ਹਰਿਆਣਾ ਦੇ ਸਾਬਕਾ ਡੀਜੀਪੀ ਰਾਠੌਰ ਨੂੰ ਸਰਕਾਰੀ ਸਮਾਗਮ 'ਚ ਸੱਦੇ ਜਾਣ 'ਤੇ ਵਿਰੋਧ

ਤਸਵੀਰ ਸਰੋਤ, Getty Images
ਰੁਚਿਕਾ ਛੇੜਛਾੜ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਹਰਿਆਣਾ ਦੇ ਸਾਬਕਾ ਡੀਐੱਸਪੀ ਐੱਸਪੀਐੱਸ ਰਾਠੌਰ ਨੂੰ ਗਣਤੰਤਰ ਦਿਵਸ ਮੌਕੇ ਪੰਚਕੁਲਾ ਦੇ ਸਰਕਾਰੀ ਸਮਾਗਮ ਵਿਖੇ ਸੱਦੇ ਜਾਣ 'ਤੇ ਹਰਿਆਣਾ ਸਰਕਾਰ ਸਵਾਲਾਂ ਦੇ ਘੇਰੇ 'ਚ ਆ ਗਈ ਹੈ।
ਇਸ ਸਬੰਧੀ ਪੰਚਕੁਲਾ ਦੀ ਆਨੰਦ ਪ੍ਰਕਾਸ਼ ਸਮ੍ਰਿਤੀ ਸਭਾ ਵੱਲੋਂ ਜ਼ਿਲ੍ਹਾ ਕਮਿਸ਼ਨਰ ਨੂੰ ਇੱਕ ਚਿੱਠੀ ਲਿਖੀ ਗਈ ਹੈ।
ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ, "ਅਸੀਂ ਪੰਚਕੁਲਾਵਾਸੀ ਇੱਕ ਬੱਚੀ ਨਾਲ ਛੇੜਛਾੜ ਕਰਨ ਵਾਲੇ ਹਰਿਆਣਾ ਦੇ ਸਾਬਕਾ ਡੀਜੀਪੀ ਰਾਠੌਰ ਨੂੰ ਗਣਤੰਤਰ ਦਿਵਸ ਦੇ ਸਰਕਾਰੀ ਸਮਾਗਮਾਂ 'ਚ ਸੱਦੇ ਜਾਣ 'ਤੇ ਭਾਰੀ ਰੋਸ ਪ੍ਰਗਟ ਕਰਦੇ ਹਾਂ।"

ਤਸਵੀਰ ਸਰੋਤ, Getty Images
ਉਨ੍ਹਾਂ ਨੇ ਲਿਖਿਆ ਕਿ 26 ਜਨਵਰੀ 1950 ਵਾਲੇ ਦਿਨ ਦੇਸਵਾਸੀਆਂ ਨੂੰ ਦੇਸ ਦਾ ਸੰਵਿਧਾਨ ਮਿਲਿਆ ਸੀ ਅਤੇ ਇਸ ਕਰਕੇ ਇਹ ਭਾਵਨਾਤਮਕ ਸਮਾਗਮ ਹੈ ਅਤੇ ਆਪਣੇ ਸੰਵਿਧਾਨ ਪ੍ਰਤੀ ਵਚਨਬੱਧ ਹੋਣ ਦਾ ਵਾਅਦਾ ਵੀ ਹੈ।
ਉਨ੍ਹਾਂ ਨੇ ਲਿਖਿਆ ਕਿ ਅਜਿਹੇ ਵਿੱਚ ਸਾਡੀਆਂ ਭਾਵਨਾਵਾਂ ਨੂੰ ਬੇਹੱਦ ਠੇਸ ਪਹੁੰਚੀ ਹੈ ਕਿ ਸੁਪਰੀਮ ਕੋਰਟ ਦੇ ਦੋਸ਼ੀ ਨੂੰ ਸਰਕਾਰੀ ਸਮਾਗਮਾਂ ਵਿੱਚ ਸਲਾਮੀ ਦਿੱਤੀ ਜਾ ਰਹੀ ਹੈ।
ਚਿੱਠੀ 'ਚ ਲਿਖਿਆ ਕਿ ਇਸ ਤੋਂ ਪਤਾ ਲਗਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੌਮੀ ਸਮਾਗਮਾਂ ਦੀ ਪਵਿੱਤਰਤਾ ਦੀ ਕੋਈ ਪਰਵਾਹ ਨਹੀਂ ਅਤੇ ਨਾ ਹੀ ਦੇਸ ਦੀ ਸਰਬਉੱਚ ਅਦਾਲਤ ਦੇ ਫੈਸਲਿਆਂ ਦੀ।
ਉਨ੍ਹਾਂ ਲਿਖਿਆ ਕਿ ਅਜਿਹੇ ਦੋਸ਼ੀ ਜੋ ਕਾਨੂੰਨ ਦੇ ਰਖਵਾਲਾ ਹੁੰਦਿਆ ਹੋਇਆ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹਨ, ਉਨ੍ਹਾਂ ਨੂੰ ਹੋਰ ਹੁੰਗਾਰਾ ਮਿਲਦਾ ਹੈ।
ਅਸੀਂ ਦਰਖ਼ਾਸਤ ਕਰਦੇ ਹਾਂ ਕਿ ਘੱਟੋ ਘੱਟ ਇਸ ਕਾਰੇ ਲਈ ਪੰਚਕੁਲਾ ਪ੍ਰਸ਼ਾਸਨ ਨੂੰ ਪੰਚਕੁਲਾਵਾਸੀਆਂ ਕੋਲੋਂ ਮੁਆਫ਼ੀ ਮੰਗਣ ਲਈ ਆਦੇਸ਼ ਜਾਰੀ ਕੀਤੇ ਜਾਣ।












