ਪ੍ਰੈੱਸ ਰਿਵਿਊ: ਬੇਅੰਤ ਸਿੰਘ ਕਤਲ ਮਾਮਲੇ 'ਚ ਜਗਤਾਰ ਸਿੰਘ ਤਾਰਾ ਨੇ ਕਬੂਲਿਆ ਜੁਰਮ

'ਹਿੰਦੁਸਤਾਨ ਟਾਈਮਜ਼' ਮੁਤਾਬਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਮਾਮਲੇ ਵਿੱਚ ਮੁਲਜ਼ਮ ਜਗਤਾਰ ਸਿੰਘ ਤਾਰਾ ਨੇ ਜੁਰਮ ਕਬੂਲ ਕਰ ਲਿਆ ਹੈ ਤੇ ਉਸ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ।

ਬੁੜੈਲ ਜੇਲ੍ਹ ਵਿੱਚ ਹੋਈ ਸੁਣਵਾਈ ਦੌਰਾਨ ਤਾਰਾ ਨੇ ਵਧੀਕ ਜ਼ਿਲ੍ਹਾ ਅਦਾਲਤ ਵਿੱਚ 6 ਪੰਨਿਆਂ ਦਾ ਇਕਬਾਲੀਆ ਬਿਆਨ ਦਿੱਤਾ ਹੈ।

ਬਿਆਨ ਵਿੱਚ ਤਾਰਾ ਨੇ ਕਿਹਾ, "ਬੇਅੰਤ ਸਿੰਘ ਨੇ ਸੱਤਾ ਵਿੱਚ ਆ ਕੇ ਮੁਲਜ਼ਮਾਂ ਨੂੰ ਸਜ਼ਾ ਨਹੀਂ ਦਿੱਤੀ। ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਮਨੁੱਖੀ ਅਧਿਕਾਰਾਂ ਦਾ ਬੇਹੱਦ ਘਾਣ ਕਰਨ ਤੋਂ ਬਾਅਦ ਬੇਅੰਤ ਸਿੰਘ ਨੇ ਉਨ੍ਹਾਂ ਨੂੰ ਤਰੱਕੀ ਦਿੱਤੀ ਅਤੇ ਉਨ੍ਹਾਂ ਦੇ ਨਾਮ ਦੀ ਸਿਫਾਰਿਸ਼ ਰਾਸ਼ਟਰਪਤੀ ਅਵਾਰਡ ਲਈ ਕਰ ਦਿੱਤੀ।"

'ਦਿ ਟ੍ਰਿਬਿਊਨ' ਵਿੱਚ ਛਪੀ ਖ਼ਬਰ ਮੁਤਾਬਕ, ਮੈਡੀਕਲ ਕਾਲਜਾਂ ਵਿੱਚ ਦਾਖਲੇ ਲਈ ਹੋਣ ਵਾਲਾ ਨੀਟ ਯਾਨਿ ਕਿ ਨੈਸ਼ਨਲ ਐਲਿਜੀਬਿਲਿਟੀ-ਕਮ-ਐਂਟ੍ਰੈਂਸ ਟੈਸਟ ਲਈ ਪੂਰੇ ਦੇਸ ਵਿੱਚ ਇੱਕੋ ਹੀ ਤਰ੍ਹਾਂ ਦਾ ਪ੍ਰਸ਼ਨ-ਪੱਤਰ ਹੋਵੇਗਾ। ਸੀਬੀਐੱਸਈ ਨੇ ਸੁਪਰੀਮ ਕੋਰਟ ਨੂੰ ਇਸ ਦੀ ਜਾਣਕਾਰੀ ਦਿੱਤੀ।

ਸੀਬੀਐੱਸਈ ਦੇ ਵਕੀਲ ਤਾਰਾਚੰਦ ਸ਼ਰਮਾ ਨੇ ਬੈਂਚ ਨੂੰ ਦੱਸਿਆ ਕਿ ਪ੍ਰਸ਼ਨ ਪੱਤਰਾਂ ਦਾ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇਗਾ ਅਤੇ ਪ੍ਰਸ਼ਨ ਪੱਤਰਾਂ ਵਿੱਚ ਸਵਾਲ ਦੋਹਾਂ ਭਾਸ਼ਾਵਾਂ ਅੰਗਰੇਜ਼ੀ ਅਤੇ ਸੂਬੇ ਦੀ ਖੇਤਰੀ ਭਾਸ਼ਾ ਵਿੱਚ ਹੋਣਗੇ।

