ਪੰਜਾਬ 'ਚ ਮਲਾਲਾ ਦੀ ਤਸਵੀਰ ਕਿਵੇਂ ਬਣੀ ਸਾਂਝੀਵਾਲਤਾ ਦੀ ਪ੍ਰਤੀਕ?

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ

ਪਾਕਿਸਤਾਨ ਵਿੱਚ ਹੋਏ ਹਮਲੇ ਤੋਂ ਬਾਅਦ ਮਲਾਲਾ ਲੰਡਨ ਵਿੱਚ ਵੱਸ ਗਈ, ਪਰ ਉਸ ਦੀ ਆਵਾਜ਼ ਅਤੇ ਚਿਹਰਾ ਪੂਰੀ ਦੁਨੀਆਂ ਵਿੱਚ ਕੁੜੀਆਂ ਦੇ ਮਸਲਿਆਂ ਦੀ ਨੁਮਾਇੰਦਗੀ ਕਰਦੇ ਹਨ।

ਹਮੇਸ਼ਾਂ ਤਣਾਅ ਅਤੇ ਸ਼ੱਕ ਦੇ ਘੇਰੇ ਵਿੱਚ ਰਹਿਣ ਵਾਲੇ ਗੁਆਂਢੀ ਮੁਲਕਾਂ ਭਾਰਤ ਅਤੇ ਪਾਕਿਸਤਾਨ ਦੀਆਂ ਤਮਾਮ ਪਾਬੰਦੀਆਂ ਨੂੰ ਦਰਕਿਨਾਰ ਕਰ ਕੇ ਉਹ ਚੜ੍ਹਦੇ ਪੰਜਾਬ ਦੀਆਂ ਕੰਧਾਂ ਉੱਤੇ ਲਿੰਗ ਬਰਾਬਰੀ ਦੀ ਗੱਲ ਕਰਦੀ ਹੈ।

ਬਰਨਾਲਾ-ਸੰਗਰੂਰ ਰੋਡ ਉੱਤੇ ਬਣੇ ਇੱਕ ਪੁੱਲ ਦੀ ਕੰਧ ਉੱਤੇ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਬਰਨਾਲਾ ਜਿਲ੍ਹਾ ਪ੍ਰਸ਼ਾਸ਼ਨ ਨੇ ਇੱਕ ਕੰਧ-ਚਿੱਤਰ ਬਣਵਾਇਆ ਹੈ।

ਮਲਾਲਾ ਦਾ ਚਿੱਤਰ ਖਿੱਚ ਦਾ ਕੇਂਦਰ

ਇਸ ਚਿੱਤਰ ਵਿੱਚ ਖਿੱਚ ਦਾ ਕੇਂਦਰ ਮਲਾਲਾ ਯੁਸਫਜ਼ਈ ਬਣੀ ਹੈ ਜੋ ਲਤਾ ਮੰਗੇਸ਼ਕਰ, ਅੰਮ੍ਰਿਤਾ ਪ੍ਰੀਤਮ, ਕਲਪਨਾ ਚਾਵਲਾ, ਪੀ.ਟੀ.ਊਸ਼ਾ ਅਤੇ ਮੈਰੀ ਕੌਮ ਦੀ ਸੰਗਤ ਵਿੱਚ ਉਮਰਾਂ ਅਤੇ ਸਰਹੱਦਾਂ ਨੂੰ ਬੇਮਾਅਨਾ ਕਰਦੀ ਹੈ।

ਇਨਸਾਫ਼ਪਸੰਦੀ ਅਤੇ ਦਰਦਮੰਦੀ ਇਨ੍ਹਾਂ ਦੀ ਸਾਂਝੀ ਤੰਦ ਹੈ ਜੋ ਲਿੰਗ ਬਰਾਬਰੀ ਦੀ ਬਾਤ ਪਾਉਂਦੀ ਹੈ।

ਇਸੇ ਕੰਧ-ਚਿੱਤਰ ਕੋਲ ਮਲਾਲਾ ਦੀ ਹਾਣੀ ਕਿਰਨ ਕੌਰ ਮਿਲੀ ਜੋ ਕਾਲਜ ਜਾਂਦੀ ਹੋਈ ਕਹਿੰਦੀ ਹੈ, "ਮੈਂਨੂੰ ਮਲਾਲਾ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਨ੍ਹਾਂ ਨੂੰ ਨੋਬਲ ਅਵਾਰਡ ਮਿਲਿਆ।

