ਪੰਜਾਬ ਦਾ ਇੱਕ ਸਕੂਲ ਜਿੱਥੇ 10 ਸਾਲ ਤੋਂ ਅਧਿਆਪਕ ਨਹੀਂ
- ਲੇਖਕ, ਗੁਰਦਰਸ਼ਨ ਸਿੰਘ
- ਰੋਲ, ਬੀਬੀਸੀ ਪੰਜਾਬੀ ਲਈ
ਭਾਰਤ-ਪਾਕਿਸਤਾਨ ਸਰਹੱਦ ਉੱਤੇ ਵਸੇ ਫਿਰੋਜ਼ਪੁਰ ਦੇ ਪਿੰਡ ਟੇਂਡੀ ਵਾਲਾ ਦੇ ਸਰਕਾਰੀ ਸਕੂਲ ਵਿੱਚ ਪਿਛਲੇ 10 ਸਾਲਾਂ ਤੋਂ ਕੋਈ ਸਰਕਾਰੀ ਅਧਿਆਪਕ ਨਹੀਂ ਹੈ।
ਇਸ ਸੂਕਲ ਵਿੱਚ 120 ਵਿਦਿਆਰਥੀ ਹਨ ਤੇ ਸਕੂਲ ਚੱਲ ਰਿਹਾ ਹੈ ਇੱਕ ਆਰਜ਼ੀ ਅਧਿਆਪਕ ਦੇ ਸਹਾਰੇ।
ਸਤਲੁਜ ਦੇ ਕੰਢੇ 'ਤੇ ਵਸੇ ਪਿੰਡ ਵਿੱਚ ਸਾਲ 2008 ਨੂੰ ਇਹ ਪ੍ਰਾਇਮਰੀ ਸਕੂਲ ਬਣਾਇਆ ਗਿਆ ਸੀ।
ਇਸ ਸਕੂਲ ਨੂੰ ਹਾਲੇ ਤੱਕ ਅਧਿਆਪਕ ਨਸੀਬ ਨਹੀਂ ਹੋ ਸਕੇ ਹਨ।

ਤਸਵੀਰ ਸਰੋਤ, BBC/Gurdarshan Arif K
ਆਰਜ਼ੀ ਅਧਿਆਪਕ ਛਿੰਦਰਪਾਲ ਸਿੰਘ ਦਾ ਕਹਿਣਾ ਹੈ ਕਿ ਸਕੂਲ ਵਿੱਚ ਕੁੱਲ ਚਾਰ ਅਧਿਆਪਕਾਂ ਦੀ ਲੋੜ ਹੈ।
ਉਨ੍ਹਾਂ ਅੱਗੇ ਕਿਹਾ, "ਪਹਿਲੀ ਜਮਾਤ ਤੋਂ ਪੰਜਵੀਂ ਤੱਕ 80 ਬੱਚੇ ਹਨ, ਜਦਕਿ ਪ੍ਰੀ-ਪ੍ਰਾਇਮਰੀ ਵਿੱਚ 40 ਬੱਚੇ ਹਨ। 2010 ਤੋਂ ਮੈਂ ਇੱਥੇ ਪੜ੍ਹਾ ਰਿਹਾ ਹਾਂ, ਪਰ ਕਦੇ ਕੋਈ ਹੋਰ ਅਧਿਆਪਕ ਨਹੀਂ ਦੇਖਿਆ।"
ਵਿਦਿਆਰਥੀ ਹੀ ਛੋਟੀਆਂ ਜਮਾਤਾਂ ਨੂੰ ਪੜ੍ਹਾਉਂਦੇ ਹਨ!
ਪ੍ਰੀ-ਪ੍ਰਾਇਮਰੀ ਵਿੱਚ 40 ਵਿਦਿਆਰਥੀ ਹਨ, ਜਦਕਿ ਪਹਿਲੀ ਤੋਂ ਪੰਜਵੀਂ ਜਮਾਤ ਤੱਕ 80 ਵਿਦਿਆਰਥੀ ਹਨ।
ਅਧਿਆਪਕਾਂ ਦੀ ਕਮੀ ਕਾਰਨ ਕੁਝ ਵਿਦਿਆਰਥੀ ਹੀ ਛੋਟੀਆਂ ਜਮਾਤਾਂ ਨੂੰ ਪੜ੍ਹਾਉਂਦੇ ਹਨ।

