You’re viewing a text-only version of this website that uses less data. View the main version of the website including all images and videos.
ਕੇਂਦਰ ਤੋਂ ਵੱਖ ਹੋਣ ਪਿੱਛੇ ਕੀ ਹੈ ਨਾਇਡੂ ਦੀ ਰਣਨੀਤੀ?
- ਲੇਖਕ, ਅਸ਼ੋਕ ਟੰਕਸਾਲਾ
- ਰੋਲ, ਸਿਆਸੀ ਵਿਸ਼ਲੇਸ਼ਕ, ਬੀਬੀਸੀ ਹਿੰਦੀ ਦੇ ਲਈ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਰਾਤ ਅਮਰਾਵਤੀ ਵਿੱਚ ਬੁਲਾਈ ਇੱਕ ਪ੍ਰੈੱਸ ਕਾਨਫਰੰਸ ਵਿੱਚ ਤੇਲਗੂ ਦੇਸਮ ਪਾਰਟੀ ਦੇ ਕੇਂਦਰ ਸਰਕਾਰ ਤੋਂ ਵੱਖ ਹੋਣ ਦਾ ਐਲਾਨ ਕੀਤਾ।
ਟੀਡੀਪੀ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿੱਚ ਸਰਕਾਰ ਚਲਾ ਰਹੇ ਐਨਡੀਏ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਹੈ। ਲੋਕ ਸਭਾ ਵਿੱਚ ਟੀਡੀਪੀ ਦੇ 16 ਮੈਂਬਰ ਹਨ।
ਕੇਂਦਰ ਸਰਕਾਰ ਵਿੱਚ ਸ਼ਾਮਲ ਟੀਡੀਪੀ ਦੇ 2 ਮੰਤਰੀ ਅਸ਼ੋਕ ਗਜਪਤੀ ਰਾਜੂ ਅਤੇ ਵਾਈਐਸ ਚੌਧਰੀ ਵੀਰਵਾਰ ਨੂੰ ਅਸਤੀਫ਼ਾ ਦੇਣਗੇ।
ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤੇ ਜਾਣ ਦੇ ਮੁੱਦੇ 'ਤੇ ਕੇਂਦਰ ਸਰਕਾਰ ਨਾਲ ਨਾਤਾ ਤੋੜਨ ਦਾ ਚੰਦਰਬਾਬੂ ਨਾਇਡੂ ਦਾ ਫ਼ੈਸਲਾ ਹੈਰਾਨੀਜਨਕ ਨਹੀਂ ਹੈ।
ਰਾਤ ਸਾਢੇ 10 ਵਜੇ ਕਰੀਬ ਇੱਕ ਪ੍ਰੈੱਸ ਕਾਨਫਰੰਸ ਤੋਂ ਪਹਿਲਾਂ ਬੁੱਧਵਾਰ ਨੂੰ ਦਿਨ ਭਰ ਟੀਡੀਪੀ ਦੇ ਐਨਡੀਏ ਤੋਂ ਵੱਖ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ।
ਵਿਸ਼ੇਸ਼ ਦਰਜੇ ਦੀ ਮੰਗ