ਇਹ ਜਾਣ ਕੇ ਬਹੁਤ ਖੁਸ਼ੀ ਵੀ ਹੋਈ ਤੇ ਮਾਣ ਵੀ ਮਹਿਸੂਸ ਹੋਇਆ ਕਿ ਉਨ੍ਹਾਂ ਨੇ ਇੰਨੀ ਛੋਟੀ ਉਮਰ ਵਿੱਚ ਔਰਤਾਂ ਲਈ ਇੰਨਾ ਕੁਝ ਕੀਤਾ।

14 ਸਾਲ ਦੀ ਉਮਰ ਵਿੱਚ ਸਾਨੂੰ ਇੰਨੀ ਸੂਝ-ਬੂਝ ਨਹੀਂ ਹੁੰਦੀ ਸੀ ਜਿੰਨਾ ਕੁਝ ਉਨ੍ਹਾਂ ਨੇ ਔਰਤਾਂ ਲਈ ਕੀਤਾ।"

ਮਲਾਲਾ ਨੇ ਪਾਕਿਸਤਾਨ ਦੇ ਅਤਿ ਪਛੜੇ ਪਸ਼ਤੂਨ ਅਬਾਦੀ ਵਾਲੇ ਇਲਾਕੇ ਵਿੱਚ ਜਨਮ ਲਿਆ। ਕੁੜੀਆਂ ਲਈ ਸਿੱਖਿਆ ਦੇ ਹੱਕ ਅਤੇ ਅਮਨ ਲਈ ਕੋਸ਼ਿਸ਼ਾਂ ਕਰਕੇ ਅੱਤਵਾਦੀਆਂ ਨੇ ਮਲਾਲਾ ਉੱਤੇ ਘਾਤਕ ਹਮਲਾ ਕੀਤਾ ਤਾਂ ਪੂਰੀ ਦੁਨੀਆਂ ਨੇ ਹਾਅ ਦਾ ਨਾਅਰਾ ਮਾਰਿਆ।

ਮੁਹੱਬਤ ਤੇ ਸਾਂਝੀਵਾਲਤਾ ਦਾ ਪ੍ਰਤੀਕ ਬਣੀ ਮਲਾਲਾ

ਮਲਾਲਾ ਦਾ ਇਲਾਜ ਇੰਗਲੈਂਡ ਵਿੱਚ ਕੀਤਾ ਗਿਆ।ਭਾਰਤ-ਪਾਕਿਸਤਾਨ ਵਿੱਚ ਜਦੋਂ ਸਰਹੱਦ 'ਤੇ ਤਣਾਅ ਵਾਲਾ ਮਾਹੌਲ ਹੈ ਤਾਂ ਮਲਾਲਾ ਯੂਸਫਜ਼ਈ ਇਸ ਚਿੱਤਰ ਰਾਹੀਂ ਹੱਦਾਂ-ਸਰਹੱਦਾਂ ਦੀ ਸਿਆਸਤ ਤੋਂ ਪਾਰ ਜਾ ਕੇ ਮੁਹੱਬਤ ਅਤੇ ਸਾਂਝੀਵਾਲਤਾ ਦਾ ਪ੍ਰਤੀਕ ਬਣ ਗਈ ਹੈ।

ਬਰਨਾਲਾ ਪੜ੍ਹਦੀ ਕਾਲਜ ਵਿਦਿਆਰਥਣ ਜਸਲੀਨ ਕੌਰ ਕਹਿੰਦੀ ਹੈ, "ਮੈਂ ਗ੍ਰੈਜੁਏਸ਼ਨ ਕਰ ਰਹੀ ਹਾਂ। ਮੇਰੀ ਉਮਰ 18 ਸਾਲ ਹੈ। ਮੈਂ ਮਲਾਲਾ ਨੂੰ ਦੇਖ ਕੇ ਪ੍ਰੇਰਿਤ ਹੁੰਦੀ ਹਾਂ ਕਿ ਉਸ ਨੇ 14 ਸਾਲ ਦੀ ਉਮਰ ਵਿੱਚ ਅੱਤਵਾਦੀਆਂ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਕੁੜੀਆਂ ਦੀ ਸਿੱਖਿਆ ਲਈ ਬਹੁਤ ਕੁਝ ਕੀਤਾ।"

