ਨਜ਼ਰੀਆ꞉ 'ਹਿੰਦ ਮਹਾਂਸਾਗਰ 'ਚ ਚੀਨ ਨਾਲ ਮੁਕਾਬਲੇ ਲਈ ਫਰਾਂਸ ਦਾ ਸਾਥ ਜ਼ਰੂਰੀ '

ਤਸਵੀਰ ਸਰੋਤ, Getty Images
- ਲੇਖਕ, ਹਰਸ਼ ਪੰਤ
- ਰੋਲ, ਵਿਦੇਸ਼ੀ ਮਾਮਲਿਆਂ ਦੇ ਜਾਣਕਾਰ
ਫਰਾਂਸ ਦੇ ਇਮੈਨੂਅਲ ਮੈਕਰੋਂ ਰਾਸ਼ਟਰਪਤੀ ਅਹੁਦਾ ਸੰਭਾਲਣ ਮਗਰੋਂ ਆਪਣੀ ਪਹਿਲੀ ਭਾਰਤ ਫੇਰੀ ਤੇ ਭਾਰਤ ਆਏ ਹੋਏ ਹਨ।
2016 ਵਿੱਚ ਫਰਾਂਸ ਦੇ ਤਤਕਾਲੀ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਮਹਾਰਾਸ਼ਟਰ ਵਿੱਚ 6 ਪ੍ਰਮਾਣੂ ਰਿਐਕਟਰ ਲਾਉਣ ਦਾ ਐਲਾਨ ਕੀਤਾ ਸੀ।
ਇਸੇ ਦੌਰਾਨ ਦੋਹਾਂ ਦੇਸਾਂ ਵਿੱਚ 36 ਲੜਾਕੂ ਜਹਾਜ਼ ਰਫ਼ੇਲ ਖਰੀਦਣ ਦਾ ਸਮਝੌਤਾ ਹੋਇਆ। ਜਿਸ ਬਾਰੇ ਵਿਰੋਧੀ ਧਿਰ ਮੋਦੀ ਸਰਕਾਰ 'ਤੇ ਹਮਲੇ ਕਰ ਰਹੀ ਹੈ।
ਫਰਾਂਸ ਭਾਰਤ ਲਈ ਨੌਵਾਂ ਸਭ ਤੋਂ ਵੱਡਾ ਨਿਵੇਸ਼ਕ ਹੈ। ਉਹ ਭਾਰਤ ਵਿੱਚ 2000 ਤੋਂ 2017 ਦੌਰਾਨ 600 ਕਰੋੜ ਅਮਰੀਕੀ ਡਾਲਰ ਲਾ ਚੁੱਕਿਆ ਹੈ। ਇਸਦੇ ਇਲਾਵਾ 2016-17 ਵਿੱਚ ਦੁਵੱਲਾ ਵਪਾਰ 1100 ਕਰੋੜ ਡਾਲਰ ਤੇ ਪਹੁੰਚਿਆ।
ਵਧਦੀਆਂ ਨਜ਼ਦੀਕੀਆਂ ਤੋਂ ਫਰਾਂਸ ਉਹੀ ਥਾਂ ਲੈਂਦਾ ਜਾਪ ਰਿਹਾ ਹੈ ਜਿੱਥੇ ਕਦੇ ਰੂਸ ਹੁੰਦਾ ਸੀ।
ਇਨ੍ਹਾਂ ਸਾਰੇ ਮਸਲਿਆਂ 'ਤੇ ਬੀਬੀਸੀ ਪੱਤਰਕਾਰ ਅਭਿਜੀਤ ਸ਼੍ਰੀਵਾਸਤਵ ਨੇ ਵਿਦੇਸ਼ ਮਾਮਲਿਆਂ ਦੇ ਮਾਹਿਰ ਹਰਸ਼ ਪੰਤ ਨਾਲ ਗੱਲਬਾਤ ਕੀਤੀ।
