ਨਜ਼ਰੀਆ꞉ ਮਜੀਠੀਆ ਨੇ ਕੇਜਰੀਵਾਲ ਨੂੰ ਮਾਫ਼ ਕੀਤਾ ਕੀ 'ਆਪ' ਵਾਲੇ ਕਰਨਗੇ

ਤਸਵੀਰ ਸਰੋਤ, Getty Images
- ਲੇਖਕ, ਪ੍ਰਮੋਦ ਜੋਸ਼ੀ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਲਈ
ਸਿਰਫ਼ 4 ਸਾਲ ਦੀ ਸਿਆਸਤ ਵਿੱਚ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦੇਸ ਦੇ ਸਿਆਸੀ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੋ ਚੁੱਕੇ ਹਨ।
ਦਰਜ ਵੀ ਅਜਿਹੇ ਹੋਏ ਹਨ ਕਿ ਚੁਟਕਲੇ ਲਿਖੇ ਜਾ ਰਹੇ ਹਨ।
ਉਨ੍ਹਾਂ ਦਾ ਜ਼ਿਕਰ ਹੋਣ 'ਤੇ ਆਪਣੇ ਹੀ ਜਾਲ਼ ਵਿੱਚ ਉਲਝੇ ਇੱਕ ਮੱਕੜੇ ਦੀ ਤਸਵੀਰ ਮਨ ਵਿੱਚ ਆਉਂਦੀ ਹੈ।
ਇਸ ਪਾਰਟੀ ਨੇ ਜਿਹੜੇ ਉੱਚੇ ਆਦਰਸ਼ਾਂ ਤੇ ਵਿਚਾਰਾਂ ਦਾ ਜਾਲ਼ ਪਾ ਕੇ ਸੱਤਾ ਦੀ ਟੀਸੀ 'ਤੇ ਜਾਣ ਦੀ ਸੋਚੀ ਸੀ, ਉਸ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਜਾ ਰਿਹਾ ਹੈ। ਹੁਣ ਸਾਰਾ ਕੁਨਬਾ ਖੇਰੂੰ-ਖੇਰੂੰ ਹੋਣ ਦੀ ਤਿਆਰੀ ਵਿੱਚ ਹੈ।
ਜਿਉਂ-ਜਿਉਂ ਪਾਰਟੀ ਅਤੇ ਉਸਦੇ ਆਗੂਆਂ ਦੀ ਅੰਦਰੂਨੀ ਖਿੱਚੋਤਾਣ ਸਾਹਮਣੇ ਆ ਰਹੀ ਹੈ, ਉਲਝਣ ਵਧ ਰਹੀ ਹੈ।
ਠੋਕਰ 'ਤੇ ਠੋਕਰ
ਕੇਜਰੀਵਾਲ ਦੇ ਪੁਰਾਣੇ ਸਾਥੀਆਂ ਵਿੱਚੋਂ ਬਹੁਤੇ ਜਾਂ ਤਾਂ ਉਨ੍ਹਾਂ ਦਾ ਸਾਥ ਛੱਡ ਗਏ ਹਨ ਜਾਂ ਲੱਤ ਮਾਰ ਕੇ ਪਾਰਟੀ ਵਿੱਚੋਂ ਕੱਢੇ ਗਏ ਹਨ।
ਹੁਣ ਉਹ ਟਵੀਟ ਕਰ ਕਰ ਕੇ ਚਟਖਾਰੇ ਲੈ ਰਹੇ ਹਨ ਕਿ "ਅਸੀਂ ਉਸ ਬੰਦੇ 'ਤੇ ਕਿਉਂ ਥੁੱਕੀਏ ਜੋ ਆਪ ਥੁੱਕ ਕੇ ਚੱਟਣ ਦਾ ਮਾਹਿਰ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਏ ਤੋਂ ਕੇਜਰੀਵਾਲ ਦੇ ਮਾਫ਼ੀ ਮੰਗਣ ਮਗਰੋਂ ਪਾਰਟੀ ਦੀ ਪੰਜਾਬ ਇਕਾਈ ਟੁੱਟਣ ਕਿਨਾਰੇ ਹੈ।
