ਜੀਤੂ ਰਾਏ- ਨੇਪਾਲ ਵਿੱਚ ਪੈਦਾ ਹੋਇਆ ਭਾਰਤ ਦਾ 'ਪਿਸਟਲ ਕਿੰਗ'

ਜੀਤੂ ਰਾਏ

ਤਸਵੀਰ ਸਰੋਤ, Getty Images

    • ਲੇਖਕ, ਵੰਦਨਾ
    • ਰੋਲ, ਬੀਬੀਸੀ ਟੀਵੀ ਐਡੀਟਰ (ਭਾਰਤੀ ਭਾਸ਼ਾਵਾਂ)

ਕਾਮਨਵੈਲਥ ਖੇਡਾਂ ਵਿੱਚ ਜੀਤੂ ਰਾਏ ਨੇ 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਮੈਡਲ ਜਿੱਤਿਆ ਹੈ।

ਜੋ ਜੀਤੂ ਰਾਏ ਦੁਨੀਆਂ 'ਚ 'ਪਿਸਟਲ ਕਿੰਗ' ਦੇ ਨਾਂ ਤੋਂ ਮਸ਼ਹੂਰ ਹੈ, ਜਿਹੜੇ ਹੱਥਾਂ ਨੇ ਨਿਸ਼ਾਨੇਬਾਜ਼ੀ ਵਿੱਚ ਵੱਡੇ ਵੱਡੇ ਮੈਡਲ ਜਿੱਤੇ ਹਨ, 12 ਸਾਲ ਪਹਿਲਾਂ ਤੱਕ ਉਹੀ ਹੱਥ ਨੇਪਾਲ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਮੱਕੀ ਅਤੇ ਆਲੂ ਦੀਆਂ ਫਸਲਾਂ ਲਾਂਦੇ ਸਨ।

ਜੀਤੂ ਦਾ ਸ਼ੂਟਿੰਗ ਨਾਲ ਕੋਈ ਰਿਸ਼ਤਾ ਨਹੀਂ ਸੀ। ਘਰ ਦੇ ਨੇੜੇ ਤਬੇਲੇ ਵਿੱਚ ਭੈਂਸਾਂ ਅਤੇ ਬਕਰੀਆਂ ਨਾਲ ਉਨ੍ਹਾਂ ਦਾ ਸਮਾਂ ਬੀਤਦਾ ਸੀ।

ਨੇਪਾਲ ਦੇ ਪਿੰਡ ਸ਼ਨਖੁਸਾਭਾ 'ਚ ਪੈਦਾ ਹੋਏ ਜੀਤੂ ਦੇ ਪਿਤਾ ਭਾਰਤੀ ਫੌਜ ਵਿੱਚ ਸਨ ਜਿਨ੍ਹਾਂ ਚੀਨ ਅਤੇ ਪਾਕਿਸਤਾਨ ਖਿਲਾਫ ਜੰਗ ਵਿੱਚ ਹਿੱਸਾ ਲਿਆ ਸੀ।

20 ਸਾਲ ਦੀ ਉਮਰ ਵਿੱਚ ਜੀਤੂ ਵੀ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਜਾਂ ਕਹਿ ਸਕਦੇ ਹਾਂ ਕਿ ਉਨ੍ਹਾਂ ਦੀ ਕਿਸਮਤ ਉਨ੍ਹਾਂ ਨੂੰ ਇੱਥੇ ਲੈ ਆਈ।

ਪੈਦਾਇਸ਼ੀ ਨੇਪਾਲੀ ਜੀਤੂ ਬ੍ਰਿਟਿਸ਼ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਸਨ।

ਕਾਫੀ ਸਮੇਂ ਤੋਂ ਬ੍ਰਿਟਿਸ਼ ਫੌਜ ਗੁਰਖਾ ਰੈਜੀਮੈਂਟ ਵਿੱਚ ਭਰਤੀਆਂ ਲਈ ਹਰ ਸਾਲ ਨੇਪਾਲ ਜਾਂਦੀ ਹੈ।

ਜੀਤੂ ਰਾਏ

ਤਸਵੀਰ ਸਰੋਤ, Sam Greenwood/GettyImages

ਗੱਲ 2006-2007 ਦੀ ਹੈ। ਜਦ ਜੀਤੂ ਬ੍ਰਿਟਿਸ਼ ਫੌਜ ਵਿੱਚ ਭਰਤੀ ਹੋਣ ਲਈ ਗਏ ਤਾਂ ਉੱਥੇ ਭਾਰਤੀ ਫੌਜ ਦੇ ਕੈਮਪ ਵਿੱਚ ਪੰਜੀਕਰਨ ਚੱਲ ਰਿਹਾ ਸੀ ਜਦਕਿ ਬ੍ਰਿਟਿਸ਼ ਫੌਜ ਵਿੱਚ ਰੈਜਿਸਟ੍ਰੇਸ਼ਨ ਅਜੇ ਹੋਣੀ ਸੀ।