ਪੜ੍ਹੋ ਹਰਸ਼ ਪੰਤ ਦਾ ਨਜ਼ਰੀਆ
ਭਾਰਤ ਤੇ ਫਰਾਂਸ ਦੇ ਸੰਬੰਧ ਪੁਰਾਣੇ ਤੇ ਨਿੱਘੇ ਹਨ। ਇਹ ਰਵਾਇਤੀ ਤੇ ਪ੍ਰੈਕਟੀਕਲ ਦੋਵੇਂ ਹਨ।
ਇਹ ਸਮੇਂ ਸਮੇਂ ਦੀਆਂ ਤਤਕਾਲੀ ਸਥਿਤੀਆਂ ਦੀ ਲੋੜ ਮੁਤਾਬਕ ਢਲਦੇ ਰਹੇ ਹਨ।

ਤਸਵੀਰ ਸਰੋਤ, PTI
ਮੈਕਰੋਂ ਦੀ ਸਪਸ਼ਟ ਕਰਦੀ ਹੈ ਕਿ ਫਰਾਂਸ ਭਾਰਤ ਨੂੰ ਮਹੱਤਵਪੂਰਨ ਭਾਈਵਾਲ ਸਮਝਦਾ ਹੈ।
ਰਿਪੋਰਟਾਂ ਤਾਂ ਇਹ ਵੀ ਸਨ ਕਿ ਉਹ ਕੁਝ ਮਹੀਨੇ ਪਹਿਲਾਂ ਚੀਨ ਜਾਣ ਤੋਂ ਪਹਿਲਾਂ ਭਾਰਤ ਆਉਣਾ ਚਾਹੁੰਦੇ ਸਨ ਪਰ ਕਿਸੇ ਵਜ੍ਹਾ ਕਾਰਨ ਆ ਨਾ ਸਕੇ।
ਨਵੀਂ ਦਿੱਲੀ ਵਿੱਚ ਸੋਲਰ ਸਮਿਟ
ਫਰਾਂਸ ਦੇ ਸਿਆਸਤ ਜਾਂ ਵਿਦੇਸ਼ ਨੀਤੀ ਵਿੱਚ ਭਾਰਤ ਦੀ ਥਾਂ ਪਹਿਲਾਂ ਨਾਲੋਂ ਮਜ਼ਬੂਤ ਹੋਈ ਹੈ। ਭਾਰਤ ਵੀ ਫਰਾਂਸ ਨੂੰ ਨਵੀਂ ਨਿਗਾਹ ਨਾਲ ਦੇਖਦਾ ਹੈ।
ਇਸ ਫੇਰੀ ਦਾ ਮਹੱਤਵਪੂਰਨ ਕੰਮ ਰਾਸ਼ਟਰਪਤੀ ਭਵਨ ਵਿੱਚ ਹੋਣ ਵਾਲੀ ਕੋਮਾਂਤਰੀ ਸੌਰ ਉਰਜਾ ਗਠਜੋੜ ਸਮਿਟ ਹੈ।
ਇਸ ਵਿੱਚ 23 ਦੇਸਾਂ ਮੁਖੀਆਂ ਸਮੇਤ 125 ਦੇਸਾਂ ਦੇ ਨੁਮਾਂਇੰਦੇ ਸ਼ਾਮਲ ਹੋਣਗੇ।
ਉਸ ਸਮੇਂ ਜਦੋਂ ਅਮਰੀਕਾ ਵਾਤਾਵਰਣ ਬਾਰੇ ਆਪਣੀ ਜਿੰਮੇਵਾਰੀ ਤੋਂ ਪੈਰ ਪਿੱਛੇ ਖਿੱਚ ਰਿਹਾ ਹੈ, ਭਾਰਤ ਅਤੇ ਫਰਾਂਸ ਇਸ ਬਾਰੇ ਗੱਲਬਾਤ ਅੱਗੇ ਵਧਾ ਰਹੇ ਹਨ।