ਤਸਵੀਰ ਸਰੋਤ, Gurdarshan Arif K
ਇੱਕ ਵਿਦਿਆਰਥੀ ਦੇ ਪਿਤਾ ਜਰਨੈਲ ਸਿੰਘ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਪੜ੍ਹ-ਲਿਖ ਕੇ ਅਫ਼ਸਰ ਜਾਂ ਡਾਕਟਰ ਬਣਨ, ਪਰ ਇੱਥੇ ਮਹਿਜ਼ ਇੱਕ ਹੀ ਅਧਿਆਪਕ ਹੈ, ਜਿਸ ਕਰਕੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ।"

ਤਸਵੀਰ ਸਰੋਤ, BBC/Gurdarshan Arif K
ਇੱਕ ਹੋਰ ਵਿਦਿਆਰਥੀ ਦੇ ਪਿਤਾ ਪੰਜੂ ਸਿੰਘ ਦਾ ਕਹਿਣਾ ਹੈ, "ਅਸੀਂ ਕਈ ਵਾਰੀ ਹੋਰ ਅਧਿਆਪਕਾਂ ਦੀ ਮੰਗ ਕਰ ਚੁੱਕੇ ਹਾਂ, ਪਰ ਕਿਸੇ ਅਧਿਕਾਰੀ ਉੱਤੇ ਕੋਈ ਅਸਰ ਹੀ ਨਹੀਂ ਹੁੰਦਾ।"

ਤਸਵੀਰ ਸਰੋਤ, BBC/Gurdarshan Arif K
ਸਕੂਲ ਵਿੱਚ ਕਈ ਵਿਦਿਆਰਥੀ ਤਾਂ ਸਫ਼ਾਈ ਕਰਦੇ ਵੀ ਦੇਖੇ ਗਏ।
ਕੋਈ ਪੱਕਾ ਅਧਿਆਪਕ ਨਾ ਹੋਣ ਬਾਰੇ ਜਦੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ।
ਉਨ੍ਹਾਂ ਕਿਹਾ, "ਅਸੀਂ ਮਾਮਲੇ ਦੀ ਜਾਂਚ ਕਰਕੇ ਦੇਖਾਂਗੇ ਕਿ ਇੱਥੇ ਵਾਧੂ ਅਧਿਆਪਕ ਰੱਖਣਾ ਹੈ ਜਾਂ ਫਿਰ ਪੀਟੀਏ ਜਾਂ ਪੰਚਾਇਤ ਫੰਡ ਤੋਂ ਰੱਖਣਾ ਹੈ।"
ਇਸ ਬਾਰੇ ਸਿੱਖਿਆ ਵਿਭਾਗ ਦੇ ਜ਼ਿਲਾ ਅਫਸਰ ਪ੍ਰਦੀਪ ਸ਼ਰਮਾ ਨੇ ਗੁਰਦਰਸ਼ਨ ਸਿੰਘ ਨੂੰ ਫੋਨ 'ਤੇ ਆਪਣਾ ਪੱਖ ਸਪੱਸ਼ਟ ਕੀਤਾ।
ਪਿਛਲੇ ਕਈ ਸਾਲਾਂ ਤੋਂ ਅਧਿਆਪਕ ਨਹੀਂ ਹੋਣ ਵਾਲੀ ਗੱਲ ਤੋਂ ਟਾਲਾ ਵੱਟਦੇ ਨਜ਼ਰ ਆਏ।
ਉਨ੍ਹਾਂ ਕਿਹਾ, ''ਕੁਝ ਦਿਨ ਪਹਿਲਾਂ ਵਿਭਾਗ ਨੇ ਇੱਕ ਅਧਿਆਪਕ ਦੀ ਬਦਲੀ ਟੇਡੀ ਵਾਲਾ ਪਿੰਡ ਕੀਤੀ ਸੀ ਪਰ ਉਸਨੇ ਜੁਆਇਨ ਨਹੀਂ ਕੀਤਾ ਅਸੀਂ ਉਸ ਖ਼ਿਲਾਫ਼ ਐਕਸ਼ਨ ਲਵਾਂਗੇ।''













