ਐਂਟੀ ਹਿੰਦੂ ਨਹੀਂ, ਮੈਂ ਐਂਟੀ ਮੋਦੀ-ਸ਼ਾਹ ਹਾਂ: ਪ੍ਰਕਾਸ਼ ਰਾਜ

ਪ੍ਰਕਾਸ਼ ਰਾਜ

ਤਸਵੀਰ ਸਰੋਤ, Getty Images

ਦੇਸ ਦੇ ਅਹਿਮ ਮੁੱਦਿਆਂ 'ਤੇ ਖੁੱਲ੍ਹ ਕੇ ਬੋਲਣ ਵਾਲੇ ਅਤੇ ਸੋਸ਼ਲ ਮੀਡੀਆ ਉੱਤੇ ਟਰੋਲ ਦੇ ਨਿਸ਼ਾਨੇ 'ਤੇ ਰਹਿਣ ਵਾਲੇ ਅਦਾਕਾਰ ਪ੍ਰਕਾਸ਼ ਰਾਜ ਆਪਣੇ ਤਿੱਖੇ ਹਮਲੇ ਨਾਲ ਮੁੜ ਸਾਹਮਣੇ ਆਏ ਹਨ।

ਪ੍ਰਕਾਸ਼ ਰਾਜ ਨੇ ਇੰਡੀਆ ਟੁਡੇ ਕਨਕਲੇਵ ਵਿੱਚ ਕਿਹਾ, ਮੈਂ ਐਂਟੀ ਹਿੰਦੂ ਨਹੀਂ ਹਾਂ? ਮੈਂ ਐਂਟੀ ਮੋਦੀ, ਐਂਟੀ ਹੈਗੜੇ ਅਤੇ ਐਂਟੀ ਅਮਿਤ ਸ਼ਾਹ ਹਾਂ। ਮੇਰੇ ਮੁਤਾਬਕ ਇਹ ਹਿੰਦੂ ਨਹੀਂ ਹਨ। ਅਨੰਤ ਕੁਮਾਰ ਹੈਗੜੇ, ਜੋ ਇੱਕ ਧਰਮ ਨੂੰ ਦੁਨੀਆ 'ਚੋਂ ਹਟਾਉਣਾ ਚਾਹੁੰਦੇ ਹਨ, ਅਜਿਹਾ ਸ਼ਖ਼ਸ ਹਿੰਦੂ ਨਹੀਂ ਹੋ ਸਕਦਾ।

ਪ੍ਰਕਾਸ਼ ਰਾਜ ਨੇ ਕਿਹਾ, ਜੋ ਕਤਲੇਆਮ ਦਾ ਸਮਰਥਨ ਕਰੇ ਉਹ ਵੀ ਹਿੰਦੂ ਨਹੀਂ ਹੋ ਸਕਦਾ। ਜਦੋਂ ਲੋਕ ਇਹ ਤੈਅ ਕਰ ਸਕਦੇ ਹਨ ਕਿ ਮੈਂ ਹਿੰਦੂ ਵਿਰੋਧੀ ਹਾਂ ਤਾਂ ਮੈਂ ਵੀ ਕਹਿ ਸਕਦਾ ਹਾਂ ਇਹ ਹਿੰਦੂ ਨਹੀਂ ਹੋ ਸਕਦੇ।'

ਪ੍ਰਕਾਸ਼ ਰਾਜ ਨੇ ਕੇਂਦਰੀ ਮੰਤਰੀ ਅਨੰਤ ਕੁਮਾਰ ਹੈਗੜੇ ਦੇ ਸੰਵਿਧਾਨ ਬਦਲਣ ਦੇ ਬਿਆਨ ਉੱਤੇ ਕਿਹਾ, "ਚਾਰ ਦਿਨ ਪਹਿਲਾਂ ਮੈਂ ਸਿਰਸੀ ਵਿੱਚ ਸੀ। ਮੈਂ ਉੱਥੇ ਸੰਵਿਧਾਨ ਬਦਲਣ ਦੀ ਗੱਲ ਕਰਨ ਵਾਲੇ ਇੱਕ ਕੇਂਦਰੀ ਮੰਤਰੀ ਦੇ ਖ਼ਿਲਾਫ਼ ਬੋਲ ਰਿਹਾ ਸੀ। ਮੈਨੂੰ ਸੰਵਿਧਾਨ 'ਤੇ ਫ਼ਖਰ ਹੈ।"

