ਲੁਧਿਆਣਾ: ਲੋਕਾਂ ਦੀ ਸੁੱਖ ਮੰਗਣ ਵਾਲੇ ਕਿੰਨਰ 'ਤਾੜੀਮਾਰ' ਮੁਜ਼ਾਹਰੇ ਲਈ ਕਿਉਂ ਹੋਏ ਮਜ਼ਬੂਰ?

    • ਲੇਖਕ, ਜਸਬੀਰ ਸਿੰਘ ਸ਼ੇਤਰਾ
    • ਰੋਲ, ਪੱਤਰਕਾਰ, ਬੀਬੀਸੀ

ਲੁਧਿਆਣਾ ਨਗਰ ਨਿਗਮ ਦੀਆਂ 95 ਸੀਟਾਂ ਲਈ ਹੋਣ ਜਾ ਰਹੀ ਚੋਣ ਵਿੱਚ ਕਿੰਨਰਾਂ ਨੇ 15 ਫ਼ੀਸਦ ਰਾਖਵੇਂਕਰਨ ਦੀ ਮੰਗ ਕੀਤੀ ਹੈ। ਇਸ ਮੰਗ ਦੀ ਪੂਰਤੀ ਲਈ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦੇ ਰਹੇ ਹਨ।

'ਮਹਾਤੜ ਸਾਥੀ ਜਾਗ੍ਰਿਤੀ ਮੰਚ' ਕਿੰਨਰਾਂ ਦੇ ਹੱਕ ਵਿੱਚ ਨਿੱਤਰ ਆਇਆ ਹੈ।

ਕਿੰਨਰ ਮੰਚ ਦੇ ਪ੍ਰਧਾਨ ਕੀਮਤੀ ਰਾਵਲ ਅਤੇ ਹੋਰ ਅਹੁਦੇਦਾਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਅਤੇ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।

ਉਨ੍ਹਾਂ ਦਫ਼ਤਰ ਦੇ ਅੰਦਰ ਵੀ ਤਾੜੀਆਂ ਵਜਾਉਂਦੇ ਹੋਏ 'ਸਾਡਾ ਹੱਕ ਇੱਥੇ ਰੱਖ' ਦੇ ਨਾਅਰੇ ਲਾਉਂਦਿਆਂ ਮੁਜ਼ਾਹਰਾ ਕੀਤਾ।

ਕਿੰਨਰਾਂ ਦੀਆਂ ਮੰਗਾਂ

ਇਸ ਦੌਰਾਨ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਉਹ ਨਗਰ ਨਿਗਮ ਚੋਣਾਂ ਵਿੱਚ ਸੰਵਿਧਾਨਕ ਹੱਕ ਲਾਗੂ ਕਰਵਾਉਣ ਦੀ ਲੜਾਈ ਲੜ ਰਹੇ ਹਨ।

ਕਿੰਨਰ ਮੰਚ ਦੇ ਪ੍ਰਧਾਨ ਕੀਮਤੀ ਰਾਵਲ ਨੇ ਦੱਸਿਆ, "ਮਹੰਤ ਚਾਂਦਨੀ ਨੇ ਪਿਛਲੇ ਸਾਲ ਦਸੰਬਰ ਵਿੱਚ ਕਿੰਨਰਾਂ ਨੂੰ ਨਗਰ ਨਿਗਮ ਚੋਣਾਂ ਵਿੱਚ ਰਾਖਵਾਂਕਰਨ ਦੇਣ ਲਈ ਸਰਵਉੱਚ ਅਦਾਲਤ ਤੱਕ ਪਹੁੰਚ ਕੀਤੀ ਸੀ।

ਸੁਪਰੀਮ ਕੋਰਟ ਦੇ ਇਕ ਬੈਂਚ ਦੇ ਫ਼ੈਸਲੇ ਮੁਤਾਬਕ ਕਿੰਨਰਾਂ ਨੂੰ ਥਰਡ ਜੈਂਡਰ ਦਾ ਸਟੇਟਸ ਹਾਸਿਲ ਹੈ। ਉਨ੍ਹਾਂ ਨੂੰ ਮਹਿਲਾ ਜਾਂ ਪੁਰਸ਼ ਲਿਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।"

ਉਨ੍ਹਾਂ ਅੱਗੇ ਕਿਹਾ, "ਜਿਸ ਤਰ੍ਹਾਂ ਸਿੱਖਿਆ, ਨੌਕਰੀਆਂ ਅਤੇ ਓ.ਬੀ.ਸੀ. ਸ਼੍ਰੇਣੀ ਵਿੱਚ ਥਰਡ ਜੈਂਡਰ ਨੂੰ ਮਾਨਤਾ ਦਿੱਤੀ ਗਈ ਹੈ, ਉਸੇ ਤਰ੍ਹਾਂ ਚੋਣਾਂ ਵਿੱਚ ਵਿਸ਼ੇਸ਼ ਰਾਖਵਾਂਕਰਨ ਮਿਲਣਾ ਚਾਹੀਦਾ ਹੈ।"

ਸੁਪਰੀਮ ਕੋਰਟ ਨੇ ਹੋਰਨਾਂ ਸਹੂਲਤਾਂ ਤੋਂ ਇਲਾਵਾ ਕਿੰਨਰਾਂ ਲਈ ਵੱਖਰੇ ਪਿਸ਼ਾਬ-ਘਰਾਂ ਦੀ ਸਹੂਲਤ ਦੇਣ 'ਤੇ ਗੌਰ ਕਰਨ ਲਈ ਵੀ ਕਿਹਾ ਹੈ। ਕਿੰਨਰਾਂ ਦਾ ਕਹਿਣਾ ਹੈ ਇਸ ਦੇ ਬਾਵਜੂਦ ਕਿੰਨਰ ਵਰਗ ਇਨ੍ਹਾਂ ਸਹੂਲਤਾਂ ਤੋਂ ਵਾਂਝਾ ਹੈ।

ਉਨ੍ਹਾਂ ਮੰਗ ਕੀਤੀ ਕਿ ਜਿਵੇਂ ਕਈ ਥਾਵਾਂ 'ਤੇ ਨੌਕਰੀਆਂ ਸਮੇਂ ਕਿੰਨਰਾ ਲਈ 'ਟੀ' ਜੈਂਡਰ ਲਿਖਿਆ ਜਾਂਦਾ ਹੈ, ਚੋਣਾਂ ਵਿੱਚ ਵੀ ਰਾਖਵਾਂਕਰਨ ਦੇ ਕੇ ਇਸੇ ਤਰ੍ਹਾਂ ਦਾ ਨਿਯਮ ਲਾਗੂ ਕੀਤਾ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)