You’re viewing a text-only version of this website that uses less data. View the main version of the website including all images and videos.
ਜੇ 2019 ਦਾ ਐਨਡੀਏ 2014 ਵਰਗਾ ਨਹੀਂ ਤਾਂ ਫੇਰ ਕਿਹੋ ਜਿਹਾ ਹੋਵੇਗਾ ?
- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਤਾਰੀਕ꞉ 20 ਮਈ 2014, ਸਥਾਨ꞉ ਸੰਸਦ ਦਾ ਕੇਂਦਰੀ ਹਾਲ।
ਨਵੇਂ ਚੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਵਿੱਚ ਹਾਸਲ ਹੋਈ ਜਿੱਤ ਲਈ ਭਾਜਪਾ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
ਪਿਛਲੀਆਂ ਆਮ ਚੋਣਾਂ ਵਿੱਚ ਭਾਜਪਾ ਨੇ ਆਪਣੇ ਦਮ 'ਤੇ ਬਹੁਮਤ ਲਈ ਜਰੂਰੀ 272 ਨਾਲੋਂ 10 ਸੀਟਾਂ ਵੱਧ ਜਿੱਤੀਆਂ ਸਨ।
ਦੋ ਦਰਜਨ ਤੋਂ ਵੱਧ ਐਨਡੀਏ ਦੀਆਂ ਸਹਿਯੋਗੀ ਪਾਰਟੀਆਂ ਵਿੱਚੋਂ 22 ਨੇ ਕੁੱਲ 54 ਸੀਟਾਂ ਜਿੱਤੀਆਂ ਸਨ। ਭਾਜਪਾ ਦੀਆਂ ਸੀਟਾਂ ਵਿੱਚ ਇਹ ਸੰਖਿਆ ਜੋੜ ਕੇ ਗਿਣਤੀ 335 ਬਣ ਗਈ ਸੀ।
ਕੇਂਦਰੀ ਹਾਲ ਦੀ ਉਸ ਬੈਠਕ ਵਿੱਚ ਮੋਦੀ ਨਾਲ ਬੈਠੇ ਆਗੂਆਂ ਦੀ ਤਰਤੀਬ ਕੁਝ ਇਸ ਤਰ੍ਹਾਂ ਸੀ- ਪ੍ਰਕਾਸ਼ ਸਿੰਘ ਬਾਦਲ, ਚੰਦਰ ਬਾਬੂ ਨਾਇਡੂ ਤੇ ਫਿਰ ਉਧਵ ਠਾਕਰੇ।
ਹੁਣ ਵਾਪਸ ਆਈਏ, 2018 ਵਿੱਚ, ਅਗਲੀਆਂ ਚੋਣਾਂ 2019 ਵਿੱਚ ਹੋਣੀਆਂ ਹਨ, ਜਿਨ੍ਹਾਂ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਹੀ ਵਾਲੀ ਹੈ।
ਹੁਣ ਭਾਜਪਾ ਇਹ ਦਾਅਵਾ ਨਹੀਂ ਕਰ ਸਕਦੀ ਕਿ ਉਸਦੇ ਦੋ ਵੱਡੇ ਸਹਿਯੋਗੀ ਐਨਡੀਏ ਵਿੱਚ ਰਹਿਣਗੇ ਜਾਂ ਨਹੀਂ।