ਇਸ ਕੰਧ-ਚਿੱਤਰ ਨੂੰ ਬਣਾਉਣ ਵਾਲੇ ਚਿੱਤਰਕਾਰ ਜਸਵੀਰ ਮਾਹੀ ਨੇ ਦੱਸਿਆ ਕਿ ਇਹ ਤਸਵੀਰਾਂ ਉਨ੍ਹਾਂ ਨੇ ਆਪ ਚੁਣੀਆਂ ਹਨ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਮਨਜ਼ੂਰੀ ਤੋਂ ਬਾਅਦ ਬਣਾਈਆਂ ਹਨ।

ਬਰਨਾਲਾ ਦੇ ਐੱਸਡੀਐੱਮ ਸੰਦੀਪ ਕੁਮਾਰ ਮੁਤਾਬਕ ਅਜਿਹੇ ਕੰਧ-ਚਿੱਤਰ ਬਣਾਉਣ ਦਾ ਵਿਚਾਰ ਬਰਨਾਲਾ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦਾ ਸੀ ਜਿਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਮਲ ਵਿੱਚ ਲਿਆਂਦਾ ਗਿਆ।

ਹੋਰ ਕਿਸ-ਕਿਸ ਔਰਤ ਦੀ ਤਸਵੀਰ?

ਇਸ ਕੰਧ-ਚਿੱਤਰ ਦੀ ਖਿੱਚ ਅਜਿਹੀ ਹੈ ਕਿ ਤੁਸੀਂ ਇਨ੍ਹਾਂ ਤਸਵੀਰਾਂ ਨੂੰ ਗਹੁ ਨਾਲ ਦੇਖੇ ਬਿਨਾਂ ਨਹੀਂ ਰਹਿ ਸਕਦੇ।

ਪਹਿਲੀ ਤਸਵੀਰ ਭਾਰਤ ਰਤਨ ਅਤੇ ਦਾਦਾ ਸਾਹਿਬ ਫਾਲਕੇ ਵਰਗੇ ਵੱਕਾਰੀ ਐਵਾਰਡ ਹਾਸਿਲ ਕਰਨ ਵਾਲੀ ਅਤੇ ਤਿੰਨ ਦਰਜਨ ਤੋਂ ਵੱਧ ਭਾਰਤੀ ਅਤੇ ਕੌਮਾਂਤਰੀ ਬੋਲੀਆਂ ਵਿੱਚ ਗੀਤ ਗਾਉਣ ਵਾਲੀ ਲਤਾ ਮੰਗੇਸ਼ਕਰ ਦੀ ਹੈ, ਜਿਨ੍ਹਾਂ ਨੇ ਅਣਵੰਡੇ ਭਾਰਤ ਵਿੱਚ 1942 ਵਿੱਚ ਆਪਣਾ ਗਾਇਕੀ ਦਾ ਸਫ਼ਰ ਸ਼ੂਰੂ ਕੀਤਾ।

ਦੂਜੀ ਤਸਵੀਰ ਸੌ ਤੋਂ ਵੱਧ ਕਿਤਾਬਾਂ ਲਿਖਣ ਵਾਲੀ ਅਤੇ ਦਰਜਨਾਂ ਬੋਲੀਆਂ ਵਿੱਚ ਅਨੁਵਾਦ ਹੋਣ ਵਾਲੀ, ਸਾਹਿਤ ਅਕਾਦਮੀ ਅਤੇ ਪਦਮ ਵਿਭੂਸ਼ਨ ਵਰਗੇ ਸਨਮਾਨ ਹਾਸਿਲ ਕਰਨ ਵਾਲੀ ਪੰਜਾਬੀ ਦੀ ਲੇਖਕ ਅਮ੍ਰਿਤਾ ਪ੍ਰੀਤਮ ਦੀ ਹੈ।