ਦਿੱਲੀ ਵਿੱਚ ਪਹਿਲਾਂ ਹੀ ਬਗਾਵਤ ਹੋ ਰਹੀ ਹੈ। ਦਿੱਲੀ ਦੇ 20 ਵਿਧਾਇਕਾਂ ਦੀ ਗੱਲ ਵਿਚਾਲੇ ਲਟਕ ਹੀ ਰਹੀ ਸੀ ਕਿ ਮਾਫ਼ੀਨਾਮੇ ਨੇ ਘੇਰਾ ਪਾ ਲਿਆ।
ਮਜ਼ਾਕ ਬਣੀ ਸਿਆਸਤ
ਸੋਸ਼ਲ ਮੀਡੀਆ 'ਤੇ ਕੇਜਰੀਵਾਲ ਦਾ ਮਜ਼ਾਕ ਬਣ ਰਿਹਾ ਹੈ। ਕਿਸੇ ਨੇ ਲੱਗੇ ਹੱਥ ਗੇਮ ਤਿਆਰ ਕਰ ਦਿੱਤਾ ਹੈ।
ਪਿਛਲੇ ਦੋ ਤਿੰਨ ਸਾਲ ਦੀ ਧੂੰਆਂ-ਧਾਰ ਸਿਆਸਤ ਦਾ ਸਿੱਟਾ ਹੈ ਕਿ ਪਾਰਟੀ 'ਤੇ ਦਰਜਨ ਤੋਂ ਵੱਧ ਮਾਣਹਾਨੀ ਦੇ ਕੇਸ ਦੇਸ ਦੇ ਵੱਖ-ਵੱਖ ਇਲਾਕਿਆਂ ਵਿੱਚ ਚੱਲ ਰਹੇ ਹਨ।

ਤਸਵੀਰ ਸਰੋਤ, Getty Images
ਪਾਰਟੀ ਦੇ ਬੁਲਾਰੇ ਸੌਰਭ ਭਰਦਵਾਜ ਦਾ ਕਹਿਣਾ ਹੈ ਕਿ ਅਦਾਲਤਾਂ ਵਿੱਚ ਪਏ ਕੇਸਾਂ ਨੂੰ ਸਹਿਮਤੀ ਨਾਲ ਨਿਪਟਾਉਣ ਦਾ ਫੈਸਲਾ ਪਾਰਟੀ ਦੀ ਕਾਨੂੰਨੀ ਸਲਾਹਕਾਰ ਕਮੇਟੀ ਦੇ ਮਸ਼ਵਰੇ ਨਾਲ ਲਿਆ ਗਿਆ ਹੈ ਕਿਉਂਕਿ ਸਾਧਨ ਪਹਿਲਾਂ ਤੋਂ ਹੀ ਘੱਟ ਹਨ ਤੇ ਇਨ੍ਹਾਂ ਕੇਸਾਂ ਨਾਲ ਹੋਰ ਬੋਝ ਪੈ ਰਿਹਾ ਸੀ।
ਮਾਫ਼ੀਆਂ ਹੀ ਮਾਫ਼ੀਆਂ
ਕਿਹਾ ਜਾ ਰਿਹਾ ਹੈ ਕਿ ਜਿਵੇਂ ਮਜੀਠੀਏ ਦਾ ਮਾਮਲਾ ਹੱਲ ਕੀਤਾ ਗਿਆ ਹੈ ਉਸੇ ਤਰ੍ਹਾਂ ਅਰੁਣ ਜੇਤਲੀ, ਨਿਤਿਨ ਗੜਕਰੀ ਅਤੇ ਸ਼ੀਲਾ ਦਿਕਸ਼ਿਤ ਵਰਗੇ ਕੇਸ ਹੱਲ ਕੀਤੇ ਜਾਣਗੇ।
ਭਾਵ ਮਾਫ਼ੀਨਾਮਿਆਂ ਦੀ ਲਾਈਨ ਲੱਗਣ ਵਾਲੀ ਹੈ। ਪਿਛਲੇ ਸਾਲ ਬੀਜੇਪੀ ਆਗੂ ਅਵਤਾਰ ਸਿੰਘ ਭੜਾਨਾ ਤੋਂ ਵੀ ਇੱਕ ਮਾਮਲੇ ਵਿੱਚ ਮਾਫ਼ੀ ਮੰਗੀ ਗਈ ਸੀ।

ਤਸਵੀਰ ਸਰੋਤ, BHAGWANT MANN FB
