ਪ੍ਰੈਸ ਰੀਵਿਊ꞉ ਗੁਰਦੁਆਰਿਆਂ 'ਚ ਪਾਬੰਦੀ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨੇ ਕੀ ਕਿਹਾ ?

ਤਸਵੀਰ ਸਰੋਤ, BBC/Raveesh Kumar/Twitter
ਭਾਰਤੀ ਅਧਿਕਾਰੀਆਂ ਦੇ ਗੁਰਦਵਾਰਿਆਂ ਵਿੱਚ ਦਾਖਲੇ 'ਤੇ ਪਾਬੰਦੀ ਦੀਆਂ ਖਬਰਾਂ ਨੂੰ ਭਾਰਤ ਸਰਕਾਰ ਨੇ ਕੁੱਝ ਕੱਟੜ ਸੰਗਠਨਾਂ ਦੀ ਨਫ਼ਰਤ ਫ਼ੈਲਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਇੱਕ ਖ਼ਬਰ 'ਚ ਕਿਹਾ ਗਿਆ ਹੈ ਕਿ ਭਾਰਤ ਦਾ ਮੰਨਣਾ ਹੈ ਵਿਦੇਸ਼ਾਂ ਵਿੱਚ ਵਸਦੇ ਬਹੁਗਿਣਤੀ ਸਿੱਖਾਂ ਦੇ ਭਾਰਤ ਨਾਲ ਰਿਸ਼ਤੇ ਬਹੁਤ ਹੀ ਨਿੱਘੇ ਤੇ ਭਾਵਨਾਤਮਿਕ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਸਿੱਖ ਭਾਰਤ ਅਤੇ ਆਪਣੇ ਦੇਸ਼ਾਂ ਦੀ ਨੇੜਤਾ ਚਾਹੁੰਦੇ ਹਨ। ਖ਼ਬਰ ਮੁਤਾਬਕ ਰਵੀਸ਼ ਕੁਮਾਰ ਨੇ ਬਿਆਨ ਵਿੱਚ ਕਿਹਾ, "ਅਸੀਂ ਨਫ਼ਰਤ ਤੇ ਫਿਰਕਾਪ੍ਰਸਤੀ ਫੈਲਾਉਣ ਵਾਲੇ ਅਜਿਹੇ ਤੱਤਾਂ ਦੀ ਪ੍ਰਵਾਹ ਨਹੀਂ ਕਰਦੇ।"
ਦਿ ਟ੍ਰਿਬੀਊਨ ਨੇ ਅਖ਼ਬਾਰ ਦੇ ਦਫ਼ਤਰ ਨੂੰ ਮਿਲਣ ਵਾਲੀਆਂ ਰਿਪੋਰਟਾਂ ਦੇ ਆਧਾਰ 'ਤੇ ਆਪਣੇ ਮੁੱਖ ਪੰਨੇ 'ਤੇ ਲਿਖਿਆ ਹੈ ਕਿ ਯੂਆਈਡੀਆਈ ਨੂੰ ਕਾਫ਼ੀ ਸਮੇਂ ਤੋਂ ਇਹ ਜਾਣਕਾਰੀ ਸੀ ਕਿ ਆਧਾਰ ਨਾਲ ਜੁੜੀ ਜਾਣਕਾਰੀ ਵਿੱਚ ਸੰਨ੍ਹ ਲਗਦੀ ਰਹੀ ਹੈ। ਅਖ਼ਬਾਰ ਅਨੁਸਾਰ ਅਜਿਹੀ ਲੀਕੇਜ ਬਾਰੇ ਪਹਿਲਾਂ ਵੀ ਮਾਮਲੇ ਉਠਦੇ ਰਹੇ ਹਨ। ਪੜਤਾਲਾਂ ਵੀ ਹੋਈਆਂ ਤੇ ਗ੍ਰਿਫਤਾਰੀਆਂ ਵੀ ਫੇਰ ਵੀ ਸੰਨ੍ਹ ਲੱਗਣੀ ਜਾਰੀ ਰਹੀ। ਅਖ਼ਬਾਰ ਨੇ ਅਜਿਹੇ ਕਈ ਮਾਮਲਿਆਂ ਦੇ ਵੇਰਵੇ ਪ੍ਰਕਾਸ਼ਿਤ ਕੀਤੇ ਹਨ।