ਸਿਆਸਤਦਾਨ ਅਤੇ ਸਿਆਸਤ 'ਤੇ ਨਜ਼ਰ ਰੱਖਣ ਵਾਲਿਆਂ ਦਾ ਅਨੁਮਾਨ ਸੀ ਕਿ ਬੁੱਧਵਾਰ ਨੂੰ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਕਰਦੇ ਸਮੇਂ ਚੰਦਰਬਾਬੂ ਨਾਇਡੂ ਇਸਦਾ ਐਲਾਨ ਕਰ ਸਕਦੇ ਹਨ।
ਕਈ ਲੋਕਾਂ ਨੂੰ ਹੈਰਾਨੀ ਵੀ ਹੋਈ ਕਿ ਚੰਦਰਬਾਬੂ ਨਾਇਡੂ ਨੇ 2 ਘੰਟੇ ਲੰਬਾ ਭਾਸ਼ਣ ਦਿੱਤਾ ਪਰ ਇਸ ਬਾਰੇ ਕੋਈ ਗੱਲ ਨਹੀਂ ਕੀਤੀ।
ਹਾਲਾਂਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਿਸੇ ਵੀ ਹਾਲਤ 'ਚ ''ਅਸੀਂ ਸੂਬੇ ਦੇ ਵਿਸ਼ੇਸ਼ ਦਰਜੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰ ਸਕਦੇ।'' ਉਨ੍ਹਾਂ ਨੇ ਕਿਹਾ,''ਇਹ ਸਾਡਾ ਹੱਕ ਹੈ।''
ਉਨ੍ਹਾਂ ਨੇ ਕਿਹਾ,''ਕੇਂਦਰ ਸਰਕਾਰ ਨੇ ਭਰੋਸਾ ਦਿਵਾਇਆ ਸੀ ਕਿ ਵਿਸ਼ੇਸ਼ ਦਰਜਾ ਨਹੀਂ ਦੇ ਸਕਦੇ ਪਰ ਵਿੱਤੀ ਮਦਦ ਅਤੇ ਸਬਸਿਡੀ ਦੇਵਾਂਗੇ'' ਅਤੇ ਹੁਣ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰ ਸਕਦੇ। ਉਨ੍ਹਾਂ ਨੇ ਆਪਣੀ ਗੱਲ ਸਮਝਾਉਣ ਲਈ ਮੈਂਬਰਾਂ ਸਾਹਮਣੇ ਤਮਾਮ ਅੰਕੜੇ ਵੀ ਰੱਖੇ।
ਚੰਦਰਬਾਬੂ ਨਾਇਡੂ ਨੇ ਇਹ ਵੀ ਕਿਹਾ,''ਮੈਂ ਲਗਤਾਰ ਕੇਂਦਰ ਸਰਕਾਰ 'ਤੇ ਦਬਾਅ ਬਣਾ ਰਿਹਾ ਹਾਂ ਅਤੇ ਮੇਰੇ ਵੱਲੋਂ ਕੋਈ ਢਿੱਲ ਨਹੀਂ ਹੈ। ਕਮੀਆਂ ਕੇਂਦਰ ਸਰਕਾਰ ਵਿੱਚ ਹਨ।''
ਮੁੱਖ ਮੰਤਰੀ ਤੋਂ ਪਹਿਲਾਂ ਭਾਜਪਾ ਆਗੂ ਵਿਸ਼ਣੂ ਕੁਮਾਰ ਰਾਜੂ ਬੋਲੇ ਅਤੇ ਉਦੋਂ ਹੀ ਸਾਫ਼ ਹੋ ਗਿਆ ਕਿ ਇਸ ਸਮੇਂ ਵੱਖ ਹੋਣ ਦਾ ਕੋਈ ਐਲਾਨ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਚੰਦਰਬਾਬੂ ਨਾਇਡੂ ਵਰਗਾ ਮੁੱਖ ਮੰਤਰੀ ਮਿਲਣਾ ਸੂਬੇ ਦੀ ਚੰਗੀ ਕਿਸਮਤ ਹੈ ਅਤੇ ਉਹ ਵੀ ਆਂਧਰਾ ਪ੍ਰਦੇਸ਼ ਦੇ ਹੱਕ ਅਤੇ ਵਿਕਾਸ ਲਈ ਦਿੱਲੀ ਨਾਲ ਸੰਘਰਸ਼ ਕਰਨਗੇ।
ਟੀਡੀਪੀ 'ਤੇ ਦਬਾਅ
