'ਨਾਨਕ ਸ਼ਾਹ ਫਕੀਰ' 'ਤੇ ਰੋਕ ਲਾਉਣ ਦੀ ਲੋੜ ਨਹੀਂ: ਕੈਪਟਨ ਅਮਰਿੰਦਰ

ਤਸਵੀਰ ਸਰੋਤ, NARINDER NANU/GETTYIMAGES
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਫ਼ਿਲਮ 'ਨਾਨਕ ਸ਼ਾਹ ਫਕੀਰ' 'ਤੇ ਰੋਕ ਲਗਾਉਣ ਦੀ ਲੋੜ ਨਹੀਂ ਹੈ ਕਿਉਂਕਿ ਫ਼ਿਲਮ ਬਣਾਉਣ ਵਾਲਿਆਂ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਨੂੰ ਪੰਜਾਬ ਵਿੱਚ ਰਿਲੀਜ਼ ਨਹੀਂ ਕੀਤਾ ਜਾਵੇਗਾ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਜਾਰੀ ਇੱਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਬਾਰੇ ਕੋਈ ਫੈਸਲਾ ਲੈਣ ਦੀ ਲੋੜ ਨਹੀਂ।
ਸੁਪਰੀਮ ਕੋਰਟ ਨੇ ਫਿਲਮ 'ਨਾਨਕ ਸ਼ਾਹ ਫਕੀਰ' ਦੀ ਰਿਲੀਜ਼ ਨੂੰ ਮਨਜੂਰੀ ਦੇ ਦਿੱਤੀ ਹੈ। ਫ਼ਿਲਮ 13 ਅਪ੍ਰੈਲ ਦੀ ਰਿਲੀਜ਼ ਕੀਤੀ ਜਾਵੇਗੀ।
ਪੀਟੀਆਈ ਮੁਤਾਬਕ ਸੁਪਰੀਮ ਕੋਰਟ ਨੇ ਐਸਜੀਪੀਸੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਸੈਂਸਰ ਬੋਰਡ ਵੱਲੋਂ ਮਨਜੂਰੀ ਮਿਲਣ ਤੋਂ ਬਾਅਦ ਕਿਸੇ ਨੂੰ ਵੀ ਫ਼ਿਲਮ 'ਤੇ ਰੋਕ ਲਗਾਉਣ ਦਾ ਹੱਕ ਨਹੀਂ ਹੈ।
ਕੋਰਟ ਨੇ ਸਾਰੇ ਸੂਬਿਆਂ ਨੂੰ ਰਿਲੀਜ਼ ਦੌਰਾਨ ਕਾਨੂੰਨੀ ਵਿਵਸਥਾ ਬਰਕਰਾਰ ਰੱਖਣ ਦੇ ਹੁਕਮ ਦਿੱਤੇ ਹਨ।
ਸਿੱਖ ਜਥੇਬੰਦੀਆਂ ਫ਼ਿਲਮ ਦਾ ਟ੍ਰੇਲਰ ਜਨਤਕ ਹੋਣ ਦੇ ਬਾਅਦ ਤੋਂ ਹੀ ਫ਼ਿਲਮ ਦੀ ਰਿਲੀਜ਼ ਰੋਕਣ ਲਈ ਸੰਘਰਸ਼ ਕਰ ਰਹੀਆਂ ਹਨ।
ਵਿਆਪਕ ਵਿਰੋਧ ਦੇ ਚਲਦਿਆਂ ਅਕਾਲ ਤਖ਼ਤ ਨੇ ਫ਼ਿਲਮ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਸੀ।
ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਇਸ ਤਰ੍ਹਾਂ ਪੇਸ਼ ਕਰਨਾ ਸਿੱਖ ਪਰੰਪਰਾ ਦੇ ਖ਼ਿਲਾਫ਼ ਹੈ।

ਤਸਵੀਰ ਸਰੋਤ, Dal Khalsa
ਦਲ ਖਾਲਸਾ ਦਾ ਵਿਰੋਧ
ਅੱਜ ਸਿੱਖ ਜਥੇਬੰਦੀ ਦਲ ਖਾਲਸਾ ਅਤੇ ਨੌਜਵਾਨਾਂ ਦੀ ਸੰਸਥਾ 'ਸਿੱਖ ਯੂਥ ਆਫ ਪੰਜਾਬ' ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਪਾਰਟੀ ਦੇ ਮੁਖੀ ਐੱਚ ਐਸ ਚੀਮਾ ਨੇ ਕਿਹਾ, ''ਭਾਵੇਂ ਕੰਪਊਟਰ ਗ੍ਰਾਫਿਕਸ ਹੋਣ, ਰੌਸ਼ਨੀ ਜਾਂ ਮਨੁੱਖੀ ਰੂਪ, ਫ਼ਿਲਮ ਦੇ ਨਿਰਮਾਤਾ ਨੇ ਸਾਡੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ ਜੋ ਬਰਦਾਸ਼ਤ ਤੋਂ ਬਾਹਰ ਹੈ।''
ਉਨ੍ਹਾਂ ਸਿੱਕਾ 'ਤੇ ਸਲਮਾਨ ਰਸ਼ਦੀ ਵਰਗੇ ਵਰਤਾਰੇ ਦੇ ਵੀ ਇਲਜ਼ਾਮ ਲਗਾਏ। ਉਨ੍ਹਾਂ ਕਿਹਾ, ''ਉਮੀਦ ਹੈ ਕਿ ਸਿੱਕਾ ਪੂਰੀ ਉਮਰ ਆਪਣੇ ਨਾਲ ਸੁਰੱਖਿਆ ਲੈ ਕੇ ਨਹੀਂ ਘੁੰਮਣਾ ਚਾਹੁੰਦਾ।''
'ਐਸਜੀਪੀਸੀ ਦਾ ਯੂ-ਟਰਨ'
ਦਲ ਖਾਲਸਾ ਨੇ ਇਸ ਮੁੱਦੇ 'ਤੇ ਐਸਜੀਪੀਸੀ ਦੀ ਵੀ ਨਿੰਦਾ ਕੀਤੀ।
ਉਨ੍ਹਾਂ ਕਿਹਾ ਕਿ ਐਸਜੀਪੀਸੀ ਨੇ ਪਹਿਲਾਂ ਬਾਦਲ ਪਰਿਵਾਰ ਨਾਲ ਰੱਲ ਕੇ ਫ਼ਿਲਮ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਫੇਰ ਸਿੱਖ ਸੰਗਤ ਤੋਂ ਦਬਾਅ ਹੋਣ 'ਤੇ ਆਪਣਾ ਫੈਸਲਾ ਵਾਪਸ ਲੈ ਲਿਆ।
ਫਿਲਮ 'ਨਾਨਕ ਸ਼ਾਹ ਫਕੀਰ' ਗੁਰੂ ਨਾਨਕ ਦੇਵ ਦੀ ਸਿੱਖਿਆ ਨੂੰ ਦਰਸਾਉਣ ਦੇ ਦਾਅਵੇ ਕਰਦੀ ਹੈ।