'ਹਿੰਦੁਸਤਾਨ ਟਾਈਮਜ਼' ਮੁਤਾਬਕ ਉੱਤਰੀ ਭਾਰਤ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਜ਼ਿਆਦਾਤਰ ਗਰਭਵਤੀ ਔਰਤਾਂ ਜੋ ਕਿ ਜੱਚਾ ਸੰਭਾਲ ਲਈ ਜਾਂਦੀਆਂ ਹਨ ਤਾਂ ਉਨ੍ਹਾਂ ਨਾਲ ਬੁਰਾ ਰਵੱਈਆ ਕੀਤਾ ਜਾਂਦਾ ਹੈ। ਇਹ ਦਾਅਵਾ ਪੀਜੀਆਈਐੱਮਈਆਰ ਦੇ ਮਾਹਿਰਾਂ ਵੱਲੋਂ ਕੀਤੇ ਸਰਵੇਖਣ ਵਿੱਚ ਕਿਹਾ ਗਿਆ ਹੈ।

ਇਹ ਸਰਵੇਖਣ ਚੰਡੀਗੜ੍ਹ, ਪੰਜਾਬ, ਹਰਿਆਣਾ, ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੀਤਾ ਗਿਆ ਹੈ। ਇਹ ਮਈ ਅਤੇ ਅਗਸਤ, 2017 ਵਿੱਚ 11 ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਕੀਤਾ ਗਿਆ ਹੈ ਜਿੱਥੇ ਜੱਚਾ ਸਾਂਭ ਕੀਤੀ ਜਾਂਦੀ ਹੈ। ਇਸ ਦੌਰਾਨ 200 ਔਰਤਾਂ ਦੀ ਸਾਂਭ-ਸੰਭਾਲ ਦਾ ਸਰਵੇਖਣ ਕੀਤਾ ਗਿਆ।

ਇਨ੍ਹਾਂ ਹਸਪਤਾਲਾਂ ਵਿੱਚ ਗਰਭਵਤੀ ਔਰਤਾਂ ਦੀ ਅਣਦੇਖੀ, ਗਲਤ ਭਾਸ਼ਾ, ਸਹੀ ਸੰਭਾਲ ਨਾ ਕਰਨਾ, ਲੇਬਰ ਰੂਮ ਵਿੱਚ ਔਰਤ ਨੂੰ ਇਕੱਲੇ ਛੱਡ ਜਾਣਾ ਸ਼ਾਮਿਲ ਹੈ।

'ਦੈਨਿਕ ਭਾਸਕਰ' ਮੁਤਾਬਕ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਵਿਦੇਸ਼ੀ ਅਪਰਾਧੀਆਂ ਉੱਤੇ ਅਦਾਲਤ ਖਾਸ ਕਿਰਪਾ ਨਾ ਦਿਖਾਏ। ਇਹ ਟਿੱਪਣੀ ਸੁਪਰੀਮ ਕੋਰਟ ਨੇ ਪੰਜਾਬ ਵਿੱਚ ਕਤਲ ਕੇਸ ਦੇ ਇੱਕ ਮਾਮਲੇ ਵਿੱਚ ਕੀਤੀ ਹੈ।

ਪੰਜਾਬ ਪੁਲਿਸ ਨੇ ਨਵੰਬਰ 2015 ਵਿੱਚ ਬ੍ਰਿਟਿਸ਼ ਨਾਗਰਿਕ ਰਮੇਸ਼ ਚੰਦ ਕਲੇਰ, ਕੁਲਬੀਰ, ਮੋਹਿੰਦਰ, ਸੁਖਵਿੰਦਰ ਅਤੇ ਹੋਰਨਾਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ।

ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਮੇਸ਼ ਚੰਦ ਨੂੰ ਜ਼ਮਾਨਤ ਦੇ ਦਿੱਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