ਜੀਤੂ ਨੇ ਭਾਰਤੀ ਫੌਜ ਵਿੱਚ ਅਰਜ਼ੀ ਦੇ ਦਿੱਤੀ ਅਤੇ ਬਿਰਤਾਨਵੀ ਫੌਜ ਤੋਂ ਪਹਿਲਾਂ ਹੀ ਉਹ ਭਾਰਤੀ ਫੌਜ ਲਈ ਚੁਣੇ ਗਏ।

ਗੋਰਖਾ ਰੈਜੀਮੈਂਟ ਵਿੱਚ ਗੋਰਖਾ ਫੌਜੀ ਲਈ ਭਾਰਤੀ ਫੌਜ ਵਿੱਚ ਭਰਤੀ ਕੀਤੇ ਗਏ।

ਪਸੰਦ ਨਹੀਂ ਸੀ ਸ਼ੂਟਿੰਗ

ਲਖਨਊ ਵਿੱਚ ਫੌਜੀ ਅੱਡੇ 'ਤੇ ਰਹਿੰਦੇ ਹੋਏ ਜੀਤੂ ਨੂੰ ਸ਼ੂਟਿੰਗ ਪਸੰਦ ਨਹੀਂ ਸੀ, ਹਾਲਾਂਕਿ ਉਨ੍ਹਾਂ ਦਾ ਨਿਸ਼ਾਨਾ ਵਧੀਆ ਸੀ।

ਇਹ ਵੇਖਦੇ ਹੋਏ ਉਨ੍ਹਾਂ ਦੇ ਫੌਜੀ ਅਫਸਰਾਂ ਨੇ ਜੀਤੂ ਨੂੰ ਮਊ ਦੇ ਆਰਮੀ ਮਾਰਕਸਮੈਨਸ਼ਿੱਪ ਯੂਨਿਟ ਵਿੱਚ ਭੇਜਿਆ। ਪਰ ਲਗਾਤਾਰ ਦੋ ਸਾਲ ਫੇਲ੍ਹ ਹੋਣ 'ਤੇ ਉਸਨੂੰ ਵਾਪਸ ਭੇਜ ਦਿੱਤਾ ਗਿਆ।

ਇੱਥੋਂ ਜੀਤੂ ਦੀ ਕਹਾਣੀ ਵਿੱਚ ਇੱਕ ਨਵਾਂ ਮੋੜ ਆਇਆ। ਉਨ੍ਹਾਂ ਨੇ ਨਿਸ਼ਾਨੇਬਾਜ਼ੀ ਵਿੱਚ ਕੜੀ ਮਿਹਨਤ ਕਰਨਾ ਸ਼ੁਰੂ ਕਰ ਦਿੱਤਾ।

ਜੀਤੂ ਰਾਏ

ਤਸਵੀਰ ਸਰੋਤ, Francois Nel/GettyImages

ਭਾਰਤੀ ਫੌਜ ਵਿੱਚ ਰਹਿੰਦੇ ਹੋਏ 2013 ਵਿੱਚ ਜੀਤੂ ਅੰਤਰਰਾਸ਼ਟ੍ਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਲੱਗੇ ਅਤੇ ਇੱਕ ਸਾਲ ਦੇ ਅੰਦਰ ਉਹ ਦੁਨੀਆਂ ਭਰ ਵਿੱਚ ਛਾ ਗਏ।

ਜੀਤੂ ਨੇ 2014 ਕਾਮਨਵੈਲਥ ਖੇਡਾਂ ਵਿੱਚ 50 ਮੀਟਰ ਪਿਸਟਲ ਵਰਗ ਵਿੱਚ ਗੋਲਡ ਜਿੱਤਿਆ।

2014 ਦੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੂੰ ਪਹਿਲਾ ਗੋਲਡ ਜੀਤੂ ਨੇ ਹੀ ਦੁਆਇਆ ਸੀ।

ਕਾਇਮ ਕੀਤੇ ਕਈ ਰਿਕਾਰਡ

2014 ਵਿੱਚ ਹੀ ਜੀਤੂ ਨੇ ਸ਼ੂਟਿੰਗ ਵਿੱਚ ਨੌ ਦਿਨਾਂ ਦੇ ਅੰਦਰ ਤਿੰਨ ਵਰਲਡ ਕੱਪ ਮੈਡਲ ਜਿੱਤ ਕੇ ਰਿਕਾਰਡ ਬਣਾ ਦਿੱਤਾ ਸੀ।