ਪੜ੍ਹੋ ਪ੍ਰਕਾਸ਼ ਰਾਜ ਨੇ ਕੀ ਕੁਝ ਕਿਹਾ

  • ਜਿੱਥੇ ਮੈਂ ਇਹ ਗੱਲ ਕਹੀ ਸੀ, ਤਿੰਨ ਦਿਨ ਬਾਅਦ ਭਾਜਪਾ ਦਾ ਇੱਕ ਗਰੁੱਪ ਉਸ ਸਟੇਜ ਉੱਤੇ ਗਿਆ ਅਤੇ ਉਸ ਨੂੰ ਗਊ ਦੇ ਪਿਸ਼ਾਬ ਨਾਲ ਸਾਫ਼ ਕੀਤਾ।
  • ਅਜਿਹਾ ਕਰਨ ਵਾਲਿਆਂ ਨੇ ਕਿਹਾ ਕਿ ਪ੍ਰਕਾਸ਼ ਰਾਜ ਬੀਫ ਖਾਂਦਾ ਹੈ ਅਤੇ ਬੀਫ ਖਾਣ ਵਾਲਿਆਂ ਦਾ ਸਮਰਥਨ ਕਰਦਾ ਹੈ। ਅਸੀਂ ਇਸ ਲਈ ਇਹ ਸਟੇਜ ਨੂੰ ਸਾਫ਼ ਕੀਤਾ।
  • ਮੈਂ ਸਟੇਜ ਉੱਤੇ ਬੀਫ ਬਾਰੇ ਗੱਲ ਨਹੀਂ ਕੀਤੀ ਸੀ। ਇਹ ਲੋਕ ਕੁਝ ਵੀ ਪੈਦਾ ਕਰ ਸਕਦੇ ਹਨ। ਸੈਕਸੀ ਦੁਰਗਾ, ਫ਼ਿਲਮ, ਹਿੰਦੂਤਵ ਉੱਤੇ ਨਹੀਂ ਹੈ। ਪਰ ਇਹ ਲੋਕ ਕਹਿੰਦੇ ਹਨ ਕਿ ਨਹੀਂ, ਨਹੀਂ ਇਹ ਹਿੰਦੂਤਵ ਉੱਪਰ ਹੀ ਹੈ, ਇਸੇ ਲਈ ਤੁਸੀਂ ਇਸ ਦਾ ਨਾਮ ਸੈਕਸੀ ਦੁਰਗਾ ਰੱਖਿਆ।
ਪ੍ਰਕਾਸ਼ ਰਾਜ

ਤਸਵੀਰ ਸਰੋਤ, BBC Twitter

  • ਸੁਪਰੀਮ ਕੋਰਟ ਪਦਮਾਵਤ ਫ਼ਿਲਮ ਨੂੰ ਰਿਲੀਜ਼ ਕਰਨ ਦੀ ਗੱਲ ਕਰਦਾ ਹੈ। ਪਰ ਕੁਝ ਸ਼ਰਾਰਤੀ ਤੱਤ ਕਹਿੰਦੇ ਹਨ ਕਿ ਫ਼ਿਲਮ ਰਿਲੀਜ਼ ਨਹੀਂ ਹੋਣੀ ਚਾਹੀਦੀ ਹੈ। ਤੁਸੀਂ ਸੱਤਾ ਵਿੱਚ ਹੋ ਅਤੇ ਕਹਿੰਦੇ ਹੋ ਕਿ ਫ਼ਿਲਮ ਰਿਲੀਜ਼ ਨਹੀਂ ਹੋਵੇਗੀ। ਜੇਕਰ ਤੁਸੀਂ ਅਰਾਜਕ ਤੱਤਾਂ ਦਾ ਸਮਰਥਨ ਕਰਦੇ ਹੋ ਤਾਂ ਕੀ ਤੁਸੀਂ ਸਾਡੇ ਉੱਤੇ ਬੋਲਣ ਦੀ ਆਜ਼ਾਦੀ ਦੇ ਖ਼ਿਲਾਫ਼ ਨਹੀਂ ਹੋ?
  • ਮੈਂ ਗੌਰੀ ਲੰਕੇਸ਼ ਦੀ ਮੌਤ 'ਤੇ ਲੋਕਾਂ ਨੂੰ ਜਸ਼ਨ ਮਨਾਉਂਦੇ ਵੇਖਿਆ। ਇਹ ਉਹ ਲੋਕ ਸਨ, ਜਿਨ੍ਹਾਂ ਨੂੰ ਮੇਰੇ ਦੇਸ ਦੇ ਪ੍ਰਧਾਨ ਮੰਤਰੀ ਸੋਸ਼ਲ ਮੀਡੀਆ 'ਤੇ ਫੋਲੋ ਕਰਦੇ ਹਨ। ਉਹ ਕਿਉਂ ਉਸ ਮੁੱਦੇ ਉੱਤੇ ਚੁੱਪ ਰਹੇ। ਉਨ੍ਹਾਂ ਨੇ ਕਿਉਂ ਉਨ੍ਹਾਂ ਲੋਕਾਂ ਨੂੰ ਰੁਕਣ ਲਈ ਨਹੀਂ ਕਿਹਾ। ਮੈਨੂੰ ਇਹ ਗੱਲ ਚੁੱਭਦੀ ਹੈ।
  • ਇੱਕ ਸੱਚਾ ਹਿੰਦੂ ਕਿਸੇ ਦੀ ਮੌਤ ਉੱਤੇ ਜਸ਼ਨ ਨਹੀਂ ਮਨਾਏਗਾ। ਮੇਰੇ ਪ੍ਰਧਾਨ ਮੰਤਰੀ ਨੂੰ ਚੁਣੇ ਹੋਏ ਮੰਤਰੀਆਂ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਇੱਕ ਧਰਮ ਨੂੰ ਖ਼ਤਮ ਕਰਨ ਦੀ ਗੱਲ ਨਾ ਕਰਨ।
ਪ੍ਰਕਾਸ਼ ਰਾਜ

