂ ਲੈ ਕੇ ਵਾਰਾਣਸੀ ਦੀਆਂ ਗਲੀਆਂ ਅਤੇ ਝੱਜਰ ਦੇ ਪਿੰਡ ਤੱਕ ਤੋਂ ਆਉਣ ਵਾਲੀਆਂ ਇਨ੍ਹਾਂ ਖਿਡਾਰਣਾਂ ਦੇ ਸੰਘਰਸ਼ ਦੀ ਆਪੋ-ਆਪਣੀ ਕਹਾਣੀ ਹੈ।
ਕੋਈ ਗ਼ਰੀਬੀ ਦੀ ਲਕੀਰ ਨੂੰ ਪਾਰ ਕਰਕੇ ਇੱਥੋਂ ਤੱਕ ਪਹੁੰਚੀ ਹੈ ਤਾਂ ਕੋਈ ਆਪਣੇ ਬਲਬੂਤੇ 'ਤੇ ਦੁਨੀਆਂ ਦੀ ਸੋਚ ਨੂੰ ਪਰੇ ਰੱਖਦੇ ਹੋਏ।
ਗੋਲਡ ਕੋਸਟ ਵਿੱਚ ਪਹਿਲੇ ਹੀ ਦਿਨ ਭਾਰਤ ਨੂੰ ਪਹਿਲਾ ਮੈਡਲ ਦਵਾਉਣ ਵਾਲੀ ਵੇਟਲਿਫ਼ਟਰ ਮੀਰਾਬਾਈ ਚਾਨੂੰ ਰੋਜ਼ਾਨਾ 40 ਕਿੱਲੋਮੀਟਰ ਸਾਈਕਲ ਚਲਾ ਕੇ ਟ੍ਰੇਨਿੰਗ 'ਤੇ ਪਹੁੰਚਦੀ ਸੀ। ਲੋਹੇ ਦੇ ਬਾਰ ਨਹੀਂ ਮਿਲਦੇ ਸੀ ਤਾਂ ਬਾਂਸ ਦੇ ਬਾਰ ਨਾਲ ਹੀ ਅਭਿਆਸ ਕਰਦੀ ਸੀ।
ਉੱਥੇ ਹੀ ਮਣੀਪੁਰ ਦੇ ਇੱਕ ਗ਼ਰੀਬ ਪਰਿਵਾਰ ਵਿੱਚ ਜੰਮੀ ਮੈਰੀ ਕੌਮ ਨੇ ਜਦੋਂ ਬਾਕਸਰ ਬਣਨ ਦਾ ਟੀਚਾ ਮਿੱਥਿਆ ਤਾਂ ਮੁੰਡੇ ਅਕਸਕ ਉਨ੍ਹਾਂ 'ਤੇ ਹੱਸਦੇ ਸੀ-ਮਹਿਲਾ ਬੌਕਸਰ ਵਰਗਾ ਸ਼ਬਦ ਸ਼ਾਇਦ ਉਨ੍ਹਾਂ ਦੀ ਡਿਕਸ਼ਨਰੀ ਵਿੱਚ ਨਹੀਂ ਸੀ।
ਖ਼ੁਦ ਉਨ੍ਹਾਂ ਦੇ ਮਾ-ਬਾਪ ਨੂੰ ਚਿੰਤਾ ਸੀ ਕਿ ਬੌਕਸਿੰਗ ਕਰਦੇ ਹੋਏ ਕਿਤੇ ਅੱਖ-ਕੰਨ ਫੱਟੜ ਹੋ ਗਿਆ ਤਾਂ ਵਿਆਹ ਕਿਵੇਂ ਹੋਵੇਗਾ।
ਮਣੀਪੁਰ ਤੋਂ ਆਉਣ ਵਾਲੀ ਮੈਰੀ ਕੌਮ ਅਤੇ ਸਰਿਤਾ ਦੇਵੀ ਵਰਗੀਆਂ ਬੌਕਸਰਾਂ ਨੇ ਜਿੱਥੇ ਸਾਲਾਂ ਤੋਂ ਆਪਣੇ ਹਿੱਸੇ ਦੀ ਲੜਾਈ ਲੜੀ ਹੈ, ਉੱਥੇ ਹੀ ਹਰਿਆਣਾ ਦੇ ਪਿੰਡ-ਮੋਹੱਲੇ ਵਿੱਚ ਵੱਖਰਾ ਹੀ ਦੰਗਲ ਜਾਰੀ ਸੀ। ਟੀ-ਸ਼ਰਟ ਅਤੇ ਸ਼ੌਰਟਸ ਪਾ ਕੇ ਮਰਦਾਂ ਦੀ ਖੇਡ ਪਹਿਲਵਾਨੀ ਕਰਦੀਆਂ ਕੁੜੀਆਂ।