ਇਸ ਵਿੱਚ 10 ਮੀਟਰ ਏਅਰ ਪਿਸਟਲ ਵਿੱਚ ਗੋਲਡ ਅਤੇ 50 ਮੀਟਰ ਏਅਰ ਪਿਸਟਲ ਵਿੱਚ ਸਿਲਵਰ ਸ਼ਾਮਲ ਹੈ।

ਪਰ ਸਭ ਕੁਝ ਇੰਨਾ ਸੌਖਾ ਨਹੀਂ ਸੀ।

2016 ਵਿੱਚ ਉਲਮਪਿਕ ਵਿੱਚ ਮੈਡਲ ਨਾ ਜਿੱਤਣਾ ਜੀਤੂ ਦੇ ਕਰੀਅਰ ਦਾ ਲੋ-ਪੌਏਂਟ ਸੀ। ਉਲਮਪਿਕ ਵਿੱਚ ਮੈਡਲ ਜਿੱਤਣਾ ਜੀਤੂ ਦਾ ਸੁਫਨਾ ਸੀ।

ਪਰ 2018 ਵਿੱਚ ਜੀਤੂ ਨੇ ਚੰਗੀ ਵਾਪਸੀ ਕੀਤੀ। ਇਸ ਸਾਲ ਮੈਕਸੀਕੋ ਵਿੱਚ ਹੋਏ ਵਰਲਡ ਕੱਪ 'ਚ ਜੀਤੂ ਨੇ ਤਾਂਬਾ ਮੈਡਲ ਜਿੱਤਿਆ ਹੈ।

ਕਈ ਸਾਲਾਂ ਤੱਕ ਤਾਂ ਜੀਤੂ ਦੇ ਘਰਵਾਲਿਆਂ ਨੂੰ ਪਤਾ ਵੀ ਨਹੀਂ ਸੀ ਕਿ ਬੇਟਾ ਦੁਨੀਆਂ ਭਰ ਵਿੱਚ ਮੈਡਲ ਜਿੱਤ ਰਿਹਾ ਹੈ।

ਜੀਤੂ ਰਾਏ

ਤਸਵੀਰ ਸਰੋਤ, Chung Sung-Jun/GettyImages

ਜਦ ਜੀਤੂ ਨੂੰ ਅਰਜੁਨ ਪੁਰਸਕਾਰ ਮਿਲਿਆ ਅਤੇ ਮਾਂ ਦਿੱਲੀ ਆਈ ਤਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਜੀਤੂ ਕਿੰਨਾ ਵੱਡਾ ਖਿਡਾਰੀ ਬਣ ਗਿਆ ਹੈ।

ਜੀਤੂ ਨੂੰ ਆਪਣੇ ਘਰ ਜਾਣ ਲਈ ਕਈ ਦਿਨ ਲੱਗਦੇ ਸਨ। ਪਹਿਲਾਂ ਡਾਰਜੀਲਿੰਗ ਤੋਂ ਬਾਗਡੋਗਰਾ ਟ੍ਰੇਨ ਵਿੱਚ ਅਤੇ ਉਸ ਤੋਂ ਬਾਅਦ ਪਿੰਡ ਪਹੁੰਚਣ ਲਈ ਦੋ ਹੋਰ ਦਿਨ ਲੱਗਦੇ ਸਨ।

ਹੁਣ ਜੀਤੂ ਫਲਾਈਟ ਵਿੱਚ ਚਲੇ ਜਾਂਦੇ ਹਨ ਹਾਲਾਂਕਿ ਪਿੰਡ ਹਾਲੇ ਵੀ ਤੁਰ ਕੇ ਜਾਣਾ ਪੈਂਦਾ ਹੈ।

ਚਾਰ ਸਾਲ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਆਈ ਹੈ। ਇਸ ਤੋਂ ਪਹਿਲਾਂ ਪਿੰਡ ਵਿੱਚ ਕਿਸੇ ਨੇ ਵੀ ਰੌਸ਼ਨੀ ਨਹੀਂ ਵੇਖੀ ਸੀ ਪਰ ਪਿੰਡ ਦੇ ਮੁੰਡੇ ਨੇ ਦੁਨੀਆਂ ਭਰ ਵਿੱਚ ਉਨ੍ਹਾਂ ਦਾ ਨਾਂ ਰੌਸ਼ਨ ਕੀਤਾ ਹੈ।

ਸ਼ੂਟਿੰਗ ਤੋਂ ਇਲਾਵਾ ਜੀਤੂ ਅੱਜ ਵੀ ਬਚਪਨ ਵਾਂਗ ਵਾਲੀਬਾਲ ਖੇਡਣਾ ਪਸੰਦ ਕਰਦੇ ਹਨ ਅਤੇ ਨਾਲ ਹੀ ਆਮਿਰ ਖਾਨ ਦੀਆਂ ਫਿਲਮਾਂ ਵੀ ਪਸੰਦ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)