ਇਨ੍ਹੀਂ ਦਿਨੀਂ ਵਿਸ਼ੇਸ਼ ਸੂਬੇ ਦਾ ਮੁੱਦਾ ਭਖਣ ਦੇ ਕਈ ਕਾਰਨ ਹਨ। ਵਿਸ਼ੇਸ਼ ਦਰਜੇ ਦੀ ਮੰਗ ਕੇਂਦਰ ਅਤੇ ਸੂਬੇ ਵਿੱਚ ਸ਼ੁਰੂ ਤੋਂ ਹੀ ਦਿੱਕਤ ਦਾ ਕਾਰਨ ਰਿਹਾ ਹੈ।
ਕੁਝ ਸਮੇਂ ਤੱਕ ਇਸ ਨੂੰ ਲੈ ਕੇ ਟੀਡੀਪੀ, ਐਨਡੀਏ ਅਤੇ ਆਂਧਰਾ ਪ੍ਰਦੇਸ਼ ਦੀਆਂ ਵਿਰੋਧੀ ਪਾਰਟੀਆਂ ਵਿੱਚ ਤਿੰਨ ਤਰਫਾ ਬਹਿਸ ਜਾਰੀ ਰਹੀ।
ਫਿਲਾਹਲ ਟੀਡੀਪੀ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੀਆਂ ਵਿਰੋਧੀ ਪਾਰਟੀਆਂ ਵੀ ਪੁੱਛ ਰਹੀਆਂ ਹਨ ਕਿ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦਿੱਤੇ ਭਰੋਸੇ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਜਦਕਿ ਭਾਜਪਾ ਨੇ ਇਹ ਸਹਿਮਤੀ ਜਤਾਈ ਸੀ ਕਿ ਸੱਤਾ ਵਿੱਚ ਆਉਣ 'ਤੇ ਉਹ ਇਸ ਨੂੰ ਪੂਰਾ ਕਰਨਗੇ।
ਐਨਡੀਏ ਨੇ ਕਿਹਾ ਸੀ,''ਵਿਸ਼ੇਸ਼ ਦਰਜਾ ਦੇਣਾ ਸੰਭਵ ਨਹੀਂ ਹੈ ਪਰ ਆਂਧਰਾ ਪ੍ਰਦੇਸ਼ ਨੂੰ ਇਸਦੇ ਬਰਾਬਰ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।''
ਸਿਆਸੀ ਪਾਰਟੀਆਂ ਦੇ ਨਾਲ ਆਮ ਲੋਕ ਵੀ ਇਹ ਸਵਾਲ ਕਰ ਰਹੇ ਹਨ ਕਿ ਆਂਧਰਾ ਪ੍ਰਦੇਸ਼ ਨਾਲ ਕੀਤਾ ਗਿਆ ਵਾਅਦਾ ਕਿਉਂ ਪੂਰਾ ਨਹੀਂ ਕੀਤਾ ਜਾ ਰਿਹਾ। ਉੱਥੇ ਹੀ ਕੇਂਦਰ ਸਰਕਾਰ ਦਾ ਕਹਿਣਾ ਹੈ,''ਜਲਦੀ ਹੀ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਦਿੱਤਾ ਜਾਵੇਗਾ।''
ਤੱਥਾਂ ਦੀ ਗੱਲ ਕੀਤੀ ਜਾਵੇ ਤਾਂ ਆਂਧਰਾ ਪ੍ਰਦੇਸ਼ ਦੇ ਲੋਕ ਵਿਸ਼ੇਸ਼ ਦਰਜੇ ਦੀ ਥਾਂ ਮਾਨਸਿਕ ਤੌਰ 'ਤੇ ਵਿਸ਼ੇਸ਼ ਪੈਕੇਜ ਲਈ ਤਿਆਰ ਹੋ ਚੁੱਕੇ ਹਨ।
2019 'ਤੇ ਨਜ਼ਰ
ਜ਼ਿਕਰਯੋਗ ਹੈ ਕਿ ਸਾਲ 2019 ਦੀਆਂ ਚੋਣਾਂ ਨੇੜੇ ਹਨ ਅਤੇ ਸਿਆਸਤਦਾਨਾਂ ਨੇ ਆਪਣੀ ਸਿਆਸਤ ਨੂੰ ਚਮਕਾਉਣਾ ਸ਼ੁਰੂ ਕਰ ਦਿੱਤਾ ਹੈ।