ਤਾਂਬੇ ਦਾ ਮੈਡਲ ਜਿੱਤਣ ਵਾਲੀ 19 ਸਾਲਾ ਦਿਵਿਆ ਕਾਕਰਨ ਤਾਂ ਬਚਪਨ ਵਿੱਚ ਪਿੰਡ-ਪਿੰਡ ਜਾ ਕੇ ਮੁੰਡਿਆਂ ਨਾਲ ਦੰਗਲ ਕਰਦੀ ਸੀ ਕਿਉਂਕਿ ਮੁੰਡਿਆ ਨਾਲ ਲੜਨ ਦੇ ਉਸ ਨੂੰ ਵੱਧ ਪੈਸੇ ਮਿਲਦੇ ਸੀ। ਬਦਲੇ ਵਿੱਚ ਪਿੰਡ ਵਾਲਿਆਂ ਦੇ ਮੇਣੇ ਜ਼ਰੂਰ ਸੁਣਨੇ ਪੈਂਦੇ ਸੀ ਪਰ ਦਿਵਿਆ ਨੂੰ ਮਿਲਣ ਵਾਲੇ ਸੋਨੇ ਅਤੇ ਤਾਂਬੇ ਦੇ ਤਗਮਿਆਂ ਨੇ ਹੁਣ ਉਨ੍ਹਾਂ ਦੇ ਮੂੰਹ ਬੰਦ ਕਰ ਦਿੱਤੇ ਹਨ।
ਫੋਗਾਟ ਭੈਣਾਂ ਤੋਂ ਹੁੰਦੇ ਹੋਏ ਇਹ ਸਫ਼ਰ ਸਾਕਸ਼ੀ ਮਲਿਕ ਤੱਕ ਨੇ ਤੈਅ ਕੀਤਾ ਹੈ। ਇੱਕ ਇੰਟਰਵਿਊ ਵਿੱਚ ਸਾਕਸ਼ੀ ਮਲਿਕ ਦੱਸਦੀ ਹੈ ਜਦੋਂ ਉਨ੍ਹਾਂ ਨੇ ਕੁਸ਼ਤੀ ਸ਼ੁਰੂ ਕੀਤੀ ਤਾਂ ਮੁਕਾਬਲਿਆਂ ਵਿੱਚ ਖੇਡਣ ਲਈ ਉਨ੍ਹਾਂ ਨਾਲ ਕੁੜੀਆਂ ਹੀ ਨਹੀਂ ਹੁੰਦੀਆਂ ਸੀ।
ਮੈਡਲ ਨਹੀਂ ਉਮੀਦਾਂ ਦਾ ਭਾਰ
ਉੱਥੇ ਹੀ ਵਾਰਾਣਸੀ ਦੀ ਪੂਨਮ ਯਾਦਵ ਨੇ ਜਦੋਂ 69 ਕਿਲੋਗ੍ਰਾਮ ਵਰਗ ਵਿੱਚ 222 ਕਿਲੋਗ੍ਰਾਮ ਚੁੱਕ ਕੇ ਕਾਮਨਵੈਲਥ ਵਿੱਚ ਗੋਲਡ ਮੈਡਲ ਜਿੱਤਿਆ ਤਾਂ ਉਹ ਇੱਕ ਤਰ੍ਹਾਂ ਨਾਲ ਆਪਣੇ ਪੂਰੇ ਪਰਿਵਾਰ ਦੀਆਂ ਉਮੀਦਾਂ ਦਾ ਭਾਰ ਆਪਣੇ ਮੋਢਿਆਂ 'ਤੇ ਲੈ ਕੇ ਚੱਲ ਰਹੀ ਸੀ।
ਤਿੰਨ ਭੈਣਾਂ, ਤਿੰਨੇ ਵੇਟਲਿਫਟਰ ਬਣਨਾ ਚਾਹੁੰਦੀਆਂ ਸੀ ਪਰ ਪਿਤਾ ਦੀ ਜੇਬ ਇੱਕ ਹੀ ਧੀ ਦਾ ਖ਼ਰਚਾ ਚੁੱਕਣ ਦੀ ਇਜਾਜ਼ਤ ਦਿੰਦੀ ਸੀ।