ਕੇਜਰੀਵਾਲ ਨੇ ਉਸ ਮਾਫ਼ੀਨਾਮੇ ਵਿੱਚ ਕਿਹਾ ਸੀ ਕਿ ਇੱਕ ਸਹਿਯੋਗੀ ਦੀਆਂ ਗੱਲਾਂ ਵਿੱਚ ਆ ਕੇ ਉਨ੍ਹਾਂ ਨੇ ਇਲਜ਼ਾਮ ਲਾਏ ਸਨ।
ਪਾਰਟੀ ਸੂਤਰਾਂ ਮੁਤਾਬਕ ਇੱਕ ਹਾਲੀਆ ਬੈਠਕ ਵਿੱਚ ਫੈਸਲਾ ਲਿਆ ਗਿਆ ਕਿ ਮੁਕਦੱਮਿਆਂ ਵਿੱਚ ਸਮਾਂ ਖਰਾਬ ਨਾ ਕੀਤਾ ਜਾਵੇ ਸਗੋਂ ਕੰਮ ਕਰਨ 'ਤੇ ਲਾਇਆ ਜਾਵੇ।
ਸੌਰਭ ਭਰਦਵਾਜ ਨੇ ਪਾਰਟੀ ਦੇ ਫ਼ੈਸਲੇ ਦੀ ਗੱਲ ਕਰ ਰਹੇ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਫ਼ੈਸਲਾ ਕੇਜਰੀਵਾਲ ਦੇ ਪੱਧਰ 'ਤੇ ਲਿਆ ਗਿਆ ਹੈ।
ਆਖ਼ਰ ਕਿਸਦਾ ਫ਼ੈਸਲਾ?
ਇਸ ਮੁੱਕਦਮੇ ਵਿੱਚ ਕੇਜਰੀਵਾਲ ਤੋਂ ਇਲਾਵਾ ਆਸ਼ੀਸ਼ ਖੇਤਾਨ ਤੇ ਸੰਜੇ ਸਿੰਘ ਦੇ ਵੀ ਨਾਮ ਹਨ। ਸੰਜੇ ਸਿੰਘ ਦੀ ਪ੍ਰਤੀਕਿਰਿਆ ਤੋਂ ਲਗਦਾ ਹੈ ਕਿ ਜਾਂ ਤਾਂ ਉਹ ਫ਼ੈਸਲੇ ਨਾਲ ਸਹਿਮਤ ਨਹੀਂ ਸਨ ਜਾਂ ਉਨ੍ਹਾਂ ਨੂੰ ਇਹ ਪਸੰਦ ਨਹੀਂ ਸਨ।
ਪੰਜਾਬ ਵਿੱਚ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤਾ ਕਿ '...ਸਾਡੇ ਨਾਲ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ'

ਤਸਵੀਰ ਸਰੋਤ, TWITTER
ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਸਤੀਫ਼ਾ ਦੇ ਚੁੱਕੇ ਹਨ। ਸਾਰੀ ਇਕਾਈ ਵਿੱਚ ਰੋਸ ਹੈ।
ਸੜਕ ਤੋਂ ਸੱਤਾ ਤੱਕ
ਪਾਰਟੀ ਦਾ ਸੰਕਟ ਇਸ ਲਈ ਖੜ੍ਹਾ ਹੋਇਆ ਕਿਉਂਕਿ ਸੜਕ ਦੀ ਸਿਆਸਤ ਤੋਂ ਤੁਰੰਤ ਮਗਰੋਂ ਪਾਰਟੀ ਹਕੂਮਤ ਵਿੱਚ ਆ ਗਈ। ਸੜਕ-ਛਾਪ ਨਾਅਰਿਆਂ, ਬਿਆਨਾਂ ਅਤੇ ਸੋਸ਼ਲ ਮੀਡੀਆ ਦਾ ਚਿੱਕੜ ਉਛਾਲ ਕੇ ਜਿੰਨਾ ਲਾਭ ਉਨ੍ਹਾਂ ਨੂੰ ਮਿਲ ਸਕਦਾ ਸੀ, ਉਹ ਇੱਕੋ ਵਾਰ ਤੇ ਜ਼ਰੂਰਤ ਤੋਂ ਵੱਧ ਮਿਲ ਗਿਆ।