ਇਸ ਮਾਮਲੇ ਵਿੱਚ ਭਾਰਤ ਦੀ ਪਹਿਲ ਇੱਕ ਵੱਡਾ ਕਦਮ ਹੈ ਜਿਸ ਨੂੰ ਫਰਾਂਸ ਦੀ ਹਮਾਇਤ ਹੈ।

ਤਸਵੀਰ ਸਰੋਤ, PTI
ਫਰਾਂਸ ਕੋਲ ਤਕਨੀਕ ਹੈ ਜਿਸ ਨਾਲ ਵਾਤਾਵਰਨ ਦਾ ਮੁੱਦਾ ਨਜਿੱਠਿਆ ਜਾ ਸਕਦਾ ਹੈ।
ਆਉਣ ਵਾਲੇ ਸਮੇਂ ਵਿੱਚ ਇਸਦੀ ਮਹੱਤਤਾ ਹੋਰ ਵੀ ਵਧ ਜਾਵੇਗੀ।
ਰੱਖਿਆ ਬਨਾਮ ਵਿਦੇਸ਼ ਨੀਤੀ
ਮੈਕਰੋਂ ਦੀ ਫ਼ੇਰੀ ਦੇ ਸਮੇਂ ਰਫ਼ੇਲ ਸਮਝੌਤੇ ਬਾਰੇ ਦੂਸ਼ਣਬਾਜ਼ੀ ਹੋ ਰਹੀ ਹੈ। ਭਾਰਤ ਦੀ ਰੱਖਿਆ ਤੇ ਖ਼ਰੀਦ ਨੀਤੀ ਵੀ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਵਿੱਚ ਦੂਸ਼ਣਬਾਜ਼ੀ ਮਹਿਜ ਸਿਆਸਤ ਹੈ।
ਅਸੀਂ ਕੌਮੀ ਹਿੱਤ ਨਹੀਂ ਦੇਖ ਰਹੇ। ਭਾਰਤੀ ਹਵਾਈ ਫ਼ੌਜ ਦੀ ਤਾਕਤ ਦਿਨੋਂ-ਦਿਨ ਡਿੱਗ ਰਹੀ ਹੈ।
ਰੱਖਿਆ ਖ਼ਰੀਦਾਂ ਬਾਰੇ ਸਵਾਲ ਚਿਰਾਂ ਤੋਂ ਉਠਦੇ ਆਏ ਹਨ। ਇਸ ਮਾਮਲੇ ਵਿੱਚ ਇੱਕ ਪਾਰਦਰਸ਼ੀ ਨੀਤੀ ਦੀ ਲੋੜ ਹੈ।
ਰਫ਼ੇਲ ਮਾਮਲੇ ਵਿੱਚ ਫਰਾਂਸ ਸਾਡੇ ਨਾਲ ਤਕਨੀਕੀ ਵਟਾਂਦਰੇ ਦੀ ਗੱਲ ਕਰ ਰਿਹਾ ਹੈ।
ਭਾਰਤ ਦੀਆਂ ਲੋੜਾਂ ਦੇ ਹਿਸਾਬ ਨਾਲ ਇਸਦੇ ਅੱਗੇ ਜਾ ਕੇ ਵਧੀਆ ਨਤੀਜੇ ਮਿਲਣਗੇ।

ਤਸਵੀਰ ਸਰੋਤ, PTI
ਇਸ ਦਿਸ਼ਾ ਵਿੱਚ ਦੋਹਾਂ ਦੇਸਾਂ ਦੇ ਦੁਵੱਲੇ ਸੰਬੰਧ ਵੀ ਅੱਗੇ ਵਧ ਰਹੇ ਹਨ। ਭਾਰਤ ਨੂੰ ਇਹ ਦਿਖਾਉਣਾ ਹੋਵੇਗਾ ਕਿ ਇਸ ਬਾਰੇ ਵਾਰ-ਵਾਰ ਸਮਝੌਤੇ ਨਹੀਂ ਹੋ ਸਕਦੇ। ਹਰ ਸਮਝੌਤੇ 'ਤੇ ਸਿਆਸੀ ਸਵਾਲ ਨਹੀਂ ਖੜ੍ਹੇ ਹੋ ਸਕਦੇ।
