ਕਾਮਨਵੈਲਥ ਗੇਮਜ਼: ਮਿਲਖਾ ਸਿੰਘ ਤੋਂ ਬਾਅਦ ਮੁਹੰਮਦ 400 ਮੀਟਰ ਦੇ ਫਾਈਨਲ 'ਚ ਦੌੜਿਆ

    • ਲੇਖਕ, ਰੇਹਾਨ ਫਜ਼ਲ
    • ਰੋਲ, ਪੱਤਰਕਾਰ, ਬੀਬੀਸੀ

ਗੋਲਡਕੋਸਟ ਦੀ ਅਸਲੀ ਕਹਾਣੀ ਭਾਰਤੀ ਮੁੱਕੇਬਾਜ਼ਾਂ ਦੀ ਕਹਾਣੀ ਹੈ। ਹੁਣ ਤੱਕ ਪੰਜ ਭਾਰਤੀ ਮੁੱਕੇਬਾਜ਼ ਸੈਮੀਫਾਈਨਲ ਵਿੱਚ ਦਾਖਲ ਹੋ ਚੁੱਕੇ ਹਨ।

ਉਨ੍ਹਾਂ ਦਾ ਘੱਟੋ-ਘੱਟ ਕਾਂਸੀ ਦਾ ਤਗਮਾ ਪੱਕਾ ਹੋ ਚੁੱਕਿਆ ਹੈ।ਇਹ ਉਪਲੱਬਧੀ ਉਸ ਵੇਲੇ ਹਾਸਲ ਹੋਈ ਜਦੋਂ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਮੁੱਕੇਬਾਜ਼ 'ਨੀਡਲ ਵਿਵਾਦ' ਦੇ ਕਾਰਨ ਖ਼ਬਰਾਂ ਵਿੱਚ ਆ ਗਏ ਅਤੇ ਉਨ੍ਹਾਂ ਸਭ ਦੇ ਦੋ-ਦੋ ਵਾਰੀ ਡੋਪ ਟੈਸਟ ਕਰਵਾਏ ਗਏ ਸਨ।

ਭਿਵਾਨੀ ਦੇ ਨਮਨ ਤੰਵਰ ਦਾ ਹਾਲੇ ਭਾਰਤੀ ਬਾਕਸਿੰਗ ਪ੍ਰੇਮੀਆਂ ਨੇ ਜ਼ਿਆਦਾ ਨਾਮ ਨਹੀਂ ਸੁਣਿਆ ਹੈ ਪਰ ਜਦੋਂ ਓਕਸਫੋਰਡ ਸਟੂਡੀਓ ਦੀ ਰਿੰਗ ਵਿੱਚ ਨਮਨ, ਸਮੋਆ ਦੇ ਬਾਕਸਰ ਫਰੈਂਕ ਮੈਸੋ ਖਿਲਾਫ਼ ਉਤਰੇ ਤਾਂ ਉਨ੍ਹਾਂ ਦੇ ਤੇਵਰ ਅਤੇ ਆਕੜ ਦੇਖਦੇ ਹੀ ਬਣਦੀ ਸੀ।

ਉਹ ਰੱਸੀ ਵਿੱਚੋਂ ਹੋ ਕੇ ਰਿੰਗ ਵਿੱਚ ਨਹੀਂ ਗਏ ਸਗੋਂ ਉਹ ਛਾਲ ਮਾਰ ਕੇ ਰਿੰਗ ਵਿੱਚ ਦਾਖਲ ਹੋਏ। ਇੱਕ ਦੋ ਮਿੰਟ ਤੱਕ ਵਿਰੋਧੀ ਬਾਕਸਰ ਦਾ ਥਹੁ-ਪਤਾ ਲੈਣ ਤੋਂ ਬਾਅਦ ਉਨ੍ਹਾਂ ਨੇ ਉਸ 'ਤੇ ਮੁੱਕਿਆਂ ਦੀ ਜੋ ਝੜੀ ਲਾਈ ਉਹ ਦੇਖਣ ਲਾਇਕ ਸੀ।

ਨਮਨ ਸਿਰਫ਼ 19 ਸਾਲ ਦੇ ਹਨ ਅਤੇ ਤਕਰੀਬਨ ਸਾਢੇ ਛੇ ਫੁੱਟ ਲੰਬੇ ਹਨ। ਉਨ੍ਹਾਂ ਦੇ ਮੁੱਕੇ ਇੰਨੇ ਤਾਕਤਵਰ ਸਨ ਕਿ ਸਮੋਆ ਦੇ ਬਾਕਸਕ ਦੀ ਅੱਖ ਉੱਤੇ ਇੱਕ ਕੱਟ ਲੱਗ ਗਿਆ ਅਤੇ ਉਸ ਵਿੱਚੋਂ ਖੂਨ ਵਹਿਣ ਲੱਗਾ।