ਆਮ ਆਦਮੀ ਪਾਰਟੀ ਸੁਫ਼ਨਿਆਂ ਦੇ ਸੌਦਾਗਰ ਵਾਂਗ ਆਈ ਸੀ। ਜਨਤਾ ਨੂੰ ਲੱਗਿਆ ਕਿ ਉਨ੍ਹਾਂ ਦੇ ਸੁਫ਼ਨਿਆਂ ਦੇ ਆਗੂ ਉਸ ਦੇ ਸਾਹਮਣੇ ਖੜ੍ਹੇ ਹਨ। ਹੁਣ ਉਹ ਸੁਫ਼ਨਾ ਟੁੱਟ ਗਿਆ ਹੈ।
ਉਨ੍ਹਾਂ ਦੀ ਭਾਵੁਕ ਸਿਆਸਤ ਨਿਆਂ-ਪ੍ਰਣਾਲੀ ਦੀ ਕਠੋਰ ਜ਼ਮੀਨ 'ਤੇ ਆ ਗਈ ਹੈ। ਪ੍ਰਣਾਲੀ ਦੀ ਪਕੜ ਪੀਡੀ ਹੁੰਦੀ ਜਾ ਰਹੀ ਹੈ।

ਤਸਵੀਰ ਸਰੋਤ, Getty Images
ਖ਼ਬਰਾਂ ਹਨ ਕਿ ਪਾਰਟੀ ਆਪਣੇ ਆਗੂਆਂ ਤੇ ਚੱਲਦੇ ਸਾਰੇ ਕੇਸ ਖਤਮ ਕਰਨਾ ਚਾਹੁੰਦੀ ਹੈ। ਇਸ ਲਈ ਸਮਝੌਤੇ ਕਰਨੇ ਪੈਣਗੇ। ਅਰਵਿੰਦ ਉਂਝ ਵੀ ਮਾਫ਼ੀਆਂ ਮੰਗਣ ਲਈ ਮਸ਼ਹੂਰ ਹਨ। ਦਿੱਲੀ ਦੀ ਜਨਤਾ ਤੋਂ ਉਹ ਪਤਾ ਨਹੀਂ ਕਿੰਨੀ ਵਾਰ ਮਾਫ਼ੀ ਮੰਗ ਚੁੱਕੇ ਹਨ।
ਮਾਫ਼ੀ ਅਤੇ ਮਾਫ਼ੀ ਦਾ ਫ਼ਰਕ
ਉਸ ਮਾਫ਼ੀ ਤੇ ਇਸ ਮਾਫ਼ੀ ਵਿੱਚ ਫ਼ਰਕ ਹੈ। ਜਿਨ੍ਹਾਂ ਇਲਜ਼ਾਮਾਂ ਕਰਕੇ ਕੇਸ ਚੱਲ ਰਹੇ ਹਨ, ਉਹ ਪੱਕੀ ਤਰ੍ਹਾਂ ਸਿਆਸਤ ਨਾਲ ਜੁੜੇ ਹੋਏ ਹਨ।
ਇਨ੍ਹਾਂ ਇਲਜ਼ਾਮਾਂ ਦੇ ਸਿਰ 'ਤੇ ਹੀ ਤਾਂ ਸਿਆਸਤ ਕੀਤੀ ਜਾ ਰਹੀ ਸੀ।

ਤਸਵੀਰ ਸਰੋਤ, Getty Images
ਦੇਸ ਦੇ ਬੇਈਮਾਨ ਸਿਆਸਤਦਾਨਾਂ ਦੀ ਲਿਸਟ ਜਾਰੀ ਕਰਨਾਂ ਉਨ੍ਹਾਂ ਦਾ ਸ਼ੌਂਕ ਰਿਹਾ ਹੈ। ਇਸ ਲਿਹਾਜ਼ ਨਾਲ ਕੇਸ ਕੋਈ ਬਹੁਤੇ ਨਹੀਂ ਹਨ।
ਉਨ੍ਹਾਂ ਦੇ ਬਿਆਨਾਂ ਵਿੱਚ ਕਮੀ ਆਈ ਹੈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਜੋ ਉਹ ਬਿਆਨ ਦੇ ਰਹੇ ਹਨ, ਉਹ ਸਾਧਾਰਨ ਨਹੀਂ ਹਨ।