22 ਸਾਲਾ ਪੂਨਮ ਦੀ ਤਰ੍ਹਾਂ ਮਹਿਲਾ ਖਿਡਾਰਣਾਂ ਦੇ ਜੁਝਾਰੂਪਣ ਅਤੇ ਜਜ਼ਬੇ ਦੇ ਕਿੱਸੇ ਭਰੇ ਪਏ ਹਨ।
ਰਾਸ਼ਟਰਮੰਡਲ ਦੇ ਇਤਿਹਾਸ ਵਿੱਚ ਭਾਰਤ ਨੂੰ ਮਹਿਲਾ ਟੇਬਲ ਟੈਨਿਸ ਵਿੱਚ ਪਹਿਲਾ ਗੋਲਡ ਦਵਾਉਣ ਤੋਂ ਬਾਅਦ ਇੱਕ ਦੂਜੇ ਨਾਲ ਲਿਪਟੀਆਂ ਖਿਡਾਰਣਾਂ ਦੀ ਤਸਵੀਰ ਆਪਣੇ ਆਪ ਵਿੱਚ ਬਹੁਤ ਕੁਝ ਕਹਿੰਦੀ ਹੈ।
ਇਨ੍ਹਾਂ ਮਹਿਲਾ ਖਿਡਾਰਣਾਂ ਨੇ ਮੈਡਲ ਤਾਂ ਜਿੱਤੇ, ਰਿਕਾਰਡ ਵੀ ਬਣਾਏ। ਮਨੂ ਭਾਕਰ ਅਤੇ ਤੇਜਸਵਨੀ ਸਾਂਵਤ ਨੇ ਨਿਸ਼ਾਨੇਬਾਜ਼ੀ ਵਿੱਚ ਰਾਸ਼ਟਰਮੰਡਲ ਰਿਕਾਰਡ ਬਣਾਇਆ ਤਾਂ 22 ਸਾਲਾ ਮਨਿਕਾ ਬੱਤਰਾ ਟੇਬਲ ਟੈਨਿਸ ਵਿੱਚ ਸਿੰਗਲਜ਼ 'ਚ ਗੋਲਡ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ। ਮਨਿਕਾ ਨੇ ਇੱਕ ਨਹੀਂ ਬਲਕਿ ਚਾਰ ਮੈਡਲ ਦੇਸ ਦੀ ਝੋਲੀ ਪਾਏ।
ਪਰਿਵਾਰ ਦਾ ਚੰਗਾ ਸਾਥ
ਪੁਰਸ਼ਵਾਦੀ ਸਮਾਜ ਅਤੇ ਸੋਚ ਤਾਂ ਅੱਜ ਵੀ ਖੇਡ ਦੇ ਮੈਦਾਨ 'ਤੇ ਅਤੇ ਬਾਹਰ ਹਾਵੀ ਹੈ। ਤਸਵੀਰ ਪਿੱਚਰ ਪਰਫੈਕਟ ਤਾਂ ਨਹੀਂ ਪਰ ਪਹਿਲੇ ਦੇ ਮੁਕਾਬਲੇ ਮੈਦਾਨ 'ਤੇ ਉਤਰਣ ਵਾਲੀਆਂ ਮਹਿਲਾਵਾਂ ਨੂੰ ਘਰ ਵਿੱਚ ਪਹਿਲਾਂ ਨਾਲੋਂ ਵੱਧ ਸਮਰਥਨ ਮਿਲ ਰਿਹਾ ਹੈ।
