#BudgetwithBBC: 2018 ਦੇ ਕੇਂਦਰੀ ਬਜਟ ਦੀਆਂ 10 ਖ਼ਾਸ ਗੱਲਾਂ

ਤਸਵੀਰ ਸਰੋਤ, Getty Images
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀਰਵਾਰ ਨੂੰ ਲੋਕ ਸਭਾ 'ਚ 2018-19 ਦਾ ਕੇਂਦਰੀ ਬਜਟ ਪੇਸ਼ ਕੀਤਾ।
ਖਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਸਾਲ 2018-19 ਦੇ ਹਿਸਾਬ-ਕਿਤਾਬ ਦਾ ਬਿਓਰਾ ਦੇਸ ਸਾਹਮਣੇ ਰੱਖਿਆ।
ਇਸ ਬਜਟ ਨੇ ਕਿਸ ਨੂੰ ਕੀ ਦਿੱਤਾ ਉਸ ਦੀਆਂ 10 ਖ਼ਾਸ ਗੱਲ 'ਤੇ ਮਾਰਦੇ ਹਾਂ ਇੱਕ ਨਜ਼ਰ।
- ਨਿੱਜੀ ਕਰ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ,ਪਰ ਤਨਖ਼ਾਹਦਾਰਾਂ ਨੂੰ 40,000 ਦੇ ਭੱਤੇ 'ਚ ਕਰ ਦੀ ਛੂਟ ਦਿੱਤੀ ਗਈ ਹੈ ਅਤੇ ਕਿਸਾਨ ਉਤਪਾਦਨ ਕੰਪਨੀਆਂ ਨੂੰ 100 ਫ਼ੀਸਦ ਟੈਕਸ ਰਾਹਤ ਮਿਲੀ ਹੈ।
- ਆਮਦਨ ਕਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। 99 ਫ਼ੀਸਦ ਦਰਮਿਆਨੇ ਤੇ ਛੋਟੇ ਉਦਯੋਗਾਂ ਨੂੰ 25 ਫ਼ੀਸਦ ਟੈਕਸ ਹੀ ਦੇਣਾ ਪਵੇਗਾ ਅਤੇ 250 ਕਰੋੜ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਵੀ ਇਸੇ ਸਲੈਬ ਵਿੱਚ ਰੱਖਿਆ ਗਿਆ ਹੈ। ਜਮ੍ਹਾਂ 'ਤੇ ਮਿਲਣ ਵਾਲੀ ਛੂਟ 10 ਹਜ਼ਾਰ ਤੋਂ ਵਧਾ ਕੇ 50,000 ਕੀਤੀ ਗਈ।
- 14 ਲੱਖ ਕਰੋੜ ਰੁਪਏ ਪੇਂਡੂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਦਿੱਤੇ ਜਾਣਗੇ ਅਤੇ 70 ਲੱਖ ਨਵੀਆਂ ਨੌਕਰੀਆਂ ਦੇ ਮੌਕੇ ਪੈਦਾ ਕਰਨ ਦਾ ਐਲਾਨ ਕੀਤਾ ਗਿਆ ਹੈ।
- 2022 ਤੱਕ 51 ਲੱਖ ਗਰੀਬਾਂ ਨੂੰ ਘਰ ਦੇਣ ਦਾ ਟੀਚਾ ਰੱਖਿਆ ਗਿਆ ਹੈ। ਉੱਜਵਲ ਯੋਜਨਾ ਤਹਿਤ 8 ਕਰੋੜ ਔਰਤਾਂ ਨੂੰ ਗੈਸ ਕੁਨੈਕਸ਼ਨ ਅਤੇ ਸੋਭਾਗਿਆ ਯੋਜਨਾ ਤਹਿਤ 4 ਕਰੋੜ ਘਰਾਂ ਨੂੰ ਮੁਫ਼ਤ ਬਿਜਲੀ ਕਨੈਕਸ਼ਨ ਦਿੱਤੇ ਜਾਣਗੇ। 2 ਕਰੋੜ ਨਵੇਂ ਟਾਇਲਟ ਬਣਾਉਣ ਦਾ ਟੀਚਾ ਹੈ। 5 ਕਰੋੜ ਪੇਂਡੂ ਲੋਕਾਂ ਨੂੰ ਬ੍ਰੌਡਬੈਂਡ ਨਾਲ ਜੋੜਿਆ ਜਾਵੇਗਾ।