ਇੱਕ ਪਾਸੇ ਜਗਮੋਹਨ ਰੈਡੀ ਦੀ ਅਗਵਾਈ ਵਾਲੀ ਵਾਈਐਸਆਰਸੀਪੀ ਅਤੇ ਦੂਜੇ ਬੁੱਧੀਜੀਵੀ ਵਿਸ਼ੇਸ਼ ਦਰਜੇ ਲਈ ਮੰਗ ਚੁੱਕ ਰਹੇ ਹਨ। ਦੂਜੇ ਪਾਸੇ ਪਵਨ ਕਲਿਆਣ ਦੀ ਅਗਵਾਈ ਵਾਲੀ ਜਨ ਸੈਨਾ ਨੇ ਵੀ ਅੰਦੋਲਨ ਸ਼ੁਰੂ ਕਰ ਦਿੱਤਾ ਹੈ।
ਇਸ ਨੂੰ ਲੈ ਕੇ ਚੰਦਰਬਾਬੂ ਨਾਇਡੂ 'ਤੇ ਸਿਆਸੀ ਦਬਾਅ ਵਧ ਗਿਆ ਹੈ। ਭਾਜਪਾ ਵੀ ਦਬਾਅ ਵਿੱਚ ਹੈ। ਵਾਈਐਸਆਰਸੀਪੀ ਦੇ ਮੁਕਾਬਲੇ ਟੀਡੀਪੀ ਮਜ਼ਬੂਤ ਹੈ ਪਰ ਦੋਵਾਂ ਵਿੱਚ ਬਹੁਤਾ ਫ਼ਰਕ ਨਹੀਂ ਹੈ।
ਹੇਠਲੇ ਤਬਕੇ ਅਤੇ ਰਾਇਲਸੀਮਾ ਦੇ ਲੋਕ ਟੀਡੀਪੀ ਨੂੰ ਲੈ ਕੇ ਅੰਸਤੁਸ਼ਟ ਹੋ ਰਹੇ ਹਨ।
ਅਜਿਹੇ ਹਾਲਾਤ ਵਿੱਚ ਵਿਸ਼ੇਸ਼ ਦਰਜਾ ਅਤੇ ਪੈਕੇਜ ਦੇ ਮੁੱਦੇ ਭਵਨਾਤਮਕ ਤੌਰ 'ਤੇ ਅਹਿਮ ਹੋ ਗਏ ਹਨ।
ਭਾਵਨਾਤਮਕ ਮੁੱਦੇ ਚੋਣਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਆਪਣੇ ਲੰਬੇ ਤਜ਼ਰਬੇ ਕਾਰਨ ਚੰਦਰਬਾਬੂ ਨਾਇਡੂ ਇਹ ਗੱਲ ਸਮਝਦੇ ਹਨ।
ਉਹ ਜਗਮੋਹਨ ਰੈਡੀ ਅਤੇ ਦੂਜੀਆਂ ਪਾਰਟੀਆਂ ਨੂੰ ਇਸ ਮੰਗ ਰਾਹੀਂ ਅੱਗੇ ਆਉਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਅਤੇ ਖ਼ੁਦ ਵਿਸ਼ੇਸ਼ ਦਰਜੇ ਦੀ ਮੰਗ ਕਰ ਰਹੇ ਹਨ।
ਉਨ੍ਹਾਂ ਦੀ ਰਣਨੀਤੀ ਮੋਦੀ ਸਰਕਾਰ 'ਤੇ ਸੰਸਦ ਵਿੱਚ ਦਬਾਅ ਬਣਾਉਣ ਅਤੇ ਆਂਧਰਾ ਪ੍ਰਦੇਸ਼ ਵਿੱਚ ਟੀਡੀਪੀ ਦੇ ਲੀਡਰਾਂ ਨੂੰ ਹਰ ਦਿਨ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ ਲਈ ਤਿਆਰ ਕਰਨ ਦੀ ਹੈ।
ਇਸੇ ਰਣਨੀਤੀ ਤਹਿਤ ਉਨ੍ਹਾਂ ਨੇ ਟੀਡੀਪੀ ਦੇ ਮੰਤਰੀਆਂ ਨੂੰ ਕਿਹਾ ਕਿ ਕੇਂਦਰ ਸਰਕਾਰ ਤੋਂ ਅਸਤੀਫ਼ਾ ਦੇ ਦੇਣ।
ਅਗਲਾ ਕਦਮ ਕੀ?