17 ਸਾਲਾ ਮੇਹੁਲੀ ਘੋਸ਼ ਨੇ ਗੋਲਡ ਕੋਸਟ ਵਿੱਚ ਸ਼ੂਟਿੰਗ ਵਿੱਚ ਸਿਲਵਰ ਮੈਡਲ ਜਿੱਤਿਆ ਹੈ ਪਰ ਉਨ੍ਹਾਂ ਦੇ ਮਾਂ-ਬਾਪ ਨੇ ਉਦੋਂ ਉਨ੍ਹਾਂ ਦਾ ਸਾਥ ਦਿੱਤਾ ਜਦੋਂ ਉਹ ਇੱਕ ਹਾਦਸੇ ਤੋਂ ਬਾਅਦ 14 ਸਾਲ ਦੀ ਉਮਰ ਵਿੱਚ ਡਿਪਰੈਸ਼ਨ ਨਾਲ ਜੂਝ ਰਹੀ ਸੀ।
ਆਪਣੀ ਕੁੜੀ ਦੇ ਹੁਨਰ ਨੂੰ ਪਛਾਣਦੇ ਹੋਏ ਮੇਹੁਲੀ ਦੇ ਮਾਂ-ਬਾਪ ਉਨ੍ਹਾਂ ਦੇ ਸਾਬਕਾ ਓਲਪਿੰਕ ਚੈਂਪੀਅਨ ਜੈਦੀਪ ਕਰਮਾਕਰ ਦੇ ਕੋਲ ਲੈ ਗਏ। ਇਹੀ ਮੇਹੁਲੀ ਦੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸੀ।
17 ਸਾਲ ਦੀ ਹੀ ਮਨੂ ਭਾਕਰ ਦੇ ਪਿਤਾ ਨੇ ਤਾਂ ਧੀ ਲਈ ਮਰੀਨ ਇੰਜੀਨੀਅਰ ਦੀ ਨੌਕਰੀ ਤੱਕ ਛੱਡ ਦਿੱਤੀ ਅਤੇ ਮਨੂ ਦੀ ਮਾਂ ਸੁਮੇਧਾ ਦੇ ਨਾਲ ਮਿਲ ਕੇ ਸਕੂਲ ਚਲਾਉਂਦੇ ਹਨ।
ਜਿਸ ਦਿਨ ਮਨੂ ਪੈਦਾ ਹੋਈ ਉਸ ਦਿਨ ਉਨ੍ਹਾਂ ਦੀ ਮਾਂ ਦਾ ਸੰਸਕ੍ਰਿਤ ਦਾ ਪੇਪਰ ਸੀ ਪਰ ਉਹ ਪੇਪਰ ਦੇਣ ਗਈ। ਇਹੀ ਜੁਝਾਰੂਪਣ ਨਾਲ ਲੜਨ ਦਾ ਜਜ਼ਬਾ ਸੁਮੇਧਾ ਨੇ ਆਪਣੀ ਧੀ ਨੂੰ ਵੀ ਸਿਖਾਇਆ।
ਤੋੜ ਦੇ ਸਾਰੇ ਬੰਧਨ
ਉੱਥੇ ਹੀ ਸਾਲ 2000 ਦਾ ਉਹ ਕਿੱਸਾ ਯਾਦ ਆਉਂਦਾ ਹੈ ਜਦੋਂ ਮਹਾਰਾਸ਼ਟਰ ਦੀ ਸ਼ੂਟਰ ਤੇਜਸਵਨੀ ਸਾਵੰਤ ਉਮਦਾ ਕੋਲੋਂ ਵਿਦੇਸ਼ੀ ਰਾਈਫ਼ਲ ਲਈ ਪੈਸੇ ਇਕੱਠੇ ਨਹੀਂ ਹੋ ਰਹੇ ਸਨ ਅਤੇ ਉਨ੍ਹਾਂ ਦੇ ਪਿਤਾ ਨੇ ਧੀ ਲਈ ਇੱਕ-ਇੱਕ ਦਰਵਾਜ਼ਾ ਖਟਖਟਾਇਆ ਸੀ।
ਜਦੋਂ ਮੈਰੀ ਕੌਮ ਦੇ ਮੁੰਡੇ ਦੇ ਦਿਲ ਦਾ ਆਪਰੇਸ਼ਨ ਸੀ ਤਾਂ ਉਨ੍ਹਾਂ ਦੇ ਪਤੀ ਨੇ ਹੀ ਉਨ੍ਹਾਂ ਨੂੰ ਸਾਂਭਿਆ ਸੀ ਤਾਂ ਜੋ ਉਹ ਚੀਨ ਵਿੱਚ ਏਸ਼ੀਆ ਕੱਪ ਵਿੱਚ ਖੇਡੇ ਅਤੇ ਜਿੱਤ ਕੇ ਆਵੇ।
