ਤਸਵੀਰਾਂ: ਕੈਲੀਫੋਰਨੀਆ 'ਚ ਗਾਰੇ ਦੇ ਹੜ੍ਹ ਨਾਲ ਭਿਆਨਕ ਤਬਾਹੀ, 17 ਮੌਤਾਂ, ਸੈਂਕੜੇ ਘਰ ਤਬਾਹ

ਦੱਖਣੀ ਕੈਲੀਫੋਰਨੀਆ ਵਿੱਚ ਗਾਰੇ ਦੇ ਹੜ੍ਹ ਆਉਣ ਨਾਲ 17 ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨ ਤੋਂ ਉੱਪਰ ਵਿਅਕਤੀ ਲਾਪਤਾ ਹਨ।

ਪ੍ਰਭਾਵਿਤ ਖੇਤਰ ਸਾਨਟਾ ਬਾਰਬਰਾ ਕਾਊਂਟੀ ਵਿੱਚ 28 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਇਸ ਹਾਦਸੇ ਵਿੱਚ 100 ਤੋਂ ਵੱਧ ਘਰ ਬਰਬਾਦ ਹੋ ਗਏ ਹਨ ਅਤੇ 300 ਤੋਂ ਵੱਧ ਘਰ ਨੁਕਸਾਨੇ ਗਏ ਹਨ।

ਜ਼ਿਕਰਯੋਗ ਹੈ ਕਿ ਦਸੰਬਰ ਵਿੱਚ ਹੀ ਦੱਖਣੀ ਕੈਲੀਫੋਰਨੀਆ ਦੇ ਪਹਾੜਾਂ ਦੇ ਜੰਗਲਾਂ ਵਿੱਚ ਅੱਗ ਲੱਗੀ ਸੀ।

ਪਹਾੜਾਂ ਵਿੱਚ ਪਹਾੜਾਂ ਦੇ ਜੰਗਲਾਂ ਵਿੱਚ ਅੱਗ ਲੱਗਣ ਕਰਕੇ ਜਦੋਂ ਮੀਂਹ ਪੈਂਦਾ ਹੈ ਤਾਂ ਮਿੱਟੀ ਗਾਰਾ ਬਣ ਕੇ ਹੇਠਾਂ ਵਹਿ ਆਉਂਦੀ ਹੈ ਕਿਉਂਕਿ ਸਧਾਰਣ ਹਾਲਤਾਂ ਵਿੱਚ ਰੁੱਖਾਂ ਦੀਆਂ ਜੜ੍ਹਾਂ ਮਿੱਟੀ ਨੂੰ ਰੋਕੀ ਵੀ ਰਖਦੀਆਂ ਹਨ।

ਸੜੇ ਹੋਏ ਰੁੱਖ ਤੇ ਅੱਗ ਕਰਕੇ ਪੱਕ ਕੇ ਸਖ਼ਤ ਹੋਈ ਮਿੱਟੀ ਦੀ ਪੇਪੜੀ ਦਰਖ਼ਤਾਂ ਦੇ ਠੂਠਾਂ ਨੂੰ ਨਾਲ ਲੈ ਕੇ ਨਿਵਾਣ ਵੱਲ ਵਹਿ ਤੁਰਦੀ ਹੈ।ਪਹਿਲੀਆਂ ਬਾਰਸ਼ਾਂ ਨਾਲ ਹੀ ਜੰਗਲ ਦੀ ਅੱਗ ਕਾਰਨ ਨੰਗੇ ਹੋਏ ਪਹਾੜਾਂ ਦੀ ਮਿੱਟੀ ਗਾਰਾ ਬਣ ਕੇ ਮੈਦਾਨਾਂ ਵੱਲ ਆ ਗਈ।

ਕਈ ਥਾਵਾਂ 'ਤੇ ਤਾਂ ਗਾਰਾ ਲੱਕ ਤੱਕ ਚੜ੍ਹ ਆਇਆ। ਪੁਲਿਸ ਦਾ ਕਹਿਣਾ ਹੈ ਕਿ ਇਲਾਕਾ ਵੇਖਣ ਨੂੰ ਪਹਿਲੇ ਵਿਸ਼ਵ ਯੁੱਧ ਦੇ ਮੈਦਾਨ ਵਰਗਾ ਲੱਗ ਰਿਹਾ ਸੀ।

ਦਰਜਨਾਂ ਵਿਅਕਤੀਆਂ ਨੂੰ ਬਚਾ ਕੇ ਸੁਰਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ ਜਦ ਕਿ 163 ਦੇ ਲਗਪਗ ਨੂੰ ਹਸਪਤਾਲ ਦਾਖਲ ਕਰਨਾ ਪਿਆ।

ਤੱਟੀ ਇਲਕਿਆਂ ਵੱਲ 48 ਕਿਲੋਮੀਟਰ ਤੋਂ ਵੱਧ ਸੜਕਾਂ ਪ੍ਰਭਾਵਿਤ ਹੋਈਆਂ ਹਨ ਤੇ ਆਵਾ-ਜਾਈ ਠੱਪ ਹੈ।

ਸਾਨਟਾ ਬਾਰਬਰਾ ਕਾਊਂਟੀ ਦੇ ਨਾਲ ਲਗਦੇ ਇੱਕ ਹੋਰ ਇਲਾਕੇ ਵਿੱਚ 300 ਲੋਕਾਂ ਦੇ ਫਸੇ ਹੋਣ ਦੀ ਖਬਰ ਹੈ ਬਚਾਅ ਕਾਰਜ ਚੱਲ ਰਹੇ ਹਨ। ਬਚਾਅ ਕਰਮੀਂ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਰਹੇ ਹਨ।

ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ। ਕਈਆਂ ਨੂੰ ਤਾਂ ਦੋ ਮਹੀਨਿਆਂ ਵਿੱਚ ਜੰਗਲ ਦੀ ਅੱਗ ਤੋਂ ਬਾਅਦ ਦੂਸਰੀ ਵਾਰ ਆਪਣੇ ਘਰ ਛੱਡਣੇ ਪਏ ਹਨ ਤੇ ਕਈ ਘਰ ਆਪਣੀਆਂ ਬੁਨਿਆਦਾਂ ਤੋਂ ਖਿਸਕ ਗਏ ਹਨ।

ਪਿਛਲੇ ਸਾਲ 2017 ਵਿੱਚ ਅਮਰੀਕਾ ਵਿੱਚ ਕੁਦਰਤੀ ਆਫ਼ਤਾਂ ਕਰਕੇ 30600 ਕਰੋੜ ਡਾਲਰ ਦਾ ਨੁਕਸਾਨ ਹੋ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)