ਅੰਮ੍ਰਿਤਾ ਪ੍ਰੀਤਮ ਅਜਿਹੀ ਲੇਖਕ ਹੈ ਜਿਸ ਨੂੰ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿੱਚ ਇੱਕੋ ਜਿਹੀ ਮਕਬੂਲੀਅਤ ਹਾਸਿਲ ਹੋਈ ਹੈ।

ਤੀਜੀ ਤਸਵੀਰ ਇੱਕ ਅਮਰੀਕੀ ਔਰਤ ਦੀ ਹੈ ਜੋ ਨਾਸਾ ਵੱਲੋਂ ਸਪੇਸ ਮਿਸ਼ਨ ਉੱਤੇ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ ਅਤੇ 2003 ਵਿੱਚ ਇੱਕ ਪੁਲਾੜੀ ਖੋਜ ਮਿਸ਼ਨ ਤੋਂ ਪਰਤਦਿਆਂ ਆਪਣੇ ਛੇ ਸਾਥੀਆਂ ਸਮੇਤ ਬ੍ਰਹਿਮੰਡ ਵਿੱਚ ਸਮਾ ਗਈ।

ਚੌਥੀ ਤਸਵੀਰ ਅਜਿਹੀ ਭਾਰਤੀ ਔਰਤ ਦੀ ਹੈ ਜਿਸਨੇ 100, 200 ਅਤੇ 400 ਮੀਟਰ ਦੌੜਾਂ ਵਿੱਚ ਕਈ ਕੌਮੀ ਰਿਕਾਰਡ ਆਪਣੇ ਨਾਂ ਕੀਤੇ। ਏਸ਼ੀਅਨ ਚੈਂਪੀਅਨ ਅਤੇ ਉਲੰਪਿਕ ਵਿੱਚ ਦੇਸ਼ ਦਾ ਮਾਣ ਵਧਾਉਣ ਵਾਲੀ ਪੀ. ਟੀ. ਊਸ਼ਾ ਨੂੰ ਭਾਰਤ ਦੀ ਉੱਡਣ-ਪਰੀ ਕਿਹਾ ਗਿਆ।

ਪੰਜਵੀਂ ਤਸਵੀਰ ਦੁਨੀਆਂ ਦੀ ਅਜਿਹੀ ਪਹਿਲੀ ਔਰਤ ਦੀ ਹੈ ਜਿਸ ਨੇ ਕੌਮਾਂਤਰੀ ਪੱਧਰ ਦੀਆਂ ਛੇ ਵਿੱਚੋਂ ਪੰਜ ਬੌਕਸਿੰਗ ਚੈਂਪੀਅਨਸ਼ਿਪਸ ਵਿੱਚੋਂ ਸੋਨ ਤਮਗ਼ੇ ਹਾਸਲ ਕੀਤੇ। ਆਪਣੀਆਂ ਪ੍ਰਾਪਤੀਆਂ ਕਰਕੇ ਮੈਰੀ ਕੌਮ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ।

ਛੇਵੀਂ ਤਸਵੀਰ ਮਲਾਲਾ ਯੂਸਫ਼ਜ਼ਈ ਦੀ ਹੈ। ਅਤਿ ਪਛੜੇ ਪਾਕਿਸਤਾਨੀ ਖ਼ਿੱਤੇ ਵਿੱਚ ਕੁੜੀਆਂ ਦੀ ਸਿੱਖਿਆ ਅਤੇ ਬਰਾਬਰੀ ਲਈ ਸੰਘਰਸ਼ ਕਰਨ ਵਾਲੀ ਮਲਾਲਾ ਯੂਸਫ਼ਜ਼ਈ ਉੱਤੇ ਅਤਿਵਾਦੀਆਂ ਵੱਲੋਂ ਚੌਦਾਂ ਸਾਲ ਦੀ ਉਮਰ ਵਿੱਚ ਘਾਤਕ ਹਮਲਾ ਕੀਤਾ ਗਿਆ।