2014 ਵਿੱਚ ਮਾਹਾਰਾਸ਼ਟਰ ਵਿੱਚ 18 ਲੋਕ ਸਭਾ ਸੀਟਾਂ ਜਿੱਤਣ ਵਾਲੀ ਸ਼ਿਵ ਸੈਨਾ ਭਾਜਪਾ ਤੋਂ ਬਾਅਦ ਐਨਡੀਏ ਦੀ ਦੂਜੇ ਨੰਬਰ ਦੀ ਪਾਰਟੀ ਹੈ, ਜੋ ਪਿਛਲੇ ਦੋ ਸਾਲਾਂ ਦੌਰਾਨ ਲਗਾਤਾਰ ਭਾਜਪਾ ਨੂੰ ਅੱਖਾਂ ਦਿਖਾਉਂਦੀ ਰਹੀ ਹੈ।
2014 ਦੀਆਂ ਆਮ ਚੋਣਾਂ ਤੋਂ ਬਾਅਦ ਅਤੇ ਮਾਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਦੋਹਾਂ ਵਿੱਚ ਸਿਆਸੀ ਤਲਾਕ ਵੀ ਹੋ ਗਿਆ ਸੀ।
ਲਗਪਗ ਇੱਕ ਹਫ਼ਤੇ ਤੱਕ ਸ਼ਿਵ ਸੈਨਾ ਵੱਲੋਂ ਧਮਕੀਆਂ ਭਰੇ ਬਿਆਨ ਦਾਗੇ ਜਾਂਦੇ ਰਹੇ।
ਪਿਛਲੇ ਕੁਝ ਮਹੀਨਿਆਂ ਤੋਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤੇ ਜਾਣ ਨੂੰ ਲੈ ਕੇ ਤੈਲਗੂ ਦੇਸਮ ਪਾਰਟੀ ਵੀ ਮੂੰਹ ਬਣਾਈ ਬੈਠੀ ਹੈ।
ਹੁਣ ਆਂਧਰਾ ਪ੍ਰਦੇਸ਼ ਦੀ ਟੀਡੀਪੀ ਦੇ ਮੰਤਰੀ ਕੇਂਦਰ ਸਰਕਾਰ ਤੋਂ ਅਸਤੀਫ਼ੇ ਦੇ ਚੁੱਕੇ ਹਨ। ਪਾਰਟੀ ਮੁਖੀ ਚੰਦਰਬਾਬੂ ਨਾਇਡੂ ਕਹਿ ਚੁੱਕੇ ਹਨ ਕਿ ਭਾਜਪਾ ਦਾ ਰੁਖ "ਅਪਮਾਨਜਨਕ ਤੇ ਦੁੱਖ ਪਹੁੰਚਾਉਣ ਵਾਲਾ ਸੀ" ਉਹ ਕਹਿ ਰਹੇ ਹਨ ਕਿ ਐਨਡੀਏ ਵਿੱਚ ਰਹਿਣਗੇ ਜਾਂ ਨਹੀਂ ਇਸਦਾ ਫ਼ੈਸਲਾ ਬਾਅਦ ਵਿੱਚ ਕਰਾਂਗੇ।
ਹੁਣ ਤੱਕ 18 ਲੋਕ ਸਭਾ ਮੈਂਬਰਾਂ ਵਾਲੀ ਸ਼ਿਵ ਸੈਨਾ ਤੇ 16 ਲੋਕ ਸਭਾ ਮੈਂਬਰਾਂ ਵਾਲੀ ਟੀਡੀਪੀ ਦੇ ਸੰਬੰਧ ਵਿਗੜ ਚੁੱਕੇ ਹਨ। ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਵਿਧਾਨ ਸਭਾ ਚੋਣਾਂ ਵਿੱਚ ਹਾਰਨ ਮਗਰੋਂ, ਦੋਹਾਂ ਪਾਰਟੀਆਂ ਦੇ ਰਿਸ਼ਤੇ ਵੀ ਖ਼ਰਾਬ ਹੋ ਚੱਕੇ ਹਨ।
