ਪ੍ਰੈੱਸ ਰਿਵਿਊ: ਮਾਈਨਿੰਗ ਮਾਮਲੇ 'ਚ ਪੰਜਾਬ ਦੇ 11 ਕਾਂਗਰਸੀਆਂ ਦੇ ਕਰੀਬੀ ਸ਼ੱਕ ਦੇ ਘੇਰੇ 'ਚ

ਦੈਨਿਕ ਭਾਸਕਰ ਦੀ ਖ਼ਬਰ ਮੁਤਾਬਕ ਮਾਈਨਿੰਗ ਮਾਮਲੇ ਵਿੱਚ 11 ਕਾਂਗਰਸੀ ਵਿਧਾਇਕਾਂ ਦੇ ਕਰੀਬੀਆਂ ਦੇ ਨਾਮ ਸਾਹਮਣੇ ਆਏ ਹਨ।

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ 12 ਜ਼ਿਲ੍ਹਿਆ ਦੇ ਡੀਸੀ ਅਤੇ ਐਸਐਪੀਸਜ਼ ਦੀ ਬੈਠਕ ਬੁਲਾਈ ਹੈ।

2 ਮਹੀਨੇ ਪਹਿਲਾਂ ਸਾਬਕਾ ਮੰਤਰੀ ਰਾਣਾ ਗੁਰਜੀਤ ਦਾ ਨਾਮ ਗੈਰਕਾਨੂੰਨੀ ਖਣਨ ਦੇ ਮਾਮਲੇ ਵਿੱਚ ਸਾਹਮਣੇ ਆਇਆ ਸੀ, ਜਿਸ ਕਾਰਨ ਉਨ੍ਹਾਂ ਨੂੰ ਅਸਤੀਫ਼ਾ ਦੇਣ ਪਿਆ ਸੀ।

ਰਾਣਾ ਗੁਰਜੀਤ ਤੋਂ ਬਾਅਦ ਹੁਣ ਇੱਕ ਹੋਰ ਕੈਬਿਨੇਟ ਮੰਤਰੀ ਦਾ ਨਾਮ ਸਾਹਮਣੇ ਆ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਮੰਤਰੀ ਦੀ ਸ਼ਹਿ ਹੇਠ ਮਾਈਨਿੰਗ ਹੋ ਰਹੀ ਸੀ, ਜਿਸ 'ਤੇ ਮੰਗਲਵਾਰ ਨੂੰ ਹੈਲੀਕਾਪਟਰ ਰਾਹੀਂ ਕੈਪਟਨ ਅਮਰਿੰਦਰ ਸਿੰਘ ਦੀ ਨਜ਼ਰ ਪਈ ਸੀ।

ਇੰਡੀਅਨ ਐਕਪ੍ਰੈੱਸ ਮੁਤਾਬਕ ਰਾਜ ਸਭਾ ਚੋਣਾਂ ਲਈ ਭਾਜਪਾ ਨੇ ਪਹਿਲੀ ਸੂਚੀ ਬੁੱਧਵਾਰ ਨੂੰ ਜਾਰੀ ਕਰ ਦਿੱਤੀ। ਜਿਸ ਲਈ 7 ਕੇਂਦਰੀ ਮੰਤਰੀ ਅਤੇ ਇੱਕ ਜਨਰਲ ਸਕੱਤਰ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।

ਖਜ਼ਾਨਾ ਮੰਤਰੀ ਅਰੁਣ ਜੇਤਲੀ ਉੱਤਰ ਪ੍ਰਦੇਸ਼ ਅਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਮੱਧ ਪ੍ਰਦੇਸ਼ ਤੋਂ ਅਤੇ ਕਾਨੂੰਨ ਮੰਤਰੀ ਰਵੀ ਪ੍ਰਸਾਦ ਬਿਹਾਰ ਤੋਂ ਚੋਣ ਲੜਨਗੇ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇਪੀ ਨੱਡਾ ਹਿਮਾਚਲ ਪ੍ਰਦੇਸ਼ ਤੋਂ ਚੋਣ ਲੜਨਗੇ। 23 ਮਾਰਚ ਨੂੰ ਚੋਣਾਂ ਹੋਣਗੀਆਂ।

