You’re viewing a text-only version of this website that uses less data. View the main version of the website including all images and videos.
ਜਾਪਾਨੀ ਟਾਪੂਆਂ ਦੇ ਨੇੜੇ ਕਿਸ ਮਿਸ਼ਨ 'ਤੇ ਸਨ ਚੀਨ ਦੇ ਬੇੜੇ?
ਪੂਰਬੀ ਚੀਨ ਸਾਗਰ ਵਿੱਚ ਵਿਵਾਦਗ੍ਰਸਤ ਟਾਪੂਆਂ ਦੇ ਨੇੜੇ ਚੀਨ ਦੇ ਲੜਾਕੂ ਬੇੜੇ ਦੇ ਲੰਘਣ ਤੋਂ ਬਾਅਦ ਜਾਪਾਨ ਨੇ ਟੋਕੀਓ ਵਿੱਚ ਚੀਨ ਦੇ ਰਾਜਦੂਤ ਤਲਬ ਕੀਤਾ ਹੈ।
ਜਾਪਾਨ ਦੀ ਫ਼ੌਜ ਨੇ ਦੱਸਿਆ ਕਿ ਇਨ੍ਹਾਂ ਟਾਪੂਆਂ ਦੇ ਨੇੜਿਉਂ ਬੁੱਧਵਾਰ ਅਤੇ ਵੀਰਵਾਰ ਨੂੰ ਕਿਸੇ ਦੂਜੇ ਦੇਸ਼ ਦੀ ਪਣਡੁੱਬੀ ਵੀ ਲੰਘੀ ਸੀ। ਹਾਲਾਂਕਿ ਉਹ ਪਣਡੁੱਬੀ ਕਿਸ ਦੇਸ ਸੀ, ਇਹ ਫ਼ਿਲਹਾਲ ਪਤਾ ਨਹੀਂ ਹੈ।
ਨਿਰਜਨ ਸੇਨਕਾਕੁ ਟਾਪੂ ਉੱਤੇ ਜਾਪਾਨ ਦਾ ਕਬਜ਼ਾ ਹੈ ਪਰ ਚੀਨ ਵੀ ਇਸ ਇਲਾਕੇ ਉੱਤੇ ਦਾਅਵਾ ਕਰਦਾ ਹੈ।
ਚੀਨ ਇਸ ਨੂੰ ਦਿਆਉ ਟਾਪੂ ਕਹਿੰਦਾ ਹੈ। ਦੋਵਾਂ ਦੇਸਾਂ ਵਿੱਚ ਇਸ ਛੋਟੇ ਜਿਹੇ ਟਾਪੂ ਸਮੂਹ ਨੂੰ ਲੈ ਕੇ ਲਗਾਤਾਰ ਤਣਾਅ ਬਣਿਆ ਹੋਇਆ ਹੈ। ਇਹ ਟਾਪੂ ਇਸ ਲਈ ਵੀ ਖ਼ਾਸ ਹੈ ਕਿਉਂਕਿ ਇਹ ਮੁੱਖ ਜਹਾਜ਼ਰਾਨੀ ਰੂਟ ਦੇ ਕੋਲ ਪੈਂਦਾ ਹੈ।
ਇੱਥੇ ਮੱਛੀ ਉਤਪਾਦਨ ਦੀ ਵੱਡੀ ਸੰਭਾਵਨਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਇਲਾਕੇ ਵਿੱਚ ਤੇਲ ਅਤੇ ਗੈਸ ਦੇ ਵੱਡੇ ਭੰਡਾਰ ਹਨ।
ਚੀਨ ਭੇਜਦਾ ਰਿਹੈ ਰੱਖਿਆ ਜਹਾਜ਼
