ਪਦਮਾਵਤ ਵਿਵਾਦ : ਗੁਜਰਾਤ ਵਾਈਬਰੈਂਟ ਦਾ ਰਾਖਾ ਕਰਣੀ ਸੈਨਾ ਦਾ ਮੁਖੀ

- ਲੇਖਕ, ਰੌਕਸੀ ਗਾਗਡੇਕਰ ਛਾਰਾ
- ਰੋਲ, ਬੀਬੀਸੀ ਗੁਜਰਾਤੀ
ਸੇਵਾਮੁਕਤ ਬੀਐੱਸਐੱਫ ਅਫ਼ਸਰ ਰਾਜ ਸ਼ੇਖਾਵਤ ਅਹਿਮਦਾਬਾਦ ਵਿੱਚ ਇੱਕ ਨਿੱਜੀ ਸੁਰੱਖਿਆ ਏਜੰਸੀ ਚਲਾਉਂਦੇ ਹਨ।
ਪਦਮਾਵਤ ਵਿਵਾਦ ਤੋਂ ਪਹਿਲਾਂ ਵਾਈਬਰੈਂਟ ਗੁਜਰਾਤ ਵਰਗੇ ਵੱਡੇ ਸਮਾਗਮਾਂ ਦੀ ਸੁਰੱਖਿਆ ਲਈ ਗੁਜਰਾਤ ਸਰਕਾਰ ਵੱਲੋਂ ਰਾਜ ਸ਼ੇਖਾਵਤ ਦੀ ਸੁਰੱਖਿਆ ਏਜੰਸੀ ਨੂੰ ਤਰਜ਼ੀਹ ਦਿੱਤੀ ਜਾਂਦੀ ਸੀ।
ਹੁਣ ਉਹ ਰਾਜ ਕਰਣੀ ਸੈਨਾ ਦੇ ਪ੍ਰਧਾਨ ਵਜੋਂ ਸੰਜੇ ਲੀਲਾ ਭੰਸਾਲੀ ਦੀ ਫਿਲਮ ਪਦਮਾਵਤ ਖਿਲਾਫ਼ ਮੁਜ਼ਾਹਰਿਆਂ ਦੀ ਅਗਵਾਈ ਕਰ ਰਹੇ ਹਨ।
ਇੰਟਰਨੈੱਟ 'ਤੇ ਅਜਿਹੀਆਂ ਵੀਡੀਓਜ਼ ਹਨ, ਜਿਨ੍ਹਾਂ ਵਿੱਚ ਰਾਜ ਸ਼ੇਖਾਵਤ ਲੋਕਾਂ ਨੂੰ ਫਿਲਮ ਨਾ ਦੇਖਣ ਦੀ ਧਮਕਾਉਂਦੇ ਦਿਖ ਰਹੇ ਹਨ ਅਤੇ ਨਾਲ ਹੀ ਥੀਏਟਰਾਂ ਨੂੰ ਸਾੜਨ ਬਾਰੇ ਵੀ ਕਹਿ ਰਹੇ ਹਨ, ਪਰ ਰਾਜ ਖਿਲਾਫ਼ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਹੋਈ ਹੈ।
ਰਾਜ ਸ਼ੇਖਾਵਤ ਦੀ ਕੰਪਨੀ ਵੱਲੋਂ ਹੀ ਦੀਪਿਕਾ ਪਾਦੂਕੋਣ ਨੂੰ ਉਨ੍ਹਾਂ ਦੀ ਗੁਜਰਾਤ ਫੇਰੀ ਦੌਰਾਨ ਬਾਊਂਸਰਾਂ ਦੀ ਸੇਵਾ ਮੁਹੱਈਆ ਕਰਵਾਈ ਜਾਂਦੀ ਸੀ।
ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਕਰਣੀ ਸੈਨਾ ਦੇ ਮੈਂਬਰਾਂ ਉੱਤੇ ਹੀ ਹੁਣ ਰਾਣੀ ਪਦਮਣੀ ਦੀ ਬੇਅਦਬੀ ਕਰਨ ਲਈ ਦੀਪਿਕਾ ਪਾਦੁਕੌਣ ਦਾ ਨੱਕ ਵੱਢਣ ਦੀਆਂ ਧਮਕੀਆਂ ਦੇ ਦੋਸ਼ ਲੱਗ ਰਹੇ ਹਨ।
ਕੌਣ ਹੈ ਰਾਜ ਸ਼ੇਖਾਵਤ?
