ਪਾਕਿਸਤਾਨੀ ਮਨੁੱਖੀ ਅਧਿਕਾਰ ਕਾਰਕੁਨ ਦੇ ਦੇਹਾਂਤ 'ਤੇ ਪੰਜਾਬ 'ਚ ਸੋਗ

ਤਸਵੀਰ ਸਰੋਤ, Getty Images
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਪੰਜਾਬੀ ਦੇ ਲਈ
ਪਾਕਿਸਤਾਨ ਦੀ ਮਨੁੱਖੀ ਅਧਿਕਾਰ ਕਾਰਕੁਨ ਤੇ ਸੀਨੀਅਰ ਵਕੀਲ ਅਸਮਾਂ ਜਹਾਂਗੀਰ ਦੀ ਅਚਾਨਕ ਹੋਈ ਮੌਤ 'ਤੇ ਅੰਮ੍ਰਿਤਸਰ ਵਿੱਚ ਦੁੱਖ ਪ੍ਰਗਟਾਇਆ ਗਿਆ। ਉਨ੍ਹਾਂ ਨੂੰ ਸ਼ਾਂਤੀਦੂਤ ਵਜੋਂ ਜਾਣਿਆ ਜਾਂਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਦੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਸਾਬਕਾ ਪ੍ਰਧਾਨ ਅਸਮਾ ਜਹਾਂਗੀਰ ਦੀ ਸਿਹਤ ਸ਼ਨੀਵਾਰ ਰਾਤ ਨੂੰ ਅਚਾਨਕ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਲਾਹੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਮਨੁੱਖੀ ਅਧਿਕਾਰ ਤੇ ਅਮਨਪਸੰਦੀ ਦੀ ਕਾਰਕੁਨ ਹੋਣ ਤੋਂ ਇਲਾਵਾ ਅਸਮਾਂ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਵੀ ਕੰਮ ਕਰ ਰਹੇ ਸਨ।
ਉਹ ਹਮੇਸ਼ਾ ਚਾਹੁੰਦੇ ਸਨ ਕਿ ਦੋਵੇਂ ਗੁਆਂਢੀ ਮੁਲਕ ਸ਼ਾਂਤੀ ਨਾਲ ਇਕੱਠੇ ਰਹਿਣ ਅਤੇ ਦੋਵਾਂ ਮੁਲਕ ਆਪਣੇ ਗ਼ਰੀਬ ਅਤੇ ਲੋੜਮੰਦ ਲੋਕਾਂ ਦੀ ਮਦਦ ਕਰਨ।
ਸ਼ਾਂਤੀ ਦਾ ਦੂਤ ਬਣੀ
ਅਸਮਾਂ ਜਹਾਂਗੀਰ ਅਜਿਹੀ ਕਾਰਕੁੰਨ ਸੀ ਜੋ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਕੰਮ ਕਰ ਰਹੀ ਸੀ ਅਤੇ ਅਜ਼ਾਦੀ ਦਿਹਾੜੇ ਮੌਕੇ ਵਾਘਾ ਬਾਰਡਰ 'ਤੇ ਮੋਮਬੱਤੀਆਂ ਜਗਾ ਕੇ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਲੋਕਾਂ ਦਾ ਹਿੱਸਾ ਬਣਦੀ ਸੀ।

