You’re viewing a text-only version of this website that uses less data. View the main version of the website including all images and videos.
ਬਲਾਗ: ਇੱਕ ਡਾਂਸਰ ਦੇ ਨੇਤਾ ਬਣਨ 'ਤੇ ਸ਼ੋਰ ਕਿਉਂ?
ਅਦਾਕਾਰਾ ਤੋਂ ਨੇਤਾ ਬਣੀ ਜਯਾ ਬੱਚਨ ਅੱਜ ਕਿਹੋ ਜਿਹਾ ਮਹਿਸੂਸ ਕਰ ਰਹੀ ਹੋਵੇਗੀ? ਉਹ ਗੁੱਸਾ ਹੋਵੇਗੀ, ਦੁਖੀ ਹੋਵੇਗੀ ਜਾਂ ਫਿਰ ਉਨ੍ਹਾਂ ਦਾ ਮੋੜਵਾ ਜਵਾਬ ਦੇਣ ਦਾ ਦਿਲ ਕਰ ਰਿਹਾ ਹੋਵੇਗਾ।
ਹੋਇਆ ਇਹ ਹੈ ਕਿ ਕਿਸੇ ਰਾਜਨੀਤਕ ਪਾਰਟੀ ਦੇ ਨੇਤਾ ਨੇ ਟਿੱਪਣੀ ਕੀਤੀ ਹੈ ਕਿ ਰਾਜਨੀਤੀ ਵਿੱਚ ਉਨ੍ਹਾਂ ਦੇ ਕੰਮ ਦੀ ਤੁਲਨਾ ਫਿਲਮ ਇੰਡਸਟਰੀ ਵਿੱਚ ਜਯਾ ਵੱਲੋਂ ਕੀਤੇ ਗਏ ਕੰਮ ਨਾਲ ਨਹੀਂ ਕੀਤੀ ਜਾ ਸਕਦੀ।
ਉਹ ਹੈਰਾਨ ਹਨ ਕਿ ਫਿਲਮਾਂ ਵਿੱਚ ਡਾਂਸ ਕਰਨ ਵਾਲੀ ਇੱਕ ਔਰਤ ਨੂੰ ਰਾਜ ਸਭਾ ਦੀ ਟਿਕਟ ਕਿਵੇਂ ਮਿਲ ਸਕਦੀ ਹੈ।
ਜਯਾ ਬੱਚਨ ਨੇ ਇਸ ਟਿੱਪਣੀ 'ਤੇ ਕਿਹੋ ਜਿਹਾ ਮਹਿਸੂਸ ਕੀਤਾ, ਇਹ ਅਸੀਂ ਨਹੀਂ ਜਾਣਦੇ ਪਰ ਕਈ ਆਮ ਲੋਕਾਂ ਨੇ ਇਸ ਦਾ ਬੁਰਾ ਮਨਾਇਆ।
@IAS_RAMDEVASI ਨੇ ਟਵੀਟ ਕਰ ਕੇ ਲਿਖਿਆ, ''ਦੇਸ਼ ਦੀ ਸੰਸਕਾਰੀ ਅਤੇ ਟੌਪ ਦੀ ਅਦਾਕਾਰਾ ਲਈ ਭਾਜਪਾ ਦੇ ਨੇਤਾ ਵੱਲੋਂ ਇਹ ਸ਼ਬਦ ਸਵੀਕਾਰੇ ਨਹੀਂ ਜਾ ਸਕਦੇ। ਖਾਸ ਕਰ ਕੇ ਉਸ ਪਾਰਟੀ ਦੇ ਨੇਤਾ ਵੱਲੋਂ ਜਿਸ ਨੇ ਇੱਕ ਔਰਤ ਨੂੰ ਰੱਖਿਆ ਅਤੇ ਵਿਦੇਸ਼ੀ ਮੰਤਰੀ ਬਣਾਇਆ ਹੈ।''
ਸਵਾਲ ਇਹ ਹੈ ਕਿ ਜੇ ਇਸ ਸੰਸਕਾਰੀ ਅਤੇ ਟੌਪ ਦੀ ਅਦਾਕਾਰਾ ਨੂੰ ਫਿਲਮਾਂ ਵਿੱਚ ਡਾਂਸ ਕਰਨ ਵਾਲੀ ਕਿਹਾ ਜਾ ਰਿਹਾ ਹੈ, ਤਾਂ ਉਸ ਵਿੱਚ ਪ੍ਰੇਸ਼ਾਨੀ ਕੀ ਹੈ?