ਰੈਫਰੀ ਨੇ ਉਨ੍ਹਾਂ ਨੂੰ ਸਟੈਂਡਿੰਗ ਕਾਉਂਟ ਦਿੱਤਾ। ਮੈਂ ਤਾਂ ਇਹ ਮੰਨ ਰਿਹਾ ਸੀ ਕਿ ਜਲਦੀ ਤੋਂ ਜਲਦੀ ਇਹ ਮੁਕਾਬਲਾ ਖ਼ਤਮ ਹੋਵੇ ਅਤੇ ਫਰੈਂਕ ਮੈਸੋ ਦੀਆਂ ਪਰੇਸ਼ਾਨੀਆਂ ਦਾ ਅੰਤ ਹੋਵੇ।

ਨਮਨ 'ਓਪਨ ਚੈਸਟ ਸਟਾਈਲ' ਵਿੱਚ ਮੁੱਕੇਬਾਜ਼ੀ ਕਰਦੇ ਹਨ ਅਤੇ ਉਨ੍ਹਾਂ ਦੇ ਵਿਰੋਧੀ ਨੂੰ ਇਹ ਲਗਦਾ ਹੈ ਕਿ ਉਹ ਉਨ੍ਹਾਂ ਦੀ ਟ੍ਰਿਕ ਨੂੰ ਸੰਨ੍ਹ ਲਾ ਸਕਦੇ ਹਨ ਪਰ ਇੱਥੇ ਹੀ ਉਹ ਗਲਤੀ ਕਰਦੇ ਹਨ।

ਬਦਲੇ ਵਿੱਚ ਉਨ੍ਹਾਂ ਨੂੰ ਜਿਸ ਤਰ੍ਹਾਂ ਦੇ 'ਜੈਬਸ' ਅਤੇ 'ਅਪਰ ਕਟਸ' ਜਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੀ ਉਹ ਕਲਪਨਾ ਵੀ ਨਹੀਂ ਕਰ ਸਕਦੇ।

ਅਜਿਹਾ ਕਰਨ ਵਿੱਚ ਨਮਨ ਨੂੰ ਮਦਦ ਮਿਲਦੀ ਹੈ ਲੰਬੇ ਡੀਲਡੌਲ ਕਾਰਨ ਉਨ੍ਹਾਂ ਦੀ ਬਿਹਤਰ ਪਹੁੰਚ ਤੋਂ ਨਮਨ ਨੇ ਆਪਣੇ ਤੋਂ ਕਿਤੇ ਮਸ਼ਹੂਰ ਸੁਮਿਤ ਸਾਂਗਵਾਨ ਨੂੰ ਹਰਾ ਕੇ ਭਾਰਤ ਦੀ ਰਾਸ਼ਟਰਮੰਡਲ ਟੀਮ ਵਿੱਚ ਥਾਂ ਬਣਾਈ ਹੈ। ਉਨ੍ਹਾਂ ਦੀ ਬਾਕਸਿੰਗ ਕਲਾ ਤੋਂ ਕਿਤੇ ਵੱਧ ਬਿਹਤਰ ਹੈ ਉਨ੍ਹਾਂ ਦਾ ਆਤਮ-ਵਿਸ਼ਵਾਸ।

ਉਨ੍ਹਾਂ ਦਾ 'ਫੁੱਟ ਵਰਕ' ਕਮਾਲ ਦਾ ਹੈ ਜਿਸ ਦਾ ਕਾਰਨ ਕਈ ਵਾਰੀ ਉਨ੍ਹਾਂ ਦੇ ਵਿਰੋਧੀਆਂ ਦੇ ਮੁੱਕੇ ਉਨ੍ਹਾਂ ਤੱਕ ਪਹੁੰਚ ਨਹੀਂ ਪਾਉਂਦੇ। ਉਨ੍ਹਾਂ ਵਿੱਚ ਤਕੜੇ ਮੁੱਕੇ ਝੱਲਣ ਦੀ ਤਾਕਤ ਵੀ ਹੈ। ਬੀਜਿੰਗ ਓਲੰਪਿਕ ਦੇ ਕੁਆਟਰ ਫਾਈਨਲ ਵਿੱਚ ਪਹੁੰਚਣ ਵਾਲੇ ਅਖਿਲ ਕੁਮਾਰ ਉਨ੍ਹਾਂ ਦੇ ਆਦਰਸ਼ ਹਨ। ਦੇਖ ਕੇ ਸਪਸ਼ਟ ਲੱਗਦਾ ਹੈ ਕਿ ਉਨ੍ਹਾਂ ਦੇ ਸਵੀਡਿਸ਼ ਕੋਚ ਸੇਂਟਿਆਗੋ ਨਿਏਵਾ ਨੇ ਉਨ੍ਹਾਂ 'ਤੇ ਕਾਫ਼ੀ ਮਿਹਨਤ ਕੀਤੀ ਹੈ।

