ਪ੍ਰੈਸ ਰੀਵਿਊ - ਹਵਾਈ ਅੱਡੇ ਦਾ ਨਾਂ ਭਗਤ ਸਿੰਘ ਦੇ ਨਾਂ 'ਤੇ ਰੱਖਣ 'ਤੇ ਹਰਿਆਣਾ ਦੇਵੇ ਸਹਿਮਤੀ: ਕੈਪਟਨ

ਦਿ ਹਿੰਦੁਸਤਾਨ ਟਾਈਮਜ਼ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਭਗਤ ਸਿੰਘ ਕੌਮੀ ਸ਼ਹੀਦ ਸਨ ਅਤੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਹੋਣ 'ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।

ਇਹ ਬਿਆਨ ਹਰਿਆਣਾ ਦੇ ਮੁੱਖ ਮੰਤਰੀ ਦੀ ਸਹਿਮਤੀ ਨਾ ਹੋਣ ਦੇ ਬਿਆਨ ਤੋਂ ਇੱਕ ਦਿਨ ਬਾਅਦ ਸਾਹਮਣੇ ਆਇਆ ਹੈ।

ਉਨ੍ਹਾਂ ਕਿਹਾ, "ਭਗਤ ਸਿੰਘ ਸਿਰਫ਼ ਪੰਜਾਬ ਦੇ ਸ਼ਹੀਦ ਨਹੀਂ ਹਨ। ਉਮੀਦ ਕਰਦੇ ਹਾਂ ਕਿ ਹਰਿਆਣਾ ਦੇ ਮੁੱਖ ਮੰਤਰੀ ਵੀ ਸਹਿਮਤ ਹੋਣਗੇ।"

ਦਿ ਟ੍ਰਿਬਿਊਨ ਮੁਤਾਬਕ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਰਣਦੀਪ ਸਰਾਏ ਨੇ ਲਿਬਰਲ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਰਣਦੀਪ ਸਰਾਏ ਨੇ ਜਸਟਿਨ ਟਰੂਡੋ ਦੇ ਭਾਰਤ ਦੌਰੇ ਦੌਰਾਨ ਰਾਤ ਦੇ ਖਾਣੇ 'ਤੇ ਖਾਲਿਸਤਾਨ ਨਾਲ ਸਬੰਧਤ ਜਸਪਾਲ ਅਟਵਾਲ ਨੂੰ ਸੱਦਿਆ ਸੀ।

ਹਾਲਾਂਕਿ ਜਸਟਿਨ ਟਰੂਡੋ ਨੇ ਵੀ ਸੀਨੀਅਰ ਸੁਰੱਖਿਆ ਅਧਿਕਾਰੀ ਡੇਨੀਅਲ ਜੀਨ ਦੀ ਥਿਊਰੀ ਨੂੰ ਹੀ ਸਹੀ ਠਹਿਰਾਇਆ ਹੈ ਕਿ ਅਟਵਾਲ ਦੀ ਮੌਜੂਦਗੀ ਕਿਸੇ ਭਾਰਤੀ ਸ਼ਰਾਰਤੀ ਤੱਤ ਦਾ ਮਨਸੂਬਾ ਸੀ।

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ ਜੈਵਲਿਨ ਥਰੋਅਰ ਦਵਿੰਦਰ ਸਿੰਘ ਕੰਗ ਨੂੰ ਡੋਪ ਟੈਸਟ ਵਿੱਚ ਫੇਲ੍ਹ ਹੋਣ ਕਰਕੇ ਸਸਪੈਂਡ ਕਰ ਦਿੱਤਾ ਗਿਆ ਹੈ।

29 ਸਾਲਾ ਕੰਗ ਦਾ ਡੋਪ ਸੈਂਪਲ ਐਥਲੈਟਿਕਸ ਇੰਟੈਗ੍ਰਿਟੀ ਯੂਨਿਟ (ਆਈਏਏਐੱਫ਼ ਦੀ ਨਵੀਂ ਐਂਟੀ-ਡੋਪਿੰਗ ਸੰਸਥਾ) ਵੱਲੋਂ ਚਾਰ ਦਿਨ ਪਹਿਲਾਂ ਪਟਿਆਲਾ ਵਿੱਚ ਲਿਆ ਗਿਆ ਸੀ।

ਦਵਿੰਦਰ ਕੰਗ ਵਿੱਚ ਪਾਬੰਦੀਸ਼ੁਦਾ ਸਟੀਰਾਇਡ ਪਾਇਆ ਗਿਆ ਹੈ। ਹੁਣ ਕੰਗ ਦੇ ਖੇਡਣ 'ਤੇ ਚਾਰ ਸਾਲ ਤੱਕ ਦੀ ਪਾਬੰਦੀ ਲੱਗ ਸਕਦੀ ਹੈ।

ਦਿ ਇੰਡੀਅਨ ਐਕਸਪ੍ਰੈੱਸ ਮੁਤਾਬਕ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ 'ਤੇ ਬਲਾਤਕਾਰ ਦਾ ਇਲਜ਼ਾਮ ਲਾਉਣ ਵਾਲੀ ਔਰਤ ਨੇ ਆਪਣਾ ਬਿਆਨ ਬਦਲ ਲਿਆ ਹੈ।

ਗੁਰਦਾਸਪੁਰ ਅਦਾਲਤ ਵਿੱਚ ਬਿਆਨ ਦਿੰਦਿਆਂ ਉਸ ਨੇ ਕਿਹਾ ਕਿ ਉਸ ਨੇ ਬਲਾਤਕਾਰ ਦੀ ਕੋਈ ਸ਼ਿਕਾਇਤ ਨਹੀਂ ਦਰਜ ਕਰਵਾਈ ਅਤੇ ਅਦਾਲਤ ਵਿੱਚ ਪੇਸ਼ ਕੀਤੇ ਉਸ ਦੇ ਬਿਆਨ ਦਬਾਅ ਵਿੱਚ ਲਏ ਗਏ ਹਨ।

ਉਸ ਨੇ ਇਹ ਵੀ ਦਾਅਵਾ ਕੀਤਾ ਕਿ ਵੀਡੀਓ ਵਿੱਚ ਦੇਖੀ ਜਾ ਰਹੀ ਔਰਤ ਉਹ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)