ਇਹ ਹਨ ਚੀਫ਼ ਜਸਟਿਸ ਨੂੰ ਸਵਾਲ ਕਰਨ ਵਾਲੇ 4 ਜੱਜ

ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਨੇ ਇਤਿਹਾਸ ਵਿੱਚ ਪਹਿਲੀ ਵਾਰ ਲੋਕਾ ਦੇ ਸਾਹਮਣੇ ਆ ਕੇ ਸੁਪਰੀਮ ਕੋਰਟ ਵਿੱਚ ਚੱਲ ਰਹੀਆਂ ਬੇਨਿਯਮੀਆਂ ਸਬੰਧੀ ਪ੍ਰੈੱਸ ਕਾਨਫ਼ਰੰਸ ਕਰਕੇ ਉਜਾਗਰ ਕੀਤਾ ਹੈ।

ਇਹ ਜੱਜ ਹਨ- ਜਸਟਿਸ ਚੇਲਾਮੇਸ਼ਵਰ, ਜਸਟਿਸ ਰੰਜਨ ਗੋਗੋਈ, ਜਸਟਿਸ ਮਦਨ ਭੀਮਰਾਵ ਲੋਕੁਰ ਤੇ ਕੁਰੀਅਨ ਜੋਸਫ਼।

ਜਸਟਿਸ ਚੇਲਾਮੇਸ਼ਵਰ

ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ 23 ਜੁਲਾਈ 1953 ਨੂੰ ਪੈਦਾ ਹੋਏ ਜਸਟਿਸ ਜਸਤੀ ਚੇਲਾਮੇਸ਼ਵਰ ਨੇ ਆਂਧਰਾ ਯੂਨੀਵਰਸਿਟੀ ਤੋਂ 1976 ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ।

ਅਕਤੂਬਰ 1995 ਵਿੱਚ ਉਹ ਐਡੀਸ਼ਨਲ ਸਾਲਿਸਿਟਰ ਜਨਰਲ ਬਣੇ ਤੇ ਫੇਰ ਗੁਹਾਟੀ ਹਾਈ ਕੋਰਟ ਵਿੱਚ ਚੀਫ਼ ਜਸਟਿਸ ਰਹਿਣ ਮਗਰੋਂ 2011 ਵਿੱਚ ਸੁਪਰੀਮ ਕੋਰਟ ਦੇ ਜੱਜ ਬਣੇ।

ਜਸਟਿਸ ਰੰਜਨ ਗੋਗੋਈ

ਜਸਟਿਸ ਰੰਜਨ ਗੋਗੋਈ ਦਾ 18 ਨਵੰਬਰ 1954 ਵਿੱਚ ਜਨਮ ਹੋਇਆ। ਉਹ 1978 ਵਿੱਚ ਵਕੀਲ ਬਣੇ।

ਗੁਹਾਟੀ ਹਾਈ ਕੋਰਟ ਵਿੱਚ ਲੰਮਾ ਸਮਾਂ ਵਕਾਲਤ ਕਰਨ ਮਗਰੋਂ 28 ਫਰਵਰੀ 2001 ਨੂੰ ਉਹ ਉੱਥੇ ਹੀ ਰੈਗੂਲਰ ਜੱਜ ਵਜੋਂ ਨਿਯੁਕਤ ਹੋਏ।

9 ਸਤੰਬਰ 2010 ਨੂੰ ਉਨ੍ਹਾਂ ਦੀ ਬਦਲੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋ ਗਈ ਤੇ 22 ਅਪ੍ਰੈਲ 2012 ਨੂੰ ਸੁਪਰੀਮ ਕੋਰਟ ਦੇ ਜੱਜ ਬਣ ਗਏ।

ਜਸਟਿਸ ਮਦਨ ਭੀਮਰਾਵ ਲੋਕੁਰ

ਜਸਟਿਸ ਮਦਨ ਭੀਮਰਾਵ ਲੋਕੁਰ ਦਾ ਜਨਮ 31 ਦਸੰਬਰ 1953 ਨੂੰ ਹੋਇਆ। ਉਨ੍ਹਾਂ ਨੇ ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕੀਤੀ ਤੇ ਦਿੱਲੀ ਯੂਨੀਵਰਸਿਟੀ ਦੇ ਸੇਂਟ ਸਟੀਫ਼ਨ ਕਾਲਜ ਤੋਂ ਇਤਿਹਾਸ ਵਿੱਚ ਗ੍ਰੈਜੂਏਸ਼ਨ ਕੀਤੀ।