ਮੁਹੰਮਦ ਅਨਾਸ ਦਾ ਕਾਰਨਾਮਾ

ਸ਼ੁਰੂ ਵਿੱਚ ਮੁਹੰਮਦ ਅਨਾਸ ਨੂੰ ਭਾਰਤੀ ਐਥਲੈਟਿਕਸ ਦੀ ਟੀਮ ਵਿੱਚ ਚੁਣਿਆ ਤੱਕ ਨਹੀਂ ਜਾ ਰਿਹਾ ਸੀ।

ਪਰ ਉਹ ਨਾ ਸਿਰਫ਼ 400 ਮੀਟਰ ਦੀ ਦੌੜ ਦੇ ਫਾਈਨਲ ਵਿੱਚ ਪਹੁੰਚੇ ਸਗੋਂ ਉਨ੍ਹਾਂ ਨੇ ਗੋਲਡਕੋਸਟ ਵਿੱਚ ਆਪਣੀ ਜ਼ਿੰਦਗੀ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰੀ ਰਿਕਾਰਡ ਵੀ ਬਣਾਇਆ।

ਅਨਾਸ ਨੂੰ ਇਸ ਦੌੜ ਵਿੱਚ ਚੌਥੀ ਥਾਂ ਮਿਲੀ। ਉਹ ਮਿਲਖਾ ਸਿੰਘ ਤੋਂ ਬਾਅਦ ਪਹਿਲੇ ਭਾਰਤੀ ਐਥਲੀਟ ਬਣੇ ਜੋ ਕਿ ਰਾਸ਼ਟਰ ਮੰਡਲ ਖੇਡਾਂ ਦੀ 400 ਮੀਟਰ ਦੌੜ ਦੇ ਫਾਈਨਲ ਵਿੱਚ ਪਹੁੰਚੇ ਸਨ ਸਗੋ ਉਨ੍ਹਾਂ ਨੇ ਉੱਥੇ ਸੋਨ ਤਗਮਾ ਵੀ ਜਿੱਤਿਆ ਸੀ।

ਅਨਾਸ ਨੇ ਇਸ ਦੌੜ ਵਿੱਚ 45.31 ਸੈਕੰਡ ਦਾ ਸਮਾਂ ਕੱਢਿਆ। ਜਦੋਂ ਦੌੜ ਖ਼ਤਮ ਹੋਈ ਤਾਂ ਅਨਾਸ ਟਰੈਕ 'ਤੇ ਹੀ ਡਿੱਗ ਗਏ। ਉਨ੍ਹਾਂ ਨੇ ਹਫ਼ਦਿਆਂ ਕਿਹਾ ਕਿ ਉਹ ਆਪਣੇ ਪ੍ਰਦਰਸ਼ਨ ਤੋਂ ਕਾਫ਼ੀ ਖੁਸ਼ ਹਨ। ਉਨ੍ਹਾਂ ਨੇ ਇਹ ਦੌੜ ਸਿਰਫ਼ ਅਨੁਭਵ ਲੈਣ ਲਈ ਦੌੜੀ ਸੀ।

ਮੈਂ ਜ਼ਕਾਰਤਾ ਏਸ਼ੀਅਨ ਖੇਡਾਂ ਤੱਕ ਆਪਣੀ 'ਪੀਕ ਫਾਰਮ' ਵਿੱਚ ਪਹੁੰਚ ਜਾਉਂਗਾ। ਉਦੋਂ ਤੁਸੀਂ ਮੇਰੇ ਤੋਂ ਤਗਮੇ ਦੀ ਉਮੀਦ ਕਰ ਸਕਦੇ ਹੋ। ਮਜ਼ੇ ਦੀ ਗੱਲ ਇਹ ਹੈ ਕਿ ਅਨਾਸ ਨੂੰ ਮਿਲਖਾ ਦੀ ਇਸ ਉਪਲੱਬਧੀ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਦੌੜ ਤੋਂ ਠੀਕ ਪਹਿਲਾਂ ਥੋੜ੍ਹੀ ਬੂੰਦਾ-ਬਾਂਦੀ ਤੋਂ ਵੀ ਅਨਾਸ ਦੇ ਪ੍ਰਦਰਸ਼ 'ਤੇ ਥੋੜ੍ਹਾ ਅਸਰ ਪਿਆ। ਉਨ੍ਹਾਂ ਨੇ ਮੰਨਿਆ ਕਿ ਗਿੱਲੇ ਟਰੈਕ ਕਾਰਨ ਉਨ੍ਹਾਂ ਦੇ ਪੈਰਾਂ ਵਿੱਚ 'ਕ੍ਰੈਮਪਸ' ਪੈ ਗਏ। ਉਹ ਆਖਿਰੀ 50 ਮੀਟਰ ਵਿੱਚ ਥੋੜ੍ਹੇ ਢਿੱਲੇ ਪੈ ਗਏ। ਸੁੱਕਾ ਟਰੈਕ ਹੋਣ 'ਤੇ ਉਹ ਆਪਣੀ ਟਾਈਮਿੰਗ ਵਿੱਚ ਥੋੜ੍ਹਾ ਹੋਰ ਸੁਧਾਰ ਕਰ ਸਕਦੇ ਸੀ। ਮੀਂਹ ਕਾਰਨ ਮੌਸਮ ਵੀ ਠੰਡਾ ਹੋ ਗਿਆ ਜਿਸ ਕਾਰਨ ਉਨ੍ਹਾਂ ਦਾ ਸਰੀਰ 'ਸਟਿਫ' ਹੋ ਗਿਆ।