ਇਨ੍ਹਾਂ ਸਾਰੀਆਂ ਮਹਿਲਾ ਖਿਡਾਰਣਾਂ ਨੇ ਵੀ ਆਪਣੇ ਹੌਸਲੇ ਅਤੇ ਹਿੰਮਤ ਨਾਲ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਮਾਤ ਦਿੱਤੀ, ਫੇਰ ਭਾਵੇਂ ਉਹ ਪੈਸਿਆਂ ਦੀ ਤੰਗੀ ਹੋਵੇ ਜਾਂ ਖ਼ਰਾਬ ਸੁਵਿਧਾਵਾਂ।
ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਨੂੰ ਬੇਸ਼ੱਕ ਬਚਪਨ ਤੋਂ ਹੀ ਬੇਹਤਰ ਸਿਖਲਾਈ ਤੇ ਸੁਵਿਧਾਵਾਂ ਮਿਲੀਆਂ ਹਨ ਪਰ ਕੁਝ ਕਰ ਦਿਖਾਉਣ ਦੀ ਚਾਹਤ ਉਨ੍ਹਾਂ ਨੂੰ ਬੈਡਮਿੰਟਨ ਵਿੱਚ ਉੱਚਾਈਆਂ 'ਤੇ ਲੈ ਗਈ।
ਭਾਰਤ ਦੀ ਵੰਡਰਵੂਮੈਨ
ਜਿਸ ਦੇਸ ਵਿੱਚ ਸਕਵੈਸ਼ ਨੂੰ ਠੀਕ ਸਮਝਣ ਵਾਲੇ ਲੋਕ ਵੀ ਨਾ ਹੋਣ, ਉੱਥੇ ਦੀਪਿਕਾ ਪਾਲੀਕਲ ਅਤੇ ਜੋਸ਼ਨਾ ਚਿਨੱਪਾ ਨੇ ਕਾਮਨਵੈਲਥ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਮੈਡਲ ਜਿੱਤ ਕੇ ਦਿਖਾਇਆ।
ਇੱਥੇ ਸਾਬਕਾ ਓਲੰਪਿਕ ਕਰਣਮ ਮਲੇਸ਼ਵਰੀ ਦੀ ਉਹ ਗੱਲ ਯਾਦ ਆਉਂਦੀ ਹੈ ਜਦੋਂ ਉਨ੍ਹਾਂ ਨੇ ਕਿਹਾ ਸੀ ਕਿ ਸੋਚੋ, ਜੇਕਰ ਰੋਜ਼ 40 ਕਿਲੋਮੀਟਰ ਸਾਈਕਲ ਚਲਾ ਕੇ, ਬਿਨਾਂ ਪੂਰੇ ਖਾਣੇ ਦੇ ਅਤੇ ਡਾਈਟ ਦੇ ਇੱਕ ਮੀਰਾਬਾਈ ਚਾਨੂ ਇੱਥੋਂ ਤੱਕ ਪਹੁੰਚ ਸਕਦੀ ਹੈ ਤਾਂ ਸਾਨੂੰ ਸਾਰੀਆਂ ਸਹੂਲਤਾਂ ਮਿਲਣ ਤਾਂ ਕਿੰਨੀਆਂ ਮੀਰਾਬਾਈ ਪੈਦਾ ਹੋ ਸਕਦੀਆਂ ਹਨ।