ਇਹ ਗੱਲਾਂ ਮੁੱਖਧਾਰਾ ਦੀ ਸਿਆਸਤ ਨਾਲ ਮੇਲ ਨਹੀਂ ਖਾਂਦੀਆਂ ਜਿਸਦਾ ਹੁਣ ਉਹ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਗੱਲਾਂ ਨੂੰ ਸੜਕ-ਛਾਪ ਕਿਹਾ ਜਾਂਦਾ ਹੈ।
ਮਜੀਠੀਏ ਨੇ ਅੰਮ੍ਰਿਤਸਰ ਦੀ ਇੱਕ ਅਦਾਲਤ ਵਿੱਚ ਕੇਜਰੀਵਾਲ, ਸੰਜੇ ਸਿੰਘ ਅਤੇ ਆਸ਼ੀਸ਼ ਖੇਤਾਨ ਦੇ ਖਿਲਾਫ਼ ਕੇਸ ਕੀਤਾ ਸੀ।
ਇਸ ਮਾਮਲੇ ਵਿੱਚ ਕਈ ਪੇਸ਼ੀਆਂ ਪੈ ਚੁੱਕੀਆਂ ਹਨ। ਅਗਲੀ ਤਰੀਕ ਅਪ੍ਰੈਲ ਵਿੱਚ ਹੈ, ਜਿਸ ਵਿੱਚ ਮਾਫ਼ੀਨਾਮਾ ਪੇਸ਼ ਕੀਤਾ ਜਾ ਸਕਦਾ ਹੈ।

ਤਸਵੀਰ ਸਰੋਤ, TWITTER/@BSMAJITHIA
ਮਜੀਠੀਏ ਨੂੰ ਨਾ ਸਿਰਫ਼ ਉਨ੍ਹਾਂ ਨੇ ਡਰੱਗ ਤਸਕਰ ਕਿਹਾ ਸਗੋਂ ਪਾਰਟੀ ਵਰਕਰਾਂ ਤੋਂ ਉਨ੍ਹਾਂ ਦੇ ਪੋਸਟਰ ਲਗਵਾਏ। ਹੁਣ ਵਿਹਾਰਕ ਸੱਚ ਉਨ੍ਹਾਂ ਦੇ ਸਾਹਮਣੇ ਹੈ।
ਉਨ੍ਹਾਂ ਨੇ ਇਲਜ਼ਾਮ ਲਾਉਣ ਵਿੱਚ ਜਿੰਨੀ ਫ਼ੁਰਤੀ ਦਿਖਾਈ ਸੀ ਓਨੀ ਹੀ ਕਾਹਲੀ ਹੁਣ ਉਹ ਮਾਫ਼ੀ ਮੰਗਣ ਵਿੱਚ ਕਰ ਰਹੇ ਹਨ।
ਸੱਚ ਇਹ ਹੈ ਕਿ ਉਨ੍ਹਾਂ ਦੇ ਮਾਫ਼ੀ ਮੰਗਣ ਨਾਲ ਪੰਜਾਬ ਵਿੱਚ ਉਨ੍ਹਾਂ ਦੀ ਸਿਆਸਤ ਭਾਰੀ ਨੁਕਸਾਨ ਪਹੁੰਚ ਸਕਦਾ ਹੈ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ, ਮੈਂ ਤਾਂ ਕੇਜਰੀਵਾਲ ਨੂੰ ਮਾਫ਼ ਕਰ ਦਿੱਤਾ ਪਰ ਕੀ ਉਨ੍ਹਾਂ ਦੇ 'ਆਪਣੇ' ਉਨ੍ਹਾਂ ਨੂੰ ਮਾਫ਼ ਕਰਨਗੇ?
ਇਹ ਪਹਿਲਾ ਮਾਮਲਾ ਨਹੀਂ ਹੈ ਜਿਸ ਵਿੱਚ ਕੇਜਰੀਵਾਲ ਨੇ ਮਾਫ਼ੀ ਮੰਗੀ ਹੈ। ਉਹ ਕਈ ਵਾਰ ਮਾਫ਼ੀ ਮੰਗ ਚੁੱਕੇ ਹਨ ਪਰ ਉਸ ਮਾਫ਼ੀ ਤੇ ਇਸ ਮਾਫ਼ੀ ਵਿੱਚ ਫ਼ਰਕ ਹੈ। ਸਿਆਸਤ ਵਿੱਚ ਮਾਫ਼ੀਆਂ ਸਾਲਾਂ ਤੱਕ ਯਾਦ ਰਹਿੰਦੀਆਂ ਹਨ।