ਸ਼ਾਹੀ ਠਾਠ-ਬਾਠ ਭਰੇ ਅੰਦਾਜ਼ ਵਾਲੇ ਸ਼ੇਖਾਵਤ ਕਈ ਸੋਨੇ ਦੀਆਂ ਮੁੰਦਰੀਆਂ ਤੇ ਹੋਰ ਸੋਨਾ ਪਹਿਨਣ ਦੇ ਸ਼ੌਕੀਨ ਹਨ ਉਨ੍ਹਾਂ ਨੂੰ ਦੇਖ ਕੇ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਰਾਜ ਸ਼ੇਖਾਵਤ ਨੇ ਫੇਸਬੁੱਕ 'ਤੇ ਅਹਿਮਦਾਬਾਦ ਦੇ ਪੁਲਿਸ ਕਮਿਸ਼ਨਰ ਨਾਲ ਆਪਣੀ ਤਸਵੀਰ ਪਾਈ ਹੈ। ਉਸ ਤਸਵੀਰ ਵਿੱਚ ਉਹ ਪੰਜ ਬਾਡੀਗਾਰਡਜ਼ ਨਾਲ ਨਜ਼ਰ ਆ ਰਹੇ ਹਨ।

ਤਸਵੀਰ ਸਰੋਤ, Getty Images
ਰਾਜ ਦੀ ਸੁਰੱਖਿਆ ਏਜੰਸੀ ਨੂੰ ਸੈਰ ਸਪਾਟੇ ਦੇ ਸਮਾਗਮਾਂ ਤੇ ਨਿਵੇਸ਼ਕਾਂ ਦੀ ਮੀਟਿੰਗਾਂ ਦੀ ਸੁਰੱਖਿਆ ਦੇ ਕਈ ਸਰਕਾਰੀ ਠੇਕੇ ਮਿਲਦੇ ਹਨ।
ਅਹਿਮਦਾਬਾਦ ਵਿੱਚ ਉਨ੍ਹਾਂ ਇੱਕ ਹੋਟਲ ਤੇ ਜਿਮ ਵੀ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਸੁਰੱਖਿਆ ਏਜੰਸੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਕਸ਼ਮੀਰ ਵਿੱਚ ਬੀਐੱਸਐੱਫ ਜਵਾਨ ਵਜੋਂ ਤਾਇਨਾਤ ਸੀ।
ਜਦੋਂ ਤੋਂ ਮੁਜ਼ਾਹਰੇ ਸ਼ੁਰੂ ਹੋਏ ਹਨ, ਰਾਜ ਟੀਵੀ ਚੈਨਲਾਂ 'ਤੇ ਨਜ਼ਰ ਆ ਰਹੇ ਹਨ।ਚੈਨਲਾਂ 'ਤੇ ਉਹ ਸਿਨੇਮਾ ਮਾਲਿਕਾਂ ਅਤੇ ਫਿਲਮ ਪਦਮਾਵਤ ਦੇ ਹਮਾਇਤੀਆਂ ਨੂੰ ਧਮਕਾਉਦੇ ਦਿਖਦੇ ਹਨ।
'ਮੈਂ ਹਿੰਸਾ ਦੀ ਹਮਾਇਤ ਨਹੀਂ ਕਰਦਾ'
ਇੱਕ ਪਾਸੇ ਜਿੱਥੇ ਸ਼ੇਖਾਵਤ ਮਲਟੀਪਲੈਕਸਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਂਦੇ ਹਨ ਤਾਂ ਦੂਜੇ ਪਾਸੇ ਉਨ੍ਹਾਂ ਉੱਤੇ ਇਨ੍ਹਾਂ ਨੂੰ ਸਾੜਨ ਦੇ ਵੀ ਦੋਸ਼ ਲੱਗ ਰਹੇ ਹਨ।