ਤਸਵੀਰ ਸਰੋਤ, BBC Twitter

  • ਅਤੇ ਜੇਕਰ ਮੇਰਾ ਪ੍ਰਧਾਨ ਮੰਤਰੀ ਆਪਣੇ ਮੰਤਰੀਆਂ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਨਹੀਂ ਰੋਕ ਰਿਹਾ ਹੈ ਤਾਂ ਮੈਂ ਵੀ ਆਪਣੇ ਪ੍ਰਧਾਨ ਮੰਤਰੀ ਨੂੰ ਇਹ ਕਹਾਂਗਾ ਕਿ ਤੁਸੀਂ ਵੀ ਹਿੰਦੂ ਨਹੀਂ ਹੋ।

ਵਿਰੋਧ ਕਰਨ ਵਾਲੇ ਅਗਿਆਨੀ ਹਨ

ਇਸ ਪ੍ਰੋਗਰਾਮ ਵਿੱਚ ਪ੍ਰਕਾਸ਼ ਰਾਜ ਨੂੰ ਜਦੋਂ ਸਵਾਲ ਕੀਤਾ ਗਿਆ, "ਹੈਗੜੇ ਦਾ ਇਲਜ਼ਾਮ ਹੈ ਕਿ ਤੁਸੀਂ ਵਾਰ -ਵਾਰ ਜਾਣਬੁੱਝ ਕੇ ਅਜਿਹਾ ਇਸ ਲਈ ਕਰਦੇ ਹੋ, ਕਿਉਂਕਿ ਤੁਸੀਂ ਐਂਟੀ ਹਿੰਦੂ ਹੋ ਅਤੇ ਤੁਹਾਨੂੰ ਰਾਜ ਸਰਕਾਰ ਵੱਲੋਂ ਜ਼ਮੀਨ ਮਿਲੀ ਹੋਈ ਹੈ।"

ਪ੍ਰਕਾਸ਼ ਰਾਜ ਨੇ ਕਿਹਾ, "ਸਭ ਤੋਂ ਪਹਿਲੀ ਗੱਲ ਇਹ ਹੈ ਕਿ ਇੱਕ ਦਾਅਵਾ ਹੈ ਕਿ ਮੈਂ ਕਰਨਾਟਕ ਵਿੱਚ ਕਾਂਗਰਸ ਸਰਕਾਰ ਤੋਂ ਜ਼ਮੀਨ ਲਈ ਹੈ। ਇਹ ਲੋਕ ਨਹੀਂ ਜਾਣਦੇ ਹਨ ਕਿ ਮੇਰੇ ਕੋਲ ਕਿੰਨੀ ਕੁ ਜ਼ਮੀਨ ਹੈ।

ਮੈਂ ਪੰਜ ਸੂਬਿਆਂ ਦੀਆਂ 300 ਫ਼ਿਲਮਾਂ ਵਿੱਚ ਪਿਛਲੇ 30 ਸਾਲਾਂ ਤੋਂ ਕੰਮ ਕਰ ਰਿਹਾ ਹਾਂ। ਮੈਂ ਇਸ ਤੋਂ ਕਿੰਨੀ ਕਮਾਈ ਕੀਤੀ ਹੋਵੇਗੀ। ਮੈਂ ਇੱਕ ਪਿੰਡ ਗੋਦ ਲਿਆ, ਜਿੱਥੇ ਮੈਂ ਸਕੂਲ ਬਣਾਉਣ ਲਈ ਛੇ ਕਿੱਲੇ ਜ਼ਮੀਨ ਦਿੱਤੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)