ਬਿਹਾਰ ਵਿੱਚ ਭਾਵੇਂ ਭਾਜਪਾ ਨੂੰ ਨਿਤੀਸ਼-ਲਾਲੂ ਗਠਜੋੜ ਦੇ ਟੁੱਟਣ ਨਾਲ ਮਜ਼ਬੂਤੀ ਮਿਲੀ ਹੋਵੇ ਪਰ 2014 ਦੀਆਂ ਆਮ ਚੋਣਾਂ ਵਿੱਚ ਪਾਰਟੀ ਨੇ ਨਿਤੀਸ਼ ਕੁਮਾਰ ਦੇ ਹੀ ਖਿਲਾਫ 22 ਸੀਟਾਂ ਜਿੱਤੀਆਂ ਸਨ।
ਜੇ ਭਾਜਪਾ 2019 ਵਿੱਚ ਉਸੇ ਨਿਤੀਸ਼ ਕੁਮਾਰ ਨਾਲ ਰਲ ਕੇ ਵੋਟਾਂ ਮੰਗਣ ਤੁਰਦੀ ਹੈ ਤਾਂ ਉਹ ਕੇਂਦਰ ਤੇ ਰਾਜ ਦੋਹਾ ਪੱਧਰਾਂ 'ਤੇ ਸਰਕਾਰ ਵਿਰੋਧੀ ਭਾਵਨਾ ਦਾ ਸਾਹਮਣਾ ਕਰੇਗੀ। ਜਿਸ ਕਰਕੇ ਇਸ ਵਾਰ ਵੀ ਪਾਰਟੀ ਪਿਛਲੀ ਵਾਰ ਜਿੰਨੀਆਂ ਸੀਟਾਂ ਜਿੱਤ ਸਕੇਗੀ ਇਹ ਯਕੀਨ ਨਾਲ ਨਹੀਂ ਕਿਹਾ ਜਾਵੇਗਾ।
ਜੀਤਨ ਰਾਮ ਮਾਂਝੀ ਵਰਗੇ 2014 ਦੇ ਸਹਿਯੋਗੀ ਭਾਜਪਾ 'ਤੇ "ਮੌਕਾਪ੍ਰਸਤੀ" ਦਾ ਇਲਜ਼ਾਮ ਲਾ ਕੇ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਹਨ।
ਨਿਤੀਸ਼ ਕੁਮਾਰ ਦੇ ਐਨਡੀਏ ਵਿੱਚ ਵਾਪਸ ਆਉਣ ਮਗਰੋਂ ਬਿਹਾਰ ਦੇ ਦੂਜੇ ਸਾਂਝੀਦਾਰ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਆਗੂ ਉਪੇਂਦਰ ਕੁਸ਼ਵਾਹਾ ਵੀ ਨਾਖੁਸ਼ ਦੱਸੇ ਜਾਂਦੇ ਹਨ। ਹਾਲ ਹੀ ਵਿੱਚ ਉਨ੍ਹਾਂ ਦੀ ਇੱਕ ਰੈਲੀ ਵਿੱਚ ਲਾਲੂ ਦੀ ਪਾਰਟੀ ਦੇ ਕਈ ਆਗੂ ਦਿਖੇ। ਜਿਸ ਮਗਰੋਂ ਉਹ ਵੀ ਖੇਮਾ ਬਦਲਦੇ ਲੱਗ ਰਹੇ ਹਨ।
ਭਾਰਤ ਸ਼ਾਸ਼ਿਤ ਜੰਮੂ-ਕਸ਼ਮੀਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੇ ਮਹਿਬੂਬਾ ਮੁਫਤੀ ਨਾਲ ਮਿਲ ਕੇ ਸਰਕਾਰ ਤਾਂ ਬਣਾ ਲਈ ਪਰ ਦੋਹਾਂ ਵਿੱਚ ਮਤਭੇਦ ਬਹੁਤ ਜ਼ਿਆਦਾ ਹਨ।
ਅਜਿਹੇ ਵਿੱਚ ਸਵਾਲ ਉੱਠਣਾ ਲਾਜ਼ਮੀ ਹੈ ਕਿ ਆਖ਼ਰ ਐਨਡੀਏ ਵਿੱਚ ਵਿਰੋਧੀ ਸੁਰਾਂ ਕਿਉਂ ਉਭਰ ਦੀਆਂ ਹਨ?