ਉਨ੍ਹਾਂ ਨੇ ਕਿਹਾ, "ਧਰਮ ਤੇ ਕਰਮ ਨੂੰ ਜੋੜਨਾ ਗਲਤ ਹੈ। ਮੇਰਾ ਕੰਮ ਸਮਾਜਿਕ ਕੰਮਾਂ ਤੋਂ ਵੱਖ ਹੈ। ਆਪਣੇ ਧਰਮ ਤੇ ਦੇਸ ਨੂੰ ਬਚਾਉਣ ਦੇ ਲਈ ਮੈਂ ਕਰਣੀ ਸੈਨਾ ਦਾ ਹਿੱਸਾ ਹਾਂ।''
ਉਨ੍ਹਾਂ ਅੱਗੇ ਕਿਹਾ, "ਮੈਂ ਆਪਣੇ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਥੀਏਟਰਾਂ ਦੀ ਸੁਰੱਖਿਆ ਕੀਤੀ ਜਾਵੇ। ਮੈਂ ਉਨ੍ਹਾਂ ਨੂੰ ਕਿਹਾ ਹੈ ਜੇ ਹਾਲਾਤ ਬੇਕਾਬੂ ਹੋਣ ਤਾਂ ਪੁਲਿਸ ਦੀ ਹੈੱਲਪਲਾਈਨ 'ਤੇ ਕਾਲ ਕੀਤਾ ਜਾਵੇ।''

ਤਸਵੀਰ ਸਰੋਤ, EPA
ਜਦੋਂ ਉਸ ਨੂੰ ਲੋਕਾਂ ਵੱਲੋਂ ਦੁਕਾਨਾਂ ਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ, "ਮੈਂ ਉਨ੍ਹਾਂ ਲੋਕਾਂ ਨੂੰ ਨਹੀਂ ਜਾਣਦਾ ਹਾਂ। ਅਸੀਂ ਫਿਲਮ ਦੇ ਖਿਲਾਫ਼ ਹਾਂ ਅਤੇ ਥਿਏਟਰਾਂ ਵਿੱਚ ਜਾ ਕੇ ਲੋਕਾਂ ਨੂੰ ਫੁੱਲ ਦੇ ਕੇ ਫਿਲਮ ਨਾ ਦੇਖਣ ਦੀ ਅਪੀਲ ਕਰਾਂਗੇ।''
ਸ਼ੇਖਾਵਤ ਜੋ ਕਿਸੇ ਵੀ ਸਿਆਸੀ ਗਠਜੋੜ ਤੋਂ ਇਨਕਾਰੀ ਹੁੰਦੇ ਹਨ, ਮੰਨਦੇ ਨੇ ਕਿ ਆਪਣੇ ਵਪਾਰ ਕਰਕੇ ਉਸਦੇ ਸਰਕਾਰੀ ਲੋਕਾਂ ਨਾਲ ਚੰਗੇ ਸੰਬੰਧ ਹਨ।
ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਸੀਨੀਅਰ ਗੁਜਰਾਤ ਪੁਲਿਸ ਅਫ਼ਸਰ ਨੇ ਉਨ੍ਹਾਂ ਤੋਂ ਕਰਣੀ ਸੈਨਿਕਾਂ ਦੇ ਗੁੱਸੇ ਨੂੰ ਕਾਬੂ ਕਰਨ ਵਿੱਚ ਮਦਦ ਲਈ ਅਪੀਲ ਕੀਤੀ ਸੀ।