ਮੈਰੀ ਕੌਮ ਵਰਗੀਆਂ ਖਿਡਾਰਣਾਂ ਤਾਂ ਅਜੇ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਲੱਗੀਆਂ ਹੋਈਆਂ ਹਨ, ਉਨ੍ਹਾਂ ਦਾ ਸੁਪਨਾ ਘੱਟੋ ਘੱਟ 1000 ਮੈਰੀ ਕੌਮ ਪੈਦਾ ਕਰਨ ਦਾ ਹੈ।
ਇਨ੍ਹਾਂ ਵਿੱਚੋਂ ਕੋਈ ਹਿਨਾ ਸਿੱਧੂ ਡੈਂਟਲ ਸਰਜਨ ਹੈ ਤਾਂ ਕ੍ਰਿਕਟ ਟੀਮ ਦਾ ਹਿੱਸਾ ਸ਼ਿਖਾ ਪਾਂਡੇ ਫਲਾਈਟ ਲੈਫਟੀਨੈਂਟ ਵੀ ਹੈ ਅਤੇ ਕਈ ਵਰਲਡ ਰਿਕਾਰਡ ਵੀ ਆਪਣੇ ਨਾਮ ਕੀਤੇ ਹਨ।
ਇਹ ਮਹਿਲਾ ਖਿਡਾਰਣਾਂ ਨਾ ਸਿਰਫ਼ ਬਿਨਦਾਸ ਹੋ ਕੇ ਆਪਣੇ ਅੰਦਾਜ਼ ਨਾਲ ਖੇਡਦੀਆਂ ਹਨ ਬਲਕਿ ਮੈਦਾਨ ਤੋਂ ਬਾਹਰ ਵੀ ਬਿਨਦਾਸ ਉਹੀ ਕਰਦੀਆਂ ਹਨ ਜੋ ਉਹ ਕਰਨਾ ਚਾਹੁੰਦੀਆਂ ਹਨ।
ਫੇਰ ਉਹ ਸਾਨੀਆ ਮਿਰਜ਼ਾ ਦੇ ਆਪਣੀ ਪਸੰਦ ਦੇ ਕੱਪੜੇ ਪਹਿਨ ਕੇ ਖੇਡਣ ਦਾ ਫ਼ੈਸਲਾ ਹੋਵੇ ਜਾਂ ਪਹਿਲਵਾਨ ਦਿਵਿਆ ਦੇ ਪਿੰਡ ਦੇ ਮੁੰਡਿਆਂ ਨਾਲ ਦੰਗਲ ਕਰਕੇ ਆਪਣਾ ਰੋਹਬ ਜਮਾਉਣਾ ਦੀ ਗੱਲ ਹੋਵੇ।
ਜਾਂ ਸਕਵੈਸ਼ ਚੈਂਪੀਅਨ ਦੀਪਿਕਾ ਪਾਲੀਕਲ ਦਾ ਫ਼ੈਸਲਾ ਕਿ ਜਦੋਂ ਤੱਕ ਮਹਿਲਾਵਾਂ ਅਤੇ ਪੁਰਸ਼ਾਂ ਨੂੰ ਇਕੋ ਜਿਹੀ ਇਨਾਮੀ ਰਾਸ਼ੀ ਨਹੀਂ ਮਿਲਦੀ ਉਹ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਨਹੀਂ ਖੇਡੇਗੀ।
ਇਹ ਭਾਰਤ ਦੀਆਂ ਆਪਣੀਆਂ ਵੰਡਰਵੂਮੈਨ ਹਨ। ਉਨ੍ਹਾਂ ਨੇ ਮੈਚ ਹੀ ਨਹੀਂ ਲੋਕਾਂ ਦੇ ਦਿਲ ਵੀ ਜਿੱਤੇ ਹਨ।