ਤਸਵੀਰ ਸਰੋਤ, Getty Images
ਦਿ ਇੰਡੀਅਨ ਐਕਸਪ੍ਰੈਸ ਨੇ ਲਿਖਿਆ ਹੈ ਕਿ ਜਸਟਿਸ ਸ਼ਿਵ ਨਾਰਾਇਣ ਢੀਂਗਰਾ ਜਿਨ੍ਹਾਂ ਨੇ ਟਰਾਇਲ ਕੋਰਟ ਵਿੱਚ ਵੀ 1984 ਨਾਲ ਜੁੜੇ ਮਾਮਲਿਆਂ ਦੀ ਸੁਣਵਾਈ ਕੀਤੀ ਹੈ। ਉਹ 1984 ਦੇ ਦੰਗਿਆਂ ਸੰਬੰਧੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਹੋਣਗੇ। ਇਹ ਜਾਂਚ ਟੀਮ 1984 ਨਾਲ ਜੁੜੇ 186 ਮਾਮਲਿਆਂ ਦੀ ਮੁੜ ਜਾਂਚ ਕਰੇਗੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ. ਐੱਮ. ਖਾਨਵਿਲਕਰ ਅਤੇ ਡੀ. ਵਾਈ. ਚੰਦਰਚੂੜ ਵਾਲੇ ਬੈਂਚ ਨੇ ਵੀਰਵਾਰ ਨੂੰ ਆਪਣੇ ਫ਼ੈਸਲੇ ਵਿੱਚ ਜਸਟਿਸ ਢੀਂਗਰਾ ਦੇ ਨਾਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵਿਸ਼ੇਸ਼ ਜਾਂਚ ਟੀਮ ਨੂੰ ਦੋ ਮਹੀਨੇ ਵਿੱਚ ਆਪਣੀ ਰਿਪੋਰਟ ਅਦਾਲਤ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ।

ਤਸਵੀਰ ਸਰੋਤ, Getty Images
ਦਿ ਹਿੰਦੂ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਲਿਖਿਆ ਹੈ ਕਿ ਕੌਮੀ ਸੁਰੱਖਿਆ ਸਲਾਹਕਾਰ, ਅਜੀਤ ਡੋਵਾਲ ਪਿਛਲੇ ਸਾਲ 26 ਦਸੰਬਰ ਨੂੰ ਬੈਂਕਾਕ ਵਿੱਚ ਆਪਣੇ ਪਾਕਿਸਤਾਨੀ ਹਮਰੁਤਬਾ ਨੂੰ ਮਿਲੇ ਸਨ। ਇਹ ਮੁਲਾਕਾਤ ਪਾਕਿਸਤਾਨ ਨੂੰ ਉਸਦੀ ਜ਼ਮੀਨ 'ਤੇ ਪੈਦਾ ਹੋ ਰਹੇ ਅੱਤਵਾਦ ਬਾਰੇ ਜਵਾਬਦੇਹ ਬਣਾਉਣ ਦੀ ਕਾਰਵਾਈ ਦਾ ਹਿੱਸਾ ਸੀ। ਇਹ ਗੱਲਬਾਤ ਦਸੰਬਰ 2015 ਤੋਂ ਫਿਰੋਜ਼ਪੁਰ ਹਮਲੇ ਦੇ ਸਮੇਂ ਤੋ ਚੱਲ ਰਹੀ ਹੈ। ਇਹ ਮੁਲਾਕਤ ਜਦੋਂ ਕੁਲਭੂਸ਼ਨ ਜਾਧਵ ਦਾ ਪਰਿਵਾਰ ਉਨ੍ਹਾਂ ਨੂੰ ਇਸਲਾਮਾਬਾਦ ਵਿੱਚ ਮਿਲਿਆ ਸੀ ਉਸ ਤੋਂ ਅਗਲੇ ਦਿਨ ਹੋਈ ਪਰ ਇਸ ਬਾਰੇ ਕੋਈ ਚਰਚਾ ਨਾ ਹੋ ਸਕੀ।
ਦਿ ਗਾਰਡੀਅਨ ਨੇ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਦੇ ਹਵਾਲੇ ਨਾਲ ਲਿਖਿਆ ਹੈ ਕਿ ਰਾਸ਼ਟਰਪਤੀ ਟਰੰਪ ਦਾ ਬਰਤਾਨੀਆ ਦੌਰਾ ਜਨਤਕ ਰੋਸ ਪ੍ਰਦਰਸ਼ਨਾਂ ਦੀਆਂ ਸੰਭਾਵਨਾਵਾਂ ਕਾਰਨ ਰੱਦ ਕਰ ਦਿੱਤਾ ਗਿਆ ਹੈ। ਟਰੰਪ ਨੇ ਅਗਲੇ ਮਹੀਨੇ ਲੰਡਨ ਵਿੱਚ ਨਵੇਂ ਅਮਰੀਕੀ ਸਫਾਰਤਖਾਨੇ ਦੇ ਉਦਘਾਟਨ ਲਈ ਜਾਣਾ ਸੀ। ਹੁਣ ਇਸ ਮੰਤਵ ਲਈ ਟਿਲਰਸਨ ਦੇ ਪਹੁੰਚਣ ਦੀ ਸੰਭਾਵਨਾ ਹੈ।