'ਮੋਦੀ ਨੂੰ ਸਿਹਰਾ ਜਾਣਾ ਚਾਹੀਦਾ ਹੈ'
ਮੋਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ ਜਾ ਸਕਦੀ ਹੈ ਪਰ ਆਪਣੀ ਮੇਕ ਇਨ ਇੰਡੀਆ ਨੀਤੀ ਦੇ ਬਾਵਜੂਦ ਉਨ੍ਹਾਂ ਨੇ ਭਾਰਤੀ ਲੋੜਾਂ ਨੂੰ ਪਹਿਲ ਦਿੱਤੀ।
ਮੇਕ ਇਨ ਇੰਡੀਆ ਲਈ ਉਨ੍ਹਾਂ ਨੇ ਦੇਸ ਦੀਆਂ ਲੋੜਾਂ ਨੂੰ ਅੱਖੋ ਪਰੋਖੇ ਨਹੀਂ ਕੀਤਾ।
ਇਸ ਦੇ ਨਾਲ ਹੀ ਸਾਡੀ ਸਮੁੰਦਰੀ ਨੀਤੀ ਨੂੰ ਨਵਾਂ ਪਹਿਲੂ ਮਿਲੇਗਾ।
'ਅਮਰੀਕਾ ਤੇ ਰੂਸ ਦੀ ਬਰਾਬਰੀ ਨਹੀਂ'
ਕਿਸੇ ਸਮੇਂ ਭਾਰਤ ਨੂੰ ਵਿਕਾਸਸ਼ੀਲ ਦੇਸਾਂ ਦਾ ਫਰਾਂਸ ਕਹਿੰਦੇ ਸਨ। ਉਸ ਸਮੇਂ ਦੋਹਾਂ ਦੇਸਾਂ ਦੀਆਂ ਨੀਤੀਆਂ ਵਿੱਚ ਸੁਤੰਤਰਤਾ ਦੀ ਸਥਿਤੀ ਲਗਭਗ ਇੱਕੋ ਜਿਹੀ ਹੁੰਦੀ ਸੀ।
ਹੁਣ ਜਦੋਂ ਅਸੀਂ ਸਿਆਸੀ ਮਸਲਿਆਂ ਨੂੰ ਅੱਗੇ ਵਧਾ ਰਹੇ ਹਾਂ, ਸਮੁੰਦਰਾਂ ਦੀ ਗੱਲ ਕਰ ਰਹੇ ਹਾਂ, ਅੱਤਵਾਦ ਨਾਲ ਮੁਕਾਬਲੇ ਦੀ ਗੱਲ ਕਰ ਰਹੇ ਹਾਂ, ਊਰਜਾ ਤੇ ਪ੍ਰਮਾਣੂ ਸਮਝੌਤਿਆਂ ਦੀ ਗੱਲ ਕਰ ਰਹੇ ਹਾਂ ਤਾਂ ਇਹ ਰਿਸ਼ਤਾ ਇੱਕ ਨਵੇਂ ਦੌਰ ਵਿੱਚੋਂ ਲੰਘ ਰਿਹਾ ਹੈ।
ਥੋੜੇ ਸਮੇਂ ਵਿੱਚ ਹੀ ਫਰਾਂਸ ਰੂਸ ਦਾ ਬਦਲ ਨਹੀਂ ਬਣ ਸਕਦਾ ਪਰ ਸਿਆਸੀ ਰੂਪ ਵਿੱਚ 21ਵੀਂ ਸਦੀ ਵਿੱਚ ਇਹ ਭਾਰਤ ਦਾ ਇੱਕ ਬੇਹੱਦ ਮਜ਼ਬੂਤ ਭਾਈਵਾਲ ਜ਼ਰੂਰ ਬਣੇਗਾ।