ਚੰਦਰਬਾਬੂ ਨਾਇਡੂ ਚੋਣਾਂ ਤੋਂ ਪਹਿਲਾਂ ਵੱਧ ਤੋਂ ਵੱਧ ਹਾਸਲ ਕਰਨ ਦੇ ਇਰਾਦੇ ਵਿੱਚ ਹਨ। ਹਾਲਾਂਕਿ, ਭਰੋਸੇ ਤੋਂ ਬਾਅਦ ਵੀ ਕੇਂਦਰੀ ਬਜਟ ਵਿੱਚ ਉਨ੍ਹਾਂ ਨੂੰ ਜ਼ਿਆਦਾ ਕੁਝ ਮਿਲਿਆ ਨਹੀਂ।
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਦਰਜੇ ਦੀ ਫਾਈਲ 'ਤੇ ਉਹ ਸਭ ਤੋਂ ਪਹਿਲਾਂ ਦਸਤਖ਼ਤ ਕਰਨਗੇ। ਹੁਣ ਇਹ ਕੇਂਦਰ ਸਰਕਾਰ ਨੂੰ ਚੇਤਾਵਨੀ ਦੇਣ ਲਈ ਚੰਦਰਬਾਬੂ ਨਾਇਡੂ ਦਾ ਨਵਾਂ ਹਥਿਆਰ ਬਣ ਗਿਆ ਹੈ।
ਟੀਡੀਪੀ ਨੇ ਅਜੇ ਸਿਰਫ਼ ਕੇਂਦਰ ਸਰਕਾਰ ਨਾਲ ਨਾਤਾ ਤੋੜਨ ਦੀ ਗੱਲ ਕੀਤੀ ਹੈ। ਪਰ ਕੀ ਉਹ ਕੇਂਦਰ ਸਰਕਾਰ ਤੋਂ ਵੱਖ ਹੋ ਸਕਦੇ ਹਨ? ਜੇਕਰ ਅਜਿਹਾ ਹੋਇਆ ਤਾਂ ਗਠਜੋੜ ਕਿਸਦੇ ਨਾਲ ਹੋਵੇਗਾ? ਚੰਦਰਬਾਬੂ ਨਾਇਡੂ ਦੇ ਦਿਮਾਗ ਵਿੱਚ ਇਹ ਵੀ ਵੱਡਾ ਸਵਾਲ ਹੋਵੇਗਾ।
ਜੇਕਰ ਸਾਲ 2014 ਵਿੱਚ ਉਨ੍ਹਾਂ ਦਾ ਭਾਜਪਾ ਨਾਲ ਗਠਜੋੜ ਨਾ ਹੁੰਦਾ ਅਤੇ ਉਨ੍ਹਾਂ ਨਾਲ ਪਵਨ ਕਲਿਆਣ ਦਾ ਸਮਰਥਨ ਨਾ ਹੁੰਦਾ ਤਾਂ ਉਹ ਚੋਣਾਂ ਨਾ ਜਿੱਤਦੇ।
ਉਨ੍ਹਾਂ ਸਾਹਮਣੇ ਵੱਡੀ ਦਿੱਕਤ ਇਹ ਹੈ ਕਿ ਜਗਨ ਮੋਹਨ ਅਤੇ ਦੂਜੀਆਂ ਪਾਰਟੀਆਂ ਤੋਂ ਮਿਲ ਰਹੀ ਚੁਣੌਤੀ ਦਾ ਮੁਕਾਬਲਾ ਕਿਵੇਂ ਕਰਨ ਅਤੇ ਭਾਜਪਾ ਨੂੰ ਆਪਣੀ ਗੱਲ ਮਨਵਾਉਣ ਲਈ ਕਿਵੇਂ ਰਾਜ਼ੀ ਕਰਨ।