ਫਿਲਮਾਂ ਵਿੱਚ ਡਾਂਸ ਸੰਸਕਾਰੀ ਕਿਉਂ ਨਹੀਂ?
ਫਿਲਮਾਂ ਵਿੱਚ ਨੱਚਣਾ ਛੋਟਾ ਕੰਮ ਕਿਉਂ ਮੰਨਿਆ ਜਾਂਦਾ ਹੈ?
ਅੱਜ ਦੇ ਸਮੇਂ ਵਿੱਚ ਵੀ ਇਸ ਨੂੰ ਸੰਸਕਾਰੀ ਕਿਉਂ ਨਹੀਂ ਮੰਨਿਆ ਜਾਂਦਾ?
ਇਹ ਜਯਾ ਬੱਚਨ ਨੂੰ ਨੀਵਾਂ ਵਿਖਾਉਣਾ ਨਹੀਂ ਬਲਕਿ ਫਿਲਮਾਂ ਵਿੱਚ ਨੱਚਣ ਦੇ ਕੰਮ ਨੂੰ ਨੀਵਾਂ ਵਿਖਾਉਣਾ ਹੈ।
ਸੋਮਵਾਰ ਨੂੰ ਸਮਾਜਵਾਦੀ ਪਾਰਟੀ ਦੇ ਨੇਤਾ ਨਰੇਸ਼ ਅਗਰਵਾਲ ਭਾਜਪਾ ਨਾਲ ਜੁੜੇ।
ਜੁੜਣ ਦਾ ਇੱਕ ਕਾਰਨ ਇਹ ਦਿੱਤਾ ਕਿ ਫਿਲਮਾਂ ਵਿੱਚ ਡਾਂਸ ਕਰਨ ਵਾਲੀ ਲਈ ਉਨ੍ਹਾਂ ਨੂੰ ਰਾਜ ਸਭਾ ਦੀ ਟਿਕਟ ਨਹੀਂ ਦਿੱਤੀ ਗਈ।
ਉਨ੍ਹਾਂ ਜਯਾ ਦਾ ਨਾਂ ਨਹੀਂ ਲਿਆ ਪਰ ਇਹ ਸਾਫ਼ ਹੈ ਕਿਉਂਕਿ ਟਿਕਟ ਜਯਾ ਬੱਚਨ ਨੂੰ ਹੀ ਦਿੱਤੀ ਗਈ ਹੈ।
ਉਸ ਦੇ ਤੁਰੰਤ ਬਾਅਦ ਹੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕੀਤਾ, ''ਸ੍ਰੀ ਨਰੇਸ਼ ਅਗਰਵਾਲ ਭਾਜਪਾ ਨਾਲ ਜੁੜੇ, ਉਨ੍ਹਾਂ ਦਾ ਸੁਆਗਤ ਹੈ। ਪਰ ਜਯਾ ਬੱਚਨ ਜੀ ਲਈ ਕੀਤੀ ਗਈ ਉਨ੍ਹਾਂ ਦੀ ਟਿੱਪਣੀ ਗਲਤ ਹੈ।''
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਇਸ ਦੇ ਖ਼ਿਲਾਫ਼ ਟਵੀਟ ਕੀਤਾ। ਉਨ੍ਹਾਂ ਲਿਖਿਆ, ''ਇਹ ਭਾਰਤੀ ਫਿਲਮ ਇੰਡਸਟਰੀ ਅਤੇ ਹਰ ਔਰਤ ਦੀ ਬੇਇੱਜ਼ਤੀ ਹੈ।''
ਪਰ ਫਿਲਮਾਂ ਵਿੱਚ ਨੱਚਣਾ ਭਾਰਤੀ ਔਰਤਾਂ ਦੀ ਬੇਇੱਜ਼ਤੀ ਕਿਉਂ ਹੈ?