ਤਸਵੀਰ ਸਰੋਤ, PTI
ਫਰਾਂਸ ਕਰਕੇ ਭਾਰਤ ਦੇ ਯੂਰਪੀਅਨ ਯੂਨੀਅਨ ਨਾਲ ਸੰਬੰਧ ਪੱਕੇ ਹੋਣਗੇ।
ਫਰਾਂਸ ਅਮਰੀਕਾ ਦੀ ਬਰਾਬਰੀ ਨਹੀਂ ਕਰ ਸਕਦਾ ਪਰ ਯੂਰਪੀਅਨ ਯੂਨੀਅਨ ਵਿੱਤ ਭਾਰਤ ਨੂੰ ਅੱਗੇ ਲਿਜਾ ਸਕਦਾ ਹੈ।
ਮੇਕ ਇਨ ਇੰਡੀਆ ਅਤੇ ਫਰਾਂਸ
ਫਰਾਂਸ ਨੇ ਮਹਾਰਾਸ਼ਟਰ ਵਿੱਚ ਸਾਂਝੀ ਉਤਪਾਦਨ ਇਕਾਈ ਦਾ ਉਦਘਾਟਨ ਕੀਤਾ ਸੀ।
ਰਿਲਾਇੰਸ ਤੇ ਫਰਾਂਸੀਸੀ ਕੰਪਨੀ ਡਸਾਲਟ ਨੇ ਮਿਲ ਕੇ ਇਹ ਇਕਾਈ ਸ਼ੁਰੂ ਕੀਤੀ ਸੀ।
ਇੱਥੇ ਰਫ਼ੇਲ ਤੇ ਸਕਾਰਪਿਅਨ ਪਨਡੁੱਬੀ ਦਾ ਉਤਪਾਦਨ ਕੀਤਾ ਜਾਣਾ ਸੀ।

ਤਸਵੀਰ ਸਰੋਤ, PTI
ਸਾਡੀ ਨੌਕਰਸ਼ਾਹੀ ਦੇ ਕੰਮ ਕਰਨ ਦਾ ਢੰਗ ਤੇ ਸਾਡੀਆਂ ਨੀਤੀਆਂ, ਵਿਦੇਸ਼ੀ ਨਿਵੇਸ਼ਕਾਂ ਨੂੰ ਖਿੱਚ ਨਹੀਂ ਪਾ ਰਹੀਆਂ।
ਇਸ ਵਿੱਚ ਸੰਭਾਵਨਾਵਾਂ ਅਸੀਮ ਹਨ ਸੋ ਇਸ ਦਿਸ਼ਾ ਵਿੱਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ।
ਜੇ ਇਹ ਰਿਸ਼ਤੇ ਅੱਗੇ ਵਧਦੇ ਹਨ ਤਾਂ ਫਰਾਂਸ ਮੇਕ ਇਨ ਇੰਡੀਆ ਵਿੱਚ ਵੱਡਾ ਸਹਿਯੋਗ ਕਰ ਸਕਦਾ ਹੈ।
ਰੀਯੂਨੀਅਨ ਆਈਲੈਂਡ ਤੇ ਜਿਬੂਤੀ ਬੇਹੱਦ ਮਹੱਤਵਪੂਰਨ
ਫਰਾਂਸ ਭਾਰਤ ਦੀ ਮੈਡਗਾਸਕਰ ਨੇੜੇ ਰੀਯੂਨੀਅਨ ਆਈਲੈਂਡ ਅਤੇ ਅਫਰੀਕੀ ਬੰਦਰਗਾਹ ਜਿਬੂਤੀ ਤੱਕ ਪਹੁੰਚ ਕਰਾ ਸਕਦਾ ਹੈ।