ਤਸਵੀਰ ਸਰੋਤ, BBC/Ravinder Singh Robin
ਸਥਾਨਕ ਸਮਾਜਸੇਵੀ ਜਥੇਬੰਦੀ ਪੁਨਰਜੋਤ ਦੇ ਪ੍ਰਧਾਨ ਸਾਹਿਲ ਸੰਧੂ ਨੇ ਉਨ੍ਹਾਂ ਦੀ ਮੌਤ 'ਤੇ ਡੂੰਘਾ ਦੁੱਖ ਜਤਾਉਂਦਿਆਂ ਕਿਹਾ,'' ਅਸੀਂ ਦੋਵਾਂ ਦੇਸਾਂ ਦੇ ਲੋਕਾਂ ਨੂੰ ਨੇੜੇ ਲਿਆਉਣ ਲਈ ਕੁਝ ਸਾਂਝੇ ਤੱਥਾਂ 'ਤੇ ਕੰਮ ਕਰ ਰਹੇ ਸੀ।
ਅੰਮ੍ਰਿਤਸਰ ਦੇ ਸੱਭਿਆਚਾਰਕ ਅਦਾਰਿਆਂ ਵਿੱਚ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਫੋਕਲੋਰ ਅਕੈਡਮੀ ਦੇ ਕਾਰਕੁਨ ਰਮੇਸ਼ ਯਾਦਵ ਨੇ ਕਿਹਾ, ''ਅਸਮਾਂ ਖੁੱਲ੍ਹੇ ਵਿਚਾਰਾਂ ਵਾਲੀ ਕਾਰਕੁੰਨ ਸੀ ਜਿਸ ਨੇ 26/11 ਦੇ ਮੁੰਬਈ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਨੂੰ ਕਬੂਲਿਆ ਸੀ।''
ਯਾਦਵ ਨੇ ਕਿਹਾ,''ਅਸੀਂ ਸ਼ਾਂਤੀ ਦਾ ਇੱਕ ਮਜ਼ਬੂਤ ਥਮ੍ਹ ਗਵਾ ਦਿੱਤਾ ਹੈ।''
ਸ਼ਹਿਰੀਆਂ ਦੀ ਆਜ਼ਾਦੀ ਦੀ ਹਮਾਇਤੀ
ਸਪ੍ਰਿੰਗਡੇਲ ਐਜੁਕੇਸ਼ਨਲ ਸੋਸਾਇਟੀ ਦੀ ਡਾਇਰੈਕਟਰ ਡਾ. ਕੀਰਤ ਸੰਧੂ ਨੇ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਦੱਸਿਆ, "ਸਾਲ 2009 ਵਿੱਚ ਉਨ੍ਹਾਂ ਨੂੰ ਅੰਮ੍ਰਿਤਸਰ ਵਿੱਚ ਅਸਮਾਂ ਨਾਲ ਮਿਲਣ ਦਾ ਮੌਕਾ ਮਿਲਿਆ।''

ਤਸਵੀਰ ਸਰੋਤ, Getty Images
''ਉਹ ਪਾਕਿਸਤਾਨੀ ਰੂੜ੍ਹੀਵਾਦੀ ਵਿਚਾਰਾਂ ਨੂੰ ਦਰਕਿਨਾਰ ਕਰਨ ਵਾਲੀ, ਸ਼ਹਿਰੀ ਆਜ਼ਾਦੀਆਂ ਦੀ ਰੱਖਿਆ ਕਰਨ ਵਾਲੀ ਤੇ ਮਹੱਤਵਪੂਰਨ ਮੁੱਦਿਆਂ 'ਤੇ ਆਵਾਜ਼ ਚੁੱਕਣ ਵਾਲੀ ਬੀਬੀ ਸੀ।''
ਅਸਮਾਂ ਜਹਾਂਗੀਰ ਦੀਆਂ ਅੰਮ੍ਰਿਤਸਰ ਫੇਰੀਆਂ ਨੂੰ ਕਵਰ ਕਰਨ ਵਾਲੇ ਫੋਟੋਗ੍ਰਾਫਰ ਸੰਦੀਪ ਸਿੰਘ ਦਾ ਕਹਿਣਾ ਹੈ,'' ਉਹ ਸਿਰਫ਼ ਪਾਕਿਸਤਾਨ ਦੀ ਹੀ ਨਹੀਂ ਬਲਕਿ ਦੱਖਣੀ ਏਸ਼ੀਆ ਦੀ ਆਵਾਜ਼ ਸੀ ਅਤੇ ਉਸ ਨੇ ਦੋਵਾਂ ਮੁਲਕਾਂ ਦੇ ਆਵਾਮ ਵਿੱਚ ਇੱਕ ਦੂਜੇ ਪ੍ਰਤੀ ਦਰਦਮੰਦੀ ਜਗਾਉਣ ਦਾ ਅਹਿਮ ਕੰਮ ਕੀਤਾ।''
''ਮੈਨੂੰ ਯਾਦ ਹੈ ਕਿ ਇੱਕ ਵਾਰ ਜਦੋਂ ਉਹ ਸਾਲ 2011 ਵਿੱਚ 150 ਵਕੀਲਾਂ ਦੇ ਇੱਕ ਵਫ਼ਦ ਨਾਲ ਭਾਰਤ ਆਈ ਸੀ ਤਾਂ ਉਨ੍ਹਾਂ ਨੇ ਕਿਹਾ ਸੀ ਕਾਨੂੰਨ, ਲੋਕਤੰਤਰ ਅਤੇ ਨਿਆਂ ਦਾ ਪੱਖ ਪੂਰੋ। ''
ਉਨ੍ਹਾਂ ਨੇ ਮੈਨੂੰ ਕਿਹਾ ਸੀ,'' ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿਚਾਲੇ ਵਿਚਾਰ-ਵਟਾਂਦਰੇ ਲਈ ਦੋਵਾਂ ਦੇਸਾਂ ਦੇ ਸ਼ਹਿਰੀਆਂ ਵਿੱਚ ਲਗਾਤਾਰ ਰਾਬਤਾ ਕਾਇਮ ਹੋਣਾ ਜ਼ਰੂਰੀ ਹੈ।''