ਜਯਾ ਦੇ ਪਤੀ ਅਮਿਤਾਭ ਬੱਚਨ ਵੀ ਫਿਲਮਾਂ ਵਿੱਚ ਨੱਚਦੇ ਰਹੇ ਹਨ ਅਤੇ ਉਹ ਐਮਪੀ ਵੀ ਰਹੇ ਹਨ।
ਪਰ ਕਿਸੇ ਵੀ ਨੇਤਾ ਨੇ ਉਨ੍ਹਾਂ ਦੇ ਕੱਦ ਨੂੰ ਛੋਟਾ ਨਹੀਂ ਦੱਸਿਆ ਹੈ।
ਫ਼ਿਲਮ ਇੰਡਸਟਰੀ ਤੋਂ ਰਾਜਨੀਤੀ ਵਿੱਚ ਆਏ ਮਰਦਾਂ ਲਈ ਅਜਿਹੀਆਂ ਟਿੱਪਣੀਆਂ ਨਹੀਂ ਕੀਤੀਆਂ ਗਈਆਂ ਹਨ।
ਗਲਤ ਮੁੱਦੇ 'ਤੇ ਸ਼ੋਰ
ਨਰੇਸ਼ ਅਗਰਵਾਲ ਦੀ ਟਿੱਪਣੀ ਗਲਤ ਹੋ ਸਕਦੀ ਹੈ ਪਰ ਉਸ ਦੇ ਖ਼ਿਲਾਫ਼ ਦਾ ਸ਼ੋਰ ਕੀ ਸਹੀ ਮੁੱਦੇ 'ਤੇ ਮੱਚ ਰਿਹਾ ਹੈ?
ਨਰੇਸ਼ ਅਗਰਵਾਲ ਅਤੇ ਭਾਜਪਾ ਨੂੰ ਸਿਆਸੀ ਮੌਕਾਪ੍ਰਸਤੀ ਦਾ ਜਵਾਬ ਦੇਣਾ ਹੋਵੇਗਾ।
ਪਰ ਜੇ ਅਸੀਂ ਧਿਆਨ ਨਾਲ ਸੋਚੀਏ ਤਾਂ ਨਰੇਸ਼ ਦੀ ਟਿੱਪਣੀ ਸਾਡੇ ਹੀ ਨੈਤਿਕ ਮੁੱਲਾਂ ਨੂੰ ਸ਼ੀਸ਼ਾ ਵਿਖਾਉਂਦੀ ਹੈ।
ਅਸੀਂ ਫਿਲਮਾਂ ਅਤੇ ਉਸ ਵਿੱਚ ਔਰਤ ਦੀ ਅਦਾਕਾਰੀ ਨੂੰ ਕਿਵੇਂ ਵੇਖਦੇ ਹਾਂ?
ਅਤੇ ਔਰਤਾਂ ਲਈ ਕਿਹੋ ਜਿਹੇ ਕਿਰਦਾਰ ਲਿਖੇ ਜਾ ਰਹੇ ਹਨ?
ਜੇ ਉਸ 'ਤੇ ਵੀ ਸ਼ੋਰ ਮਚਾਇਆ ਜਾਏ, ਤਾਂ ਸ਼ਾਇਦ ਕੁਝ ਬਦਲਾਅ ਆ ਸਕਦਾ ਹੈ।