ਮਲਾਲਾ ਨੂੰ ਅਮਨ ਲਈ ਯਤਨਾਂ ਬਦਲੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਮਲਾਲਾ ਦੇ ਚਿਹਰੇ ਦੇ ਸਮੁੱਚੇ ਪ੍ਰਭਾਵ ਇਉਂ ਲੱਗਦੇ ਹਨ ਜਿਵੇਂ ਕਹਿ ਰਹੀ ਹੋਵੇ ਕਿ ਮਿਸਾਲਾਂ ਪੇਸ਼ ਕਰਨ ਲਈ ਉਮਰ ਕੋਈ ਬੰਧਨ ਨਹੀਂ ਹੁੰਦੀ।

ਅੱਖਾਂ ਸ਼ਾਂਤ ਅਤੇ ਉਦਾਰ ਲੱਗ ਰਹੀਆਂ ਹਨ ਜਿਵੇਂ ਮੁਸਕਰਾ ਕੇ ਕਹਿ ਰਹੀਆਂ ਹੋਣ ਕਿ ਵਿਚਾਰ ਦੀ ਤਾਕਤ ਗੋਲੀ ਨਾਲੋਂ ਵੱਧ ਹੁੰਦੀ ਹੈ।

ਭਾਰਤ ਅਤੇ ਪਾਕਿਸਤਾਨ ਵਿੱਚ ਜਦੋਂ ਆਪਸੀ ਤਣਾਅ ਚੱਲ ਰਿਹਾ ਹੈ, ਅਮਰੀਕਾ ਅਤੇ ਪਾਕਿਸਤਾਨ ਵਿੱਚ ਵੀ ਸਭ ਅੱਛਾ ਨਹੀਂ ਹੈ ਤਾਂ ਇਨ੍ਹਾਂ ਤਸਵੀਰਾਂ ਨੂੰ ਇਕੱਠੀਆਂ ਦੇਖਣ 'ਤੇ ਲੱਗੇਗਾ ਜਿਵੇਂ ਇਹ ਬੀਬੀਆਂ ਸੁਨੇਹਾ ਦੇ ਰਹੀਆਂ ਹੋਣ।

ਜਿਵੇਂ ਕਹਿ ਰਹੀਆਂ ਹੋਣ ਸਾਡੀਆਂ ਪ੍ਰਾਪਤੀਆਂ ਸਿਰਫ਼ ਔਰਤਾਂ ਦੀ ਬਰਾਬਰੀ ਹੀ ਨਹੀਂ ਸਗੋਂ ਮਨੁੱਖਾਂ ਦੀ ਸਹਿਹੋਂਦ ਦੇ ਜਸ਼ਨ ਦੀ ਬਾਤ ਪਾਉਂਦੀਆਂ ਹਨ ਜੋ ਹੱਦਾਂ-ਸਰਹੱਦਾਂ ਦੇ ਬੰਧੇਜ਼ ਵਿੱਚ ਨਹੀਂ ਬੱਝਦੀਆਂ।

ਜੇ ਇਸ ਕੰਧ-ਚਿੱਤਰ ਨੂੰ ਦੇਖਦਿਆਂ ਤੁਹਾਡੇ ਮਨ ਵਿੱਚ ਸੀਰੀਆ ਵਿੱਚ ਜਨਮਦਿਨ ਮਨਾਉਂਦੀ ਜਾਂ ਅਫ਼ਰੀਕਾ ਵਿੱਚ ਕੁੜੀਆਂ ਲਈ ਸਿੱਖਿਆ ਸਹੂਲਤਾਂ ਦੀ ਮੰਗ ਕਰਦੀ ਜਾਂ ਲੰਡਨ ਵਿੱਚ ਉਦਾਰਵਾਦੀ ਸਮਾਜ ਦੀ ਵਕਾਲਤ ਕਰਦੀ ਮਲਾਲਾ ਦੀਆਂ ਤਸਵੀਰਾਂ ਉਭਰ ਆਉਣ ਤਾਂ ਜਸਵੀਰ ਮਾਹੀ ਦਾ ਸ਼ੁਕਰਾਨਾ ਕਰਨ ਲਈ ਬੋਲਾਂ ਦੀ ਲੋੜ ਨਹੀਂ ਰਹਿੰਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)