ਉਸ ਮਗਰੋਂ ਦਿੱਲੀ ਯੂਨੀਵਰਸਿਟੀ ਤੋਂ ਹੀ 1977 ਵਿੱਚ ਐਲਐਲਬੀ ਦੀ ਡਿਗਰੀ ਹਾਸਲ ਕਰ ਲਈ।

ਇਸ ਤੋਂ ਬਾਅਦ ਉਨ੍ਹਾਂ ਨੇ ਦਿੱਲੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਵਕਾਲਤ ਕੀਤੀ।

ਉਹ ਸਿਵਿਲ ਲਾਅ, ਕੰਸਟੀਟਿਊਸ਼ਨਲ ਲਾਅ, ਰੈਵੇਨਿਊ ਅਤੇ ਸਰਵਿਸ ਲਾਅ ਦੇ ਮਾਹਿਰ ਹਨ।

1990 ਤੋਂ 1996 ਦੌਰਾਨ ਉਨ੍ਹਾਂ ਭਾਰਤ ਸਰਕਾਰ ਲਈ ਕਈ ਮੁਕੱਦਮਿਆਂ ਵਿੱਚ ਵਕਾਲਤ ਕੀਤੀ। 1997 ਵਿੱਚ ਉਹ ਸੀਨੀਅਰ ਵਕੀਲ ਵਜੋਂ ਨਿਯੁਕਤ ਹੋਏ। 1999 ਵਿੱਚ ਉਹ ਦਿੱਲੀ ਹਾਈ ਕੋਰਟ ਵਿੱਚ ਰੈਗੂਲਰ ਜੱਜ ਬਣੇ।

ਜੂਨ 2010 ਤੋਂ ਨਵੰਬਰ 2011 ਤੱਕ ਗੁਹਾਟੀ ਹਾਈ ਕੋਰਟ ਵਿੱਚ ਅਤੇ ਨਵੰਬਰ 2011 ਤੋਂ ਜੂਨ 2012 ਤੱਕ ਆਂਧਰਾ ਪ੍ਰਦੇਸ਼ ਅਤੇ ਗੁਹਾਟੀ ਹਾਈ ਕੋਰਟ ਵਿੱਚ ਚੀਫ਼ ਜਸਟਿਸ ਵਜੋਂ ਸੇਵਾ ਨਿਭਾਈ। 4 ਜੂਨ 2012 ਨੂੰ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ।

ਜਸਟਿਸ ਲੋਕੁਰ ਦੀ ਨਿਆਂਇਕ ਸੁਧਾਰਾਂ, ਅਦਾਲਤਾਂ ਦੇ ਕੰਪੀਊਟਰੀਕਰਨ, ਨਿਆਂਇਕ ਸਿੱਖਿਆ, ਕਾਨੂੰਨੀ ਮਦਦ ਅਤੇ ਸੇਵਾਵਾਂ ਵਰਗੇ ਮਸਲਿਆਂ ਵਿੱਚ ਖਾਸ ਦਿਲਚਸਪੀ ਰਹੀ ਹੈ।

ਕੁਰੀਅਨ ਜੋਸੇਫ਼

ਕੁਰੀਅਨ ਜੋਸੇਫ਼ ਦਾ ਜਨਮ 30 ਨਵੰਬਰ 1953 ਨੂੰ ਕੇਰਲ ਵਿੱਚ ਹੋਇਆ। ਉਨ੍ਹਾਂ ਨੇ ਕੇਰਲ ਲਾਅ ਅਕੈਡਮੀ ਤਿਰੂਵਨੰਤਪੁਰਮ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।

1979 ਵਿੱਚ ਸਰਕਾਰੀ ਵਕੀਲ ਬਣੇ ਅਤੇ 1994-96 ਤੱਕ ਐਡੀਸ਼ਨਲ ਜਰਨਲ ਐਡਵੋਕੇਟ ਰਹੇ। 1996 ਵਿੱਚ ਸੀਨੀਅਰ ਵਕੀਲ ਰਹੇ ਤੇ 12 ਜੁਲਾਈ 2000 ਨੂੰ ਕੇਰਲ ਹਾਈ ਕੋਰਟ ਵਿੱਚ ਜੱਜ ਬਣੇ।

ਇਸ ਮਗਰੋਂ ਉਹ ਫਰਵਰੀ 2010 ਤੋਂ ਮਾਰਚ 2013 ਤੱਕ ਹਿਮਾਚਲ ਪ੍ਰਦੇਸ਼ ਹਾਈ ਕੋਰਟ ਵਿੱਚ ਚੀਫ਼ ਜਸਟਿਸ ਰਹੇ। 8 ਮਾਰਚ ਨੂੰ ਸੁਪਰੀਮ ਕੋਰਟ ਦੇ ਜੱਜ ਬਣ ਗਏ। ਉਹ 29 ਨਵੰਬਰ 2018 ਨੂੰ ਸੇਵਾਮੁਕਤ ਹੋਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।