ਦਿ ਟ੍ਰਿਬਿਊਨ ਅਖ਼ਬਾਰ ਵਿੱਚ ਛਪੀ ਖ਼ਬਰ ਮੁਤਾਬਕ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਦੇ ਮੁਖੀ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਭਾਜਪਾ ਤੋਂ ਵੱਖ ਹੋਣ ਦਾ ਫ਼ੈਸਲਾ ਲਿਆ ਹੈ।

ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਨਾ ਦਿੱਤੇ ਜਾਣ ਤੋਂ ਨਾਰਾਜ਼ ਚੰਦਰਬਾਬੂ ਨਾਇਡੂ ਨੇ ਬੁੱਧਵਾਰ ਰਾਤ ਨੂੰ ਇੱਕ ਪ੍ਰੈੱਸ ਕਾਨਫਰੰਸ ਬੁਲਾ ਕੇ ਇਹ ਐਲਾਨ ਕੀਤਾ।

ਚੰਦਰਬਾਬੂ ਨਾਇਡੂ ਨੇ ਕਿਹਾ ਕਿ ਵੀਰਵਾਰ ਨੂੰ ਕੇਂਦਰ ਸਰਕਾਰ ਵਿੱਚ ਟੀਡੀਪੀ ਦੇ 2 ਮੰਤਰੀ ਅਸ਼ੋਕ ਗਜਪਤੀ ਰਾਜੂ ਅਤੇ ਵੀਐੱਸ ਚੌਧਰੀ ਕੇਂਦਰੀ ਕੈਬਿਨਟ ਤੋਂ ਅਸਤੀਫ਼ਾ ਦੇਣਗੇ।

ਤੇਲਗੂ ਦੇਸਮ ਪਾਰਟੀ ਆਂਧਰਾ ਪ੍ਰਦੇਸ਼ ਨੂੰ ਵਿਦੇਸ਼ ਦਰਜਾ ਦੇਣ ਦੀ ਮੰਗ ਕਰ ਰਹੀ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬੀਤੇ ਦਿਨੀਂ ਹੋਈ ਪੰਜਾਬ ਕੈਬਿਨਟ ਦੀ ਬੈਠਕ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਦੀ ਨੀਤੀ 'ਤੇ ਮੋਹਰ ਲੱਗੀ ਹੈ।

ਅਧਿਆਪਕਾਂ ਦੀ ਰੈਸ਼ਨੇਲਾਈਜ਼ੇਸ਼ਨ, ਆਨਲਾਈਨ ਬਦਲੀਆਂ ਦੀ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹੀ ਨੀਤੀ 2018-19 ਸਕੂਲ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਵਖਰੇਵਿਆਂ ਨੂੰ ਖ਼ਤਮ ਕਰਨ ਲਈ ਸਹਾਈ ਹੋਵੇਗੀ ਅਤੇ ਅਧਿਆਪਕਾਂ ਨੂੰ ਖਾਲੀ ਪਈਆਂ ਅਸਾਮੀਆਂ ਵਾਲੇ ਸਕੂਲਾਂ ਵਿੱਚ ਤਾਇਨਾਤ ਕੀਤਾ ਜਾਵੇਗਾ।

ਇਸ ਨੀਤੀ ਤਹਿਤ ਹੈੱਡ ਮਾਸਟਰ ਦੀ ਅਸਾਮੀ ਪ੍ਰਾਇਮਰੀ ਸਕੂਲ ਵਿੱਚ ਤਾਂ ਹੀ ਹੋਵੇਗੀ ਜੇਕਰ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ 60 ਤੋਂ ਵੱਧ ਹੋਵੇਗੀ।

ਇਸ ਤੋਂ ਇਲਾਵਾ ਸਸਤੇ ਭਾਅ 'ਤੇ ਮਕਾਨ ਦੇਣ ਸਮੇਤ ਕਈ ਫ਼ੈਸਲਿਆਂ 'ਤੇ ਮੋਹਰ ਲਾਈ ਗਈ।

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 20 ਮਾਰਚ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)