ਜੇ ਭਾਰਤ ਦੂਜੇ ਦੇਸਾਂ ਦੇ ਲਾਜਿਸਟਿਕਸ ਦੀ ਵਰਤੋਂ ਕਰਨੀ ਚਾਹੁੰਦਾ ਹੈ ਅਤੇ ਹਿੰਦ ਮਹਾਂ ਸਾਗਰ ਵਿੱਚ ਆਪਣੀ ਤਾਕਤ ਵਧਾਉਣੀ ਚਾਹੁੰਦਾ ਹੈ ਤਾਂ ਫਰਾਂਸ ਇਸ ਵਿੱਚ ਸਹਾਈ ਹੋ ਸਕਦਾ ਹੈ ਕਿਉਂਕਿ ਉਸਦੀ ਹਿੰਦ ਮਹਾਂ ਸਾਗਰ ਵਿੱਚ ਸਥਾਈ ਮੌਜੂਦਗੀ ਹੈ।

ਤਸਵੀਰ ਸਰੋਤ, Getty Images
ਜੇ ਭਾਰਤ ਨੇ ਕਦੇ ਆਪਣੀ ਜਲ ਸੈਨਾ ਚੀਨ ਦੇ ਖਿਲਾਫ਼ ਖੜ੍ਹੀ ਕਰਨੀ ਹੈ ਤਾਂ ਇਹ ਆਪਸੀ ਸਾਂਝ ਨਾਲ ਹੀ ਹੋ ਸਕਦਾ ਹੈ।
ਇਕੱਲਿਆਂ ਇਹ ਕੰਮ ਦੋਹਾਂ ਵਿੱਚੋਂ ਕੋਈ ਵੀ ਚੀਨ ਨੂੰ ਕਾਬੂ ਨਹੀਂ ਕਰ ਸਕਦਾ। ਜਿਬੂਤੀ ਵਿੱਚ ਚੀਨ ਦਾ ਸੈਨਿਕ ਅੱਡਾ ਵੀ ਹੈ।
ਮੋਦੀ ਦੀ ਬੋਟ ਡਿਪਲੋਮੇਸੀ
ਇਸਦੇ ਇਲਾਵਾ ਮੈਕਰੋਂ ਵਾਰਾਣਸੀ ਵੀ ਜਾਣਗੇ ਜਿੱਥੇ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਗੰਗਾ ਦੀ ਸੈਰ ਕਰਵਾਉਣਗੇ।
ਜਦੋਂ ਮੋਦੀ ਫਰਾਂਸ ਗਏ ਸਨ ਤਾਂ ਤਤਕਾਲੀ ਰਾਸ਼ਟਰਪਤੀ—ਨੇ ਉਨ੍ਹਾਂ ਨੂੰ ਸੀਨ ਨਦੀ ਦੀ ਸੈਰ ਕਰਵਾਈ ਸੀ।
ਫਰਾਂਸ ਦੇ ਲੋਕ ਸਭਿਆਚਾਰ ਤੇ ਵਿਰਾਸਤ ਨੂੰ ਬਹੁਤ ਮੱਹਤਵ ਦਿੰਦੇ ਹਨ।
ਇਸੇ ਲਈ ਮੋਦੀ ਮੈਕਰੋਂ ਨੂੰ ਭਾਰਤ ਦੀ ਇੱਕ ਨਵੀਂ ਤਸਵੀਰ ਦਿਖਾਉਣੀ ਚਾਹੁੰਦੇ ਹਨ।
ਉਹ ਦਿਖਾਉਣਾ ਚਾਹੁੰਦੇ ਹਨ ਕਿ ਭਾਰਤ ਦਿੱਲੀ ਤੋਂ ਬਾਹਰ ਵੀ ਹੈ।
ਇਸ ਨਾਲ ਦੋਹਾਂ ਦੇਸਾਂ ਵਿੱਚਕਾਰ ਇੱਕ ਨਵੀਂ ਕਿਸਮ ਦੀ ਡਿਪਲੋਮੈਸੀ ਸ਼ੁਰੂ ਹੋਵੇਗੀ।