ਖੁੱਲ੍ਹੇ ਵਿੱਚ ਪੇਸ਼ਾਬ ਕਰਨ ਵਿੱਚ 500 ਡਾਲਰ ਦਾ ਫਾਈਨ

ਭਾਰਤ ਵਿੱਚ ਤੁਹਾਨੂੰ ਕਾਫ਼ੀ ਲੋਕ ਖੁੱਲ੍ਹੇ ਵਿੱਚ ਪੇਸ਼ਾਬ ਕਰਦੇ ਮਿਲ ਜਾਣਗੇ। ਆਸਟਰੇਲੀਆ ਵਿੱਚ ਇਸ ਦੇ ਲਈ ਬਹੁਤ ਸਖ਼ਤ ਕਾਨੂੰਨ ਹੈ। ਜੇ ਤੁਸੀਂ ਅਜਿਹਾ ਕਰਦੇ ਹੋਏ ਪਾਏ ਜਾਂਦੇ ਹੋ ਤਾਂ ਤੁਹਾਡੇ 'ਤੇ 500 ਡਾਲਰ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ।

ਪੂਰੇ ਆਸਟ੍ਰੇਲੀਆ ਵਿੱਚ ਪਬਲਿਕ ਪਖਾਨਿਆਂ ਦਾ ਜਾਲ ਵਿਛਿਆ ਹੋਇਆ ਹੈ, ਪਰ ਹੁਣ ਵੀ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ ਕਿ ਫਲਾਂ ਥਾਂ ਤੇ ਕੁਝ ਲੋਕ ਜਨਤਕ ਥਾਵਾਂ 'ਤੇ ਪੇਸ਼ਾਬ ਕਰਦੇ ਫੜੇ ਗਏ। ਇਸ ਦਾ ਕਾਰਨ ਹੈ ਆਸਟ੍ਰੇਲੀਆਈ ਲੋਕਾਂ ਦਾ ਬੇਹਿਸਾਬ ਬੀਅਰ ਪੀਣਾ ਅਤੇ ਫਿਰ ਪੇਸ਼ਾਬ 'ਤੇ ਕਾਬੂ ਨਾ ਕਰ ਪਾਉਣਾ।

ਪਰ ਜੇ ਤੁਹਾਡੇ ਨੇੜੇ-ਤੇੜੇ ਕੋਈ ਟਾਇਲਟ ਨਾ ਹੋਵੇ ਤਾਂ ਤੁਸੀਂ ਕੀ ਕਰੋਗੇ?ਅਜਿਹੇ ਵਿੱਚ ਇੱਕ ਰਿਆਇਤ ਇਹ ਹੈ ਕਿ ਆਪਣੀ ਕਾਰ ਦੇ ਪਿਛਲੇ ਖੱਬੇ ਟਾਇਰ 'ਤੇ ਪੇਸ਼ਾਬ ਕਰ ਸਕਦੇ ਹੋ।

ਉਨ੍ਹਾਂ ਲੋਕਾਂ ਦਾ ਕੀ ਜੋ ਤੈਰਦੇ ਹੋਏ ਸਵੀਮਿੰਗ ਪੂਲ ਵਿੱਚ ਪੇਸ਼ਾਬ ਕਰ ਦਿੰਦੇ ਹਨ। ਆਸਟ੍ਰੇਲੀਆਈ ਅਖਬਾਰਾਂ ਵਿੱਚ ਇਸ਼ਤਿਹਾਰ ਛਪ ਰਹੇ ਹਨ ਕਿ ਹੁਣ ਅਜਿਹੇ ਰਸਾਇਣ ਉਪਲੱਬਧ ਹਨ ਕਿ ਸਵੀਮਿੰਗ ਪੂਲ ਵਿੱਚ ਪੇਸ਼ਾਬ ਕਰਦਿਆਂ ਹੀ ਉੱਥੋਂ ਦਾ ਪਾਣੀ ਲਾਲ ਹੋ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)