ਉਹ ਵੀ ਉਸ ਸਮੇਂ ਜਦੋਂ ਐਨਡੀਏ ਦੀ ਅਗਵਾਈ ਕਰਨ ਵਾਲੀ ਭਾਜਪਾ ਨੇ ਕਈ ਸੂਬਿਆਂ ਵਿੱਚ ਸਰਕਾਰ ਬਣਾਈ ਹੈ ਤੇ ਧੁਰ ਉੱਤਰ-ਪੂਰਬ ਵਿੱਚ ਆਪਣੀ ਪਹੁੰਚ ਵਧਾਈ ਹੈ।
ਜੇ ਐਨਡੀਏ ਦਾ ਇਤਿਹਾਸ ਦੇਖੀਏ ਤਾਂ ਅਜਿਹੇ ਇੱਕ ਗੱਠਜੋੜ ਦੀ ਸ਼ੁਰੂਆਤ ਅਟਲ ਬਿਹਰੀ ਵਾਜਪਾਈ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਹੋਈ ਸੀ।
ਉਸ ਸਮੇਂ ਐਨਡੀਏ ਦੇ ਸੰਯੋਜਕ ਦਾ ਅਹੁਦਾ ਬੜਾ ਅਹਿਮ ਹੁੰਦਾ ਸੀ, ਜਿਸ ਨੂੰ ਕਈ ਸਾਲ ਜਾਰਜ ਫਰਨਾਂਡਿਸ ਨੇ ਸੰਭਾਲਿਆ ਸੀ। ਐਨਡੀਏ ਵਿੱਚ ਮਨ ਮੁਟਾਵ ਉਸ ਸਮੇਂ ਵੀ ਹੁੰਦੇ ਸਨ ਤੇ ਹੁਣ ਵੀ ਹੁੰਦੇ ਹਨ।
ਫਰਕ ਇਹੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਕੋਈ ਸਯੋਜਕ ਨਹੀਂ ਹੈ, ਨਿਤੀਸ਼ ਕੁਮਾਰ ਦੀ ਐਨਡੀਏ ਵਿੱਚ ਵਾਪਸੀ ਮਗਰੋਂ ਫੁਲ-ਟਾਈਮ ਕਨਵੀਨਰ ਸ਼ਰਧ ਯਾਦਵ ਦੀ ਭੂਮਿਕਾ ਖ਼ਤਮ ਹੋ ਗਈ ਹੈ।
ਵਿਚੋਲਗਿਰੀ ਦਾ ਕੰਮ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਦੇਖ-ਰੇਖ ਹੇਠ ਹੁੰਦਾ ਹੈ। ਆਖ਼ਿਰਕਾਰ, ਸੌ ਹੱਥ ਰੱਸਾ ਸਿਰੇ 'ਤੇ ਗੰਢ, ਸਵਾਲ ਸਾਰਿਆਂ ਦੇ ਮਨ ਵਿੱਚ ਇਹੀ ਹੈ ਕਿ ਕੀ 2019 ਦੀਆਂ ਚੋਣਾਂ ਵਿੱਚ ਵੀ ਐਨਡੀਏ ਦਾ ਮੁਹਾਂਦਰਾ 2014 ਵਾਲਾ ਹੀ ਹੋਵੇਗਾ?
ਜਵਾਬ ਸਹਿਯੋਗੀਆਂ ਨਾਲੋਂ ਭਾਜਪਾ ਨੂੰ ਲੱਭਣੇ ਪੈਣਗੇ। ਜਾਂ ਤਾਂ ਪਾਰਟੀ ਨਰਿੰਦਰ ਮੋਦੀ ਦੇ ਚਿਹਰੇ ਦੇ ਦਮ 'ਤੇ 2014 ਦੇ ਨਤੀਜੇ ਦੁਹਰਾ ਸਕਣ ਦੀ ਹਿੰਮਤ ਰੱਖੇ ਨਹੀਂ ਤਾਂ ਫੇਰ ਪੁਰਾਣੇ ਸਹਿਯੋਗੀਆਂ 'ਤੇ ਧਿਆਨ ਦੇਣਾ ਪਵੇਗਾ।