ਬੀਬੀਸੀ ਦੇ ਪੂਰਬੀ ਏਸ਼ੀਆ ਮਾਮਲਿਆਂ ਦੇ ਸੰਪਾਦਕ ਮਾਈਕਲ ਬਰਿਸਟੋ ਦਾ ਕਹਿਣਾ ਹੈ ਕਿ ਚੀਨ ਇਸ ਟਾਪੂ ਦੇ ਕੋਲ ਲਗਾਤਾਰ ਰੱਖਿਆ ਜਹਾਜ਼ ਭੇਜਦਾ ਰਿਹਾ ਹੈ। ਪਰ ਲੜਾਕੂ ਬੇੜਾ ਜਾਂ ਸੰਭਵ ਤੋਰ ਪਣਡੁੱਬੀ ਭੇਜਣ ਤੋਂ ਅਜਿਹਾ ਲੱਗਦਾ ਹੈ ਕਿ ਚੀਨ ਆਪਣੇ ਦਾਅਵੇ ਉੱਤੇ ਜ਼ੋਰ ਦੇ ਰਿਹਾ ਹੈ।
ਜਾਪਾਨ ਨੇ ਕਿਹਾ ਹੈ ਕਿ ਚੀਨ ਦਾ ਵੱਡਾ ਲੜਾਕੂ ਜਹਾਜ਼ ਟਾਪੂ ਦੇ ਨੇੜੇ ਦੇ ਪਾਣੀ ਖੇਤਰ ਤੋਂ ਸਥਾਈ ਸਮੇਂ ਮੁਤਾਬਕ 11 ਵਜੇ ਲੰਘਿਆ। ਉਸੇ ਇਲਾਕੇ ਵਿੱਚ ਇੱਕ ਪਣਡੁੱਬੀ ਦੀ ਹਾਜ਼ਰੀ ਵੀ ਦਰਜ ਕੀਤੀ ਗਈ ਪਰ ਕੋਈ ਵੀ ਜਾਪਾਨੀ ਖੇਤਰ ਵਿੱਚ ਦਾਖਲ ਨਹੀਂ ਹੋਇਆ।
ਸੰਯੁਕਤ ਰਾਸ਼ਟਰ ਦੀ ਸੰਮੇਲਨ ਮੁਤਾਬਕ ਕਿਸੇ ਦੇਸ ਦੇ ਤੱਟਵਰਤੀ ਸਮੁੰਦਰ ਲਾਗਲੇ ਪਾਣੀ ਖੇਤਰ ਉੱਤੇ ਉਸ ਦੇਸ ਦਾ ਕਬਜ਼ਾ ਹੁੰਦਾ ਹੈ। ਜਾਪਾਨ ਨੇ ਇਸ ਘਟਨਾ ਤੋਂ ਬਾਅਦ ਚੀਨ ਦੇ ਰਾਜਦੂਤ ਨੂੰ ਤਲਬ ਕਰ ਕੇ ਮਾਮਲੇ ਉੱਤੇ ਆਪਣਾ ਵਿਰੋਧ ਅਤੇ ਗੰਭੀਰ ਚਿੰਤਾ ਦਰਜ ਕਰਾਈ।
ਇਸ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੁ ਕਾਂਗ ਨੇ ਕਿਹਾ ਹੈ ਕਿ ਚੀਨ ਜਾਪਾਨੀ ਇਲਾਕੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੀ ਨਿਗਰਾਨੀ ਦਾ ਕੰਮ ਕਰ ਰਿਹਾ ਸੀ। ਨਾਲ ਹੀ ਉਨ੍ਹਾਂ ਨੇ ਇਸ ਟਾਪੂ ਉੱਤੇ ਚੀਨ ਦਾ ਦਾਅਵਾ ਵੀ ਦੁਹਰਾਇਆ।
ਸਾਲ 2012 ਵਿੱਚ ਜਾਪਾਨ ਨੇ ਇੱਕ ਵਿਅਕਤੀ ਤੋਂ ਇਹ ਵਿਵਾਦਗ੍ਰਸਤ ਟਾਪੂ ਖ਼ਰੀਦਿਆ ਸੀ ਅਤੇ ਇਸ ਤੋਂ ਬਾਅਦ ਹੀ ਦੋਵਾਂ ਦੇਸਾਂ ਦੇ ਸੰਬੰਧ ਵਿਗੜਦੇ ਚਲੇ ਗਏ।