ਤਸਵੀਰ ਸਰੋਤ, NARINDER NANU/AFP/Getty Images
- ਕਿਸਾਨਾਂ ਦੀ ਹਾਲਤ ਸੁਧਾਰਨ ਉੱਤੇ ਜ਼ੋਰ ਦੇਣ ਦੀ ਗੱਲ ਕਹੀ ਗਈ ਹੈ। 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਅਤੇ ਕਿਸਾਨਾਂ ਨੂੰ ਪੂਰਾ ਐਮਐਸਪੀ ਦੇਣ ਦਾ ਟੀਚਾ। ਸਾਰੀਆਂ ਫ਼ਸਲਾਂ ਦਾ ਸਹੀ ਮੁੱਲ ਦਿੱਤਾ ਜਾਵੇਗਾ। ਕਿਸਾਨਾਂ ਨੂੰ ਲਾਗਤ ਦਾ ਡੇਢ ਗੁਣਾ ਮੁੱਲ ਦੇਣ ਦਾ ਐਲਾਨ ਕੀਤਾ ਗਿਆ ਹੈ।
- 2000 ਕਰੋੜ ਦੀ ਲਾਗਤ ਨਾਲ ਨਵੇਂ ਪੇਂਡੂ ਬਜ਼ਾਰ ਈ-ਨੈਮ ਬਣਾਉਣ ਦਾ ਐਲਾਨ। ਆਲੂ, ਟਮਾਟਰ ਅਤੇ ਪਿਆਜ਼ ਦੇ ਆਪਰੇਸ਼ਨ ਗਰੀਨ ਲਈ 500 ਕਰੋੜ ਦਿੱਤੇ ਜਾਣਗੇ। ਕਿਸਾਨ ਕ੍ਰੈਡਿਟ ਕਾਰਡ ਹੁਣ ਪਸ਼ੂਪਾਲਣ ਅਤੇ ਮੱਛੀ ਪਾਲਣ ਵਾਲਿਆਂ ਨੂੰ ਵੀ ਦਿੱਤਾ ਜਾਵੇਗਾ।

- 10 ਕਰੋੜ ਪਰਿਵਾਰਾਂ ਨੂੰ ਹਰ ਸਾਲ 5 ਲੱਖ ਰੁਪਏ ਹਸਪਤਾਲ ਦੇ ਖ਼ਰਚੇ ਲਈ ਦਿੱਤੇ ਜਾਣਗੇ। ਦੇਸ ਦੀ 40 ਫ਼ੀਸਦ ਅਬਾਦੀ ਲਈ ਸਿਹਤ ਬੀਮੇ ਦੇ ਐਲਾਨ ਕੀਤਾ ਗਿਆ। ਟੀਬੀ ਮਰੀਜ਼ ਨੂੰ ਹਰ ਮਹੀਨੇ 5000 ਰੁਪਏ ਦਿੱਤੇ ਜਾਣਗੇ।
- 24 ਨਵੇਂ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ ਗਿਆ ਹੈ। ਤਿੰਨ ਸੰਸਦੀ ਖੇਤਰਾਂ ਵਿੱਚ ਇੱਕ ਮੈਡੀਕਲ ਖੋਲ੍ਹਣ ਦੀ ਗੱਲ ਆਖੀ ਗਈ ਹੈ।

ਤਸਵੀਰ ਸਰੋਤ, SAJJAD HUSSAIN/AFP/Getty Images
- ਪ੍ਰੀ ਨਰਸਰੀ ਤੋਂ ਲੈ ਕੇ 12ਵੀਂ ਤੱਕ ਚੰਗੀ ਸਿੱਖਿਆ ਹੋਵੇ, ਇਸ ਲਈ ਇੱਕ ਨੀਤੀ ਬਣਾਈ ਜਾਵੇਗੀ। ਕਬਾਇਲੀ ਖੇਤਰਾਂ ਦੇ ਬੱਚਿਆਂ ਲਈ ਏਕਲਵਯ ਸਕੂਲ ਖੋਲ੍ਹਿਆ ਜਾਵੇਗਾ। ਬੱਚਿਆਂ ਨੂੰ ਬਲੈਕ ਬੋਰਡ ਦੀ ਥਾਂ ਡਿਜੀਟਲ ਬੋਰਡ ਦਿੱਤੇ ਜਾਣਗੇ। ਵਡੋਦਰਾ ਵਿੱਚ ਇੱਕ ਵੱਖਰੀ ਯੂਨੀਵਰਸਟੀ ਬਣਾਈ ਜਾਵੇਗੀ।
- ਰੇਲਵੇ ਲਈ 1 ਲੱਖ 48 ਹਜ਼ਾਰ ਕਰੋੜ ਖ਼ਰਚ ਕੀਤੇ ਜਾਣਗੇ। 600 ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ। ਰੇਲ ਗੱਡੀਆਂ ਵਿੱਚ ਸੀਸੀਟੀਵੀ ਲੱਗਣਗੇ ਅਤੇ ਵਾਈ ਫਾਈ ਦੀ ਸੁਵਿਧਾ ਦਿੱਤੀ ਜਾਵੇਗੀ। ਏਅਰਪੋਰਟ ਦੀ ਗਿਣਤੀ 5 ਗੁਣਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਏਅਰਪੋਰਟ ਵਧਾਉਣ ਨਾਲ 100 ਕਰੋੜ ਯਾਤਰੀਆਂ ਨੂੰ ਸੰਭਾਲ ਸਕਾਂਗੇ। 900 ਤੋਂ ਵੱਧ ਜਹਾਜ਼ ਖਰੀਦਾਂਗੇ।












